ਹਰਾ ਇਨਕਲਾਬ-ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਬਣਾਉਣ ਲਈ ਚਿਤਵਿਆ ਨਾਕਿ ਕਿਸਾਨ ਨੂੰ ਅਮੀਰ ਬਣਾਉਣ ਲਈ
Published : Aug 21, 2018, 11:03 am IST
Updated : Aug 21, 2018, 11:03 am IST
SHARE ARTICLE
Field
Field

ਪੰਜਾਬ ਦੀ ਧਰਤੀ ਹਮੇਸ਼ਾ ਇਹੋ ਜਹੀ ਨਹੀਂ ਸੀ, ਜਿਹੋ ਜਹੀ ਅੱਜ ਹੈ..............

ਪੰਜਾਬ ਦੀ ਧਰਤੀ ਹਮੇਸ਼ਾ ਇਹੋ ਜਹੀ ਨਹੀਂ ਸੀ, ਜਿਹੋ ਜਹੀ ਅੱਜ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਤੇ ਵੱਡੇ-ਵੱਡੇ ਰੇਤ ਦੇ ਟਿੱਲੇ, ਸੁੰਨੇ, ਬੀਆਂਬਾਨ, ਜੰਗਲ, ਬੰਨੇ ਤੇ ਝਾੜ ਮੱਲੇ ਹੋਏ ਸਨ। ਪਰ ਮੈਂ ਸਦਕੇ ਜਾਵਾਂ ਪੰਜਾਬ ਦੇ ਕਿਰਤੀ ਕਿਸਾਨਾਂ ਦੇ, ਜਿਨ੍ਹਾਂ ਨੇ ਅਪਣਾ ਖ਼ੂਨ-ਪਸੀਨਾ ਇਕ ਕਰ ਕੇ ਪੰਜਾਬ ਦੀ ਧਰਤੀ ਨੂੰ ਅਬਾਦ ਕੀਤਾ। ਪੰਜਾਬ ਦੀ ਧਰਤੀ ਨੂੰ ਉਪਜਾਊ ਬਣਾਉਣ ਵਿਚ ਜਿਥੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਉਥੇ ਹੀ ਇਸ ਵਿਚ ਮਜ਼ਦੂਰ ਵੀ ਬਰਾਬਰ ਦੇ ਭਾਈਵਾਲ ਹਨ। ਕੋਈ ਸਮਾਂ ਸੀ ਜਦੋਂ ਸਾਡੇ ਭਾਰਤ ਦੇਸ਼ ਵਿਚ ਅੰਨ ਦੀ ਬਹੁਤ ਕਮੀ ਸੀ। ਭਾਰਤ ਦੇਸ਼ ਵਿਚ ਅਨਾਜ ਦਾ ਇਕ ਤਰ੍ਹਾਂ ਨਾਲ ਕਾਲ ਹੀ ਪਿਆ ਹੋਇਆ ਸੀ।

ਸਾਡੇ ਦੇਸ਼ ਦੇ ਲੀਡਰਾਂ ਨੇ ਭਾਰਤ ਦੇ ਲੋਕਾਂ ਨੂੰ ਅਪੀਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਕਿ ਇਕ ਦਿਨ ਦਾ ਵਰਤ ਰੱਖੋ। ਪਰ ਪੰਜਾਬ ਦੇ ਮਿਹਨਤੀ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਪੰਜਾਬ ਦੀ ਧਰਤੀ ਵਿਚ ਏਨਾ ਆਨਾਜ ਪੈਦਾ ਕੀਤਾ ਕਿ ਅੱਜ ਵੱਡੀ ਪੱਧਰ ਉਤੇ ਅਨਾਜ ਭਾਰਤ ਦੇ ਗੋਦਾਮਾਂ ਵਿਚ ਸੜ ਰਿਹਾ ਹੈ। ਸਾਡਾ ਭਾਰਤ ਦੇਸ਼ ਅੰਨ ਵਾਲਾ ਠੂਠਾ ਫੜ ਕੇ ਵਿਦੇਸ਼ਾਂ ਵਿਚੋਂ ਅਨਾਜ ਮੰਗਣ ਜਾਂਦਾ ਸੀ। ਇਸ ਲਈ ਅਸੀ ਅਨਾਜ ਲਈ ਵਿਦੇਸ਼ਾਂ ਤੇ ਨਿਰਭਰ ਸੀ। ਜਦੋਂ ਅਸੀ ਬਾਹਰਲੇ ਦੇਸ਼ਾਂ ਵਿਚੋਂ ਅਨਾਜ ਮੰਗਣ ਲਈ ਜਾਂਦੇ ਤਾਂ ਬਾਹਰਲੇ ਦੇਸ਼ ਅਨਾਜ ਬਦਲੇ ਬਹੁਤ ਹੀ ਮੁਸ਼ਕਲ, ਲੋਕ-ਵਿਰੋਧੀ ਫ਼ੈਸਲੇ ਸਾਡੇ ਉਤੇ ਮੜ੍ਹਦੇ,

ਕਿਉਂਕਿ ਜਦੋਂ ਬਕਰਾ ਕਸਾਈ ਦੇ ਹੱਥ ਹੋਵੇ ਤਾਂ ਉਥੇ ਬਕਰੇ ਦੀ ਨਹੀਂ, ਕਸਾਈ ਦੀ ਮਰਜ਼ੀ ਚਲਦੀ ਹੈ। ਇਸ ਲਈ ਅਨਾਜ ਬਦਲੇ ਸਾਮਰਾਜੀ ਤਾਕਤਾਂ ਨੇ ਸਾਡੇ ਦੇਸ਼ ਉਤੇ ਬਹੁਤ ਹੀ ਕਿਸਾਨ ਵਿਰੋਧੀ ਮਸਲੇ ਮੜ੍ਹੇ ਜਿਨ੍ਹਾਂ ਵਿਚ ਗੋਟ ਸਮਝੌਤਾ ਸੱਭ ਤੋਂ ਅਹਿਮ ਸੀ। ਅੱਜ ਪੰਜਾਬ ਦੇ ਕਿਸਾਨਾਂ ਦਾ ਕੇਂਦਰੀ ਅਨਾਜ ਕੁੱਲ ਭੰਡਾਰ ਵਿਚ 60% ਯੋਗਦਾਨ ਹੈ ਜਦਕਿ ਪੰਜਾਬ ਦੀ ਧਰਤੀ ਪੂਰੇ ਦੇਸ਼ ਦਾ 2 ਫ਼ੀ ਸਦੀ ਹੈ। ਏਨੀ ਘੱਟ ਜ਼ਮੀਨ ਤੋਂ ਏਨਾ ਅਨਾਜ ਪੈਦਾ ਕਰਨਾ ਇਹ ਪੰਜਾਬ ਦੇ ਲੋਕਾਂ ਦਾ ਬਹਾਦਰੀ ਵਾਲਾ ਕਾਰਨਾਮਾ ਹੈ। ਸਾਡੇ ਦੇਸ਼ ਦੇ ਲੀਡਰਾਂ ਨੂੰ ਧਨਵਾਦ ਕਰਨਾ ਚਾਹੀਦਾ ਹੈ।

ਪੰਜਾਬ ਦੇ ਕਿਰਤੀਆਂ, ਕਿਸਾਨਾਂ ਦਾ ਜਿਨ੍ਹਾਂ ਨੇ ਇਕੱਲਾ ਅਨਾਜ ਵਾਲਾ ਠੂਠਾ ਹੀ ਦੇਸ਼ ਦੇ ਹੱਥੋਂ ਨਹੀਂ ਛੁਡਵਾਇਆ, ਸਗੋਂ ਜੋ ਖ਼ਤਰਨਾਕ ਨੀਤੀਆਂ ਵਿਦੇਸ਼ੀ ਤੇ ਕਾਰਪੋਰੇਟ ਘਰਾਣੇ ਸਾਡੇ ਦੇਸ਼ ਦੇ ਤੇ ਮੜ੍ਹਦੇ ਸਨ, ਉਨ੍ਹਾਂ ਖ਼ਤਰਨਾਕ ਨੀਤੀਆਂ ਤੋਂ ਵੀ ਭਾਰਤ ਦੇਸ਼ ਨੂੰ ਪੰਜਾਬ ਦੇ ਕਿਰਤੀਆਂ ਨੇ ਆਜ਼ਾਦ ਕਰਵਾਇਆ ਹੈ। ਜਦੋਂ ਹਰੀਕ੍ਰਾਂਤੀ ਪੰਜਾਬ ਵਿਚ ਆਈ ਤਾਂ ਪੰਜਾਬ ਦੇ ਕਿਸਾਨਾਂ ਨੂੰ ਢਾਰਸ ਬੱਝਾ ਕਿ ਹੁਣ ਪੰਜਾਬ ਦੀ ਕਿਸਾਨੀ ਦੇ ਦਿਨ ਚੰਗੇ ਆਉਣਗੇ, ਪਰ ਪੰਜਾਬ ਦੇ ਲੋਕਾਂ ਲਈ ਹਰੀਕ੍ਰਾਂਤੀ ਭੁਲੇਖਾ ਪਾਊ ਸੀ

ਕਿਉਂਕਿ ਇਹ ਹਰੀਕ੍ਰਾਂਤੀ ਪੰਜਾਬ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਨਹੀਂ ਸੀ ਸਗੋਂ ਕਾਰਪੋਰੇਟ ਘਰਾਣਿਆਂ ਨੇ ਅਪਣੀ ਲੁੱਟ ਕਰਨ ਲਈ ਹਰੀਕ੍ਰਾਂਤੀ ਲਿਆਂਦੀ ਸੀ। 1961 ਵਿਚ ਬਰਤਾਨੀਆ ਦੇਸ਼ ਵਿਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਮੀਟਿੰਗ ਫ਼ੋਰਡ ਫ਼ਾਊਂਡੇਸ਼ਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਭਾਰਤ ਦਾ ਖੇਤੀਬਾੜੀ ਮੰਤਰੀ ਵੀ ਮੌਜੂਦ ਸੀ। ਉਥੇ ਮੀਟਿੰਗ ਵਿਚ ਵੱਡੇ ਦੇਸ਼ਾਂ ਤੇ ਕਾਰਪੋਰੇਟ ਜਗਤ ਵਲੋਂ ਲੁੱਟ ਕਰਨ ਲਈ ਨੀਤੀ ਪੇਸ਼ ਕੀਤੀ ਗਈ।  ਇਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਕਿਹਾ ਕਿ ''ਅਸੀ, ਖਾਦ, ਕੀਟਨਾਸ਼ਕ ਤੇ ਖੇਤੀ ਲਈ ਲੋੜੀਂਦੀ ਮਸ਼ੀਨਰੀ ਵੱਡੇ ਪੱਧਰ ਉਤੇ ਤਿਆਰ ਕਰ ਲਈ ਹੈ,

ਹੁਣ ਇਸ ਮਸ਼ੀਨਰੀ ਤੇ ਖਾਦ ਕੀਟਨਾਸ਼ਕ ਦਵਾਈਆਂ ਨੂੰ ਵੇਚਣ ਲਈ ਇਕ ਵੱਡੀ ਮੰਡੀ ਦੀ ਜ਼ਰੂਰਤ ਹੈ। ਉਥੇ ਪੈਦਾ ਹੋਈ ਸਾਡੀ ਬਰਬਾਦੀ ਦੀ ਜੜ੍ਹ ਹਰੀਕ੍ਰਾਂਤੀ। ਨਾਰਮਨ ਬੌਰਲਾਗ ਨਾਂ ਦੇ ਇਕ ਆਦਮੀ ਨੇ ਹਰੀਕ੍ਰਾਂਤੀ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਲੋਕਾਂ ਨੂੰ ਖ਼ੁਦ ਨੂੰ ਪਤਾ ਸੀ ਕਿ ਹਰੀਕ੍ਰਾਂਤੀ ਕਾਰਪੋਰੇਟ ਜਗਤ ਨੂੰ ਮਾਲੋਮਾਲ ਕਰ ਦੇਵੇਗੀ ਅਤੇ ਜੋ ਹਰੀਕ੍ਰਾਂਤੀ ਨੂੰ ਪੈਦਾ ਕਰੇਗਾ, ਉਸ ਨੂੰ ਇਹ ਹਰੀਕ੍ਰਾਂਤੀ ਬਰਬਾਦ ਕਰ ਦੇਵੇਗੀ। ਇਸ ਹਰੀਕ੍ਰਾਂਤੀ ਦਾ ਮਸੌਦਾ ਤਿਆਰ ਕੀਤਾ ਗਿਆ ਪਰ ਕੁੱਝ ਕਾਰਨਾਂ ਕਰ ਕੇ ਸਾਡਾ ਖੇਤੀਬਾੜੀ ਮੰਤਰੀ ਉਠ ਗਿਆ ਅਤੇ ਬਾਅਦ ਵਿਚ ਸਾਡਾ ਖੇਤੀਬਾੜੀ ਮੰਤਰੀ ਇਸ ਹਰੀਕ੍ਰਾਂਤੀ ਦੇ ਮਸੌਦੇ ਤੇ ਦਸਤਖ਼ਤ ਕਰਨ ਤੋਂ ਮੁਕਰ ਗਿਆ।

ਉਸ ਨੂੰ ਪਤਾ ਸੀ ਕਿ ਇਹ ਹਰੀਕ੍ਰਾਂਤੀ ਭਾਰਤ ਦੇਸ਼ ਨੂੰ ਵੀ ਬਰਬਾਦ ਕਰ ਦੇਵੇਗੀ। ਸਾਡੀ ਸਰਕਾਰ ਨੇ ਹਰੀਕ੍ਰਾਂਤੀ ਦੇ ਸਮਝੌਤੇ ਤੇ ਦਸਤਖ਼ਤ ਨਾ ਕਰਨ ਵਾਲੇ ਮੰਤਰੀ ਦੀ ਛੁੱਟੀ ਕਰ ਦਿਤੀ ਤੇ ਉਸ ਦੀ ਜਗ੍ਹਾ ਨਵਾਂ ਖੇਤੀਬਾੜੀ ਮੰਤਰੀ ਬਣਾ ਕੇ ਬਰਤਾਨੀਆ ਵਿਚ ਭੇਜਿਆ ਗਿਆ। ਨਵੇਂ  ਮੰਤਰੀ ਨੇ ਜਾਣ ਸਾਰ ਹਰੀਕ੍ਰਾਂਤੀ ਦੇ ਮਸੌਦੇ ਉਤੇ ਦਸਤਖ਼ਤ ਕਰ ਦਿਤੇ। ਮੰਤਰੀ ਨੇ ਹਰੀਕ੍ਰਾਂਤੀ ਤੇ ਦਸਤਖ਼ਤ ਨਹੀਂ ਕੀਤੇ, ਸਗੋਂ ਸਾਡੇ ਦੇਸ਼ ਦੇ ਕਿਰਤੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਉਤੇ ਦਸਤਖ਼ਤ ਕਰ ਦਿਤੇ। ਇਸ ਹਰੀਕ੍ਰਾਂਤੀ ਦੇ ਮਸੌਦੇ ਤੇ ਕੀਤੇ ਦਸਤਖ਼ਤ ਅੱਜ ਸਾਡੇ ਸੱਭ ਦੇ ਸਾਹਮਣੇ ਹਨ।

ਇਸ ਹਰੀਕਾਂਤੀ ਵਿਚ ਸੱਭ ਤੋਂ ਵੱਧ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਇਸ ਹਰੀਕ੍ਰਾਂਤੀ ਪੈਦਾ ਕਰਨ ਵਾਲੇ ਨੂੰ ਕੀ ਮਿਲਿਆ? 
ਹਰੀਕ੍ਰਾਂਤੀ ਨੇ ਕਾਰਪੋਰੇਟ ਸੈਕਟਰ ਦੀਆਂ ਤਿਜੌਰੀਆਂ ਤਾਂ ਭਰ ਦਿਤੀਆਂ ਪਰ ਹਰੀਕ੍ਰਾਂਤੀ ਪੈਦਾ ਕਰਨ ਵਾਲਿਆਂ ਨੂੰ ਮਿਲੀਆਂ ਕਰਜ਼ੇ ਦੀ ਭਾਰੀਆਂ ਪੰਡਾਂ, ਅਣਗਿਣਤ ਖ਼ੁਦਕੁਸ਼ੀਆਂ, ਖ਼ਤਰਨਾਕ ਬਿਮਾਰੀਆਂ। ਇਸ ਤੋਂ ਸਿਵਾਏ ਪੰਜਾਬ ਦੇ ਕਿਰਤੀ ਨੂੰ ਕੁੱਝ ਨਹੀਂ ਮਿਲਿਆ। ਕੌਣ ਹੈ ਇਸ ਬਰਬਾਦੀ ਦੀ ਜੜ੍ਹ? ਇਸ ਦੀ ਜੜ੍ਹ ਹਨ ਸਾਡੀਆਂ ਸਰਕਾਰਾਂ, ਜਿਨ੍ਹਾਂ ਨੇ ਕਾਰਪੋਰੇਟ ਲਾਣੇ ਦੇ ਕਹਿਣ ਤੇ ਇਸ ਹਰੀਕ੍ਰਾਂਤੀ ਨੂੰ ਜਨਮ ਦਿਤਾ।

ਅੱਜ ਪੰਜਾਬ ਦੀ ਕਿਸਾਨੀ ਰੇਤ ਤੇ ਟਿੱਬੇ ਢਾਲਦੀ-ਢਾਲਦੀ ਆਪ ਰੇਤ ਵਾਂਗ ਢਲ ਗਈ ਹੈ। ਜਿਹੜਾ ਪੰਜਾਬ ਕਦੇ ਸੋਨੇ ਦੀ ਚਿੜੀ ਹੁੰਦਾ ਸੀ, ਅੱਜ ਉਹ ਪੰਜਾਬ ਖ਼ੁਦਕੁਸ਼ੀਆਂ ਦੀ ਚਿੜੀ ਬਣ ਗਿਆ ਹੈ। ਅੱਜ ਪੰਜਾਬ ਦੇ ਵਿਹੜਿਆਂ ਵਿਚ ਖ਼ੁਸ਼ਹਾਲੀ ਨਹੀ ਬਲਕਿ ਖ਼ੁਦਕੁਸ਼ੀਆਂ ਦੇ ਵੈਣ ਪੈਂਦੇ ਹਨ। ਇਸ ਹਰੀਕ੍ਰਾਂਤੀ ਨੇ ਪੰਜਾਬ ਦੇ ਘਰਾਂ ਦੇ ਘਰ ਉਜਾੜ ਕੇ ਰੱਖ ਦਿਤੇ ਹਨ। ਪੰਜਾਬ ਵਿਚ ਖ਼ੁਦਕੁਸ਼ੀਆਂ ਨਹੀਂ ਹੋ ਰਹੀਆਂ ਸਗੋਂ ਸੋਚੀ ਸਮਝੀ ਚਾਲ ਤਹਿਤ ਕੀਤੇ ਹੋਏ ਕਤਲ ਹਨ। ਇਸ ਹਰੀਕ੍ਰਾਂਤੀ ਨੇ ਪੰਜਾਬ ਦੀ ਧਰਤੀ, ਇਥੋਂ ਦਾ ਪੌਣ ਪਾਣੀ ਤੇ ਹਵਾ ਪ੍ਰਦੂਸ਼ਤ ਕਰ ਦਿਤੀ ਹੈ। ਇਸ ਗੰਦੇ ਪੌਣ ਪਾਣੀ ਲਈ ਵੀ ਕਿਸਾਨ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ਹੈ।

ਕੀ ਹਰੀਕ੍ਰਾਂਤੀ ਪੰਜਾਬ ਦਾ ਕਿਸਾਨ ਲੈ ਕੇ ਆਇਆ ਸੀ? ਉਦੋਂ ਸਾਡੇ ਬੁਧੀਜੀਵੀਆਂ ਨੇ ਕਿਹਾ ਸੀ ਕਿ ਪੰਜਾਬ  ਦੀ ਧਰਤੀ ਹਰੀਕ੍ਰਾਂਤੀ ਦੇ ਲਾਇਕ ਨਹੀਂ ਹੈ ਪਰ ਬੁਧੀਜੀਵੀਆਂ ਦੀ ਕੌਣ ਸੁਣੇ ਕਿਉਂਕਿ ਹਰੀਕ੍ਰਾਂਤੀ ਤਾਂ ਕਾਰਪੋਰੇਟ ਦੇ ਮੁਨਾਫ਼ੇ ਲਈ ਸੀ ਨਾ ਕਿ ਪੰਜਾਬ ਦੀ ਖ਼ੁਸ਼ਹਾਲੀ ਲਈ। ਹੁਣ ਜਦੋਂ ਕਰਜ਼ਾ ਮਾਫ਼ੀ ਦੀ ਗੱਲ ਚਲਦੀ ਹੈ ਤਾਂ ਪੰਜਾਬ ਨੂੰ ਕਰਜ਼ਾ ਮਾਫ਼ੀ ਇਕ ਫ਼ੀ ਸਦੀ ਤੋਂ ਘੱਟ ਮਿਲਦੀ ਹੈ, ਅਸੀ ਅਨਾਜ ਦੇ ਅੰਨ ਭੰਡਾਰ ਵਿਚ 60 ਫ਼ੀ ਸਦੀ ਅਨਾਜ ਦਾ ਯੋਗਦਾਨ ਪਾਉਂਦੇ ਹਾਂ। ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਵੀ ਕੇਂਦਰੀ ਅੰਨਾਜ ਭੰਡਾਰ ਦੇ ਕੋਟੇ ਮੁਤਾਬਕ ਦਿਤੀ ਜਾਵੇ। ਪਰ ਕੌਣ ਕਹੇ ਡਾਢੇ ਨੂੰ ਕਿ ਇਉਂ ਕਰੇ ਤੇ ਇਉਂ ਲਾ ਕਰੇ। 

ਸਾਡੇ ਦੇਸ਼ ਦੇ ਲੀਡਰ ਸਟੇਜਾਂ ਉਤੇ ਗੱਪਾਂ ਤਾਂ ਵੱਡੀਆਂ ਮਾਰਦੇ ਹਨ ਪਰ ਅਸਲੀਅਤ ਵਿਚ ਕੁੱਝ ਵੀ ਨਹੀਂ ਕਰਦੇ। ਸਟੇਜੀ ਬਿਆਨਬਾਜ਼ੀ ਵਿਚ ਸਾਡੇ ਲੀਡਰ, ਪੰਜਾਬ ਦੇ ਕਿਸਾਨ ਨੂੰ ਕਦੇ ਦੇਸ਼ ਦਾ ਅਨੰਦਾਤਾ ਕਹਿੰਦੇ ਹਨ ਅਤੇ ਕਦੇ ਦੇਸ਼ ਦੀ ਰੀੜ੍ਹ ਦੀ ਹੱਡੀ। ਹੁਣ ਤਾਂ ਇਥੋਂ ਤਕ ਗੱਲ ਆ ਗਈ ਹੈ ਕਿ ਜਦੋਂ ਸਾਡੇ ਦੇਸ਼ ਦੀ ਮਹਿਲਾ ਰਾਸ਼ਟਰਪਤੀ ਅੰਮ੍ਰਿਤਸਰ ਦੀ ਧਰਤੀ ਉਤੇ ਆਈ ਤਾਂ ਉਸ ਨੇ ਬੜੇ ਮਾਣ ਨਾਲ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਜੀਵਨ ਦਾਤਾ ਹੈ। ਹੁਣ ਪੁਛਣਾ ਬਣਦਾ ਹੈ ਕਿ ਕੀ ਇਨਸਾਨ ਰੀੜ੍ਹ ਦੀ ਹੱਡੀ ਤੋਂ ਬਿਨਾਂ ਚਲ ਸਕਦਾ ਹੈ? ਕੀ ਜੀਵਨਦਾਤੇ ਤੋਂ ਬਿਨਾਂ ਦੇਸ਼ ਦਾ ਜੀਵਨ ਚੱਲ ਸਕਦਾ ਹੈ?

ਜੇਕਰ ਤੁਸੀ ਚਾਹੇ ਝੂਠਾ ਹੀ ਮੰਨਦੇ ਹੋਵੋ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਕੀ ਕਦੇ ਇਸ ਰੀੜ੍ਹ ਦੀ ਹੱਡੀ ਦੇ ਮਣਕੇ ਚੈੱਕ ਕੀਤੇ ਹਨ ਕਿ ਸਹੀ ਸਲਾਮਤ ਹਨ ਜਾਂ ਇਨ੍ਹਾਂ ਵਿਚ ਵਿਗਾੜ ਆ ਗਿਆ ਹੈ? ਪੰਜਾਬ ਦੇ ਜਿਸ ਕਿਸਾਨ ਨੂੰ ਤੁਸੀ ਦੇਸ਼ ਦਾ ਧੁਰਾ ਕਹਿੰਦੇ ਹੋ, ਕਦੇ ਇਸ ਧੁਰੇ ਦੀ ਗਰੀਸ ਚੈੱਕ ਕੀਤੀ ਹੈ ਕਿ ਇਸ ਧੁਰੇ ਵਿਚ ਗਰੀਸ ਹੈ ਕਿ ਨਹੀਂ? ਦੇਸ਼ ਦਾ ਜੀਵਨਦਾਤਾ ਉਹ ਹੁੰਦਾ ਹੈ ਜਿਸ ਸਹਾਰੇ ਸਾਡਾ ਦੇਸ਼ ਸਾਂਹ ਲੈਂਦਾ ਹੋਵੇ। ਜਿਹੜਾ ਜੀਵਨਦਾਤਾ ਅੱਜ ਪੰਜਾਬ ਭਾਰਤ, ਦੇਸ਼ ਤੋਂ ਜੀਵਨ ਦਾ ਮੰਗਦਾ ਹੈ, ਕੀ ਕਦੇ ਸੋਚਿਆ ਹੈ ਕਿ ਅਸੀ ਵੀ ਦੇਸ਼ ਦੇ ਜੀਵਨਦਾਤੇ ਨੂੰ ਜੀਵਨਦਾਨ ਦੇਈਏ?

ਕੀ ਸਾਡਾ ਫ਼ਰਜ਼ ਤੇ ਦੇਸ਼ ਦਾ ਫ਼ਰਜ਼ ਨਹੀਂ ਬਣਦਾ ਕਿ ਭੁੱਖੇ ਢਿੱਡ ਸੌਣ ਵਾਲੇ ਦਾ ਪੇਟ ਭਰੀਏ। ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਦੀ ਇਹ ਹਾਲਤ ਕਿਉਂ? ਇਸ ਦੀ ਹਾਲਤ ਦੇ ਜ਼ਿੰਮੇਵਾਰ ਸਾਡੇ ਦੇਸ਼ ਦੇ ਰਾਜਨੀਤਕ ਲੋਕ ਹਨ, ਜੋ ਸੰਨ 47 ਤੋਂ ਲੈ ਕੇ ਅੱਜ ਤਕ ਸਾਡੇ ਉਤੇ ਰਾਜ ਕਰ ਰਹੇ ਹਨ। ਕਿਸੇ ਨੇ ਨਾਹਰਾ ਦਿਤਾ ਸੀ ਕਿ ''ਜੈ ਜਵਾਨ ਜੈ ਕਿਸਾਨ।'' ਇਹ ਨਾਹਰਾ ਸਹੀ ਸੀ ਕਿ ਕਿਸਾਨ ਤੇ ਜਵਾਨ, ਬਿਨਾਂ ਦੇਸ਼ ਦਾ ਭਲਾ ਨਹੀਂ ਹੋ ਸਕਦਾ।

ਜੇਕਰ ਅੱਜ ਕਿਸਾਨ ਦੀ ਹਾਲਤ ਮਾੜੀ ਹੈ ਤਾਂ ਇਸ ਦੇ ਜ਼ਿੰਮੇਵਾਰ ਦੇਸ਼ ਦੇ ਲੀਡਰ ਹਨ, ਜੋ ਦੇਸ਼ ਨੂੰ ਚਲਾ ਰਹੇ ਹਨ, ਜੇਕਰ ਸਾਡੀਆਂ ਸਰਕਾਰ ਨੇ ਦੇਸ਼ ਦੇ ਕਿਸਾਨ ਬਾਰੇ ਕੁੱਝ ਨਾ ਸੋਚਿਆ ਤਾਂ ਸਾਡੇ ਦੇਸ਼ ਦਾ ਭਵਿੱਖ ਵੀ ਬਰਬਾਦ ਹੋ ਜਾਵੇਗਾ। ਸਾਡੇ ਦੇਸ਼ ਨੂੰ ਕੋਈ ਵੀ ਨਹੀਂ ਬਚਾ ਸਕੇਗਾ। ਜੇਕਰ ਦੇਸ਼ ਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਹੈ ਪੰਜਾਬ ਦਾ ਕਿਸਾਨ ਅਤੇ ਦੇਸ਼ ਦਾ ਜਵਾਨ। ਆਉ ਭਾਰਤ ਵਾਸੀਉ ਦੇਸ਼ ਦੇ ਅੰਨਦਾਤੇ ਨੂੰ ਬਚਾਉਣ ਬਾਰੇ ਸੋਚੀਏ ਨਹੀਂ ਤਾਂ ਸਾਡੇ ਦੇਸ਼ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ।    ਸੰਪਰਕ : 98722-31523

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement