ਈ.ਵੀ.ਐਮ. ਤੋਂ ਜ਼ਰਾ ਬੱਚ ਕੇ
Published : Apr 19, 2018, 4:13 am IST
Updated : Apr 19, 2018, 4:13 am IST
SHARE ARTICLE
E.V.M
E.V.M

ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਰਾਜ ਸੱਤਾ ਦਾ ਅਨੰਦ ਮਾਣ ਰਹੀ ਭਾਜਪਾ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਹਰਾਉਣਾ ਅਚੰਭੇ ਵਾਲੀ ਗੱਲ ਹੋ ਸਕਦੀ ਹੈ

ਲੋਕ ਸਭਾ ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਰਾਜ ਸੱਤਾ ਦਾ ਅਨੰਦ ਮਾਣ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਹਰਾਉਣਾ ਕਿਸੇ ਲਈ ਅਚੰਭੇ ਵਾਲੀ ਗੱਲ ਹੋ ਸਕਦੀ ਹੈ ਪਰ ਸਮਝਦਾਰ ਲੋਕਾਂ ਲਈ ਇਹ ਕੋਈ ਅਲੋਕਾਰੀ ਗੱਲ ਨਹੀਂ ਕਿਉਂਕਿ ਵਿਧਾਨ ਸਭਾ ਦੀਆਂ ਹੁਣੇ ਹੋਈਆਂ ਚੋਣਾਂ ਵਿਚ ਤ੍ਰਿਪੁਰਾ ਰਾਜ ਵਿਚ 25 ਸਾਲਾਂ ਦੇ ਕਾਮਰੇਡੀ ਰਾਜ ਨੂੰ ਹਰਾ ਕੇ ਉਥੇ ਭਾਜਪਾ ਦਾ ਭਗਵਾਂ ਰਾਜ ਬਣਾਉਣਾ ਕਿਸੇ ਤੋਂ ਵੀ ਲੁਕਿਆ ਨਹੀਂ ਹੋਣਾ ਚਾਹੀਦਾ। ਇਹ ਉਸੇ ਈ.ਵੀ.ਐਮ. ਦਾ ਹੀ ਕਮਾਲ ਕਿਹਾ ਜਾ ਸਕਦਾ ਹੈ, ਜਿਸ ਦੀਆਂ ਪਿਛਲੇ ਸਮੇਂ ਵਿਚ ਕਈ ਸਿਆਸੀ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਇਹ ਸ਼ਿਕਾਇਤਾਂ ਕੀਤੀਆਂ ਸਨ ਕਿ ਇਸ ਮਸ਼ੀਨ ਦੀ ਦੁਰਵਰਤੋਂ ਹੋ ਰਹੀ ਹੈ ਤੇ ਭਾਜਪਾ ਇਸ ਮਸ਼ੀਨ ਨੂੰ 'ਹੈਂਗ' ਕਰ ਕੇ ਜਿੱਤਾਂ ਪ੍ਰਾਪਤ ਕਰ ਰਹੀ ਹੈ। ਪਰ ਜ਼ਿਮਨੀ ਚੋਣਾਂ ਵਿਚ ਵਿਰੋਧੀ ਪਾਰਟੀਆਂ ਨੂੰ ਕੁੱਝ ਥਾਵਾਂ ਉਤੇ ਇਸੇ ਮਸ਼ੀਨ ਨਾਲ ਜਿੱਤਾਂ ਦਿਵਾ ਕੇ ਭਾਜਪਾ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਹਨ। ਪਹਿਲਾਂ ਵਿਰੋਧੀਆਂ ਨੂੰ ਕੁੱਝ ਥਾਵਾਂ ਉਤੇ ਜਿੱਤਾਂ ਦਿਵਾ ਕੇ ਖ਼ੁਸ਼ ਕਰ ਕੇ ਬੈਂਕ ਘੁਟਾਲਿਆਂ ਤੋਂ ਉਨ੍ਹਾਂ ਦਾ ਧਿਆਨ ਪਾਸੇ ਕਰ ਦਿਤਾ ਹੈ। ਉਹ ਜਿੱਤਾਂ ਦੀ ਖ਼ੁਸ਼ੀ ਵਿਚ ਖੀਵੇ ਹੋ ਕੇ ਭੰਗੜੇ ਪਾ ਰਹੇ ਹਨ ਅਤੇ ਬੈਂਕ ਘੁਟਾਲੇ ਕਰਨ ਵਾਲੇ ਨੀਰਵ ਮੋਦੀ ਤੇ ਮੇਹੁਲ ਚੌਕਸੀ ਨੂੰ ਭੁੱਲ ਗਏ ਹਨ। ਦੂਜਾ ਉਸ ਨੇ ਈ.ਵੀ.ਐਮ. ਮਸ਼ੀਨ ਨੂੰ ਇਹ ਮਾਨਤਾ ਵੀ ਦਿਵਾ ਦਿਤੀ ਕਿ ਇਸ ਮਸ਼ੀਨ ਦੀ ਦੁਰਵਰਤੋਂ ਨਹੀਂ ਹੋ ਰਹੀ ਤੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਈ.ਵੀ.ਐਮ. ਮਸ਼ੀਨ ਦੀ ਵਰਤੋਂ ਕਰਨ ਲਈ ਵੀ ਖੁੱਲ੍ਹ ਪ੍ਰਾਪਤ ਕਰ ਲਈ ਹੈ। ਇਸੇ ਨੂੰ ਕਿਹਾ ਜਾਂਦਾ ਹੈ ਚਲਾਕ ਲੋਕਾਂ ਦੀ 'ਦੂਰਅੰਦੇਸ਼ੀ'। ਇਸੇ ਦੂਰਅੰਦੇਸ਼ ਸੋਚ ਨੂੰ ਵਰਤ ਕੇ ਹੀ ਉਹ ਲੋਕਾਂ ਨੂੰ ਲੁਟਦੇ, ਕੁਟਦੇ ਅਤੇ ਮੂਰਖ ਬਣਾਉਂਦੇ ਹਨ। ਸਦੀਆਂ ਤੋਂ ਹੀ ਇਹ ਚਲਦਾ ਆਇਆ ਹੈ ਤੇ ਇਹੀ  ਚਲਦਾ ਰਹੇਗਾ। ਇਸ ਤਰ੍ਹਾਂ ਗ਼ਰੀਬ ਹੋਰ ਗ਼ਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ।
ਸਾਇੰਸ ਦੀਆਂ ਕਾਢਾਂ ਨੇ ਭਾਵੇਂ ਮਨੁੱਖ ਨੂੰ ਕਈ ਸੁੱਖ ਸਹੂਲਤਾਂ ਨਾਲ ਲੈਸ ਕਰ ਦਿਤਾ ਹੈ ਪਰ ਮੱਕਾਰ ਅਤੇ ਚਲਾਕ ਲੋਕਾਂ ਨੇ ਇਨ੍ਹਾਂ ਕਾਢਾਂ ਦੀ ਦੁਰਵਰਤੋਂ  ਕਰ ਕੇ ਸਧਾਰਣ ਲੋਕਾਂ ਨੂੰ ਖ਼ੂਬ ਲੁਟਿਆ ਅਤੇ ਕੁਟਿਆ ਹੈ ਅਤੇ ਹੁਣ ਵੀ ਇਹੀ ਕੁੱਝ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹੀ ਕੁੱਝ ਕਰਦੇ ਰਹਿਣਗੇ, ਜੇਕਰ ਅਸੀ ਸੁਚੇਤ ਨਾ ਹੋਏ। ਸਾਇੰਸ ਦੀਆਂ ਕਾਢਾਂ ਵਿਚ ਸੱਭ ਤੋਂ ਪਹਿਲਾਂ ਕੰਪਿਊਟਰ ਦੀ ਗੱਲ ਕਰੀਏ। ਇਸ ਯੰਤਰ ਨਾਲ ਸੱਭ ਤੋਂ ਵੱਧ ਲੁੱਟ ਕਰਨ ਲਈ ਜੋਤਸ਼ੀਆਂ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਹੈ। ਕੰਪਿਊਟਰ ਦੀ ਵਰਤੋਂ ਕਰ ਕੇ ਜੋਤਸ਼ੀਆਂ ਨੇ ਟੇਵੇ ਅਤੇ ਜਨਮ ਪਤਰੀਆਂ ਬਣਾਉਣੇ ਸ਼ੁਰੂ ਕਰ ਦਿਤੇ ਹਨ ਅਤੇ ਲੋਕ ਇਸ ਦੇ ਜਾਲ ਵਿਚ ਬੜੀ ਆਸਾਨੀ ਨਾਲ ਫੱਸ ਜਾਂਦੇ ਹਨ ਜਦਕਿ ਸੱਚ ਤਾਂ ਇਹ ਹੈ ਕਿ ਕੰਪਿਊਟਰ ਵਿਚ ਜੋ ਵੀ ਫ਼ੀਡ ਕੀਤਾ ਜਾਂਦਾ ਹੈ ਉਹੀ ਕੁੱਝ ਬਾਹਰ ਆਉਂਦਾ ਹੈ। ਕੰਪਿਊਟਰ ਕੋਈ ਰੱਬੀ ਬਾਣੀ ਭਾਵ ਕਿਸੇ ਵੀ ਮਨੁੱਖ ਦੀ ਕਿਸਮਤ ਬਾਰੇ ਭਵਿੱਖਬਾਣੀ ਨਹੀਂ ਕਰ ਸਕਦਾ। ਪਰ ਚਲਾਕ ਜੋਤਸ਼ੀ ਕੰਪਿਊਟਰ ਵਿਚ ਅਜਿਹਾ ਸਾਫ਼ਟਵੇਅਰ ਪਾ ਦਿੰਦੇ ਹਨ ਕਿ ਆਮ ਲੋਕਾਂ ਨੂੰ ਇਹ ਜਚਣ ਲੱਗ ਜਾਂਦਾ ਹੈ ਕਿ ਮੇਰੀ ਕਿਸਮਤ ਵਿਚ ਸੱਚਮੁਚ ਹੀ ਅਜਿਹਾ ਹੋਣ ਵਾਲਾ ਹੈ ਜੋ ਕੰਪਿਊਟਰ ਵਿਚੋਂ ਨਿਕਲਿਆ ਹੈ। ਇਸ ਤਰ੍ਹਾਂ ਚਲਾਕ ਜੋਤਸ਼ੀ ਸਾਇੰਸ ਦੀ ਕਾਢ ਨੂੰ ਅਧਿਆਤਮਵਾਦ ਨਾਲ ਜੋੜ ਕੇ ਸਾਡੇ ਆਮ ਲੋਕਾਂ ਨੂੰ ਲੁਟਦੇ ਹਨ।

ਤੁਹਾਨੂੰ ਸਾਰਿਆਂ ਨੂੰ ਪਟਰੌਲ ਪੰਪਾਂ ਵਾਲਿਆਂ ਵਲੋਂ ਪਟਰੌਲ ਪਵਾਉਣ ਸਮੇਂ ਹੁੰਦੀ ਲੁੱਟ ਭੁੱਲੀ ਨਹੀਂ ਹੋਣੀ। ਇਕ ਵਿਸ਼ੇਸ਼ ਚਿਪ ਦੀ ਮਦਦ ਨਾਲ ਉਹ ਘੱਟ ਤੇਲ ਪਾ ਕੇ ਤੁਹਾਨੂੰ ਯਕੀਨ ਦਿਵਾ ਦਿੰਦੇ ਹਨ ਕਿ ਤੁਹਾਡੇ ਕੋਲੋਂ ਜਿੰਨੇ ਪੈਸੇ ਲਏ ਹਨ, ਉਨ੍ਹਾਂ ਪੈਸਿਆਂ ਦਾ ਪੂਰਾ ਤੇਲ ਤੁਹਾਨੂੰ ਦੇ ਦਿਤਾ ਹੈ ਪਰ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਆਈਆਂ ਪੋਸਟਾਂ ਵਿਚ ਪਟਰੌਲ ਪੰਪਾਂ ਤੇ ਪਏ ਵਿਜੀਲੈਂਸ ਦੇ ਛਾਪਿਆਂ ਤੋਂ ਇਹ ਸੱਚ ਸਾਡੇ ਸੱਭ ਦੇ ਸਾਹਮਣੇ ਆ ਗਿਆ ਹੈ ਕਿ ਇਕ ਚਿਪ ਦੀ ਵਰਤੋਂ ਨਾਲ ਉਹ ਸਾਨੂੰ ਕਿਵੇਂ ਲੁੱਟ ਰਹੇ ਹਨ।ਮਾਦਾ ਭਰੂਣ ਹਤਿਆ ਦੀ ਉਦਾਹਰਣ ਤਾਂ ਸਾਡੇ ਸੱਭ ਦੇ ਸਾਹਮਣੇ ਹੀ ਹੈ ਕਿ ਕਿਵੇਂ ਚਲਾਕ ਡਾਕਟਰਾਂ ਅਤੇ ਅਲਟਰਾਸਾਊਂਡ ਦੇ ਮਾਲਕਾਂ ਨੇ ਹੱਥ ਮਿਲਾ ਕੇ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਅਪਣੀਆਂ ਜੇਬਾਂ ਪੈਸਿਆਂ ਨਾਲ ਭਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਬੱਚੇ ਦਾ ਲਿੰਗ ਮੁੰਡਾ ਹੈ ਜਾਂ ਕੁੜੀ ਦੱਸ ਕੇ ਕਰੋੜਾਂ ਰੁਪਏ ਕਮਾ ਕੇ ਵੱਡੇ-ਵੱਡੇ ਆਲੀਸ਼ਾਨ ਹਸਪਤਾਲ ਅਤੇ ਸਕੈਨ ਕੇਂਦਰ ਖੋਲ੍ਹ ਲਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਾਇੰਸ ਦੀਆਂ ਖੋਜਾਂ ਨੂੰ ਮਨੁੱਖ ਨੇ ਕਿਵੇਂ ਆਪਣੇ ਸੌੜੇ ਹਿਤਾਂ ਲਈ ਵਰਤਣਾ ਸ਼ੁਰੂ ਕਰ ਦਿਤਾ ਹੈ। ਇਹ ਕਿਸੇ ਦੀ ਨਜ਼ਰ ਤੋਂ ਲੁਕਿਆ ਛਿਪਿਆ ਨਹੀਂ, ਫਿਰ ਵੀ ਅਸੀ ਬੁੱਧੂ ਬਣਦੇ ਸੱਭ ਕੁੱਝ ਵੇਖੀ ਜਾ ਰਹੇ ਹਾਂ ਅਤੇ ਇਸ ਦਾ ਬਿਲਕੁਲ ਵੀ ਵਿਰੋਧ ਨਹੀਂ ਕਰ ਰਹੇ।

ਈ.ਵੀ.ਐਮ. ਨੂੰ ਸੱਚਾ ਸਿੱਧ ਕਰਨ ਲਈ ਵੀ.ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇਕ ਧੋਖੇ ਤੋਂ ਵੱਧ ਕੁੱਝ ਵੀ ਨਹੀਂ ਕਿਉਂਕਿ ਜਿਵੇਂ ਪਟਰੌਲ ਪੰਪਾਂ ਵਾਲੇ ਠੱਗੀ ਮਾਰਦੇ ਹਨ, ਇਸੇ ਤਰ੍ਹਾਂ ਹੀ ਵੀ.ਵੀ. ਪੈਟ ਮਸ਼ੀਨਾਂ ਨਾਲ ਵੀ ਠੱਗੀ ਮਾਰੀ ਜਾ ਸਕਦੀ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮਨੁੱਖ ਵਲੋਂ ਕੀਤੀਆਂ ਖੋਜਾਂ ਨੂੰ ਚਲਾਕ ਲੋਕ ਅਪਣੇ ਹਿਤ ਵਿਚ ਵਰਤਣ ਲਈ ਕੋਝੀਆਂ ਤੋਂ ਕੋਝੀਆਂ ਚਾਲਾਂ ਚਲਦੇ ਹੀ ਰਹਿੰਦੇ ਹਨ। ਸਿਰਫ਼ ਕੁਦਰਤ ਦੇ ਨਿਯਮਾਂ ਵਿਚ ਹੀ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ। ਲੱਖਾਂ ਸਾਲਾਂ ਤੋਂ ਧਰਤੀ, ਸੂਰਜ ਦੁਆਲੇ ਅਪਣੀ ਧੁਰੀ ਤੇ ਘੁੰਮਦੀ ਹੈ ਅਤੇ ਇਸ ਵਿਚ ਕੋਈ ਵੀ ਅਦਲਾ-ਬਦਲੀ ਨਹੀਂ ਹੁੰਦੀ। ਜਿਵੇਂ ਕੁਦਰਤ ਦਾ ਨਿਯਮ ਹੈ ਕਿ ਪਾਣੀ ਨਿਵਾਣ ਵਲ ਵਹਿੰਦਾ ਹੈ ਪਰ ਮਨੁੱਖ ਨੇ ਟੁੱਲੂ ਪੰਪ ਲਾ ਕੇ ਇਸ ਨੂੰ ਮਨਮਰਜ਼ੀ ਦੇ ਥਾਵਾਂ ਉਤੇ ਲਿਜਾਣ ਦਾ ਬੰਦੋਬਸਤ ਕਰ ਲਿਆ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਮੱਕਾਰ ਲੋਕਾਂ ਦੀਆਂ ਚਲਾਕੀਆਂ ਨੂੰ ਕਿਵੇਂ ਠੱਲ੍ਹ ਪਾਈ ਜਾਵੇ। ਸਾਨੂੰ ਇਸ ਗੱਲ ਉਤੇ ਜ਼ੋਰ ਦੇਣਾ ਪਵੇਗਾ ਕਿ ਚੋਣ ਕਮਿਸ਼ਨ ਦੇ ਤੋਤੇ ਨੂੰ ਭਾਜਪਾ ਦੇ ਪਿੰਜਰੇ ਵਿਚੋਂ ਬਾਹਰ ਕੱਢ ਕੇ ਇਕ ਆਜ਼ਾਦ ਸੰਸਥਾ ਬਣਾਇਆ ਜਾਏ ਤਾਕਿ ਚੋਣਾਂ ਨਿਰਪੱਖ ਢੰਗ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣ। ਉੱਚ-ਨਿਆਂਪਾਲਿਕਾ ਨੂੰ ਅਤੇ ਚੋਣ ਕਮਿਸ਼ਨਰ ਨੂੰ ਵੀ ਬੇਨਤੀ ਕਰਨੀ ਪਵੇਗੀ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਹੀ ਚੋਣ ਲੜਨ ਦਾ ਹੱਕ ਨਾ ਦੇਣ ਜਿਨ੍ਹਾਂ ਤੇ ਕਿਸੇ ਵੀ ਅਦਾਲਤ ਵਿਚ ਕੋਈ ਮੁਕੱਦਮਾ ਚਲਦਾ ਹੋਵੇ। ਇਹ ਮੁਕੱਦਮਾ ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਅਪਰਾਧੀਆਂ, ਘਪਲੇਬਾਜ਼ਾਂ ਅਤੇ ਦਲ ਬਦਲੂਆਂ ਦੇ ਚੋਣ ਲੜਨ ਤੇ ਪੂਰੀ ਪਾਬੰਦੀ ਲਾਉਣੀ ਚਾਹੀਦੀ ਹੈ। ਉਮੀਦਵਾਰ ਸਿਰਫ਼ ਅਪਣੇ ਹਲਕੇ ਵਿਚ ਇਕ ਥਾਂ ਤੋਂ ਹੀ ਚੋਣ ਲੜ ਸਕੇ। ਬੂਥਾਂ ਉਤੇ ਕਬਜ਼ੇ ਕਰਨ ਵਾਲੀਆਂ ਪਾਰਟੀਆਂ ਦੀ ਮਾਨਤਾ ਰੱਦ ਕਰ ਕੇ ਪੰਜ ਸਾਲ ਲਈ ਚੋਣ ਲੜਨ ਤੇ ਪਾਬੰਦੀ ਲਾਈ ਜਾਵੇ। ਭੰਨਤੋੜ ਕਰਨ ਵਾਲਿਆਂ ਨੂੰ ਜੇਲਾਂ ਵਿਚ ਤੁਰਤ ਡਕਿਆ ਜਾਵੇ ਅਤੇ ਸਖ਼ਤ ਸਜ਼ਾਵਾਂ ਦਿਤੀਆਂ ਜਾਣ। ਲੋਕਤੰਤਰ ਨੂੰ ਲੋਕਤੰਤਰ ਹੀ ਰਹਿਣ ਦਿਤਾ ਜਾਵੇ, ਇਸ ਨੂੰ ਗੁੰਡਾਤੰਤਰ ਨਾ ਬਣਾਇਆ ਜਾਵੇ। 50 ਫ਼ੀ ਸਦੀ ਤੋਂ ਘੱਟ ਪੋਲਿੰਗ ਹੋਣ ਤੇ ਪੋਲਿੰਗ ਰੱਦ ਕਰ ਕੇ ਦੁਬਾਰਾ ਪੋਲਿੰਗ ਕਰਵਾਈ ਜਾਵੇ। ਪੋਲਿੰਗ ਯਕਮੁਸ਼ਤ ਸਾਰੇ ਸੂਬਿਆਂ ਵਿਚ ਇਕ ਦਿਨ ਹੀ ਕਰਾਈ ਜਾਵੇ ਤੇ ਵੋਟਾਂ ਦੀ ਗਿਣਤੀ ਦੂਜੇ ਜਾਂ ਤੀਜੇ ਦਿਨ ਹੀ ਕਰ ਕੇ ਨਤੀਜਾ ਕਢਿਆ ਜਾਵੇ। ਜਿਸ ਸੂਬੇ ਵਿਚ ਭੰਨਤੋੜ ਅਤੇ ਬੂਥਾਂ ਉਤੇ ਕਬਜ਼ੇ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਉਨ੍ਹਾਂ ਸੂਬਿਆਂ ਨੂੰ ਕਾਲੀ ਸੂਚੀ ਵਿਚ ਪਾ ਕੇ ਉਥੇ ਪੰਜ ਸਾਲਾਂ ਲਈ ਰਾਸ਼ਟਰਪਤੀ ਰਾਜ ਲਾਇਆ ਜਾਵੇ। ਚੋਣਾਂ ਸਰਕਾਰੀ ਖ਼ਰਚੇ ਤੇ ਕਰਾਈਆਂ ਜਾਣ ਅਤੇ ਸਿਰਫ਼ ਟੀ.ਵੀ. ਰਾਹੀਂ ਹੀ ਉਮੀਦਵਾਰਾਂ ਵਲੋਂ ਪ੍ਰਚਾਰ ਕੀਤਾ ਜਾਵੇ। ਭਾਰਤ ਦਾ ਲੋਕਤੰਤਰ, ਜਿਸ ਦੇ ਦੁਨੀਆਂ ਵਿਚ ਵਧੀਆ ਲੋਕਤੰਤਰ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਅਸਲ ਵਿਚ ਇਹ ਹੁਣ ਇਕ ਜੋਕਤੰਤਰ ਅਤੇ ਗੁੰਡਾਤੰਤਰ ਬਣ ਚੁਕਿਆ ਹੈ ਕਿਉਂਕਿ ਚੋਣ ਕਮਿਸ਼ਨ ਦੀਆਂ ਚੋਰ ਮੋਰੀਆਂ ਰਾਹੀਂ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਦਿਨੋਂ-ਦਿਨ ਭ੍ਰਿਸ਼ਟ ਘਪਲੇਬਾਜ਼ ਅਤੇ ਅਪਰਾਧੀ ਕਿਸਮ ਦੇ ਸਿਆਸਤਦਾਨ ਕਾਬਜ਼ ਹੋ ਰਹੇ ਹਨ। ਆਉਣ ਵਾਲੇ ਸਮੇਂ ਵਿਚ ਕਿਤੇ ਅਜਿਹਾ ਨਾ ਹੋਵੇ ਕਿ ਜਿਸ ਤਰ੍ਹਾਂ 'ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ਼ ਸੇ' ਵਾਂਗ ਇਹ ਲੋਕਤੰਤਰ ਵੀ ਇਕ ਦਿਨ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਕਾਰਨ ਧਰਤੀ ਵਿਚ ਹੀ ਦਫ਼ਨ ਨਾ ਹੋ ਜਾਵੇ। ਸਿਆਸਤਦਾਨਾਂ ਨੂੰ ਅਰਸ਼ ਤੋਂ ਫ਼ਰਸ਼ ਤੇ ਲਿਆਉਣ ਲਈ ਇਨ੍ਹਾਂ ਨੂੰ ਵੀ ਮੁਲਾਜ਼ਮਾਂ ਵਾਂਗ ਤਨਖ਼ਾਹਾਂ ਦਿਤੀਆਂ ਜਾਣ ਅਤੇ ਮੁਲਾਜ਼ਮਾਂ ਵਾਂਗ ਹੀ ਇਨ੍ਹਾਂ ਦਾ ਇਨਕਮ ਟੈਕਸ ਕਟਿਆ ਜਾਵੇ ਤਾਕਿ ਸਿਆਸਤਦਾਨਾਂ ਵਲੋਂ ਘਪਲੇ ਘੁਟਾਲੇ ਕਰ ਕੇ ਬੇਥਾਹ ਦੌਲਤ ਇਕੱਠੀ ਕਰਨ ਤੋਂ ਰੋਕਿਆ ਜਾ ਸਕੇ ਅਤੇ ਘਪਲੇ ਘੁਟਾਲਿਆਂ ਨੂੰ ਬੰਦ ਕੀਤਾ ਜਾ ਸਕੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਈ.ਵੀ.ਐਮ. ਮਸ਼ੀਨ ਵਿਚ ਚਿੱਪ ਲਾ ਕੇ ਠੱਗੀ ਨਹੀਂ ਮਾਰੀ ਜਾ ਸਕਦੀ ਤਾਂ ਫਿਰ ਇਸ ਮਸ਼ੀਨ ਨੂੰ 120 ਦੇਸ਼ਾਂ ਵਿਚ ਪਾਬੰਦੀਸ਼ੁਦਾ ਕਿਉਂ ਕੀਤਾ ਹੋਇਆ ਹੈ? ਸੁਣਨ ਵਿਚ ਤਾਂ ਇਹ ਵੀ ਆਇਆ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਲੋਂ ਗ਼ਲਤੀ ਨਾਲ ਚਿੱਪ ਵਿਚ ਗ਼ਲਤ ਕੋਡ ਫਿੱਟ ਕਰ ਦਿਤਾ ਸੀ ਤਾਂ ਹੀ ਉਥੇ ਆਮ ਆਦਮੀ ਪਾਰਟੀ ਨੂੰ ਤਾਬੜ ਤੋੜ ਜਿੱਤ ਪ੍ਰਾਪਤ ਹੋ ਗਈ ਸੀ। ਆਖ਼ਰ ਵਿਚ ਸਾਨੂੰ ਸਾਰਿਆਂ ਨੂੰ ਈ.ਵੀ.ਐਮ. ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਬੈਲਟ ਪੇਪਰ ਰਾਹੀਂ ਹੀ ਵੋਟਾਂ ਪਵਾਈਆਂ ਜਾਣ। ਮੇਰਾ ਤਾਂ ਇਹੀ ਕਹਿਣਾ ਹੈ ਕਿ 'ਈ.ਵੀ.ਐਮ. ਸੇ ਬਚ ਕੇ ਰਹਿਨਾ ਏ ਬਾਬਾ।' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement