
Special article : ਭਾਰਤ ਦੀ ਆਜ਼ਾਦੀ ਕਿਵੇਂ ਬਣੀ ਸਿੱਖ ਕੌਮ ਦੀ ਬਰਬਾਦੀ
Special article : ਭਾਰਤ ਦੇ ਇਤਿਹਾਸ ਵਿਚ ਕਈ ਝੂਠ ਦੇ ਪੁਲੰਦੇ ਕਾਇਮ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇਕ ਭਾਰਤ ਦੀ ਆਜ਼ਾਦੀ ਬਾਰੇ ਹੈ। ਭਾਰਤ ਦੀ ਆਜ਼ਾਦੀ ਦਾ ਸਿਹਰਾ ਕਾਂਗਰਸ ਵਾਲੇ ਗਾਂਧੀ ਅਤੇ ਨਹਿਰੂ ਦੇ ਸਿਰ ਬੰਨ੍ਹਦੇ ਹਨ। ਉਹ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਓਹਲੇ ਕਰ ਦਿੰਦੇ ਹਨ। ਦਰਅਸਲ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਨੇ ਬਰਤਾਨੀਆ ਸਰਕਾਰ ਤੋਂ ਇਕਰਾਰਨਾਮਾ ਲਿਆ ਸੀ ਕਿ ਅਪਣੇ ਅਧੀਨ ਸਭ ਬਸਤੀਆਂ ਨੂੰ ਆਜ਼ਾਦ ਕਰ ਦਿਤਾ ਜਾਵੇ। ਉਸ ਇਕਰਾਰ ਦੀਆਂ ਸ਼ਰਤਾਂ ਮੰਨ ਕੇ ਹੀ ਭਾਰਤ ਤੇ ਹੋਰ ਬਸਤੀਆਂ ਨੂੰ ਆਜ਼ਾਦ ਕੀਤਾ ਗਿਆ।
ਦੂਜਾ ਭੁਲੇਖਾ ਇਹ ਪਾਇਆ ਗਿਆ ਹੈ ਕਿ ਅੰਗਰੇਜ਼ਾਂ ਨੇ ਭਾਰਤ ਦੀ ਵੰਡ ਕੀਤੀ ਹੈ। ਇਹ ਸਰਾਸਰ ਝੂਠ ਹੈ। 1947 ਵਿਚ ਭਾਰਤ ਦੀ ਵੰਡ ਨਹੀਂ ਹੋਈ ਬਲਕਿ ਦੋ ਸੂਬਿਆਂ, ਪੰਜਾਬ ਅਤੇ ਬੰਗਾਲ ਦੀ ਵੰਡ ਹੋਈ ਹੈ। ਅੰਗਰੇਜ਼ ਸਿੱਖਾਂ ਅਤੇ ਬੰਗਾਲੀਆਂ ਤੋਂ ਤੰਗ ਆ ਚੁਕੇ ਸਨ। ਇਨਕਲਾਬ ਦੀ ਵਾਗਡੋਰ ਪੰਜਾਬੀਆਂ ਅਤੇ ਬੰਗਾਲੀਆਂ ਦੇ ਹੱਥ ਵਿਚ ਸੀ। ਬਾਕੀ ਸਾਰੇ ਭਾਰਤ ਵਿਚੋਂ ਕੋਈ ਵਿਰਲਾ ਟਾਵਾਂ ਹੀ ਫਾਂਸੀ ਦਾ ਫੰਦਾ ਚੁੰਮਦਾ ਸੀ। ਕਾਂਗਰਸ ਅਤੇ ਅੰਗਰੇਜ਼ਾਂ ਦੀ ਮਿਲੀ-ਭੁਗਤ ਸਦਕਾ ਹੀ ਪੰਜਾਬ ਅਤੇ ਬੰਗਾਲ ਨੂੰ ਵੰਡਿਆ ਗਿਆ।
ਅਸਲੀ ਆਜ਼ਾਦੀ ਤਾਂ ਪਾਕਿਸਤਾਨ ਨੂੰ ਮਿਲ ਗਈ ਜੋ ਭਾਰਤ ਦੇ ਜੂਲੇ ਹੇਠੋਂ 14 ਅਗੱਸਤ 1947 ਨੂੰ ਆਜ਼ਾਦ ਹੋ ਗਿਆ। ਕਈ ਮੂਰਖ ਅੰਗਰੇਜ਼ਾਂ ਨੂੰ ਇਸ ਦਾ ਜ਼ਿੰਮੇਵਾਰ ਦਸਦੇ ਹਨ। ਉਹ ਭੁੱਲ ਜਾਂਦੇ ਹਨ ਕਿ ਮੁਹੰਮਦ ਅਲੀ ਜਿਨਾਹ ਅਤੇ ਪੰਡਿਤ ਨਹਿਰੂ ਦੋਵੇਂ ਹੀ ਹੁਕਮਰਾਨ ਬਣਨ ਲਈ ਤਰਲੋ-ਮੱਛੀ ਹੋ ਰਹੇ ਸਨ। ਜੇ ਨਹਿਰੂ, ਜਿਨਾਹ ਨੂੰ ਪ੍ਰਧਾਨ ਮੰਤਰੀ ਜਾਂ ਦੇਸ਼ ਦਾ ਪ੍ਰਧਾਨ ਬਣਨਾ ਮੰਨ ਲੈਂਦਾ ਤਾਂ ਭਾਰਤ ਦੀ ਵੰਡ ਨਹੀਂ ਸੀ ਹੋਣੀ। ਚਲੋ ਜੋ ਹੋਇਆ ਸੋ ਹੋਇਆ, ਸਾਡਾ ਮਸਲਾ ਸਿੱਖ ਕੌਮ ਦੀ ਬਰਬਾਦੀ ਨਾਲ ਨਜਿੱਠਣਾ ਹੈ।
1947 ਤੋਂ 1997 ਤਕ, 50 ਸਾਲਾਂ ਲਈ 1947 ਦੀ ਵੰਡ ਦੇ ਦਸਤਾਵੇਜ਼ ਗੁਪਤ ਰੱਖੇ ਗਏ ਸਨ। ਜਦੋਂ 1997 ਵਿਚ ਇਹ ਪਟਾਰਾ ਖੋਲ੍ਹਿਆ ਗਿਆ ਤਾਂ ਇਤਿਹਾਸਕਾਰਾਂ ਨੇ ਇਨ੍ਹਾਂ ਦਾ ਅਧਿਐਨ ਸ਼ੁਰੂ ਕਰ ਦਿਤਾ। ਪ੍ਰੋ. ਕਿਰਪਾਲ ਸਿੰਘ ਹੋਰਾਂ ਨੇ ਇਸ ਖੋਜ ਉਪਰ ਇਕ ਪੁਸਤਕ ਲਿਖੀ ਜਿਸ ਦਾ ਸਿਰਲੇਖ ‘ਪੰਜਾਬ ਦੀ ਵੰਡ ਬਾਰੇ ਚੋਣਵੇਂ ਦਸਤਾਵੇਜ਼ (1947)’ ਰਖਿਆ ਗਿਆ ਹੈ। ਪਾਕਿਸਤਾਨ ਦੇ ਅਖ਼ਤਰ ਹੁਸੈਨ ਸੰਧੂ, ਪ੍ਰਿੰਸੀਪਲ ਸਰਕਾਰੀ ਇਸਲਾਮੀਆ ਕਾਲਜ, ਲਾਹੌਰ ਨੇ ਵੀ ਇਸ ਵਿਸ਼ੇ ’ਤੇ ਪੀ-ਐਚ.ਡੀ. ਕਰ ਰੱਖੀ ਹੈ। ਇਸ ਤੋਂ ਇਲਾਵਾ ਐਡਿਨਬਰਾ ਯੂਨੀਵਰਸਟੀ ਦੇ ਇਤਿਹਾਸ ਵਿਭਾਗ ਵਿਚ ਦੋ ਹੋਰ ਥੀਸਿਜ਼ ਪ੍ਰਵਾਨ ਹੋਏ ਹਨ। ਮੈਂ ਇਨ੍ਹਾਂ ਸਾਰਿਆਂ ਦਾ ਨਿੱਠ ਕੇ ਅਧਿਐਨ ਕੀਤਾ ਅਤੇ ਕਈ ਲੇਖ ਲਿਖੇ ਜੋ ‘ਏਸ਼ੀਆ ਸਮਾਚਾਰ’ ਵਿਚ ਛਪ ਚੁਕੇ ਹਨ। ਇਥੇ ਸੰਖੇਪ ਜਾਣਕਾਰੀ ਦਿਤੀ ਜਾ ਰਹੀ ਹੈ।
ਸਿਰਦਾਰ ਕਪੂਰ ਸਿੰਘ ਦੀ ‘ਸੱਚੀ ਸਾਖੀ’ ਦੀ ਇਕ ਹਕੀਕਤ ਬਿਆਨ ਕਰਨੀ ਬਣਦੀ ਹੈ। ਸਿਰਦਾਰ ਲਿਖਦੇ ਹਨ ਕਿ ਹਿੰਦੂ ਬਹੁਤ ਅਨੁਭਵੀ ਹੈ, ਉਹ ਭਵਿੱਖ ਬਾਰੇ ਪਹਿਲਾਂ ਹੀ ਸੋਚ ਕੇ ਅਪਣਾ ਪੈਂਤੜਾ ਤਿਆਰ ਕਰ ਲੈਂਦਾ ਹੈ। ਮੁਸਲਮਾਨ ਅੱਠ ਮੌਕੇ ਉਪਰ ਚੌਕੰਨਾ ਹੋ ਜਾਂਦਾ ਹੈ ਅਤੇ ਮਸਲੇ ਦਾ ਹੱਲ ਲੱਭ ਲੈਂਦਾ ਹੈ। ਪ੍ਰੰਤੂ ਸਾਡਾ ਸਿੱਖ ਲੀਡਰ ਫੋਕੀ ਸ਼ੋਹਰਤ ਲਈ ਦਮਗਜੇ ਮਾਰਦਾ ਹੈ ਤੇ ਮੌਕਾ ਖੁੰਝਾ ਕੇ ਸਿਰ ’ਤੇ ਦੁਹੱਥੜਾ ਮਾਰ ਕੇ ਰੋਂਦਾ ਹੈ। ਸਿੱਖ ਲੀਡਰਾਂ ਦੀ ਕਰਤੂਤ ਇਨ੍ਹਾਂ ਦਸਤਾਵੇਜ਼ਾਂ ਨੇ ਨੰਗੀ ਕਰ ਦਿਤੀ ਹੈ।
ਮੁਸਲਿਮ ਲੀਗ ਦੇ 1940 ਦੇ ਲਾਹੌਰ ਇਜਲਾਸ ਵਿਚ ਪਾਕਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਗਿਆ। 1946 ਦੀਆਂ ਚੋਣਾਂ ਵਿਚ ਮੁਸਲਿਮ ਲੀਗ ਨੇ ਬਹੁਮਤ ਹਾਸਲ ਕੀਤਾ ਪ੍ਰੰਤੂ ਕਾਂਗਰਸ ਅਤੇ ਅਕਾਲੀਆਂ ਨੇ ਯੂਨੀਅਨਿਸਟ ਪਾਰਟੀ ਨਾਲ ਰਲ ਕੇ ਉਨ੍ਹਾਂ ਦੀ ਹਕੂਮਤ ਨਹੀਂ ਬਣਨ ਦਿਤੀ। ਮੁਸਲਿਮ ਲੀਗ ਨੇ ਦੰਗਾ ਫ਼ਸਾਦ ਸ਼ੁਰੂ ਕਰ ਦਿਤਾ। ਮਾਸਟਰ ਤਾਰਾ ਸਿੰਘ ਨੇ ਕਾਂਗਰਸ ਅਤੇ ਹਿੰਦੂ ਮਹਾਂਸਭਾ ਨੂੰ ਖ਼ੁਸ਼ ਕਰਨ ਲਈ ਪੰਜਾਬ ਅਸੈਂਬਲੀ ਵਿਚ ‘ਪਾਕਿਸਤਾਨ ਮੁਰਦਾਬਾਦ’ ਦੇ ਨਾਹਰੇ ਲਾਏ। ਮੇਰੇ ਪਿਤਾ ਜੀ ਤਾਂ ਦਸਦੇ ਸਨ ਕਿ ਮਾਸਟਰ ਜੀ ਨੇ ਨੰਗੀ ਤਲਵਾਰ ਨਾਲ ਮੁਸਲਿਮ ਲੀਗ ਦਾ ਝੰਡਾ ਕਟਿਆ ਸੀ। ਪ੍ਰੰਤੂ ਇਹ ਅਫ਼ਵਾਹ ਐਸੀ ਫੈਲੀ ਕਿ ਲੀਗੀਆਂ ਨੇ ਰਾਵਲਪਿੰਡੀ ਡਿਵੀਜ਼ਨ ਵਿਚ ਪੰਜ ਹਜ਼ਾਰ ਸਿੱਖਾਂ ਦਾ ਕਤਲੇਆਮ ਕਰ ਦਿਤਾ। ਮੈਂ ਅਪਣੀ ਅੱਖੀਂ ਮਾਰਚ 1947 ਵਿਚ ਸਿੱਖਾਂ ਦੇ ਕਾਫ਼ਲੇ ਕਾਮੋਕੇ ਮੰਡੀ ਵਿਚੋਂ ਲੰਘਦੇ ਵੇਖੇ ਸਨ।
ਕਾਂਗਰਸ ਨੇ ਅੰਗਰੇਜ਼ਾਂ ਅੱਗੇ ਗੋਡੇ ਟੇਕ ਕੇ ਭਾਰਤ ਦੀ ਵੰਡ ਸਵੀਕਾਰ ਕਰ ਲਈ। ਇਸ ਨੂੰ ‘ਮਾਊਂਟਬੈਟਨ ਪਲਾਨ’ ਕਿਹਾ ਜਾਂਦਾ ਹੈ ਜੋ 3 ਜੂਨ 1947 ਨੂੰ ਪ੍ਰਵਾਨ ਚੜ੍ਹੀ। ਕਾਂਗਰਸ ਦੇ ਲੀਡਰ ਪੰਡਿਤ ਨਹਿਰੂ, ਮੁਸਲਿਮ ਲੀਗ ਦੇ ਜਿਨਾਹ ਅਤੇ ਸਿੱਖਾਂ ਦੇ ਲੀਡਰ ਬਲਦੇਵ ਸਿੰਘ ਨੇ ਇਸ ਪਲਾਨ ਉਪਰ ਦਸਤਖ਼ਤ ਕੀਤੇ। ਬਲਦੇਵ ਸਿੰਘ ਨੇ ਪੰਡਿਤ ਨਹਿਰੂ ਦਾ ਪਿੱਠੂ ਬਣ ਕੇ ਸਿੱਖਾਂ ਦੀ ਬਰਬਾਦੀ ਦਾ ਬਾਨ੍ਹਣੂੰ ਬੰਨਿ੍ਹਆ। ਗੁਪਤ ਦਸਤਾਵੇਜ਼ਾਂ ਦੀ ਪੁਣ-ਛਾਣ ਤੋਂ ਹੇਠ ਲਿਖੇ ਭੇਤ ਖੁਲ੍ਹ ਕੇ ਸਾਹਮਣੇ ਆਏ ਹਨ।
(1) ਅਕਾਲੀ ਲੀਡਰਾਂ ਨੇ ਅਪਣਾ ਸਾਰਾ ਜ਼ੋਰ ਪਾਕਿਸਤਾਨ ਨੂੰ ਹੋਂਦ ਵਿਚ ਆਉਣ ਤੋਂ ਰੋਕਣ ਲਈ ਲਾ ਰਖਿਆ ਸੀ। ਜਦੋਂ ਜੱਗ ਜ਼ਾਹਰ ਹੋ ਗਿਆ ਕਿ ਪਾਕਿਸਤਾਨ ਤਾਂ ਬਣ ਕੇ ਹੀ ਰਹੇਗਾ ਤਾਂ ਅਕਾਲੀਆਂ ਨੇ ਅਪਣਾ ਪੈਂਤੜਾ ਬਦਲਿਆ।
(2) ਸਿੱਖ ਲੀਡਰਾਂ ਨੇ ‘ਆਜ਼ਾਦ ਪੰਜਾਬ’ ਦੀ ਮੰਗ ਪੇਸ਼ ਕੀਤੀ। ਇਸ ਵਿਚ 40% ਮੁਸਲਿਮ, 40% ਹਿੰਦੂ ਅਤੇ 20% ਸਿੱਖ ਆਬਾਦੀ ਹੋਵੇਗੀ। ਇਸ ਆਜ਼ਾਦ ਪੰਜਾਬ ਦੀਆਂ ਹੱਦਾਂ ਜਿਹਲਮ ਤੇ ਜਮਨਾ ਦਰਿਆ ਨਿਰਧਾਰਤ ਕਰਨਗੇ। ਇਸ ਖ਼ਿੱਤੇ ਵਿਚ ਲਾਹੌਰ, ਨਨਕਾਣਾ ਸਾਹਿਬ ਅਤੇ ਬਾਰਾਂ ਦੇ ਇਲਾਕੇ ਸ਼ਾਮਲ ਹੋਣਗੇ ਜੋ ਸਿੱਖਾਂ ਨੇ ਆਬਾਦ ਕੀਤੇ ਸਨ। ਅੰਗਰੇਜ਼ ਹਕੂਮਤ ਨੇ ਇਹ ਮਤਾ ਰੱਦ ਕਰ ਦਿਤਾ।
(3) ਜਦੋਂ 3 ਜੂਨ 1947 ਨੂੰ ਪੰਜਾਬ ਦੀ ਵੰਡ ਦਾ ਮਸੌਦਾ ਤਿਆਰ ਹੋ ਗਿਆ ਤਾਂ ਸਿੱਖ ਲੀਡਰਾਂ ਨੂੰ ਹੋਸ਼ ਆਈ ਕਿ ਉਹ ਤਾਂ ਬਰਬਾਦੀ ਦੇ ਕਿਨਾਰੇ ਵਲ ਵੱਧ ਰਹੇ ਹਨ। ਸਿਆਣੇ ਕਹਿੰਦੇ ਹਨ, ‘ਅਬ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈ ਖੇਤ’। ਸਿੱਖਾਂ ਨੇ ‘ਸਿੱਖ ਸਟੇਟ’ ਜਾਂ ਸਿੱਖਸਤਾਨ ਦੀ ਮੰਗ ਦਾ ਰੌਲਾ ਪਾਇਆ ਪ੍ਰੰਤੂ ਹੁਣ ਸਮਾਂ ਲੰਘ ਗਿਆ ਸੀ। ਬਲਦੇਵ ਸਿੰਘ ਤਾਂ ਪਹਿਲਾਂ ਹੀ ਕਾਂਗਰਸ ਦੀ ਝੋਲੀ ਚੜ੍ਹ ਚੁੱਕਾ ਸੀ।
(4) ਜਦੋਂ ਹਰ ਹੀਲਾ ਫ਼ੇਲ ਹੋ ਗਿਆ ਤਾਂ ਸਿੱਖ ਲੀਡਰਾਂ ਨੇ ਪੰਜਾਬ ਦੀ ਵੰਡ ਮਨਜ਼ੂਰ ਕਰ ਲਈ। ਨਹਿਰੂ ਤਾਂ ਹੀ ਕਹਿੰਦਾ ਸੀ ਕਿ ‘‘ਅਸੀਂ ਤਾਂ ਸਿੱਖ ਲੀਡਰਾਂ ਦੀ ਗੱਲ ਮੰਨੀ ਹੈ।’’ ਮਾਊਂਟਬੈਟਨ ਨੇ ਲਿਖਿਆ ਹੈ ਕਿ ਸਿੱਖ ਹਰ ਪੱਖੋਂ ਘਾਟੇ ਵਿਚ ਰਹੇ ਹਨ। ਉਹ ਕੋਈ ਠੋਸ ਦਲੀਲਾਂ ਉਪਰ ਆਧਾਰਤ ਮੰਗ ਨਹੀਂ ਪੇਸ਼ ਕਰ ਸਕੇ ਜਿਸ ਕਰ ਕੇ ‘ਸਿੱਖ ਸਟੇਟ’ ਤੋਂ ਵਾਂਝੇ ਰਹਿ ਗਏ।
(5) ਪੰਜਾਬ ਦੀ ਵੰਡ ਨੇ ਸਿੱਖਾਂ ਦੇ ਧਾਰਮਕ ਅਸਥਾਨਾਂ ਦਾ ਵਿਛੋੜਾ, ਜਾਇਦਾਦਾਂ ਅਤੇ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਕੌਮ ਦੇ ਪੱਲੇ ਪਾਇਆ। ਮਾਸਟਰ ਤਾਰਾ ਸਿੰਘ ਆਜ਼ਾਦ ਭਾਰਤ ਵਿਚ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਘੋਲ ਕਰਦੇ ਰਹੇ। 1984 ਦਾ ਆਪ੍ਰੇਸ਼ਨ ਨੀਲਾ ਤਾਰਾ ਅਤੇ ਸਿੱਖ ਕੌਮ ਦੀ ਤ੍ਰਾਸਦੀ ਅਤੇ ਬਰਬਾਦੀ ਇਸੇ ਸੰਦਰਭ ਵਿਚ ਵਿਚਾਰੀ ਜਾ ਸਕਦੀ ਹੈ।
ਪ੍ਰੋ. ਹਰਦੇਵ ਸਿੰਘ ਵਿਰਕ, ਮੋਹਾਲੀ
ਮੋਬਾਇਲ -94175-53347
(For more news apart from India was not partitioned in 1947, but two states, Punjab and Bengal, were partitioned News in Punjabi, stay tuned to Rozana Spokesman)