ਜਦੋਂ ਡੀਜੀਪੀ ਯੂ.ਪੀ. ਵਿਚ ਵਸਦੇ ਸਿੱਖਾਂ ਦੀ ਹਿਫ਼ਾਜ਼ਤ ਲਈ ਕੁਰਸੀ ਤਿਆਗਣ ਤਕ ਚਲੇ ਗਏ
Published : Jul 20, 2018, 12:29 am IST
Updated : Jul 20, 2018, 12:29 am IST
SHARE ARTICLE
Police Officer
Police Officer

1992-1993 ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਸਨ ਕਲਿਆਣ ਸਿੰਘ...........

1992-1993 ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਸਨ ਕਲਿਆਣ ਸਿੰਘ। ਪੰਜਾਬ ਵਿਚ ਅਤਿਵਾਦ ਦੀ ਹਨੇਰੀ ਕਾਰਨ ਕੁੱਝ ਬੇਕਸੂਰ ਤੇ ਨਿਰਦੋਸ਼ ਸਿੱਖ ਨੌਜੁਆਨ ਪੰਜਾਬ ਤੋਂ ਭੱਜ ਕੇ ਯੂ.ਪੀ. ਵਿਚ ਰਹਿੰਦੇ ਅਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਕਿ ਕਿਧਰੇ ਪੰਜਾਬ ਪੁਲਿਸ ਝੂਠੇ ਮੁਕਾਬਲੇ ਵਿਚ ਮਾਰ ਹੀ ਨਾ ਦੇਵੇ। ਇਸ ਦੌਰਾਨ ਪੰਜਾਬ ਪੁਲਿਸ ਦੀ ਤਰਜ਼ ਤੇ ਯੂ.ਪੀ. ਪੁਲਿਸ ਨੇ ਵੀ ਪੀਲੀਭੀਤ, ਸਿਤਾਰਗੰਜ, ਨਾਨਕ ਮਤਾ ਸਾਹਬ, ਖਦੀਮਾ, ਪਲੀਆ, ਲਖੀਮਪੁਰਖੀਰੀ ਅਤੇ ਹੋਰ ਥਾਵਾਂ ਤੋਂ ਸਿੱਖ ਮੁੰਡਿਆਂ ਨੂੰ ਚੁਕਣਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਨੂੰ ਛੱਡਣ ਬਦਲੇ ਵਸੂਲੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ। 

ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਦਾ ਦਫ਼ਤਰ ਯੂ.ਪੀ. ਦੀ ਰਾਜਧਾਨੀ ਲਖਨਊ ਵਿਖੇ ਹੈ ਤੇ ਇਹ ਜਥੇਬੰਦੀ 1947 ਤੋਂ ਪਿਛੋਂ ਉਤਰ ਪ੍ਰਦੇਸ਼ ਵਿਚ ਆ ਕੇ ਵਸੇ ਸਿੱਖਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਹੱਕਾਂ ਲਈ ਲੜਦੀ ਆ ਰਹੀ ਹੈ। ਇਹ ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਹੀ ਹੈ ਜਿਸ ਨੇ ਤਮਈ ਇਲਾਕੇ ਵਿਚ ਆਜ਼ਾਦੀ ਪਿਛੋਂ ਆ ਕੇ ਵਸੇ ਸਿੱਖ ਕਿਸਾਨਾਂ ਨੂੰ ਉਨ੍ਹਾਂ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ ਜਿਨ੍ਹਾਂ ਜ਼ਮੀਨਾਂ ਨੂੰ ਉਨ੍ਹਾਂ ਨੇ ਜੰਗਲਾਂ ਤੋਂ ਆਬਾਦ ਕਰ ਕੇ ਖੇਤੀ ਦੇ ਲਾਇਕ ਬਣਾਇਆ ਸੀ। ਇਸ ਲੜਾਈ ਦੀ ਲੰਮੀ ਗਾਥਾ ਹੈ ਜੋ ਫਿਰ ਕਿਸੇ ਸਮੇਂ ਬਿਆਨ ਕਰਾਂਗੇ।

ਅੱਜ ਇਨ੍ਹਾਂ ਸਤਰਾਂ ਰਾਹੀਂ ਬਿਆਨ ਉਸ ਡੀਜੀਪੀ ਸ੍ਰੀ ਪ੍ਰਕਾਸ਼ ਸਿੰਘ ਦਾ ਕਰਨ ਲੱਗਾ ਹਾਂ ਜਿਸ ਨੇ ਅਪਣੇ ਕਾਰਜਕਾਲ ਸਮੇਂ ਯੂ.ਪੀ. ਦੇ ਸਿੱਖਾਂ ਨੂੰ ਪੁਲਿਸ ਤਸ਼ੱਦਦ ਅਤੇ ਸ਼ੋਸ਼ਣ ਤੋਂ ਬਚਾਇਆ ਅਤੇ ਇਕ ਅਨੋਖੀ ਮਿਸਾਲ ਕਾਇਮ ਕੀਤੀ। ਯੂ.ਪੀ. ਪੁਲਿਸ ਵਲੋਂ ਚੁੱਕੇ ਜਾਂਦੇ ਸਿੱਖ ਬੱਚਿਆਂ ਦਾ ਮਸਲਾ ਯੂ.ਪੀ. ਸਿੱਖ ਪ੍ਰਤੀਨਿਧੀ ਬੋਰਡ ਦੇ ਦਫ਼ਤਰ ਵਿਚ ਤਮਈ ਦੇ ਸਿੱਖ ਲੀਡਰ ਦਲਜੀਤ ਸਿੰਘ ਮਾਨ, ਕਰਮ ਸਿੰਘ, ਨਿਰਮਲ ਸਿੰਘ ਮੁਹੰਮਦੀ, ਭਾਊ ਦਰਸ਼ਨ ਸਿੰਘ ਅਤੇ ਕਾਰਸੇਵਾ ਵਾਲੇ ਬਾਬਾ ਤਰਸੇਮ ਸਿੰਘ ਆਦਿ ਲੈ ਕੇ ਪਹੁੰਚੇ।

ਬੋਰਡ ਦੇ ਪ੍ਰਧਾਨ ਡਾ. ਗੁਰਮੀਤ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਤੇ ਮੈਂ ਅਪਣੇ ਬਾਕੀ ਸਾਥੀਆ ਨਾਲ ਵਿਚਾਰ ਵਟਾਂਦਰਾ ਕਰ ਕੇ ਇਕ ਪ੍ਰਤੀਨਿਧ ਮੰਡਲ ਦੇ ਰੂਪ ਵਿਚ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਮਿਲਿਆ। ਮੁੱਖ ਮੰਤਰੀ ਨੇ ਦਿਲਾਸਾ ਦਿਤਾ ਕਿ ਅੱਗੋਂ ਇਸ ਤਰ੍ਹਾਂ ਕਿਸੇ ਸਿੱਖ ਪ੍ਰਵਾਰ ਦਾ ਬੱਚਾ ਪੁਲਿਸ ਨਹੀਂ ਚੁਕੇਗੀ ਤੇ ਜੇਕਰ ਕੋਈ ਸ਼ੱਕ ਆਦਿ ਹੋਵੇਗਾ ਤਾਂ ਕੇਵਲ ਜਾਂਚ ਪੜਤਾਲ ਕਰ ਕੇ ਹੀ ਅੱਗੇ ਦੀ  ਕਾਰਵਾਈ ਹੋਵੇਗੀ।  ਇਸ ਦੇ ਬਾਵਜੂਦ ਵੀ ਪੁਲਿਸ ਨੇ ਸਿੱਖ ਪ੍ਰਵਾਰਾਂ ਦੇ ਬੱਚੇ ਚੁਕਣੇ ਤੇ ਵਸੂਲੀ ਜਾਰੀ ਰਖੀ।

ਮੈਂ ਯੂ.ਪੀ. ਸਿੱਖ ਪ੍ਰਤੀਨਿਧੀ ਬੋਰਡ ਦਾ ਸਕੱਤਰ ਹੋਣ ਕਰ ਕੇ ਲਖਨਊ ਅਤੇ ਯੂ.ਪੀ. ਦੇ ਸਿੱਖ ਮਸਲਿਆਂ ਸਬੰਧੀ ਯੂ.ਪੀ. ਦੇ ਡੀ.ਜੀ.ਪੀ. ਸ੍ਰੀ ਪ੍ਰਕਾਸ਼ ਸਿੰਘ ਕੋਲ ਜਾਣ ਕਰ ਕੇ, ਉਨ੍ਹਾਂ ਨਾਲ ਬਹੁਤ ਨੇੜਤਾ ਵੱਧ ਗਈ ਸੀ। ਮੈਂ ਪ੍ਰਧਾਨ ਡਾ. ਗੁਰਮੀਤ ਸਿੰਘ ਨਾਲ ਸਲਾਹ ਕਰ ਕੇ ਡੀ.ਜੀ.ਪੀ. ਸ੍ਰੀ ਪ੍ਰਕਾਸ਼ ਸਿੰਘ ਦੇ ਪੀ.ਆਰ.ਉ. ਅਲਵੀ ਸਾਹਿਬ ਨੂੰ ਫ਼ੋਨ ਕਰ ਕੇ ਡੀ.ਜੀ.ਪੀ. ਸਾਹਿਬ ਨਾਲ ਮੁਲਾਕਾਤ ਦਾ ਸਮਾਂ ਮੰਗਿਆ। ਮੈਨੂੰ ਉਨ੍ਹਾਂ ਤੁਰੰਤ ਬੁਲਾ ਲਿਆ। ਮੈਂ ਡੀ.ਜੀ.ਪੀ. ਦਫ਼ਤਰ ਗਿਆ ਤੇ ਡੀ.ਜੀ.ਪੀ. ਸ੍ਰੀ ਪ੍ਰਕਾਸ਼ ਸਿੰਘ ਨਾਲ ਹੋਈ ਗੱਲਬਾਤ ਵਿਚ ਆਖਿਆ ਕਿ ਆਏ ਦਿਨ ਤੁਹਾਡੀ ਪੁਲਿਸ ਸਿੱਖ ਪ੍ਰਵਾਰਾਂ ਦੇ ਬੱਚਿਆਂ ਨੂੰ ਚੁੱਕ ਕੇ ਤੰਗ ਪ੍ਰੇਸ਼ਾਨ ਕਰ ਕੇ ਪੈਸੇ ਵਸੂਲ ਰਹੀ ਹੈ।

ਮੈਂ ਜਦ ਉਨ੍ਹਾਂ ਨੂੰ ਇਹ ਸਾਰਾ ਕੁੱਝ ਵਿਸਥਾਰ ਨਾਲ ਦਸ ਰਿਹਾ ਸੀ ਤਾਂ ਉਨ੍ਹਾਂ ਦੇ ਚੇਹਰੇ ਦੇ ਹਾਵ ਭਾਵ ਵੀ ਬਦਲਦੇ ਵੇਖ ਰਿਹਾ ਸੀ। ਮੈਂ ਉਨ੍ਹਾਂ ਨੂੰ ਦਸਿਆ ਕਿ ਯੂ.ਪੀ. ਸਿੱਖ ਪ੍ਰਤੀਨਿਧੀ ਬੋਰਡ ਦਾ ਇਕ ਵਫ਼ਦ ਮੁੱਖ ਮੰਤਰੀ ਕਲਿਆਣ ਸਿੰਘ ਜੀ ਨੂੰ ਮਿਲਿਆ ਸੀ ਤੇ ਉਨ੍ਹਾਂ ਪੂਰਾ ਭਰੋਸਾ ਦਿਤਾ ਸੀ ਕਿ ਅੱਗੋਂ ਅਜਿਹਾ ਨਹੀਂ ਹੋਵੇਗਾ, ਪ੍ਰੰਤੂ ਅੱਜ ਵੀ ਸਿੱਖ ਪ੍ਰਵਾਰਾਂ ਦੇ ਬੇਕਸੂਰ ਨੌਜਵਾਨਾਂ ਨੂੰ ਚੁੱਕ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਨੂੰ ਡੀ.ਜੀ.ਪੀ. ਸਾਹਬ ਨੇ ਪੁਛਿਆ ਕਿ ਤੁਸੀਂ ਹੀ ਦੱਸੋ ਕਿ ਇਸ ਦਾ ਹੱਲ ਕਿਵੇਂ ਕੀਤਾ ਜਾਵੇ।

ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪ ਸ੍ਰੀ ਨਾਨਕ ਮਤਾ ਸਾਹਿਬ ਜਾਣ ਤੇ ਉਥੇ ਸੰਗਤਾਂ ਨੂੰ ਭਰੋਸਾ ਦੇਣ ਅਤੇ ਅਪਣੇ ਪੁਲਿਸ ਅਫ਼ਸਰਾਂ ਨੂੰ ਕਹਿਣ ਕਿ ਉਹ ਇਸ ਤਰ੍ਹਾਂ ਸਿੱਖ ਪ੍ਰਵਾਰਾਂ ਨੂੰ ਤੰਗ ਕਰਨਾ ਬੰਦ ਕਰਨ। ਜੇ ਨਹੀਂ ਕਰਨਗੇ ਤਾਂ ਵਿਭਾਗੀ ਕਾਰਵਾਈ ਹੋਵੇਗੀ। ਡੀ.ਜੀ.ਪੀ ਸਾਹਿਬ ਤਿਆਰ ਹੋ ਗਏ, ਉਨ੍ਹਾਂ ਮੈਥੋਂ ਪੁਛਿਆ ਕਿ ਦਸੋਂ ਕਦੋਂ ਚਲਣਾ ਹੈ, ਮੈਂ ਕਿਹਾ ਕਿ ਮਸਿਆ ਦਾ ਦਿਨ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਹਰ ਮਹੀਨੇ ਮਨਾਇਆ ਜਾਂਦਾ ਹੈ ਤੇ ਉਸ ਦਿਨ ਲੱਖਾਂ ਦੀ ਗਿਣਤੀ ਵਿਚ ਸੰਗਤ ਮੱਥਾ ਟੇਕਦੀ ਹੈ। ਆਪ ਜੀ ਵੀ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰੋ ਤੇ ਦੀਵਾਨ ਦੀ ਹਾਜ਼ਰੀ ਭਰੋ।

ਉਨ੍ਹਾਂ ਨਾਲ ਸਾਰੀ ਗੱਲਬਾਤ ਕਰ ਕੇ ਮੈਂ ਸ੍ਰੀ ਨਾਨਕ ਮਤਾ ਸਾਹਿਬ ਗਿਆ, ਉਥੇ ਦਲਜੀਤ ਸਿੰਘ ਮਾਨ, ਭਾਊ ਦਰਸ਼ਨ ਸਿੰਘ, ਬਾਬਾ ਤਰਸੇਮ ਸਿੰਘ, ਉਪਕਾਰ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਪ੍ਰੋਗਰਾਮ ਤਹਿ ਕਰ ਕੇ, ਇਸ਼ਤਿਹਾਰ ਛਪਵਾ ਕੇ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਮਸਿਆ ਤੇ ਲੋਕ ਵੱਧ ਤੋਂ ਵੱਧ ਗਿਣਤੀ ਵਿਚ ਨਾਨਕ ਮਤਾ ਸਾਹਿਬ ਪਹੁੰਚਣ। ਮਸਿਆ ਤੋਂ 5-6 ਦਿਨ ਪਹਿਲਾਂ ਸਰਕਾਰੀ ਏਜੰਸੀਆਂ ਦੇ ਬੰਦਿਆਂ ਨੇ ਮੇਰੇ ਦਫ਼ਤਰ ਆ ਕੇ ਮੈਨੂੰ ਦਸਿਆ ਕਿ ਡੀ.ਜੀ.ਪੀ. ਸਾਹਿਬ ਨੂੰ ਮੁੱਖ ਮੰਤਰੀ ਕਲਿਆਣ ਸਿੰਘ ਨੇ ਰੋਕ ਦਿਤਾ ਹੈ ਕਿ ਉਹ ਸ੍ਰੀ ਨਾਨਕ ਮਤਾ ਸਾਹਿਬ ਨਾ ਜਾਣ।

ਮੈਂ ਪ੍ਰਧਾਨ ਡਾ. ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀ ਡੀ.ਜੀ.ਪੀ. ਨੂੰ ਖ਼ੁਦ ਮਿਲੋ ਤੇ ਪੁੱਛੋ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਅਸੀ ਪ੍ਰਚਾਰ ਕਰ ਦਿਤਾ ਹੈ। ਤੁਹਾਡੇ ਨਾ ਪਹੁੰਚਣ ਨਾਲ, ਬਹੁਤ ਬਦਨਾਮੀ ਹੋਵੇਗੀ ਸਾਡੀ। ਮੈਂ ਜਾ ਕੇ ਮਿਲਿਆ ਤਾਂ ਉਹ ਬੜੇ ਹੈਰਾਨ ਹੋਏ ਤੇ ਤਲਖ ਲਹਿਜੇ ਵਿਚ ਕਹਿਣ ਲੱਗੇ, ''ਯੇ ਕੈਸੇ ਹੋ ਸਕਤਾ ਹੈ ਨਿਮਾਨਾ ਜੀ, ਮੈਂ ਜਾਟ ਹੂੰ ਔਰ ਤੁਮ ਭੀ ਜੱਟ ਹੋ, ਜਾਟ ਔਰ ਜੱਟ ਅਪਣੇ ਕੀਯੇ ਵਾਅਦੇ ਸੇ ਕੈਸੇ ਪਿਛੇ ਹਟ ਸਕਤੇਂ ਹੈਂ।'' ਇਹ ਕਹਿ ਕੇ ਉਨ੍ਹਾਂ ਨੇ ਖੜੇ ਹੋ ਕੇ ਅਪਣੀ ਕੁਰਸੀ ਨੂੰ ਲੱਤ ਮਾਰ ਕੇ ਪਿਛੇ ਹਟਾਉਂਦਿਆਂ ਕਿਹਾ, ''ਯੇਹ ਸੁਸਰੀ ਕੁਰਸੀ ਮੇਰੇ ਪਾਸ ਰਹੇ ਨਾ ਰਹੇ

ਮੈਨੇ ਜੋ ਵਾਅਦਾ ਕੀਯਾ ਹੈ ਵੋ ਜ਼ਰੂਰ ਪੂਰਾ ਕਰੂੰਗਾ।'' ਸੱਚ ਮੁੱਚ ਸ੍ਰੀ ਪ੍ਰਕਾਸ਼ ਸਿੰਘ ਨੇ ਅਪਣਾ ਕੀਤਾ ਵਾਅਦਾ ਨਿਭਾਇਆ। ਉਹ ਮਮਿਸਆ ਉਤੇ ਸ੍ਰੀ ਨਾਨਕ ਮਤਾ ਸਾਹਿਬ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਇਕੱਠ ਵਿਚ ਉਨ੍ਹਾਂ ਨੇ ਅਪਣੀ ਪੁਲਿਸ ਨੂੰ ਤਾੜਨਾ ਕੀਤੀ ਕਿ ''ਖ਼ਬਰਦਾਰ, ਜੇਕਰ ਕਿਸੇ ਸਿੱਖ ਪ੍ਰਵਾਰ ਕੇ ਏਕ ਭੀ ਨੌਜਵਾਨ ਕੋ ਪੁਲਿਸ ਨੇ ਜਬਰੀ ਉਠਾਇਆ।'' ਉਨ੍ਹਾਂ ਇਹ ਵੀ ਕਿਹਾ ਕਿ ''ਸਿੱਖ ਹੀ ਨਹੀਂ, ਕਿਸੇ ਵੀ ਪ੍ਰਵਾਰ ਕੇ ਨੌਜਵਾਨ ਕੋ ਨਾਜਾਇਜ਼ ਨਹੀਂ ਪ੍ਰੇਸ਼ਾਨ ਕਰਨਾ, ਜੇਕਰ ਫਿਰ ਭੀ ਬਾਜ਼ ਨਾ ਆਏ ਤੋ ਨੌਕਰੀ ਸੇ ਹਾਥ ਧੋਹ ਬੈਠੋਗੇ।'' ਸਟੇਜ ਸਕੱਤਰ ਮੈਂ ਸੀ।

ਬੋਰਡ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਨੇ ਕਿਹਾ ''ਅਸੀ ਅਪਣਾ ਧਰਮ ਬਚਾ ਕੇ ਇਸ ਧਰਤੀ ਉਤੇ ਪਾਕਿਸਤਾਨ ਤੋਂ ਆਏ ਸੀ, ਅਸੀ ਮਰ ਕੇ ਵੀ ਅਪਣੇ ਧਰਮ ਦੀ ਰਾਖੀ ਕਰਾਂਗੇ।'' ਇਸ ਤੋਂ ਬਾਅਦ ਕਦੇ ਕਿਸੇ ਵੀ ਪ੍ਰਵਾਰ ਦਾ ਕੋਈ ਨੌਜਵਾਨ ਪੁਲਿਸ ਨੇ ਨਹੀਂ ਉਠਾਇਆ ਤੇ ਸਿੱਖ ਪ੍ਰਵਾਰਾਂ ਨੇ ਸੁੱਖ ਦਾ ਸਾਹ ਲਿਆ। ਸ੍ਰੀ ਪ੍ਰਕਾਸ਼ ਸਿੰਘ ਦਾ ਸਿੱਖਾਂ ਨਾਲ ਪਿਆਰ ਦਾ ਵੱਡਾ ਕਾਰਨ ਸੀ, ਉਨ੍ਹਾਂ ਦੀ ਨੂੰਹ ਜੋ ਸਿੱਖ ਪ੍ਰਵਾਰ ਦੀ ਲੜਕੀ ਸੀ। ਜਿਸ ਸਮੇਂ ਉਨ੍ਹਾਂ ਦਾ ਪੁੱਤਰ ਆਈ.ਪੀ.ਐਸ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਉਸ ਨਾਲ ਪੜ੍ਹਦੀ ਸਿੱਖ ਬੱਚੀ ਵੀ ਆਈ.ਪੀ.ਐਸ ਹੀ ਪੜ੍ਹ ਰਹੀ ਸੀ।

ਦੋਵੇਂ ਇਕੱਠੇ ਪਾਸ ਹੋ ਗਏ ਅਤੇ ਪਿਛੋਂ ਧੁਰ ਤੋਂ ਲਿਖੇ ਸੰਯੋਗਾਂ ਕਾਰਨ ਦੋਹਾਂ ਨੇ ਵਿਆਹ ਕਰਵਾ ਲਿਆ, ਜੋ ਦੋਹਾਂ ਹੀ ਪ੍ਰਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ। ਡੀ.ਜੀ.ਪੀ. ਸਾਹਬ ਦਸਦੇ ਹੁੰਦੇ ਸੀ ਕਿ ਸਵੇਰੇ ਜਦੋਂ ਮੇਰੀ ਨੁੰਹ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੈ ਤਾਂ ਘਰ ਵਿਚ ਬਹੁਤ ਹੀ ਅਨੰਦਮਈ ਸ਼ਾਂਤੀ ਹੁੰਦੀ ਹੈ ਅਤੇ ਜੀਵਨ ਵਿਚ ਅਨੰਦ ਪ੍ਰਾਪਤ ਹੁੰਦਾ ਹੈ। ਪਿਛੋਂ ਸ੍ਰੀ ਪ੍ਰਕਾਸ਼ ਸਿੰਘ ਯੂ.ਪੀ. ਤੋਂ ਰਿਟਾਇਰ ਹੋ ਕੇ ਬੀ.ਐਸ.ਐਫ. ਦੇ ਡੀ.ਜੀ. ਬਣੇ ਤਾਂ ਮੈਨੂੰ ਦਿੱਲੀ ਅਪਣੇ ਦਫ਼ਤਰ ਬੁਲਾਇਆ।

ਮੈਂ ਅਤੇ ਸਵਰਗਵਾਸੀ ਦਲਜੀਤ ਸਿੰਘ ਮਾਨ ਦਿਲੀ ਗਏ ਤੇ ਉਨ੍ਹਾਂ ਨੇ ਸਾਡਾ ਬੜਾ ਆਦਰ ਮਾਣ ਕੀਤਾ। ਅੱਜ ਵੀ ਜਦ ਯੂ.ਪੀ. ਵਿਚ ਕਿਸੇ ਸਿੱਖ ਨਾਲ ਵਧੀਕੀ ਹੁੰਦੀ ਹੈ ਤਾਂ ਸਾਨੂੰ ਪ੍ਰਕਾਸ਼ ਸਿੰਘ ਦੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਸੀ ਕਿ ''ਅਸੀ ਸੱਭ ਇਕ ਪ੍ਰਮਾਤਮਾ ਦੀ ਸੰਤਾਨ ਹਾਂ ਸਾਨੂੰ ਕਿਸੇ ਨਾਲ ਵਧੀਕੀ ਨਹੀਂ ਕਰਨੀ ਚਾਹੀਦੀ।''
ਸੰਪਰਕ : 98889-74986

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement