
ਬੀਬੀ ਭਾਨੀ ਜੀ ਦੀ ਪਵਿੱਤਰ ਕੁੱਖੋਂ ਤਿੰਨ ਪੁੱਤਰ ਪੈਦਾ ਹੋਏ। ਬਾਬਾ ਪ੍ਰਿਥੀ ਚੰਦ, ਸ੍ਰੀ ਮਹਾਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ
ਸਿੱਖ ਇਤਹਾਸ ਵਿਚ ਬੀਬੀ ਭਾਨੀ ਜੀ ਦਾ ਸਥਾਨ ਬਹੁਤ ਹੀ ਵਿਸ਼ੇਸ਼ ਤੇ ਸਤਿਕਾਰਯੋਗ ਹੈ ਕਿਉਂਕਿ ਆਪ ਜੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਛੋਟੀ ਸਪੁਤਰੀ, ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਮ ਪਤਨੀ ਤੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਸਨ। ਬੀਬੀ ਭਾਨੀ ਜੀ ਦਾ ਜਨਮ 2 ਫ਼ਰਵਰੀ 1534 ਈ ਪਿੰਡ ਬਾਸਰਕੇ ਵਿਖੇ ਮਾਤਾ ਮਨਸਾ ਦੇਵੀ ਜੀ ਦੀ ਕੁੱਖੋਂ ਹੋਇਆ।
Guru Amardas Ji
ਪਿੰਡ ਬਾਸਰਕੇ ਤੀਜੇ ਗੁਰੂ ਜੀ ਦਾ ਜਨਮ ਅਸਥਾਨ ਵੀ ਸੀ। ਇਹ ਗੱਲ ਇਥੇ ਦੱਸਣਯੋਗ ਹੈ ਕਿ ਸੰਨ 1538 ਦਾ ਅਜਿਹਾ ਸਮਾਂ ਸੀ ਜਦੋਂ ਚਾਰੇ ਗੁਰੂ, ਪਹਿਲੇ ਬਾਬਾ ਨਾਨਕ ਜੀ, ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ, ਤੀਜੇ ਗੁਰੂ ਸ੍ਰੀ ਅਮਰਦਾਸ ਜੀ ਤੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਮੌਜੂਦ ਸਨ ਪਰ ਉਨ੍ਹਾਂ ਦਾ ਇਕ ਦੂਜੇ ਨਾਲ ਮੇਲ ਨਾ ਹੋਇਆ। ਪ੍ਰਸਿੱਧ ਇਤਹਾਸਕਾਰ ਲਤੀਫ਼ ਅਨੁਸਾਰ ਬੀਬੀ ਭਾਨੀ ਜੀ ਦਾ ਪਹਿਲਾ ਨਾਂ ਮੋਹਨੀ ਸੀ ਪਰ ਆਪ ਜੀ ਸਦਾ ਭਾਣੇ ਵਿਚ ਰਹਿਣ ਕਾਰਨ ਆਪ ਜੀ ਦਾ ਨਾ ਭਾਨੀ ਪੈ ਗਿਆ।
Bibi Bhani Ji
ਬੀਬੀ ਭਾਨੀ ਜੀ ਦੇ ਦੋ ਭਰਾ ਬਾਬਾ ਮੋਹਣ ਜੀ ਜਨਮ ਸੰਮਤ 1593, ਭਾਈ ਮੋਹਰੀ ਜੀ ਜਨਮ 1596 ਤੇ ਇਕ ਭੈਣ ਬੀਬੀ ਦਾਨੀ ਜੀ ਜਨਮ ਸੰਮਤ 1591 ਸਨ। ਬੀਬੀ ਭਾਨੀ ਜੀ ਸੇਵਾ ਦੇ ਪੁੰਜ ਸਨ ਤੇ ਸਦਾ ਸੇਵਾ ਵਿਚ ਹੀ ਜੁਟੇ ਰਹਿੰਦੇ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਰਹਿਣ ਲੱਗੇ ਤੇ ਸੰਨ 1552 ਈ ਵਿਚ ਬਾਉਲੀ ਬਣਾਉਣ ਦੀ ਸੇਵਾ ਅਰੰਭੀ ਤਾਂ ਭਾਈ ਜੇਠਾ ਜੀ ਵੀ ਉੱਥੇ ਸੇਵਾ ਲਈ ਆ ਗਏ। ਆਪ ਵੀ ਰੱਜ ਕੇ ਸੇਵਾ ਕਰਦੇ ਤੇ ਅਪਣੇ ਸਿਰ ਤੇ ਮਿੱਟੀ ਦੀ ਟੋਕਰੀ ਢੋਂਦੇ ਰਹੇ।
Goindwal Sahib
ਸੰਗਤ ਦੀ ਸੇਵਾ ਕਰਦੇ ਤੇ ਵਾਧੂ ਸਮੇਂ ਵਿਚ ਘੁੰਗਣੀਆਂ ਵੇਚਦੇ ਰਹਿੰਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਤੋਂ ਖ਼ੁਸ਼ ਹੋ ਕੇ ਅਪਣੀ ਛੋਟੀ ਪੁਤਰੀ ਬੀਬੀ ਭਾਨੀ ਜੀ ਲਈ ਵਰ ਚੁਣ ਲਿਆ ਤੇ 22 ਫੱਗਣ ਸੰਮਤ 1610 ਨੂੰ ਬੀਬੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿਤਾ। ਉਸ ਸਮੇਂ ਭਾਈ ਜੇਠਾ ਜੀ ਦੀ ਉਮਰ 18 ਸਾਲ ਸੀ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਭਾਈ ਜੇਠਾ ਜੀ ਦੇ ਪਿੰਡ ਬਾਸਰਕੇ ਨਾਨਕੇ ਸਨ ਤੇ ਮਾਤਾ ਪਿਤਾ ਜੀ ਦੇ ਸਵਰਗ ਗਮਨ ਤੋਂ ਬਾਅਦ ਆਪ ਜੀ ਨੂੰ ਆਪ ਜੀ ਦੇ ਨਾਨੀ ਜੀ ਬਾਸਰਕੇ ਲੈ ਆਏ ਸਨ। ਅਤਿ ਗ਼ਰੀਬੀ ਦੀ ਹਾਲਤ ਵਿਚ ਭਾਈ ਜੇਠਾ ਜੀ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ।
Guru Ram Das ji
ਸੰਨ 1566 ਈ ਨੂੰ ਜਦੋਂ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਆਇਆ ਤਾਂ ਉਹ ਬੀਬੀ ਭਾਨੀ ਦੇ ਨਾਮ ਝਬਾਲ ਦਾ ਪ੍ਰਗਨਾ ਲਗਾ ਗਿਆ। ਸੰਨ 1570 ਈ. ਵਿਚ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਨਵਾਂ ਸ਼ਹਿਰ ਰਾਮਦਾਸਪੁਰ (ਅੰਮ੍ਰਿਤਸਰ) ਬਣਾਉਣ ਦੀ ਆਗਿਆ ਦਿਤੀ। ਭਾਈ ਜੇਠਾ ਜੀ ਅਤੇ ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਈਸ਼ਵਰ ਰੂਪ ਮੰਨਦੇ ਸਨ, ਇਸੇ ਲਈ ਉਹ ਉਨ੍ਹਾਂ ਦੀ ਅਥਾਹ ਸੇਵਾ ਕਰਦੇ। ਬੀਬੀ ਜੀ ਹਮੇਸ਼ਾ ਡੇਢ ਪਹਿਰ ਰਾਤ ਰਹਿੰਦੀ ਤੋਂ ਜਾਗ ਕੇ ਸਰਦੀਆਂ ਵਿਚ ਜਲ ਗਰਮ ਕਰ ਕੇ ਇਸ਼ਨਾਨ ਕਰਵਾਉਂਦੇ ਸਨ।
Guru Arjan Dev Ji
ਇਕ ਵਾਰ ਜਦੋਂ ਆਪ ਇਸ਼ਨਾਨ ਕਰਵਾ ਰਹੇ ਸਨ ਤਾਂ ਚੌਂਕੀ ਦਾ ਪਾਵਾ ਟੁੱਟ ਗਿਆ ਤੇ ਬੀਬੀ ਜੀ ਅਪਣਾ ਪੈਰ ਪਾਏ ਦੀ ਥਾਂ ਲਗਾ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਆਪ ਜੀ ਨੇ ਬੀਬੀ ਜੀ ਸੇਵਾ ਦੀ ਬਹੁਤ ਤਾਰੀਫ਼ ਕੀਤੀ। ਸੰਨ 1574 ਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਗੁਰਗੱਦੀ ਤੇ ਬਿਠਾਇਆ ਕਿਉਂਕਿ ਉਹ ਉਨ੍ਹਾਂ ਦੀ ਹਰ ਪਰਖ ਵਿਚ ਖਰੇ ਉਤਰੇ ਸਨ।
ਬੀਬੀ ਭਾਨੀ ਜੀ ਦੀ ਪਵਿੱਤਰ ਕੁੱਖੋਂ ਤਿੰਨ ਪੁੱਤਰ ਪੈਦਾ ਹੋਏ। ਬਾਬਾ ਪ੍ਰਿਥੀ ਚੰਦ ਜਨਮ ਸੰਮਤ 1617 ਵਿਚ, ਸ੍ਰੀ ਮਹਾਦੇਵ ਜੀ ਜਨਮ ਸੰਮਤ 1618 ਵਿਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਜਨਮ ਸੰਮਤ 1620 ਵਿਚ। ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਬਣੇ। ਅਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂਗੱਦੀ ਦੇ ਕੇ ਸ੍ਰੀ ਗੁਰੂ ਰਾਮਦਾਸ ਜੀ ਸੰਮਤ 1638 ਨੂੰ ਗੋਇੰਦਵਾਲ ਸ੍ਰੀਰ ਤਿਆਗ ਕੇ ਗੁਰਪੁਰੀ ਜਾ ਪਹੁੰਚੇ।
ਸੰਪਰਕ : ਮੋ 98764-52223
ਬਹਾਦਰ ਸਿੰਘ ਗੋਸਲ