ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਅਤੇ ਸਿੱਖ ਪੰਥ ਨੂੰ ਉਨ੍ਹਾਂ ਦੀ ਮਹਾਨ ਦੇਣ
Published : Jun 18, 2019, 11:50 am IST
Updated : Dec 27, 2019, 11:49 am IST
SHARE ARTICLE
Guru Hargobind Ji
Guru Hargobind Ji

ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਮੀਰੀ ਪੀਰੀ ਦਾ ਸਿਧਾਂਤ

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ; ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਸਾਲ 2003 ਈ: ਤੋਂ ਪਹਿਲਾਂ ਸਾਰੇ ਗੁਰਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਸਦਕਾ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਾੜ ਵਦੀ 7 ਨੂੰ ਮਨਾਇਆ ਜਾਂਦਾ ਸੀ।

ਪਰ ਚੰਦਰ ਸਾਲ, ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਰਕੇ ਇਹ ਗੁਰਪੁਰਬ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਸੀ ਆਉਂਦੇ ਇਸੇ ਕਾਰਣ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਚੰਦਰ ਅਧਾਰਤ ਕੈਲੰਡਰ ਦਾ ਤਿਆਗ ਕਰਕੇ ਸੂਰਜੀ ਕੈਲੰਡਰ ਦੀਆਂ ਤਰੀਖਾਂ ਅਪਣਾਈਆਂ ਗਈਆਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਨਿਸਚਤ ਕੀਤਾ ਗਿਆ ਹੈ ਜੋ ਹਰ ਸਾਲ 5 ਜੁਲਾਈ ਨੂੰ ਹੀ ਆਉਂਦਾ ਹੈ।

ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 20 ਜੇਠ, 3-6-2015ਈ: ਵਿਖਾਇਆ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਅਤੇ ਇਸ ਨੂੰ ਜਾਰੀ ਕਰਨ ਵਾਲੇ ਜਥੇਦਾਰ ਸਾਹਿਬ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀਆਂ ਇਹ ਤਰੀਖਾਂ ਕਿੱਥੋਂ ਲਈਆਂ ਹਨ?

ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂ ਦੇਵੀ (ਮਰਵਾਹੀ) ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ‘ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ।

ਇਸ ਕੁਰਬਾਨੀ ਦਾ ਸਭ ‘ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜੰਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ ਸਾਹਮਣੇ ਅਕਾਰਣ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਹਨਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ।

ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੋ ਗਏ। ਬਾਬਾ ਬੁਢਾ ਜੀ ਆਪ ਨੂੰ ਦੇਖ ਕੇ ਮਹਾਂਬਲੀ ਯੋਧਾ ਹੋਣ ਦਾ ਆਖ ਦੇਂਦੇ ਸਨ। ਜਦੋਂ ਗੁਰਗੱਦੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਰੱਖਣ ਵਾਲੇ ਬਾਬਾ ਪ੍ਰਿਥੀ ਚੰਦ ਨਾਲ ਅਤੇ ਹੰਕਾਰੀ ਵਿਰਤੀ ਦੇ ਮਾਲਕ ਚੰਦੂ ਦੀ ਲੜਕੀ ਦਾ ਰਿਸ਼ਤਾ ਸੰਗਤਾਂ ਦੀ ਬੇਨਤੀ ‘ਤੇ (ਗੁਰੂ) ਹਰਿਗੋਬਿੰਦ ਜੀ ਲਈ ਪ੍ਰਵਾਨ ਕਰਨ ਤੋਂ ਨਾਂਹ ਕਰਨ ਕਰਕੇ ਗੁਰੂ ਘਰ ਦੇ ਵਿਰੋਧੀ ਬਣੇ ਚੰਦੂ ਨਾਲ ਤੁਅਸਬੀ ਅਤੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਮਿਲ ਕੇ ਝੂਠੇ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਤਾਣਾ ਬਾਣਾ ਬੁਣਨ ਉਪ੍ਰੰਤ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ।

Chheharta SahibChheharta Sahib

ਤਾਂ ਗੁਰੂ ਅਰਜੁਨ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਸ਼ਹੀਦੀ ਅਟੱਲ ਹੈ। ਇਸ ਲਈ ਲਾਹੌਰ ਜਾਣ ਸਮੇਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ ਦੀ ਗੱਦੀ ਦਾ ਮਾਲਕ ਗੁਰੂ ਹਰਿਗੋਬਿੰਦ ਹੈ। ਸੋ 25 ਮਈ 1606 ਈ: (ਯੂਲੀਅਨ), ਜੇਠ ਵਦੀ 14; 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ‘ਤੇ ਬਿਠਾ ਕੇ ਗੁਰਿਆਈ ਦੀ ਜਿੰਮੇਵਾਰੀ ਸੌਂਪੀ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ ਕਰੀਬ 11 ਸਾਲ ਸੀ। ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ, ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ 28 ਜੇਠ ਨਿਸਚਤ ਕੀਤਾ ਗਿਆ ਹੈ

ਜੋ ਹਰ ਸਾਲ 11 ਜੂਨ ਨੂੰ ਆਉਂਦਾ ਹੈ। ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 28 ਵੈਸਾਖ 11-5-2015ਈ: ਵਿਖਾਇਆ ਗਿਆ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48ਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:
ਪੰਜਿ ਪਿਆਲੇ, ਪੰਜਿ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।

‘ਪੰਜਿ ਪਿਆਲੇ’ ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ। ‘ਪੰਜਿ ਪੀਰ’ ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ। ‘ਦਲਿਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ’ ਭਾਵ ਗੁਰੂ ਹਰਿਗੋਬਿੰਦ ਸਾਹਿਬ ਧਰਮ ਦੇ ਵੈਰੀ ਦਲਾਂ ਦਾ ਖਾਤਮਾ ਕਰਨ ਵਾਲੇ ਵੱਡੇ ਯੋਧੇ, ਸੂਰਮੇ ਅਤੇ ਪਰਉਪਕਾਰੀ ਹਨ। ‘ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ’ ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ; ਸਰੀਰਾਂ ਵਿਚ ਹੀ ਭੇਦ ਸੀ, ਜੋਤਿ ਇਕੋ ਸੀ।

ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਗੁਰੂ ਹਰਗੋਬਿੰਦ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606ਈ: ) ਵਿਚ ਇੱਕ ਥੜੇ ਦੀ ਉਸਾਰੀ ਕੀਤੀ ਜਿਸ ‘ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ ਤੇ ਸਮੇਂ ਸਮੇਂ ‘ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ ਅਤੇ 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਉਪ੍ਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਗਈ ਮੌਜੂਦਾ ਇਮਾਰਤ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾਂ ਦਿਵਸ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।

ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ 2-7-2015ਈ: ਹੀ ਵਿਖਾਇਆ ਗਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ‘ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ।

ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। 6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਹਨਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ:

Miri PiriMiri Piri

ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ। 
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਹਨਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ।

ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ।

ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ। 6 ਸਾਵਣ ਨੂੰ ਸਿੱਖ ਇਤਿਹਾਸ ਵਿੱਚ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 11 ਸਾਵਣ, 26-7-2015ਈ: ਵਿਖਾਇਆ ਗਿਆ ਹੈ। ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ‘ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ।

ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ।

Akal Takht SahibAkal Takht Sahib

ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੰਦਰ ਬਣਾਉਣ ਲਈ ਸਰਕਾਰੀ-ਸਹਾਇਤਾ ਪ੍ਰਵਾਨ ਨਹੀਂ ਸੀ ਕੀਤੀ, ਉਸੇ ਤਰ੍ਹਾਂ 1984 ਦੇ ਫੌਜੀ ਹਮਲੇ ਸਮੇਂ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੁਕਸਾਨ ਦੀ ਪੂਰਤੀ ਲਈ ਸਿੱਖ ਕੌਮ ਨੇ ਸਰਕਾਰ ਵੱਲੋਂ ਤਖ਼ਤ ਸਾਹਿਬ ਦੀ ਕੀਤੀ ਲਿਪਾ-ਪੋਚੀ ਨੂੰ ਵੀ ਨਹੀਂ ਕਬੂਲਿਆ ਤੇ ਮੁੜ ਆਪ ਸੇਵਾ ਕਰ ਕੇ ਪੁਨਰ-ਨਿਰਮਾਣ ਕੀਤਾ ਹੈ। ਗੁਰੂ ਸਾਹਿਬ ਤੋਂ ਮਗਰੋਂ ਸਮੇਂ ਦੀਆਂ ਸਰਕਾਰਾਂ ਦੇ ਰੋਕਣ ਦੇ ਬਾਵਜੂਦ ਵੀ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਅਤੇ ਸਿੱਖ ਕੌਮ ਦੀ ਚੜਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਗੁਰਮਤੇ ਕਰਦੇ ਰਹੇ।

ਸਮੇਂ-ਸਮੇਂ ‘ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਹੁਕਮਨਾਮੇ ਦੇ ਰੂਪ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਣ ਨਹੀਂ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਅਕਾਲੀ ਦਲ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ।

ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ‘ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜੋ ਸਤਾਧਾਰੀ ਦਲ ਦੀਆਂ ਕਠਪੁਤਲੀਆਂ ਦੇ ਤੌਰ ‘ਤੇ ਕੰਮ ਕਰਦੇ ਵਿਖਾਈ ਦਿੰਦੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ• ਪਾਉਣ ਲਈ ਕੀਤੀ, ਉਸੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਤਾਧਾਰੀ ਦਲ ਦੇ ਇਸ਼ਾਰਿਆਂ ‘ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਤੁਲ ਹੈ ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।

ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿਦਿਆ ਸਿਖਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜੁਆਨ ਆਪ ਦੀ ਸ਼ਰਨ ਵਿਚ ਇਕੱਠੇ ਹੋ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋ ਗਏ।

ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿਚ ਵੀ ਵਿਸ਼ੇਸ ਧਿਆਨ ਦਿੱਤਾ ਅਤੇ ਇਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ। 1612 ਵਿਚ ਦੁਆਬੇ ਅਤੇ ਮਾਲਵੇ ਵਿਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ‘ਤੇ ਖ਼ਾਸ ਮਿਹਰ ਕੀਤੀ। 1613 ਵਿਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿਚ ਹੋਇਆ। ਇਥੇ ਹੀ ਸਾਧਾ ਨਾਮ ਦਾ ਇਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ।

Gwalior FortGwalior Fort

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਵਿੱਚ ਉਸ ਨੇ ਆਗਰੇ ਤੋਂ ਗੁਪਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲੇ ਵਿਚ ਕੈਦ ਕਰਨ ਦਾ ਹੁਕਮ ਦੇ ਦਿਤਾ ਜਿਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ ਜੋ ਰਵਾਇਤ ਅੱਜ ਤੱਕ ਜਾਰੀ ਹੈ।

1614 ਵਿਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸਨੇ ਫਕੀਰ ਮੀਆਂ ਮੀਰ ਦੇ ਕਹਿਣ ‘ਤੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲ਼ੇ ਦੀਆਂ ਕਲੀਆਂ ਫੜ ਕੇ 52 ਰਾਜੇ ਵੀ ਜ਼ੇਲ੍ਹ ਵਿਚੋਂ ਰਿਹਾ ਹੋਏ ਸਨ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜਿਸ ਸਮੇਂ ਗੁਰੂ ਜੀ ਰਿਹਾਈ ਤੋਂ ਬਾਅਦ ਪੰਜਾਬ ਵੱਲ ਆ ਰਹੇ ਸਨ ਤਾਂ ਜਹਾਂਗੀਰ ਵੀ ਕਸ਼ਮੀਰ ਨੂੰ ਜਾਣ ਲਈ ਗੁਰੂ ਜੀ ਦੇ ਕਾਫਲੇ ਨਾਲ ਹੀ ਸੀ। ਜਹਾਂਗੀਰ ਤੇ ਗੁਰੂ ਜੀ ਕਾਫੀ ਦਿਨ ਇਕੱਠੇ ਸਫਰ ਕਰਦੇ ਰਹੇ।

ਰਸਤੇ ਵਿੱਚ ਇਕ ਜਗ੍ਹਾ ‘ਤੇ ਰੁਕੇ ਤਾਂ ਇੱਕ ਗਰੀਬ ਘਾਹੀ ਸਿੱਖ ਇਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲੈ ਕੇ ਦਰਸ਼ਨਾਂ ਨੂੰ ਆਇਆ। ਦੋ ਕੈਂਪ ਲੱਗੇ ਦੇਖ ਕੇ ਉਸ ਨੇ ਜਹਾਂਗੀਰ ਦੇ ਸਿਪਾਹੀਆਂ ਕੋਲੋਂ ਪੁੱਛਿਆ ਕਿ ਉਸ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ ਇਸ ਲਈ ਦੱਸਿਆ ਜਾਵੇ ਕਿ ਸੱਚੇ ਪਾਤਸ਼ਾਹ ਦਾ ਕੈਂਪ ਕਿਹੜਾ ਹੈ? ਸਿਪਾਹੀ ਸਮਝ ਤਾਂ ਗਏ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਤੇ ਉਨ੍ਹਾਂ ਦੇ ਹੀ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਜਹਾਂਗੀਰ ਦੇ ਕੈਂਪ ਵੱਲ ਇਸ਼ਾਰਾ ਕਰ ਦਿੱਤਾ।

JahangirJahangir

ਕਿਉਂਕਿ ਜਹਾਂਗੀਰ ਦੇ ਸਿਰ ‘ਤੇ ਸਜੀ ਦਸਤਾਰ ਅਤੇ ਉੱਪਰ ਲੱਗੀ ਕਲਗੀ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਭੁਲੇਖਾ ਪੈਂਦਾ ਸੀ ਇਸ ਲਈ ਘਾਹੀ ਨੇ ਜਾਂਦਿਆਂ ਹੀ ਟਕਾ ਅਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਫਿਰ ਅਰਜ਼ੋਈ ਕੀਤੀ ਕਿ ਉਸ ਦੀ ਲੋਕ ਪਰਲੋਕ ਵਿੱਚ ਸਹਾਇਤਾ ਕਰਨੀ। ਜਹਾਂਗੀਰ ਵੀ ਸਮਝ ਗਿਆ ਕਿ ਉਹ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਭੁਲੇਖੇ ਨਾਲ ਉਨ੍ਹਾਂ ਕੋਲ ਪਹੁੰਚ ਗਿਆ ਹੈ। ਜਹਾਂਗੀਰ ਨੇ ਕਿਹਾ ਪਰਲੋਕ ਵਿੱਚ ਤਾਂ ਉਹ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਪਰ ਉਹ ਇਸ ਦੇਸ਼ ਦਾ ਬਾਦਸ਼ਾਹ ਹੈ ਇਸ ਲਈ ਜੇ ਚਾਹੇ ਤਾਂ ਉਸ ਦੇ ਨਾਮ ਜਾਗੀਰ ਲਿਖਵਾ ਸਕਦਾ ਹੈ।

ਇਹ ਗੱਲ ਸੁਣ ਕੇ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਗ਼ਲਤ ਜਗ੍ਹਾ‘ਤੇ ਆ ਗਿਆ ਹੈ। ਟਕਾ ਅਤੇ ਘਾਹ ਦੀ ਪੰਡ ਚੁੱਕ ਕੇ ਨਾਲ ਦੇ ਕੈਂਪ ਵੱਲ ਚੱਲਣ ਲੱਗਾ ਤਾਂ ਜਹਾਂਗੀਰ ਨੇ ਉਸ ਸਿੱਖ ਦਾ ਸਿਦਕ ਪ੍ਰਖਣ ਲਈ ਕਿਹਾ ਕਿ ਤੂੰ ਇਹ ਟਕਾ ਨਾ ਚੁੱਕ ਇਸ ਦੇ ਬਦਲੇ ਤੂੰ ਜਿੰਨੀਆਂ ਚਾਹੇਂ ਮੋਹਰਾਂ ਲੈ ਸਕਦਾ ਹੈਂ ਤੇ ਉਨ੍ਹਾਂ ਵਿੱਚੋਂ ਕੁਝ ਮੋਹਰਾਂ ਤੂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਦੇਵੀਂ। ਘਾਹੀ ਸਿੱਖ ਨੇ ਜਹਾਂਗੀਰ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਜਿਸ ਤਰ੍ਹਾ ਪ੍ਰਲੋਕ ਵਿੱਚ ਤੇਰਾ ਹੁਕਮ ਨਹੀਂ ਚਲਦਾ ਇਸੇ ਤਰ੍ਹਾ ਤੇਰੀਆਂ ਮੋਹਰਾਂ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਨਹੀਂ ਚੱਲ ਸਕਦੀਆਂ।

ਉਥੇ ਤਾਂ ਹੱਕ ਸੱਚ ਦੀ ਕਮਾਈ ਦਾ ਇਹ ਟਕਾ ਹੀ ਪ੍ਰਵਾਨ ਹੋ ਸਕਦਾ ਹੈ। ਜਹਾਂਗੀਰ ਨੇ ਫਿਰ ਕਿਹਾ ਕਿ ਇਹ ਘਾਹ ਦੀ ਪੰਡ ਹੀ ਨਾ ਚੁੱਕ; ਤੂੰ ਇਸ ਦਾ ਮੂੰਹੋਂ ਮੰਗਿਆ ਮੁੱਲ ਲੈ ਸਕਦਾ ਹੈਂ। ਸਿੱਖ ਨੇ ਫਿਰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਮੁੱਲ ਉਸ ਚੀਜ਼ ਦਾ ਪੈਂਦਾ ਹੈ ਜੋ ਵਿਕਾਊ ਹੋਵੇ ਮੇਰਾ ਘਾਹ ਵਿਕਾਊ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਜੀ ਦੇ ਘੋੜਿਆਂ ਲਈ ਬੜੇ ਹੀ ਪ੍ਰੇਮ ਨਾਲ ਹਰਾ ਹਰਾ ਕੱਟ ਕੇ ਧੋ ਕੇ ਸਾਫ ਕਰਕੇ ਲਿਆਂਦਾ ਹੈ ਇਸ ਲਈ ਇਹ ਪੈਸਿਆਂ ਬਦਲੇ ਵੇਚਣ ਲਈ ਨਹੀਂ ਹੈ। ਇਹ ਕਹਿੰਦਾ ਹੋਇਆ ਉਹ ਘਾਹੀ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪ ਵੱਲ ਚੱਲ ਪਿਆ ਤੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸ਼ਰਧਾ ਨਾਲ ਟਕਾ ਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ! ਭੁਲੇਖੇ ਨਾਲ ਗ਼ਲਤ ਦਰ ਤੇ ਚਲਾ ਗਿਆ ਸੀ।

ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਗਲਤੀ ਜਾਂ ਭੁਲੇਖੇ ਨਾਲ ਵੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ‘ਤੇ ਨਹੀਂ ਜਾਣਾ। ਦੂਸਰੀ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਤਾਂ ਕੀ ਵਿਕਣਾ ਸੀ ਉਸ ਦਾ ਘਾਹ ਵੀ ਵਿਕਾਊ ਨਹੀਂ ਹੁੰਦਾ। ਜਹਾਂਗੀਰ ਉੱਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ। ਪਰ ਅਫਸੋਸ ਹੈ ਕਿ ਇਹ ਸਾਖੀ ਸੁਣੀ ਤੇ ਸੁਣਾਈ ਤਾਂ ਸੈਂਕੜੇ ਵਾਰ ਜਾਂਦੀ ਹੈ ਪਰ ਬਹਗਿਣਤੀ ਸਿੱਖ ਇਸ ਸਾਖੀ ਦੀ ਸਿੱਖਿਆ ਨੂੰ ਪੂਰੀ ਤਰ੍ਹਾ ਮਨੋਂ ਵਿਸਾਰ ਕੇ ਬਹੁਤ ਹੀ ਨਿਗੁਣੇ ਸੁਆਰਥਾਂ ਦੀ ਪੂਰਤੀ ਅਤੇ ਦੁਨਿਆਵੀ ਅਹੁੱਦਿਆਂ ਲਈ ਆਪਣੀ ਜ਼ਮੀਰ ਨੂੰ ਵੇਚਣ ਲਈ ਤਿਆਰ ਹੋ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ।

ਪਹਿਲੀ ਜੰਗ 1629ਈ: ਵਿੱਚ ਮੌਜੂਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਲੀ ਜਗਾ ‘ਤੇ ਹੋਈ। ਸਿੱਖਾਂ ਵੱਲੋਂ ਸ਼ਾਹੀ ਫੌਜਾਂ ਦਾ ਬਾਜ਼ ਫੜੇ ਜਾਣਾ ਇਸ ਜੰਗ ਦਾ ਕਾਰਣ ਬਣਿਆ। ਚੇਤੇ ਰਹੇ ਇਸ ਸਮੇਂ ਬੀਬੀ ਵੀਰੋ ਜੀ ਦਾ ਵਿਵਾਹ ਰੱਖਿਆ ਹੋਇਆ ਸੀ ਇਸ ਲਈ ਗੁਰੂ ਜੀ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਪਰ ਮਜ਼ਬੂਰੀ ਵੱਸ ਇਹ ਜੰਗ ਲੜਨੀ ਪਈ ਜਿਸ ਦੌਰਾਨ ਗੁਲਾਮ ਖ਼ਾਨ ਹਾਰ ਖਾ ਕੇ ਭੱਜ ਗਿਆ ਤੇ ਮੁਖਲਿਸ ਖ਼ਾਂ ਮਾਰਿਆ ਗਿਆ। ਦੂਸਰੀ ਜੰਗ ਹਰਿਗੋਬਿੰਦਪੁਰ ਵਿਖੇ ਹੋਈ ਜਿਸ ਦਾ ਕਾਰਣ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਦਾ ਹੰਕਾਰ ਬਣਿਆ।

Painde KhanPainde Khan

ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ‘ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਫੌਜਾਂ ਸਮੇਤ ਗੁਰੂ ਜੀ ‘ਤੇ ਚੜਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ। ਗੁਰੂ ਜੀ ਵੱਲੋਂ ਦਬਾਅ ਹੇਠ ਇਲਾਕਾ ਛੱਡ ਜਾਣ ਤੋਂ ਇਨਕਾਰ ਕਰਨ ‘ਤੇ ਜੰਗ ਹੋਇਆ ਜਿਸ ਵਿੱਚ ਰਤਨ ਚੰਦ ਤੇ ਅਬਦੁੱਲਾ ਖ਼ਾਂ ਦੋਵੇਂ ਮਾਰੇ ਗਏ। ਕਾਬਲ ਦਾ ਇਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈ ਕੇ ਆ ਰਿਹਾ ਸੀ ਕਿ ਲਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਨੋ ਘੋੜੇ ਵਾਪਸ ਲਿਆਂਦੇ। ਇਸ ਸਭ ਦਾ ਬਦਲਾ ਲੈਣ ਲਈ ਲਹੌਰ ਤੋਂ ਲਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜਾਈ ਕਰ ਦਿਤੀ। ਮਾਲਵੇ ਦੇ ਪਿੰਡ ਮਹਿਰਾਜ ਦੇ ਕੋਲ ਗੁਰੂ ਨਾਥ ਦੀ ਢਾਬ ਕੋਲ ਤੀਸਰੀ ਭਿਆਨਕ ਜੰਗ ਹੋਈ। ਦੋਨਾਂ ਧਿਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ।

ਇਸ ਲੜਾਈ ਵਿਚ ਤੁਰਕ ਸਰਦਾਰ ਮਾਰੇ ਗਏ ਅਤੇ ਇਸ ਜੰਗ ਦੀ ਜਿੱਤ ਦੀ ਯਾਦ ਵਿਚ ਗੁਰੂ ਸਾਹਿਬ ਨੇ ‘ਗੁਰੂਸਰ’ ਨਾਮ ਦਾ ਇਕ ਸਰੋਵਰ ਬਣਵਾਇਆ।
ਕਰਤਾਰਪੁਰ ਵਿਖੇ ਚੌਥੀ ਲੜਾਈ 1634 ਵਿਚ ਹੋਈ। ਕਈ ਸਾਲਾਂ ਤੋਂ ਸਿੱਖ ਫੌਜ ਵਿੱਚ ਬੜੇ ਸਤਿਕਾਰਯੋਗ ਅਹੁੱਦੇ ‘ਤੇ ਨਿਵਾਜ਼ੇ ਜਾਣ ਵਾਲੇ ਪਠਾਨ ਪੈਂਦੇ ਖਾਂ ਨੂੰ ਆਪਣੀ ਬਹਾਦਰੀ ‘ਤੇ ਹੰਕਾਰ ਹੋ ਗਿਆ। ਉਹ ਗੁਰੂ ਜੀ ਦੀ ਹੁਕਮ ਅਦੂਲੀ ਕਰਨ ਲੱਗ ਪਿਆ ਤੇ ਗੁਰੂ ਘਰ ਵਿਰੁੱਧ ਸਾਜਿਸ਼ਾਂ ਰਚਣ ਲੱਗ ਪਿਆ। ਇਹ ਹਰਕਤਾਂ ਵੇਖ ਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ।

ਪੈਂਦੇ ਖ਼ਾਂ ਨੇ ਮੁਖ਼ਲਿਸ ਖ਼ਾਂ ਦੇ ਭਰਾ ਕਾਲੇ ਖ਼ਾਂ ਅਤੇ ਜਲੰਧਰ ਦੇ ਸੂਬੇਦਾਰ ਕੁਤਬਦੀਨ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਹੌਰ ਦੇ ਨਵਾਬ ਨੇ ਕਾਲੇ ਖ਼ਾਂ ਦੀ ਕਮਾਨ ਹੇਠ ਫੌਜ ਤੋਰ ਦਿੱਤੀ। ਬਾਬਾ ਗੁਰਦਿੱਤਾ ਜੀ ਅਤੇ ਭਾਈ ਵਿਧੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ ਤੇਗ ਮੱਲ ਜੀ ਨੇ ਵੀ ਮੈਦਾਨੇ ਜੰਗ ਵਿਚ ਤੇਗ ਦੇ ਜੌਹਰ ਵਿਖਾਏ। ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖਿਆ ਜੋ ਬਾਅਦ ਵਿੱਚ ਨੌਵੇਂ ਗੁਰੂ ਵਜੋਂ ਸ਼ੁਸ਼ੋਭਿਤ ਹੋਏ। ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਅਤੇ ਗੁਰੂ ਜੀ ਉਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋ ਕੇ ਘੋੜੇ ਤੋਂ ਡਿੱਗ ਪਿਆ ਅਤੇ ਉਸਦਾ ਅੰਤ ਨੇੜੇ ਆ ਗਿਆ।

ਗੁਰੂ ਜੀ ਨੇ ਦਇਆ ਵਿੱਚ ਆ ਕੇ ਪੈਂਦੇ ਖਾਂ ਦੇ ਮੂੰਹ ‘ਤੇ ਢਾਲ ਨਾਲ ਛਾਂ ਕੀਤੀ ਅਤੇ ਅੰਤਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾਂ ਪੜ੍ਹਨ ਲਈ ਆਖਿਆ। ਪੈਂਦੇ ਖ਼ਾਂ ਦੇ ਦਾਮਾਦ ਕਾਲੇ ਖ਼ਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਾਲੇ ਖ਼ਾਂ, ਵਾਰ ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਮੁਸਲਮਾਨੀ ਫੌਜ ਨੇ ਭੱਜ ਕੇ ਜਾਣ ਬਚਾਈ। 1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ।

ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਹਰਿ ਰਾਏ ਜੀ (ਪੁੱਤਰ ਬਾਬਾ ਗੁਰਦਿੱਤਾ ਜੀ) ਨੂੰ ਸੌਂਪੀ ਅਤੇ 6 ਚੇਤ, 3 ਮਾਰਚ 1644 ਯੂਲੀਅਨ ਨੂੰ 49 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ 6 ਚੇਤ ਨਿਸਚਤ ਕੀਤਾ ਗਿਆ ਹੈ ਜੋ ਹਰ ਸਾਲ 19 ਮਾਰਚ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਦਾ ਦਿਹਾੜਾ 11 ਚੇਤ 24-3-2015ਈ: ਵਿਖਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement