'ਮੋੜੀਂ ਬਾਬਾ ਕੱਛ ਵਾਲਿਆ, ਰੰਨ ਬਸਰੇ ਨੂੰ ਗਈ'
Published : Sep 19, 2020, 10:37 am IST
Updated : Sep 19, 2020, 10:37 am IST
SHARE ARTICLE
FILE PHOTO
FILE PHOTO

ਕਿਸੇ ਵੀ ਮੁਲਕ ਦੀ ਧੀ ਕਿਸੇ ਦਸਤਾਰਧਾਰੀ ਕੋਲ ਇਕੱਲੀ ਖੜੀ ਸੁਰੱਖਿਅਤ ਮਹਿਸੂਸ ਕਰਦੀ

ਰਾਵਣ ਬਾਰੇ ਇਹ ਮਸ਼ਹੂਰ ਹੈ ਕਿ ਉਸ ਨੇ ਸੀਤਾ ਨੂੰ ਚੁਕਿਆ ਤੇ ਕੈਦ ਕਰ ਕੇ ਰਖਿਆ। ਕੈਦ ਵਿਚ ਵੀ ਸੀਤਾ ਦੀ ਮਾਨ ਮਰਿਆਦਾ ਦਾ ਖ਼ਿਆਲ ਰਖਦਿਆਂ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ ਹੱਥ ਵੀ ਨਾ ਲਗਾਇਆ। ਦੂਜੇ ਪਾਸੇ ਪਤੀ ਰਾਮ ਚੰਦਰ ਵਲੋਂ ਇਕ ਧੋਬੀ ਦੇ ਕਹਿਣ ਉਤੇ ਸੀਤਾ ਨੂੰ ਅਗਨ ਪ੍ਰੀਖਿਆ ਵਲ ਧੱਕ ਦਿਤਾ ਗਿਆ। ਵੱਡੀ ਗਿਣਤੀ ਭਾਰਤੀ ਮਰਦ ਅਪਣੇ ਆਪ ਨੂੰ ਰਾਮ ਭਗਤ ਮੰਨਦਿਆਂ ਸਿਰਫ਼ ਇਹੀ ਇਕ ਨੁਕਤਾ ਯਾਦ ਰੱਖ ਕੇ ਅਪਣੀ ਪਤਨੀ ਕੋਲੋਂ ਜੀ ਹਜ਼ੂਰੀ ਤਾਂ ਕਰਵਾਉਂਦੇ ਹੀ ਹਨ, ਅਪਣੀ ਚੌਧਰ ਵੀ ਮਰਦ ਪ੍ਰਧਾਨ ਸਮਾਜ ਵਿਚ ਜਤਾਉਂਦੇ ਹਨ।

Rape RAPE

ਪਰ ਪਤਨੀ ਦੀ ਗ਼ਲਤੀ ਹੋਵੇ ਜਾਂ ਨਾ, ਸ਼ੱਕ ਦੇ ਆਧਾਰ ਉੱਤੇ ਹੀ ਉਸ ਵਿਚ ਕਸੂਰ ਕੱਢ ਕੇ ਅਗਨ ਪ੍ਰੀਖਿਆ ਲਈ ਸਮਾਜ ਦੇ ਹਵਾਲੇ ਕਰ ਦਿੰਦੇ ਹਨ। ਸਮਾਜ ਵੀ ਬੇਰਹਿਮ ਧੋਬੀ ਵਾਂਗ 100 ਫ਼ੀ ਸਦੀ ਗ਼ਲਤੀ ਔਰਤ ਦੀ ਹੀ ਕਢਦਾ ਹੈ, ਭਾਵੇਂ ਉਸ ਬਾਲੜੀ ਦਾ ਹੀ ਬਲਾਤਕਾਰ ਕਿਉਂ ਨਾ ਹੋ ਗਿਆ ਹੋਵੇ। ਇਹੀ ਕਾਰਨ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਹੋਰ ਦਬਾਉਂਦਾ ਹੈ। ਸੀਤਾ ਵਾਂਗ ਉਸ ਨੂੰ ਸੱਭ ਕੁੱਝ ਸਹਿ ਜਾਣ ਲਈ ਮਜਬੂਰ ਕਰਦਾ ਹੋਇਆ  ਔਰਤ ਜਾਤ ਉਤੇ ਵੱਧ ਜ਼ੁਲਮ ਕਰਦਾ ਜਾਂਦਾ ਹੈ।

4-year-old girl RapeRAPE

ਕੀ ਕਦੇ ਕਿਸੇ ਨੇ ਔਰਤ ਨੂੰ ਪੁੱਛਣਾ ਚਾਹਿਆ ਹੈ ਕਿ ਉਸ ਵਿਚ ਰਾਮ ਦੀ ਪੂਜਾ ਕਰਨ ਵਾਲੇ ਦੀ ਸ਼ਰਨ ਵਿਚ ਘਰੇਲੂ ਹਿੰਸਾ, ਬਲਾਤਕਾਰ ਜਾਂ ਲਗਾਤਾਰ ਮਾਰ ਕੁਟਾਈ ਸਹਿਣ ਦੀ ਹੋਰ ਹਿੰਮਤ ਬਚੀ ਹੈ ਜਾਂ ਉਹ ਰਾਵਣ ਵਰਗੇ ਕੋਲ ਸੁਰੱਖਿਅਤ ਮਹਿਸੂਸ ਕਰਦੀ ਹੈ, ਜਿਥੇ ਉਸ ਦੇ ਅਰਮਾਨਾਂ ਦਾ ਸੰਘ ਨਹੀਂ ਘੁਟਿਆ ਜਾਂਦਾ ਤੇ ਉਸ ਦੀਆਂ ਇੱਛਾਵਾਂ ਵਿਰੁਧ ਕੁੱਝ ਵੀ ਨਹੀਂ ਕੀਤਾ ਜਾਂਦਾ। ਮੇਰੇ ਇਨ੍ਹਾਂ ਕੌੜੇ ਸ਼ਬਦਾਂ ਪਿੱਛੇ ਕਾਰਨ ਕੀ ਹੈ? ਉਹ ਅੱਗੇ ਪੜ੍ਹਨ ਤੋਂ ਬਾਅਦ ਸੌਖਿਆਂ ਸਮਝ ਆ ਜਾਵੇਗੀ।

Rape CaseRape Case

ਘਟਨਾ ਤਹਿਜ਼ੀਬ ਵਾਲਿਆਂ ਦੇ ਸੂਬੇ ਲਖਨਊ ਦੀ ਹੈ ਜਿਥੇ 'ਪਹਿਲੇ ਆਪ' 'ਪਹਿਲੇ ਆਪ' ਕਰਦਿਆਂ ਲੋਕਾਂ ਦੇ ਮੂੰਹ ਸੁੱਕ ਜਾਂਦੇ ਹਨ। ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਪੁਲਿਸ ਵਾਲਿਆਂ ਨੇ ਦੋ ਬੰਦਿਆਂ ਨੂੰ ਥਾਣੇ ਵਿਚ ਫੜ ਕੇ ਰੱਖਿਆ। ਕਾਰਨ ਇਹ ਸੀ ਕਿ ਉਨ੍ਹਾਂ ਨੇ ਇਕ 13 ਸਾਲਾਂ ਦੀ ਬੱਚੀ ਨੂੰ ਸਵੇਰੇ ਖੇਤਾਂ ਵਿਚ ਜਾਂਦੀ ਨੂੰ ਘੇਰ ਲਿਆ ਤੇ ਉਸ ਦਾ ਸਮੂਹਕ ਬਲਾਤਕਾਰ ਕੀਤਾ। ਜਦੋਂ ਬੱਚੀ ਨੇ ਚੀਕਣਾ ਚਾਹਿਆ ਤਾਂ ਉਸ ਦਾ ਗਲਾ ਘੁੱਟ ਦਿਤਾ। ਫੇਰ ਵੀ ਉਸ ਦੀ ਹਲਕੀ ਆਵਾਜ਼ ਨਿਕਲਣੀ ਬੰਦ ਨਾ ਹੋਈ ਤਾਂ ਤੇਜ਼ਧਾਰ ਹਥਿਆਰ ਨਾਲ ਜ਼ਬਾਨ ਵੱਢ ਦਿਤੀ। ਮੂੰਹ ਵਿਚੋਂ ਖ਼ੂਨ ਦੀਆਂ ਧਤੀਰੀਆਂ ਨਿਕਲ ਪਈਆਂ।

Rape with 3 year old girlRape

ਆਵਾਜ਼ ਬੰਦ ਹੋ ਗਈ ਤਾਂ ਦੁਬਾਰਾ ਜਬਰਜ਼ਨਾਹ ਕੀਤਾ। ਉਸ ਦੀਆਂ ਅੱਥਰੂ ਕੇਰਦੀਆਂ ਅੱਖਾਂ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਇਸ ਲਈ ਚਾਕੂ ਨਾਲ ਦੋਵੇਂ ਅੱਖਾਂ ਵੀ ਕੱਢ ਦਿਤੀਆਂ। ਜਦੋਂ ਰੱਜ ਪੈ ਗਿਆ ਤਾਂ ਗਲਾ ਘੁੱਟ ਕੇ ਮਾਰ ਮੁਕਾ ਦਿਤਾ ਤੇ ਨਿਰਵਸਤਰ ਲਾਸ਼ ਨੂੰ ਗੰਨੇ ਦੇ ਖੇਤ ਵਿਚ ਸੁੱਟ ਕੇ ਮੁੱਛਾਂ ਨੂੰ ਤਾਅ ਦਿੰਦੇ ਭੱਜ ਗਏ। ਜਦੋਂ ਦੁਪਿਹਰ ਤਕ ਬੱਚੀ ਨਾ ਮੁੜੀ ਤਾਂ ਪਿਤਾ ਦੀ ਸ਼ਿਕਾਇਤ ਉੱਤੇ ਡੀ.ਐਸ.ਪੀ. ਅਭਿਸ਼ੇਕ ਪ੍ਰਤਾਪ ਨੇ ਇਨ੍ਹਾਂ ਦੋਵਾਂ ਨੂੰ ਫੜ ਲਿਆ। ਹਦ ਤਾਂ ਇਹ ਹੈ ਕਿ ਆਜ਼ਾਦੀ ਦੇ ਜਸ਼ਨਾਂ ਤੋਂ ਇਕ ਦਿਨ ਪਹਿਲਾਂ ਯਾਨੀ 14 ਅਗੱਸਤ 2020 ਦੀ ਇਸ ਘਟਨਾ ਵਿਚ ਦਲਿਤ ਨਾਬਾਲਗ ਬੱਚੀ ਨਾਲ ਹੋਈ ਦਰਿੰਦਗੀ ਬਾਰੇ ਮਰਿਆਦਾ ਪੁਰਸ਼ ਭਗਵਾਨ ਰਾਮ ਨੂੰ ਮੰਨਣ ਵਾਲੇ ਇਸ ਮੁਲਕ ਵਿਚ ਹਾਹਾਕਾਰ ਕਿਉਂ ਨਹੀਂ ਮਚੀ?

Rape CaseRape Case

ਕੀ ਉਹ ਨਾਬਾਲਗ ਬੱਚੀ ਦੇ ਨੁਕਸ ਲੱਭਣ ਵਿਚ ਸਮਾਂ ਲਗਾ ਰਹੇ ਹਨ? ਉਹ ਇਕੱਲੀ ਖੇਤ ਵਿਚ ਕਿਉਂ ਗਈ? ਉਹ ਦਲਿਤ ਸੀ! ਉਸ ਦਾ ਸੂਟ ਘਸਿਆ ਹੋਇਆ ਕਿਉਂ ਸੀ? ਉਹ ਚੀਕੀ ਕਿਉਂ? ਉਸ ਨੇ ਬਲਾਤਕਾਰ ਵਿਚ ਮਜ਼ਾ ਕਿਉਂ ਨਾ ਲਿਆ? ਅੱਖਾਂ 'ਚੋਂ ਅੱਥਰੂ ਕਿਉਂ ਡੇਗੇ? ਹਾਲੇ ਹੋਰ ਬਥੇਰੇ ਸਵਾਲਾਂ ਦੇ ਜਵਾਬ ਬਾਕੀ ਹਨ। ਇਸੇ ਲਈ ਲੋਕਾਂ ਨੇ ਚੁੱਪ ਚੁਪੀਤੇ ਖ਼ਬਰ ਪੜ੍ਹ ਕੇ ਪਾਸੇ ਰੱਖ ਦਿਤੀ ਤੇ ਆਜ਼ਾਦੀ ਦੇ ਜਸ਼ਨਾਂ ਵਿਚ ਰੁੱਝ ਗਏ। ਕੀ ਹੁਣ ਮਰਿਆਦਾ ਪੁਰਸ਼ ਨੂੰ ਮੰਨਣ ਵਾਲੇ ਨਾਬਾਲਗ ਬੱਚੀਆਂ ਦੇ ਉਧਾਲੇ ਤੇ ਕਤਲ ਨੂੰ ਜਾਇਜ਼ ਕਰਾਰ ਦੇਣਗੇ? ਕੀ ਦਲਿਤ ਹੋਣਾ ਏਨਾ ਭਾਰੀ ਗੁਣਾਹ ਹੈ ਕਿ ਮੰਦਰ ਵਿਚ ਤਾਂ ਵੜਨ ਦੀ ਇਜਾਜ਼ਤ ਨਹੀਂ ਜਿਥੇ ਰੱਬ ਵਸਦਾ ਹੈ ਪਰ ਉਸੇ ਦਲਿਤ ਦੀ ਇੱਜ਼ਤ ਤਾਰ-ਤਾਰ ਕਰਨ ਲਗਿਆਂ ਉੱਚੀ ਜਾਤ ਅੜਿੱਕਾ ਨਹੀਂ ਬਣਦੀ? ਉਦੋਂ ਧਰਮ ਭ੍ਰਿਸ਼ਟ ਕਿਉਂ ਨਹੀਂ ਹੁੰਦਾ? ਕਿਉਂ ਉੱਚੀ ਜਾਤ ਵਾਲੇ ਦਲਿਤ ਬੱਚੀ ਦਾ ਸ੍ਰੀਰ ਹੰਢਾਉਣ ਲਗਿਆਂ ਭਿੱਟ ਨਹੀਂ ਜਾਂਦੇ? ਕੀ ਅਜਿਹੀ ਬੱਚੀ ਲਈ ਰਾਵਣ ਬਿਹਤਰ ਨਹੀਂ ਹੋਵੇਗਾ, ਜੋ ਉਸ ਦੀ ਇੱਜ਼ਤ ਉੱਤੇ ਕਦੇ ਹੱਥ ਨਾ ਪਾਵੇ?

ਹੁਣ ਇਕ ਹੋਰ ਖ਼ਬਰ ਵਲ ਧਿਆਨ ਕਰੋ। ਇਕ ਪੰਜਾਬੀ ਤੇ ਨਿਊ ਟੀ.ਵੀ. ਵਿਚ ਰੀਪੋਰਟ ਕੀਤੀ ਗਈ, ਇਹ ਘਟਨਾ ਅਜਿਹੀ ਹੈ ਜਿਸ ਤੋਂ ਬਾਅਦ ਬਹੁਤਾ ਕੁੱਝ ਦੱਸਣ ਨੂੰ ਰਹਿ ਨਹੀਂ ਜਾਂਦਾ। ਗੱਲ ਦਿੱਲੀ ਦੀਆਂ ਉਨ੍ਹਾਂ ਗਲੀਆਂ ਦੀ ਹੈ ਜਿਨ੍ਹਾਂ ਨੇ ਨਿਹੱਥੇ ਸਿੱਖਾਂ ਉਤੇ ਦੰਗਾਈਆਂ ਵਲੋਂ ਕੀਤੇ ਹੱਲੇ ਵੇਖੇ ਅਤੇ ਅਨੇਕ ਸਿੱਖ ਬੱਚੀਆਂ ਦੇ ਸਮੂਹਕ ਬਲਾਤਕਾਰ ਹੁੰਦੇ ਵੇਖੇ। ਭਾਰਤ ਦੀ 'ਰੇਪ ਕੈਪੀਟਲ' ਵਜੋਂ ਜਾਣੀ ਜਾਂਦੀ ਦਿੱਲੀ ਦੀ ਗੀਤਾ ਕਲੋਨੀ ਵਿਚ ਇਕ ਨਾਬਾਲਗ ਬੱਚੀ ਨੂੰ ਪੁਲ ਹੇਠ ਨਿਰਵਸਤਰ ਖੜੀ ਨੂੰ ਵੇਖ ਕੇ ਇਕ ਸਿੱਖ ਨੌਜੁਆਨ ਸਰਦਾਰ ਸੁਰਿੰਦਰ ਸਿੰਘ, ਜੋ ਸਾਈਕਲ ਉੱਤੇ ਲੰਘਦਾ ਜਾ ਰਿਹਾ ਸੀ, ਰੁੱਕ ਗਿਆ।

ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠ ਆਉਣ ਦਾ ਇਸ਼ਾਰਾ ਕੀਤਾ। ਜਿਉਂ ਹੀ ਸੁਰਿੰਦਰ ਸਿੰਘ ਪੁਲ ਹੇਠ ਉਤਰਿਆ ਤਾਂ ਚਾਰ ਮੁਸ਼ਟੰਡੇ 'ਓਏ ਸਿਖੜੇ ਯੇ ਹਮਾਰਾ ਸ਼ਿਕਾਰ ਹੈ' ਕਹਿ ਕੇ ਉਸ ਉੱਪਰ ਟੁੱਟ ਕੇ ਪੈ ਗਏ। ਸੱਭ ਨੂੰ ਘਸੁੰਨ ਮਾਰ ਪਰ੍ਹਾਂ ਕਰ ਸੱਭ ਤੋਂ ਪਹਿਲਾਂ ਉਸ ਨੇ ਬੱਚੀ ਨੂੰ ਅਪਣੀ ਕਮੀਜ਼ ਪਾਉਣ ਨੂੰ ਫੜਾ ਦਿਤੀ, ਫਿਰ ਪੁਲਿਸ ਨੂੰ ਬੁਲਾਇਆ। ਦੋ ਪੁਲਿਸ ਵਾਲੇ ਪਹੁੰਚੇ ਤਾਂ ਪਰ੍ਹਾਂ ਕਮਰੇ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ। ਪੁਲਿਸ ਵਾਲੇ ਡਰ ਕੇ ਪਿਛਾਂਹ ਹੋ ਗਏ ਕਿ ਰਾਈਫ਼ਲ ਲੈ ਕੇ ਆਵਾਂਗੇ ਪਰ ਸੁਰਿੰਦਰ ਸਿੰਘ ਨੇ ਡਾਂਗ ਚੁੱਕ ਕੇ ਕਮਰੇ ਅੰਦਰ ਹੱਲਾ ਬੋਲ ਕੇ ਦੋ ਹੋਰ ਲੁਕੇ ਹੋਏ ਬਲਾਤਕਾਰੀਆਂ ਨੂੰ ਫੜ ਲਿਆ। ਫਿਰ ਪੀ.ਸੀ.ਆਰ. ਵੈਨ ਰਾਹੀਂ ਬੱਚੀ ਨੂੰ ਪਹਿਲਾਂ ਘਰ ਪਹੁੰਚਾਇਆ, ਫਿਰ ਸੁਰਿੰਦਰ ਸਿੰਘ ਆਪ ਮੁੜਿਆ।

ਇਹ ਖ਼ਬਰ ਸੁਣ ਕੇ ਦੋ ਗੱਲਾਂ ਇਤਿਹਾਸ ਵਿਚੋਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ, ਕਾਬਲ, ਇਰਾਨ ਤੇ ਬਸਰੇ ਵਲੋਂ ਆਏ ਹਮਲਾਵਰਾਂ ਵਲੋਂ ਹਿੰਦੂ ਧੀਆਂ ਨੂੰ ਚੁੱਕ ਕੇ ਲਿਜਾਉਣ ਲਗਿਆਂ ਉਸ ਸਮੇਂ ਦੀਆਂ ਕੂਕਾਂ ਜੋ ਦਰਜ ਹਨ-'ਮੋੜੀਂ ਬਾਬਾ ਕੱਛ ਵਾਲਿਆ, ਰੰਨ ਬਸਰੇ ਨੂੰ ਗਈ' ਰਾਹੀਂ ਬੇਟੀਆਂ ਸਿੱਖਾਂ ਅੱਗੇ ਹਾੜੇ ਕਢਦੀਆਂ ਸਨ ਕਿ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਉ। ਸਿੱਖ ਅੱਗੇ ਆਏ ਤੇ ਉਨ੍ਹਾਂ ਨੂੰ ਬਚਾਉਣ ਲਈ ਅਪਣੀਆਂ ਜਾਨਾਂ ਵੀ ਵਾਰੀਆਂ। ਦੂਜੀ ਇਤਿਹਾਸਕ ਗੱਲ ਇਹ ਹੈ ਕਿ ਇਸੇ ਦਿੱਲੀ ਵਿਚ ਸਿੱਖਾਂ ਦੀਆਂ ਧੀਆਂ ਦੀ ਪੱਤ ਰੋਲਣ ਲਈ ਦੰਗਾਈ 'ਹਰ ਹਰ ਮਹਾਂਦੇਵ' ਦੇ ਨਾਅਰੇ ਲਾਉਂਦਿਆਂ ਇਹ ਵੀ ਚੀਕਦੇ ਰਹੇ-'ਫ਼ੂਕ ਦੋ ਸਰਦਾਰੋਂ ਕੋ, ਦੇਸ਼ ਕੇ ਗੱਦਾਰੋਂ ਕੋ।'

ਮੈਂ ਇਸ ਲੇਖ ਰਾਹੀਂ ਕੋਈ ਧਾਰਮਿਕ ਪਾੜ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਬੜੀ ਡੂੰਘੀ ਸਾਜ਼ਸ਼ ਬਾਰੇ ਚੇਤੰਨ ਕਰ ਰਹੀ ਹਾਂ। ਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਲਈ ਧਾਰਮਕ ਭਾਵਨਾਵਾਂ ਉਜਾਗਰ ਕਰ ਕੇ ਗੁੰਡੇ ਕਿਸੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਧੀਆਂ ਨੂੰ ਬਖ਼ਸ਼ ਨਹੀਂ ਰਹੇ। ਹਿੰਦੂ, ਸਿੱਖ , ਮੁਸਲਮਾਨ ਜਾਂ ਈਸਾਈ ਧਰਮ ਕਦੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਦੀ ਗੱਲ ਨਹੀਂ ਕਰਦੇ। ਪੱਤ ਲੁੱਟਣ ਵਾਲੇ 'ਹਰ ਹਰ ਮਹਾਂਦੇਵ' ਜਾਂ 'ਅੱਲਾ ਹੂ ਅਕਬਰ' ਦੇ ਨਾਅਰੇ ਲਗਾ ਕੇ ਸਿਰਫ਼ ਆਮ ਲੋਕਾਂ ਵਿਚ ਧਾਰਮਕ ਪਾੜ ਪਾ ਕੇ, ਮਨਾਂ ਵਿਚ ਦੂਰੀਆਂ ਵਧਾ ਕੇ, ਕਿਸੇ ਦੀ ਵੀ ਧੀ ਦੀ ਪਤ ਰੋਲ ਕੇ ਹੋਰ ਸ਼ਿਕਾਰ ਭਾਲਣ ਵਿਚ ਜੁੱਟ ਜਾਂਦੇ ਹਨ। ਇਨ੍ਹਾਂ ਗੁੰਡਾ ਅਨਸਰਾਂ ਦਾ ਧਰਮ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ ਹੁੰਦਾ।

ਸਿੱਖ ਧਰਮ ਵਿਚ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਬਚਾਉਣ ਅਤੇ ਉਨ੍ਹਾਂ ਨੂੰ ਅਪਣੀਆਂ ਧੀਆਂ ਵਾਂਗ ਸਮਝਣ ਬਾਰੇ ਕਿਹਾ ਗਿਆ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਮੁਲਕ ਦੀ ਧੀ ਕਿਸੇ ਦਸਤਾਰਧਾਰੀ ਕੋਲ ਇਕੱਲੀ ਖੜੀ ਸੁਰੱਖਿਅਤ ਮਹਿਸੂਸ ਕਰਦੀ ਹੈ। ਆਮ ਹਿੰਦੂ ਟੱਬਰ ਸਿੱਖਾਂ ਨੂੰ ਵੱਢਣ ਨੂੰ ਨਹੀਂ ਫਿਰਦੇ। ਪੰਜਾਬੀ ਮੁਸਲਮਾਨ ਵੀ ਸਿੱਖਾਂ ਦਾ ਪਾਕਿਸਤਾਨ ਵਿਚ ਦਿਲ ਖੋਲ੍ਹ ਕੇ ਸੁਆਗਤ ਕਰਦੇ ਹਨ। ਸਿਆਸਤਦਾਨਾਂ ਦੇ ਪਾਲੇ ਹੋਏ ਗੁੰਡੇ ਅਨਸਰਾਂ ਤੋਂ ਅਸੀ ਕਦੇ ਤਾਂ ਬੱਚ ਕੇ ਆਪੋ ਵਿਚਲਾ ਪਿਆਰ ਬਹਾਲ ਕਰਾਂਗੇ। ਸਾਂਝੇ ਹੋ ਕੇ, ਹਿੰਦੂ, ਸਿੱਖ, ਮੁਸਲਮਾਨ ਦਾ ਵਿਤਕਰਾ ਛੱਡ ਕੇ ਸਾਂਝੀਆਂ ਧੀਆਂ ਮੰਨ ਕੇ ਰਹਾਂਗੇ ਤਾਂ ਇਨ੍ਹਾਂ ਗੁੰਡਾ ਅਨਸਰਾਂ ਦੀ ਜੁਅੱਰਤ ਨਹੀਂ ਹੋਵੇਗੀ ਕਿ ਸਾਡੀਆਂ ਧੀਆਂ ਵਲ ਝਾਕ ਸਕਣ।

ਮੈਂ ਸ਼ੁਰੂ ਵਾਲੀ ਗੱਲ ਫਿਰ ਦੁਹਰਾਉਣਾ ਚਾਹੁੰਦੀ ਹਾਂ ਕਿ ਸਾਨੂੰ ਅੱਜ ਦੇ ਦਿਨ ਹਵਸੀ ਕੁੱਤਿਆਂ ਦੀ ਥਾਂ, ਜੋ ਧਰਮ ਦੀ ਆੜ ਹੇਠ ਬਲਾਤਕਾਰ ਕਰਦੇ ਜਾ ਰਹੇ ਹਨ ਦੀ ਥਾਂ ਰਾਵਣਾਂ ਦੀ ਲੋੜ ਭਾਸਦੀ ਹੈ, ਜੋ ਧੀ ਚੁੱਕੇ ਜਾਣ ਉੱਤੇ ਵੀ ਉਸ ਦੀ ਇੱਜ਼ਤ ਉੱਤੇ ਹੱਥ ਨਾ ਪਾਉਣ ਬਲਕਿ ਉਸ ਦੀ ਮਾਣ ਮਰਿਆਦਾ ਦਾ ਪੂਰਾ ਖ਼ਿਆਲ ਰਖਦਾ ਸੀ। ਜੇਕਰ ਰਾਵਣ ਨਹੀਂ ਤਾਂ 'ਬਾਬੇ ਕੱਛ ਵਾਲਿਆਂ' ਦੀ ਸਖ਼ਤ ਲੋੜ ਹੈ। ਜੋ ਹਰ ਧਰਮ ਵਾਲਿਆਂ ਧੀਆਂ ਨੂੰ ਅਪਣਾ ਮੰਨ ਕੇ, ਜਾਨ ਜੋਖਮ ਵਿਚ ਪਾ ਕੇ ਉਨ੍ਹਾਂ ਦੀ ਰਾਖੀ ਕਰਨ ਲਈ ਹਰ ਪਲ ਤਤਪਰ ਰਹਿੰਦੇ ਸਨ। ਆਖ਼ਰੀ ਸਵਾਲ ਇਹ ਹੈ ਕਿ ਜੇ ਕਿਸੇ ਨੂੰ ਸਾਰੀ ਗੱਲ ਸਮਝ ਆ ਗਈ ਹੋਵੇ ਤਾਂ ਝਟ ਪਤਾ ਲਾਇਆ ਜਾ ਸਕਦਾ ਹੈ ਕਿ ਕੌਣ ਕੁਰਾਨ, ਗੀਤਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾੜ ਰਹੇ ਹਨ ਤੇ ਕੌਣ ਧਾਰਮਕ ਥਾਵਾਂ ਸਾੜ ਕੇ ਗਊ ਦੀਆਂ ਪੂਛਾਂ ਸੁੱਟ ਰਹੇ ਹਨ! ਜਾਗ ਜਾਉ! ਹਾਲੇ ਵੀ ਵੇਲਾ ਹੈ। ਜੇ ਨਹੀਂ ਤਾਂ ਧਾਰਮਿਕ ਦੰਗੇ ਜੋ ਸ਼ੁਰੂ ਹੋਣਗੇ, ਉਸ ਦੀ ਆੜ ਹੇਠ ਹੋਰ ਕਿੰਨੀਆਂ ਧੀਆਂ ਦੀ ਪੱਤ ਲੁੱਟੀ ਜਾਏਗੀ, ਇਹ ਗਿਣਤੀ ਹੁਣੇ ਤੋਂ ਕਰਨੀ ਸ਼ੁਰੂ ਕਰ ਦਿਉ।
                                                                                                                       ਡਾ. ਹਰਸ਼ਿੰਦਰ ਕੌਰ  ਸੰਪਰਕ : 0175-2216783

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement