ਮਿਹਨਤ ਵਕੀਲ ਦੀ, ਖੱਟਣਾ ਸਾਧ ਦੀ
Published : Aug 27, 2017, 5:44 pm IST
Updated : Mar 20, 2018, 3:13 pm IST
SHARE ARTICLE
Case
Case

ਆੜ੍ਹਤੀ ਤੇ ਕਿਸਾਨ ਦਾ ਰਿਸ਼ਤਾ, ਸਾਡੇ ਸਮਾਜ ਵਿਚ ਇਕ-ਦੂਜੇ ਉਪਰ ਨਿਰਭਰ ਹੋਣ ਕਰ ਕੇ ਬੜਾ ਅਹਿਮ ਹੈ। ਵਿਆਹਾਂ ਦੇ ਸਾਰੇ ਚਾਅ ਵੀ ਆੜ੍ਹਤੀ ਨਾਲ ਹੀ ਜੁੜੇ ਹੁੰਦੇ ਹਨ।

ਆੜ੍ਹਤੀ ਤੇ ਕਿਸਾਨ ਦਾ ਰਿਸ਼ਤਾ, ਸਾਡੇ  ਸਮਾਜ ਵਿਚ ਇਕ-ਦੂਜੇ ਉਪਰ ਨਿਰਭਰ ਹੋਣ ਕਰ ਕੇ ਬੜਾ ਅਹਿਮ ਹੈ। ਵਿਆਹਾਂ ਦੇ ਸਾਰੇ ਚਾਅ ਵੀ ਆੜ੍ਹਤੀ ਨਾਲ ਹੀ ਜੁੜੇ ਹੁੰਦੇ ਹਨ। ਬੈਂਕ ਜਿੰਨੇ ਮਰਜ਼ੀ ਕਰਜ਼ੇ ਦੇ ਦੇਣ ਪਰ ਆੜ੍ਹਤੀ ਤੋਂ ਬਗ਼ੈਰ ਪੰਜਾਬ ਦੇ ਆਮ ਕਿਸਾਨ ਪ੍ਰਵਾਰ ਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਬੈਂਕਾਂ ਦੇ ਕਰਜ਼ੇ ਦੀ ਸਹੂਲਤ ਦਾ ਵੱਧ ਫ਼ਾਇਦਾ ਵੀ ਆੜ੍ਹਤੀ ਨੂੰ ਹੀ ਹੁੰਦਾ ਹੈ। ਕਈ ਆੜ੍ਹਤੀਆਂ ਨੇ ਕਿਸਾਨਾਂ ਦੇ ਨਾਂ ਤੇ ਕਰਜ਼ਾ ਲੈ ਕੇ ਵਰਤਿਆ ਹੋਇਆ ਹੈ। ਹੁਣ ਤਕ ਕਈ ਆੜ੍ਹਤੀਆਂ ਦੇ ਕੇਸਾਂ ਦੀ ਪੈਰਵੀ ਕਰਨ ਦਾ ਵੀ ਮੌਕਾ ਮਿਲਿਆ ਤੇ ਕਈ ਕਿਸਾਨਾਂ ਦੇ ਕੇਸਾਂ ਦਾ ਵੀ। ਆੜ੍ਹਤੀ ਦੇ ਕੇਸ ਦੀ ਜੇਤੂ ਸੰਭਾਵਨਾ ਹਮੇਸ਼ਾ ਵੱਧ ਹੁੰਦੀ ਹੈ ਕਿਉਂਕਿ ਆੜ੍ਹਤੀ ਵਲੋਂ ਅਦਾਲਤ ਵਿਚ ਪੇਸ਼ ਕੀਤੇ ਜਾਣੇ ਵਾਲੇ ਦਸਤਾਵੇਜ਼ ਜਿਵੇਂ ਪ੍ਰਨੋਟ, ਇਕਰਾਰਨਾਮੇ ਵਗੈਰਾ ਕਾਨੂੰਨੀ ਨੁਕਤੇ ਵੇਖ ਕੇ ਤਿਆਰ ਕਰਾਏ ਹੁੰਦੇ ਹਨ ਅਤੇ ਗਵਾਹ ਵੀ ਉਸ ਦੇ ਅਪਣੇ ਹੁੰਦੇ ਹਨ।
ਸਰਦੂਲਗੜ੍ਹ ਵਿਖੇ ਦੀਵਾਨੀ ਅਦਾਲਤ ਸਥਾਪਤ ਹੋਣ ਤੇ ਮਾਨਸਾ ਤੋਂ ਅਜਿਹੇ ਦੋ ਸਕੇ ਭਰਾਵਾਂ ਦੇ ਕੇਸ ਮੇਰੇ ਕੋਲ ਆਏ। ਇਹ ਕੇਸ ਸਰਦੂਲਗੜ੍ਹ ਅਦਾਲਤ ਦੇ ਅਧਿਕਾਰ ਖੇਤਰ ਹੇਠ ਹੋਣ ਕਰ ਕੇ ਮਾਨਸਾ ਤੋਂ ਤਬਦੀਲ ਹੋਏ ਸਨ। ਮੇਰੇ ਗੁਆਂਢੀ ਪਿੰਡ ਦੇ ਹੋਣ ਕਰ ਕੇ ਇਨ੍ਹਾਂ ਨੇ ਮੈਨੂੰ ਵਕੀਲ ਮੁਕਰਰ ਕੀਤਾ ਸੀ। ਕੁੱਝ ਸਮਾਂ ਬੜੇ ਹੀ ਕਾਬਲ ਜੱਜ ਸਰਦੂਲਗੜ੍ਹ ਵਿਖੇ ਤਾਇਨਾਤ ਸਨ। ਜਿਨ੍ਹਾਂ ਕੇਸਾਂ ਦੀਆਂ ਅਪੀਲਾਂ ਵਾਸਤੇ ਜਦੋਂ ਸਾਇਲ ਮਾਨਸਾ ਜਾਂਦੇ ਤਾਂ ਮਾਨਸਾ ਦੇ ਵਕੀਲ ਉਲਾਂਭਾ ਦਿੰਦੇ ਸਨ ਕਿ ਜੱਜ ਲਿਖਾਉਣ ਜੋਗਾ ਕੁੱਝ ਛਡਦੇ ਹੀ ਨਹੀਂ, ਅਪੀਲ ਕਾਹਦੀ ਕਰੀਏ?
ਦੋਵੇਂ ਕੇਸ ਵਖਰੇ ਵਖਰੇ ਇਕਰਾਰਨਾਮਿਆਂ ਦੇ ਅਧਾਰ ਤੇ ਦਾਇਰ ਹੋਏ ਸਨ ਅਤੇ ਅਲੱਗ ਅਲੱਗ ਗਵਾਹਾਂ ਦੀ ਗਵਾਹੀ ਤੇ ਅਧਾਰਤ ਸਨ। ਦੋਵੇਂ ਭਰਾਵਾਂ ਦੀ ਕਰੀਬ 2-2 ਏਕੜ ਜ਼ਮੀਨ ਆੜ੍ਹਤੀ ਦੇ ਹੱਕ ਵਿਚ ਵੇਚੇ ਜਾਣ ਦਾ ਇਕਰਾਰ ਜ਼ਾਹਰ ਕੀਤਾ ਗਿਆ ਸੀ। ਮੁਢਲੀ ਨਜ਼ਰੇ ਦੋਵੇਂ ਕੇਸਾਂ ਵਿਚ ਕੋਈ ਖ਼ਾਸ ਕਮਜ਼ੋਰੀ ਨਜ਼ਰ ਨਹੀਂ ਆਉਂਦੀ ਸੀ। ਦੋਵੇਂ ਇਕਰਾਰਨਾਮੇ ਰੈਗੂਲਰ ਵਸੀਕਾਨਵੀਸ ਦੇ ਲਿਖੇ ਹੋਏ ਸਨ। ਮੈਂ ਆੜ੍ਹਤੀ ਵਲੋਂ ਠੱਗੀ ਮਾਰਨ ਦੀ ਦੁਲਾਰ ਨਾਲ ਪੈਰਵੀ ਸ਼ੁਰੂ ਕਰ ਦਿਤੀ।
ਅਸਲ ਵਿਚ ਇਨ੍ਹਾਂ ਕੇਸਾਂ ਵਿਚ ਬਿਆਨ ਕਰਨ ਵਾਲੀ ਗੱਲ ਇਹ ਹੈ ਕਿ ਦੋਵੇਂ ਭਰਾ ਕਿਸੇ ਸਿਆਣੇ ਤੋਂ ਬਿਜਲੀ ਦੇ ਬਿਲ ਵਰਗੇ ਲੰਮੇ ਲੰਮੇ ਤਵੀਤ ਲਿਖਾ ਕੇ ਹਰ ਪੇਸ਼ੀ ਤੇ ਲਿਆਉਂਦੇ। ਇਹ ਤਵੀਤ ਉਰਦੂ 'ਚ ਲਿਖੇ ਹੁੰਦੇ ਅਤੇ ਦੋਵੇਂ ਭਰਾਵਾਂ ਦੀਆਂ ਜੇਬਾਂ ਤੇ ਸੂਈ ਪਿੰਨਾਂ ਨਾਲ ਟੰਗੇ ਹੁੰਦੇ। ਦੋਵੇਂ ਭਰਾ ਹਰ ਪੇਸ਼ੀ ਤੇ ਆਉਂਦੇ ਅਪਣੀ ਅਪਣੀ ਕਮੀਜ਼ ਦੀਆਂ ਮੂਹਰਲੀਆਂ ਜੇਬਾਂ ਤੇ ਸੂਈ ਪਿੰਨ ਨਾਲ ਇਹ ਤਵੀਤ ਟੰਗ ਕੇ ਰਖਦੇ। ਉਹ ਹਰ ਪੇਸ਼ੀ ਤੇ ਜੱਜ ਸਾਹਿਬ ਦੀ ਨਾਂਹ ਪਵਾਉਂਦੇ। ਮੇਰੇ ਪੁੱਛਣ ਤੇ ਦੋਵੇਂ ਭਰਾਵਾਂ ਨੇ ਬੜੇ ਚਾਅ ਨਾਲ ਦਸਿਆ ਕਿ 'ਇਹ ਤਵੀਤ ਹੀ ਆਪਾਂ ਨੂੰ ਕੇਸ ਜਿਤਾਉਣਗੇ।' ਮੈਂ ਉਨ੍ਹਾਂ ਦਾ ਭਰਮ ਨਾ ਤੋੜਿਆ ਪਰ ਵਰਜਿਆ ਜ਼ਰੂਰ ਕਿ ਅਗਰ ਜੱਜ ਨੇ ਗੱਲ ਨੋਟ ਕਰ ਲਈ ਤਾਂ ਤੁਹਾਡੇ ਤਵੀਤ ਪੁੱਠੇ ਕੰਮ ਕਰ ਜਾਣਗੇ। ਮੈਨੂੰ ਪਤਾ ਲੱਗਾ ਕਿ ਦੋਵੇਂ ਭਰਾਵਾਂ ਵਿਚੋਂ ਇਕ ਭਰਾ 1980 ਤੋਂ ਪਹਿਲਾਂ ਦਾ ਗਰੈਜੂਏਟ ਹੈ ਤੇ ਉਸ ਦੇ ਸਹਿਪਾਠੀ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਤਾਇਨਾਤ ਹਨ। ਮੈਨੂੰ ਉਸ ਦੀਆਂ ਅੰਧਵਿਸ਼ਵਾਸੀ ਹਰਕਤਾਂ ਵੇਖ-ਸੁਣ ਕੇ ਬਹੁਤ ਅਫ਼ਸੋਸ ਹੋਇਆ। ਸ਼ਾਇਦ ਉਸ ਦੇ ਅੰਧਵਿਸ਼ਵਾਸ ਨੇ ਹੀ ਉਸ ਨੂੰ ਅੱਗੇ ਨਾ ਵਧਣ ਦਿਤਾ ਹੋਵੇ। ਇਹੋ ਭਰਾ ਜੋ ਪਹਿਲਾਂ ਕੁੜਤਾ-ਪਜਾਮਾ ਪਾ ਕੇ ਪੇਸ਼ੀ ਤੇ ਆਉਂਦਾ, ਉਹ ਹਰ ਪੇਸ਼ੀ ਮੌਕੇ ਚਾਦਰਾ ਬੰਨ੍ਹ ਕੇ ਕਚਹਿਰੀ ਆਉਣ ਲੱਗ ਪਿਆ। ਮੈਂ ਇਕ ਦਿਨ ਉਸ ਨੂੰ ਚਾਦਰਾ ਬੰਨ੍ਹਣ ਦਾ ਕਾਰਨ ਪੁੱਛ ਹੀ ਲਿਆ। ਉਸ ਦਾ ਜਵਾਬ ਸੁਣ ਕੇ ਇਕ ਝਟਕਾ ਹੋਰ ਲੱਗ ਗਿਆ ਕਿ ਪਾਈ ਹੋਈ ਚਾਦਰ ਉਹ ਕਿਸੇ ਤੋਂ ਮੰਗ ਕੇ ਲਿਆਇਆ ਸੀ।
ਮੇਰੇ ਵਲੋਂ ਦੋਵੇਂ ਕੇਸਾਂ ਉਪਰ ਮਿਹਨਤ ਸ਼ੁਰੂ ਕੀਤੀ ਗਈ। ਅਸਲ ਵਿਚ ਦੋਵੇਂ ਭਰਾਵਾਂ ਨੇ ਮੈਨੂੰ ਦਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਦਾ ਵਿਆਹ ਸੀ ਅਤੇ ਉਨ੍ਹਾਂ ਦੀ ਮੁਦਈ ਨਾਲ ਆੜ੍ਹਤ ਹੁੰਦੀ ਸੀ। ਆਪਸੀ ਸਬੰਧ ਬਹੁਤ ਵਧੀਆ ਸਨ। ਜਦੋਂ ਉਨ੍ਹਾਂ ਨੂੰ ਵਿਆਹ ਵਾਸਤੇ ਰੁਪਿਆਂ ਦੀ ਲੋੜ ਪਈ ਤਾਂ ਉਨ੍ਹਾਂ 40-40 ਹਜ਼ਾਰ ਰੁਪਏ ਮੁਦਈ ਪਾਸੋਂ ਮੰਗਿਆ ਸੀ। ਉਹ ਪਹਿਲਾਂ ਤਾਂ ਕਹਿੰਦਾ ਰਿਹਾ ਕਿ ਪੈਸੇ ਦੇ ਦੇਵੇਗਾ ਪਰ ਵਿਆਹ ਤੋਂ 10 ਦਿਨ ਪਹਿਲਾਂ ਉਸ ਨੇ ਜਵਾਬ ਦੇ ਦਿਤਾ। ਫਿਰ ਉਹ ਕਿਧਰ ਨੂੰ ਜਾਂਦੇ? ਫਿਰ ਕਹਿਣ ਲੱਗ ਪਿਆ ਕਿ ਪੈਸੇ ਦੇ ਦੇਵਾਂਗਾ ਪਰ ਪੱਕੀ ਲਿਖਤ ਕਰੋ। ਦੋਵੇਂ ਭਰਾਵਾਂ ਨੇ ਜਿਥੇ ਇਸ ਨੇ ਕਿਹਾ ਫਸਿਆਂ ਨੇ ਦਸਤਖ਼ਤ/ਅੰਗੂਠੇ ਲਾ ਦਿਤੇ। ਅਸਲ ਵਿਚ ਉਹ 40-40 ਹਜ਼ਾਰ ਰੁਪਏ ਮੁਦਈ ਨੂੰ ਵਿਆਜ ਸਮੇਤ ਵਾਪਸ ਕਰਨ ਲਈ ਤਿਆਰ ਸਨ। ਮੇਰੇ ਵਲੋਂ ਖ਼ੁਦ ਵੀ ਕਈ ਵਾਰ ਰਾਜ਼ੀਨਾਮੇ ਦੀ ਕੋਸ਼ਿਸ਼ ਕੀਤੀ ਗਈ ਪਰ ਆੜ੍ਹਤੀ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਉਲਟਾ ਕਈ ਵਾਰ ਮੈਨੂੰ ਵੀ ਕਿਹਾ ਗਿਆ ਕਿ 'ਮੈਦਾਨ 'ਚ ਟਕਰਾਂਗੇ। ਸਾਡੇ ਕਾਗ਼ਜ਼ ਸਹੀ ਨੇ ਅਸੀ ਰਾਜ਼ੀਨਾਮਾ ਕਿਉਂ ਕਰੀਏ?'
ਦੋਵੇਂ ਕੇਸ ਅਪਣੀ ਰਫ਼ਤਾਰ ਨਾਲ ਅੱਗੇ ਵਧਦੇ ਰਹੇ। ਮੈਂ ਮੁਦਈ ਦੀ ਜਿਰਾਹ ਵਿਚ ਉਸ ਪਾਸੋਂ ਇਹ ਗੱਲ ਮਨਾ ਲਈ ਕਿ ਅਸਲ ਵਿਚ ਉਸ ਨੇ ਨਕਦ ਪੈਸੇ ਲੈਣੇ ਹਨ। ਬਾਕੀ ਗਵਾਹਾਂ ਨੇ ਵੀ ਜਿਰਾਹ 'ਚ ਮੰਨ ਲਿਆ ਕਿ ਉਨ੍ਹਾਂ ਦੀ ਹਾਜ਼ਰੀ ਵਿਚ ਕੋਈ ਇਕਰਾਰਨਾਮਾ ਨਹੀਂ ਹੋਇਆ। ਇਸ ਤੋਂ ਬਗ਼ੈਰ ਇਕ ਗਵਾਹ ਦੋਵੇਂ ਕੇਸਾਂ ਵਿਚ ਸਾਂਝਾ ਸੀ। ਉਹ ਮੁਦਈ ਆੜ੍ਹਤੀ ਦਾ ਮੁਨੀਮ ਸੀ। ਇਸ ਤਰ੍ਹਾਂ ਕੇਸ ਗਵਾਹੀਆਂ ਤੋਂ ਹੁੰਦਾ ਹੋਇਆ ਆਖ਼ਰੀ ਬਹਿਸ ਤਕ ਆ ਗਿਆ।
ਆਖ਼ਰ ਬਹਿਸ ਦੀ ਤਰੀਕ ਤੋਂ ਇਕ ਦਿਨ ਪਹਿਲਾਂ ਦੋਵੇਂ ਭਰਾ ਮੇਰੇ ਪਾਸ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਅਸੀ ਫ਼ਾਈਲਾਂ ਤੇ ਤਵੀਤ ਘਸਾਉਣਾ ਹੈ। ਮੇਰੇ ਲਈ ਸਥਿਤੀ ਨੂੰ ਸਾਂਭਣਾ ਮੁਸ਼ਕਲ ਹੋ ਗਿਆ। ਪਰ ਮੇਰੇ ਮੁਨਸ਼ੀ ਦੀਆਂ ਵਾਛਾਂ ਖਿੜ ਗਈਆਂ। ਮੈਂ ਦੋਵੇਂ ਭਰਾਵਾਂ ਨੂੰ ਕੁੱਦ ਕੁੱਦ ਪਵਾਂ ਕਿ ਮੈਂ ਸਾਧ ਦੇ ਹਿਸਾਬ ਨਾਲ ਪੈਰਵੀ ਨਹੀਂ ਕਰਨੀ। ਮੈਨੂੰ ਮੇਰੇ ਹਿਸਾਬ ਨਾਲ ਵਕਾਲਤ ਕਰਨ ਦਿਉ। ਪਰ ਮੇਰਾ ਮੁਨਸ਼ੀ ਮੈਨੂੰ ਕਹਿੰਦਾ, ''ਤੁਸੀ ਜੇਰਾ ਰੱਖੋ। ਮੇਰੇ ਤੇ ਛੱਡੋ ਮੈਂ ਆਪੇ ਸਾਂਭਦਾ ਇਨ੍ਹਾਂ ਨੂੰ।'' ਦੋਵੇਂ ਭਰਾ ਮੇਰੇ ਮੁਨਸ਼ੀ ਨਾਲ ਤਵੀਤ ਘਸਾਉਣ ਦੀ ਗੱਲ ਕਰਨ ਲੱਗ ਪਏ। ਪਰ ਅੱਗੋਂ ਮੁਨਸ਼ੀ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਕਿ ਫ਼ਾਈਲ ਤਾਂ ਜੱਜ ਦੇ ਘਰ ਚਲੀ ਗਈ ਏ, ਹੁਣ ਤਵੀਤ ਨਹੀਂ ਘਸ ਸਕਦਾ। ਆਖ਼ਰਕਾਰ ਸੌਦੇਬਾਜ਼ੀ ਤੈਅ ਹੋਣ ਤੋਂ ਬਾਅਦ ਮੇਰਾ ਮੁਨਸ਼ੀ ਮੇਰੇ ਪਾਸੋਂ ਮਿਸਲ ਮੁਆਇਨਾ ਕਰਨ ਦੀ ਦਰਖ਼ਾਸਤ ਦਸਤਖ਼ਤ ਕਰਵਾ ਕੇ ਲੈ ਗਿਆ ਜੋ ਜੱਜ ਨੇ ਤੁਰਤ ਮਨਜ਼ੂਰ ਕਰ ਦਿਤੀ ਅਤੇ ਦੋਵੇਂ ਮਿਸਲਾਂ, ਮਿਸਲ ਦੀ ਮੁਆਇਨਾ ਕਰਨ ਵਾਲੀ ਥਾਂ ਪਹੁੰਚ ਗਈਆਂ। ਮਿਸਲ ਮੁਆਇਨਾ ਕਰਨ ਦੇ ਨਾਲ-ਨਾਲ ਮਿਸਲਾਂ ਉਪਰ ਤਵੀਤ ਵੀ ਘਸਾਏ ਗਏ। ਮੇਰਾ ਮੁਨਸ਼ੀ ਕਹੇ ਕਿ ਜੱਜ ਦੇ ਘਰੋਂ ਮਿਸਲ ਸਪੈਸ਼ਲ ਬੰਦਾ ਭੇਜ ਕੇ ਮੰਗਵਾਈ ਹੈ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਦੋਵੇਂ ਭਰਾਵਾਂ ਨੇ ਮੈਨੂੰ ਦਿਤੀ ਹੋਈ ਫ਼ੀਸ ਨਾਲੋਂ ਵੀ ਵੱਧ ਫ਼ੀਸ ਤਵੀਤ ਘਸਾਉਣ ਲਈ ਮੁਨਸ਼ੀ ਨੂੰ ਅਦਾ ਕਰ ਦਿਤੀ। ਜਿਹੜਾ ਕੇਸ ਸ਼ੁਰੂ ਤੋਂ ਲਗਦਾ ਸੀ ਕਿ ਅਸੀ ਆਸਾਨੀ ਨਾਲ ਹਾਰ ਜਾਵਾਂਗੇ, ਬਹਿਸ ਤਕ ਪਹੁੰਚਦਿਆਂ ਪਹੁੰਚਦਿਆਂ ਅਸੀ ਕਾਫ਼ੀ ਮਜ਼ਬੂਤ ਸਥਿਤੀ ਵਿਚ ਆ ਗਏ। ਬਹਿਸ ਹੋਈ, ਦੋਵੇਂ ਕੇਸ ਖ਼ਾਰਜ ਹੋ ਗਏ। ਅਦਾਲਤ ਵਲੋਂ ਮੁਦਈ ਨੂੰ ਹਰਜਾਨਾ ਵੀ ਪਾਇਆ ਗਿਆ। ਪਰ ਅਫ਼ਸੋਸ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਮੇਰੇ ਵਲੋਂ ਕੀਤੀ ਮਿਹਨਤ ਦਾ ਸ਼ੁਕਰਾਨਾ ਕਰਨ ਦੀ ਬਜਾਏ ਦੋਵੇਂ ਭਰਾਵਾਂ ਨੇ ਕੇਸ ਜਿੱਤਣ ਦਾ ਸਿਹਰਾ ਤਵੀਤਾਂ ਵਾਲੇ ਬਾਬੇ ਨੂੰ ਦੇ ਦਿਤਾ। ਦੋਵੇਂ ਭਰਾਵਾਂ ਨੇ ਕਿਹਾ, ''ਬਾਬਾ ਜੀ ਨੇ ਗੱਦੀ ਲਾਉਂਦਿਆਂ ਦਸਿਆ ਸੀ ਕਿ ਅੱਜ ਕੇਸ ਹੱਕ 'ਚ ਹੋ ਜਾਣਗੇ। ਵੇਖਿਆ ਫਿਰ ਵਕੀਲ ਜੀ, ਸਾਡੇ ਬਾਬੇ ਦੀ ਕਰਾਮਾਤ।'' ਮੈਂ ਮੱਥੇ ਤੇ ਹੱਥ ਮਾਰਿਆ ਅਤੇ ਸੋਚਿਆ ਕਿ ਉਸ ਬਾਬੇ ਨੇ ਪਤਾ ਨਹੀਂ ਇਨ੍ਹਾਂ ਦੇ ਮੁਕੱਦਮਿਆਂ ਦੀ ਉਦਾਹਰਣ ਦੇ ਕੇ ਕਿੰਨੇ ਲੋਕਾਂ ਨੂੰ ਠਗਿਆ ਹੋਵੇਗਾ ਅਤੇ ਚਾਦਰ ਪਤਾ ਨਹੀਂ ਕਿੰਨੇ ਮੁਕੱਦਮਿਆਂ 'ਚ ਕੰਮ ਆਈ ਹੋਵੇਗੀ।  ਸੰਪਰਕ : 94173-52272

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement