ਗੁਰੂ ਗ੍ਰੰਥ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੇ ਬਰਗਾੜੀ ਇਨਸਾਫ਼ ਮੋਰਚਾ
Published : Dec 22, 2018, 9:16 am IST
Updated : Dec 22, 2018, 9:16 am IST
SHARE ARTICLE
Bargari Morcha
Bargari Morcha

ਕਈ ਅਕਾਲੀ ਆਗੂਆਂ ਤੇ ਦੂਜਿਆਂ ਨੇ ਮੋਰਚੇ ਦੇ ਸੰਚਾਲਕਾਂ ਦੀ ਆਲੋਚਨਾ ਕੀਤੀ ਹੈ ਕਿ ਬਿਨਾਂ ਕਿਸੇ ਪ੍ਰਾਪਤੀ ਦੇ ਮੋਰਚਾ ਬੰਦ ਕਰ ਦਿਤਾ ਗਿਆ ਹੈ........

ਕਈ ਅਕਾਲੀ ਆਗੂਆਂ ਤੇ ਦੂਜਿਆਂ ਨੇ ਮੋਰਚੇ ਦੇ ਸੰਚਾਲਕਾਂ ਦੀ ਆਲੋਚਨਾ ਕੀਤੀ ਹੈ ਕਿ ਬਿਨਾਂ ਕਿਸੇ ਪ੍ਰਾਪਤੀ ਦੇ ਮੋਰਚਾ ਬੰਦ ਕਰ ਦਿਤਾ ਗਿਆ ਹੈ।  ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਮੋਰਚੇ ਵਾਲੇ ਸਾਰੇ ਰੈਡੀਕਲ ਤੇ ਅਤਿਵਾਦੀ ਹਨ। ਇਹ ਭੁੱਲ ਗਏ ਕਿ ਇਨਸਾਫ਼ ਮੋਰਚਾ ਬਹੁਤ ਸ਼ਾਂਤਮਈ ਢੰਗ ਨਾਲ ਚਲਿਆ। ਕਿਸੇ ਰਸਤੇ ਉਤੇ ਇਕੱਠੇ ਹੋ ਕੇ ਰੁਕਾਵਟ ਨਹੀਂ ਪਾਈ ਗਈ।

ਸਾਨੂੰ ਸਤਿਕਾਰ ਹੈ, ਢੱਡਰੀਆਂ ਵਾਲਿਆਂ ਦਾ ਤੇ ਬਾਬੇ ਪੰਥ ਪ੍ਰੀਤ ਸਿੰਘ ਤੇ ਹੋਰਾਂ ਦਾ, ਜਿਨ੍ਹਾਂ ਨੇ ਇਨਸਾਫ਼ ਮੋਰਚੇ ਬਾਰੇ ਆਲੋਚਨਾ ਕੀਤੀ ਹੈ ਕਿ ਇਹ ਬੰਦ ਨਹੀਂ ਸੀ ਕਰਨਾ ਚਾਹੀਦਾ। ਇਨ੍ਹਾਂ ਸਾਰੇ ਮਹਾਂਪੁਰਸ਼ਾਂ ਨੂੰ ਕੋਈ ਪੁੱਛੇ ਕਿ ਤੁਸੀ ਆਪ ਇਸ ਮੋਰਚੇ ਵਿਚ ਸ਼ਮੂਲੀਅਤ ਕਿਉਂ ਨਹੀਂ ਕੀਤੀ?  ਹੁਣ ਆਲੋਚਨਾ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ। ਇਸ ਮੋਰਚੇ ਦੀ ਸਫ਼ਲਤਾ ਨੇ ਅਕਾਲੀ ਦਲ (ਬਾਦਲ) ਦੇ ਭਵਿੱਖ ਉਤੇ ਇਕ ਸਵਾਲੀਆ ਨਿਸ਼ਾਨ ਖੜਾ ਕਰ ਦਿਤਾ ਹੈ।

ਜਿਸ ਪਾਰਟੀ ਦੀ ਦਸ ਸਾਲ ਸਰਕਾਰ ਰਹੀ ਹੋਵੇ ਤੇ ਪੰਜਾਬ ਤੇ ਸਿੱਖਾਂ ਦੀਆਂ ਮੰਗਾ ਖ਼ਾਤਰ ਹਜ਼ਾਰਾਂ ਨੌਜੁਆਨ ਮਾਰੇ ਗਏ ਹੋਣ ਤੇ ਪ੍ਰਾਪਤੀ ਸਿਫ਼ਰ ਦੇ ਬਰਾਬਰ ਹੋਵੇ, ਉਹ ਅੱਜ ਕਿਸੇ ਹੋਰ ਦੀ ਆਲੋਚਨਾ ਕਰਦੇ ਚੰਗੇ ਲਗਦੇ ਹਨ? ਇਸ ਮੋਰਚੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਬਾਕੀ ਜਥੇਬੰਦੀਆਂ ਨਾਲ ਰਲ ਕੇ ਇਕ ਸੁਚੱਜਾ ਰਾਜਨੀਤਕ ਪਿੜ ਤਿਆਰ ਕੀਤਾ ਜਾਵੇ ਤਾਕਿ ਸਿੱਖ ਹੱਕਾਂ ਲਈ ਇਹ ਇਕ ਨੁਮਾਇੰਦਾ ਜਥੇਬੰਦੀ ਬਣ ਸਕੇ।

ਸਿੱਖ ਕੌਮ ਦੇ ਧਾਰਮਕ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿਤਾ ਗਿਆ ਸੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਨੂੰ ਹੁਕਮ ਸੀ ਕਿ ''ਸਭੁ ਸਿੱਖਨ ਕੋ ਹੁਕਮੁ ਹੈ, ਗੁਰੂ ਮਾਨਿਉ ਗ੍ਰੰਥ।'' ਵੇਖਣ ਵਿਚ ਆਇਆ ਕਿ ਪਿਛਲੇਰੇ ਸਾਢੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਵਖਰੀਆਂ-ਵਖਰੀਆਂ ਥਾਵਾਂ ਤੇ ਗੁਟਕਾ ਸਾਹਿਬ ਦੇ ਪਤਰੇ ਸਾੜਨ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਸਿੱਖ ਹਿਰਦੇ ਵਲੂੰਧਰੇ ਗਏ ਜਦੋਂਕਿ ਸਾਡੀ ਅਕਾਲੀ ਸਰਕਾਰ, ਇਹ ਨੀਚ ਕਾਰਾ ਕਰਨ ਵਾਲਿਆਂ ਨੂੰ ਫੜ ਵੀ ਨਾ ਸਕੀ।

ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ 1 ਜੂਨ 1915 ਨੂੰ ਪਿੰਡ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਤੋਂ ਚੋਰੀ ਹੋਏ ਸਨ। ਸਿਰਸਾ ਡੇਰਾ (ਪੈਰੋਕਾਰਾਂ) ਪ੍ਰੇਮੀਆਂ ਵਲੋਂ 25 ਸਤੰਬਰ 2015 ਨੂੰ ਕੰਧ ਉਤੇ ਇਸ਼ਤਿਹਾਰ ਲਗਾਇਆ ਗਿਆ ਤੇ ਸਿੱਖ ਸੰਗਤ ਨੂੰ ਚੈਲੇਂਜ ਦਿਤਾ ਗਿਆ ਕਿ ਤੁਹਾਡੇ ਗੁਰੂ ਦੇ ਸਰੂਪ ਚੋਰੀ ਕਰ ਲਏ ਗਏ ਹਨ ਤੇ ਜੇ ਹਿੰਮਤ ਹੈ ਤਾਂ ਲੱਭ ਲਉ। ਇਹ ਵੀ ਉਨ੍ਹਾਂ ਪੋਸਟਰਾਂ ਵਿਚ ਲਿਖਿਆ ਸੀ ਕਿ ਅਸੀ ਬੇਅਦਬੀ ਕਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਾਂਗੇ। ਉਸ ਵਕਤ ਦੀ ਅਕਾਲੀ ਸਰਕਾਰ, ਕਿਸੇ ਹਰਕਤ ਵਿਚ ਨਾ ਆਈ।

ਸਿਰਸੇ ਡੇਰੇ ਦੇ ਪੈਰੋਕਾਰਾਂ ਵਲੋਂ, ਦਿਤੀ ਧਮਕੀ ਮੁਤਾਬਕ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਦੇ ਹੋਏ ਘੋਰ ਬੇਅਦਬੀ ਕੀਤੀ। ਇਸ ਘਟਨਾ ਦੇ ਵਾਪਰਨ ਉਤੇ, ਇਲਾਕੇ ਦੀਆਂ ਸੰਗਤਾਂ ਨੇ ਦੁਖ ਪ੍ਰਗਟ ਕਰਦਿਆਂ ਥਾਉਂ-ਥਾਈਂ ਰੋਸ ਧਰਨੇ ਦਿਤੇ। ਬਹਿਬਲ ਕਲਾਂ ਤੇ ਕੋਟਕਪੂਰਾ ਵਿਚ 24 ਅਕਤੂਬਰ 2015 ਨੂੰ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਸੰਗਤਾਂ ਉਪਰ, ਪੰਜਾਬ ਪੁਲਿਸ ਨੇ ਤਸ਼ੱਦਦ ਕੀਤਾ।

ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਨਿਹੱਥੇ ਸਿੰਘਾਂ ਉਤੇ ਗੋਲੀਆਂ ਚਲਾਈਆਂ ਜਿਸ ਦੇ ਫ਼ਲਸਰੂਪ ਦੋ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਬਹਿਬਲ ਖੁਰਦ ਵਾਲੇ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਵਾਲੇ ਮੌਕੇ ਉਤੇ ਹੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਤੇ ਅਣਗਿਣਤ ਸਿੱਖ ਜ਼ਖ਼ਮੀ ਹੋਏ। ਇਨ੍ਹਾਂ ਬਦਕਿਸਮਤ ਘਟਨਾਵਾਂ ਕਰ ਕੇ, ਸਿੱਖ ਕੌਮ ਦੋਸ਼ੀਆਂ ਨੂੰ ਫੜਨ ਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਗੁਹਾਰ ਲਗਾ ਰਹੀ ਹੈ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੇਂਦਰੀ ਜਾਂਚ ਏਜੰਸੀ, ਸੀ.ਬੀ.ਆਈ ਨੂੰ ਇਸ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਲਈ ਕਿਹਾ।

ਇਸ ਤੋਂ ਬਿਨਾਂ ਬਾਕੀ ਮਸਲਿਆਂ ਦੀ ਜਾਂਚ ਲਈ 15 ਅਕਤੂਬਰ 2015 ਨੂੰ ਜਸਟਿਸ (ਰ) ਜ਼ੋਰਾ ਸਿੰਘ ਪੜਤਾਲੀਆ ਕਮਿਸ਼ਨ ਸਥਾਪਤ ਕਰ ਦਿਤਾ। ਇਹ ਭਰੋਸਾ ਦਿਤਾ ਗਿਆ ਕਿ ਕਮਿਸ਼ਨ ਦੀ ਰਿਪੋਰਟ ਜਨਤਕ ਕਰਦੇ ਹੋਏ, ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ। ਕਮਿਸ਼ਨ ਦੀ ਰਿਪੋਰਟ 1 ਜੁਲਾਈ 2016 ਨੂੰ ਪੰਜਾਬ ਸਰਕਾਰ ਨੂੰ ਦੇ ਦਿਤੀ ਗਈ, ਪਰ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਨੂੰ ਬਿਲਕੁਲ ਅਣਗੌਲਿਆਂ ਕਰ ਦਿਤਾ। ਇਹ ਰਿਪੋਰਟ ਨਾ ਵਿਧਾਨ ਸਭਾ ਵਿਚ ਪੇਸ਼ ਕੀਤੀ ਤੇ ਨਾ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਗਈ। ਸਿੱਖ ਸੰਗਤਾਂ ਦਾ ਰੋਸ ਹੋਰ ਪ੍ਰਚੰਡ ਹੁੰਦਾ ਗਿਆ।

ਸਥਾਪਤ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਸੰਗਤਾਂ ਵਲੋਂ ਸਤਿਕਾਰ ਮਿਲਣਾ ਬੰਦ ਹੋ ਗਿਆ ਤੇ ਹਾਲਾਤ ਇਹੋ ਜਿਹੇ ਹੋ ਗਏ ਕਿ ਉਹ ਪੁਲਿਸ ਛਤਰੀ ਹੇਠ ਹੀ ਬਾਹਰ ਨਿਕਲਣ ਦੀ ਹੀਆ ਕਰਦੇ। ਇਹ ਸਾਰਾ ਇਸ ਕਰ ਕੇ ਹੋਇਆ ਕਿਉਂਕਿ ਉਨ੍ਹਾਂ ਨੇ ਸਿਰਸੇ ਵਾਲੇ ਸੌਦਾ ਸਾਧ ਨੂੰ, ਅਕਾਲੀ ਰਾਜਨੀਤਕਾਂ ਦੇ ਕਹਿਣ ਤੇ ਉਸ ਵਲੋਂ ਦਿਤੇ ਹੋਏ ਸਪੱਸ਼ਟੀਕਰਨ ਨੂੰ ਪ੍ਰਵਾਨ ਕਰ ਲਿਆ। ਸਿੱਖ ਕੌਮ ਦੀ ਨਿਰੰਤਰ ਮੰਗ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹਰੁਮਤੀ ਕਰਨ ਵਾਲਿਆਂ ਨੂੰ ਸਜ਼ਾ ਮਿਲੇ। 

ਪੰਜਾਬ ਵਿਚ ਜਦੋਂ ਮਾਰਚ 2017 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਚੋਣਾਂ ਤੋਂ ਪਹਿਲਾਂ ਉਹ ਹਰ ਜਲਸੇ, ਜਲੂਸ ਵਿਚ ਉੱਚੀ-ਉੱਚੀ ਕਹਿੰਦੇ ਰਹੇ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਸੰਦਰਭ ਵਿਚ ਉਨ੍ਹਾਂ ਨੇ ਇਕ ਮੈਂਬਰ ਪੜਤਾਲੀਆ ਕਮਿਸ਼ਨ ਰੀਟਾਇਰਡ ਜਸਟਿਸ ਰਣਜੀਤ ਸਿੰਘ, ਸਥਾਪਤ ਕੀਤਾ। ਇਸ ਕਮਿਸ਼ਨ ਨੇ ਬਹੁਤ ਡੂੰਘਾਈ ਤੇ ਬਰੀਕੀ ਵਿਚ ਜਾ ਕੇ, ਸਾਰੇ ਪੱਖਾਂ ਨੂੰ ਪੜਤਾਲਿਆ ਤੇ  ਅਪਣੀ ਰਿਪੋਰਟ, ਮੁੱਖ ਮੰਤਰੀ ਨੂੰ ਦੇ ਦਿਤੀ।

ਪੰਜਾਬ ਸਰਕਾਰ ਨੇ ਇਸ ਰਿਪੋਰਟ ਨੂੰ ਨਾ ਤਾਂ ਕੈਬਨਿਟ ਵਿਚ ਰਖਿਆ ਤੇ ਨਾ ਹੀ ਵਿਧਾਨ ਸਭਾ ਵਿਚ ਲਿਆਂਦਾ ਪਰ ਸੀ.ਬੀ.ਆਈ ਨੂੰ ਜਾਂਚ ਲਈ ਸਪੁਰਦ ਕਰ ਦਿਤਾ। ਇਸ ਸਾਰੀ ਘਟਨਾ ਨੂੰ ਤਕਰੀਬਨ ਢਾਈ ਸਾਲ ਦਾ ਸਮਾਂ ਬੀਤ ਗਿਆ ਸੀ ਤੇ ਸੱਚ ਜਾਣੋ, ਸਿਵਾਏ ਕਮਿਸ਼ਨ ਸਥਾਪਤ ਕਰਨ ਦੇ, ਸਰਕਾਰ ਵਲੋਂ ਕੋਈ ਤਸੱਲੀਬਖ਼ਸ਼ ਕਾਰਵਾਈ ਨਹੀਂ ਸੀ ਹੋਈ। ਇਸ ਮਸਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ 1 ਜੂਨ 2018 ਤੋਂ ਬਰਗਾੜੀ ਵਿਚ ਇਕ ਸ਼ਾਂਤਮਈ ਰੋਸ ਧਰਨਾ ਸ਼ੁਰੂ ਕਰ ਦਿਤਾ ਜਿਸ ਨੂੰ ਬਰਗਾੜੀ ਇਨਸਾਫ਼ ਮੋਰਚੇ ਦਾ ਨਾਂ ਦਿਤਾ ਗਿਆ।

ਦਿਨੋ-ਦਿਨ ਇਸ ਇਨਸਾਫ਼ ਮੋਰਚੇ ਨੂੰ ਸੰਤ ਸਮਾਜ, ਨਿਹੰਗ ਜਥੇਬੰਦੀਆਂ, ਅਕਾਲੀ ਦਲ (ਅੰਮ੍ਰਿਤਸਰ) ਅਕਾਲੀ ਦਲ 1920, ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਕਈ ਮੈਂਬਰ, ਅਕਾਲੀ ਦਲ ਦਿੱਲੀ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ ਤੇ ਸਿੱਖਾਂ ਦੇ ਪੜ੍ਹੇ ਲਿਖੇ ਵਿਦਵਾਨਾਂ ਦਾ ਸਹਿਯੋਗ ਮਿਲਣ ਲੱਗ ਪਿਆ। ਜਦੋਂ ਅਕਾਲੀ ਦਲ ਬਾਦਲ ਨੇ ਪਟਿਆਲੇ ਤੇ ਕਾਂਗਰਸ ਨੇ ਲੰਬੀ ਵਿਚ ਇਕੱਠ ਕੀਤੇ ਤਾਂ, ਬਰਗਾੜੀ ਇਨਸਾਫ਼ ਮੋਰਚੇ ਵਿਚ ਉਸ ਦਿਨ ਲੱਖਾਂ ਦਾ ਇਕੱਠ ਹੋਇਆ।

ਇਸ ਮੋਰਚੇ ਦਾ ਸਮਰਥਨ ਏਨਾ ਸੀ ਕਿ ਕੋਟਕਪੂਰੇ ਤੋਂ ਬਰਗਾੜੀ ਤੇ ਗੋਨਿਆਣਾ ਤੋਂ ਬਰਗਾੜੀ ਤਕ ਦਾ ਸਾਰਾ ਰਸਤਾ ਜਾਮ ਹੋ ਗਿਆ। ਲੋਕਾਂ ਨੇ ਅਪਣੇ ਆਪ ਥਾਂ-ਥਾਂ ਲੰਗਰ ਲਗਾਏ। ਅਕਾਲੀ ਦਲ ਬਾਦਲ ਦੀ ਸਾਖ ਦਿਨੋਂ ਦਿਨ ਘਟਦੀ ਗਈ ਤੇ ਪੰਜਾਬ ਸਰਕਾਰ ਵੀ ਸਮਝ ਗਈ ਕਿ ਬਰਗਾੜੀ ਇਨਸਾਫ਼ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਤਾਂ ਕਰਨੀ ਹੀ ਪੈਣੀ ਹੈ। ਬਰਗਾੜੀ ਇਨਸਾਫ਼ ਮੋਰਚੇ ਦੀਆਂ ਤਿੰਨ ਮੰਗਾਂ ਇਸ ਤਰ੍ਹਾਂ ਸਨ:-

1. ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ, ਕਾਨੂੰਨ ਦੇ ਹਵਾਲੇ ਕਰਨਾ।

2. ਬਹਿਬਲ ਕਲਾਂ ਤੋਂ ਕੋਟਕਪੂਰਾ ਗੋਲੀ ਕਾਂਡ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਤੇ ਕਾਨੂੰਨ ਦੇ ਹਵਾਲੇ ਕਰਨਾ।

3. ਸਜ਼ਾਵਾਂ ਪੂਰੀਆਂ ਕਰ ਚੁੱਕੇ, ਬੰਦੀ ਸਿੰਘਾਂ ਦੀ ਤੁਰਤ ਰਿਹਾਈ।

ਬਰਗਾੜੀ ਦੀ ਅਨਾਜ ਮੰਡੀ ਦੇ ਮੈਦਾਨ ਵਿਚ, ਇਨ੍ਹਾਂ ਨੇ ਧਰਨਾ ਲਗਾਇਆ ਤੇ ਇਸ ਦੀ ਅਗਵਾਈ ਜਥੇਦਾਰ ਧਿਆਨ ਸਿੰਘ ਮੰਡ ਕਰ ਰਹੇ ਸਨ ਉਨ੍ਹਾਂ ਦੇ ਸਹਿਯੋਗੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਨ। ਦੋ ਵਾਰੀ ਬਹੁਤ ਭਰਵੇਂ ਇਕੱਠ ਨੂੰ ਵੇਖ ਕੇ, ਪੰਜਾਬ ਸਰਕਾਰ ਨੇ ਦੋ ਵਜ਼ੀਰਾਂ ਨੂੰ ਭੇਜ ਕੇ ਇਨ੍ਹਾਂ ਨਾਲ ਰਾਬਤਾ ਬਣਾਇਆ। ਜਥੇਦਾਰ ਮੰਡ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਦੋਂ ਤਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਇਹ ਸ਼ਾਂਤਮਈ ਮੋਰਚਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਗਵਰਨਰ ਪੰਜਾਬ ਨੂੰ ਜਥੇਦਾਰ ਮੰਡ ਵਲੋਂ ਸਥਾਪਤ ਨੁਮਾਇੰਦੇ ਤੇ ਬਾਕੀ ਪਾਰਟੀਆਂ ਦੇ ਮਨੋਨੀਤ ਕੀਤੇ ਨੁਮਾਇੰਦਿਆਂ ਨੇ, ਇਹ ਮੈਮੋਰੰਡਮ 24 ਅਕਤੂਬਰ 2018 ਨੂੰ ਦਿਤਾ। 

ਇਸ ਮੋਰਚੇ ਬਾਰੇ ਅਕਾਲੀ ਦਲ (ਬਾਦਲ) ਨੇ ਕਿਹਾ ਕਿ ਮੋਰਚੇ ਵਾਲੇ ਸਾਰੇ ਹੀ ਅਤਿਵਾਦੀ ਹਨ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਲੇਖਕ ਨੇ ਆਪ ਬਰਗਾੜੀ ਪਹੁੰਚ ਕੇ ਵੇਖਿਆ ਕਿ ਢਾਡੀ ਵਾਰਾਂ ਗਾ ਰਹੇ ਸਨ, ਕੀਰਤਨ ਵੀ ਹੋ ਰਿਹਾ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਉਥੇ ਪੁੱਜੇ ਹੋਏ ਨੇਤਾ ਵਾਰੋ-ਵਾਰੀ ਭਾਸ਼ਣ ਵੀ ਦੇ ਰਹੇ ਸਨ। ਜਥੇਦਾਰ ਧਿਆਨ ਸਿੰਘ ਮੰਡ ਨੇ ਬੁਧੀਜੀਵੀਆਂ ਦੀ ਇਕ ਇਕੱਤਰਤਾ ਵੀ ਬੁਲਾਈ ਤੇ ਸੱਭ ਦੇ ਵਿਚਾਰ ਲਏ। ਜਿੰਨੀਆਂ ਜਥੇਬੰਦੀਆਂ ਤੇ ਪਾਰਟੀਆਂ ਨੇ ਸਹਿਯੋਗ ਦਿਤਾ ਸੀ, ਉਨ੍ਹਾਂ ਦੇ ਨੁਮਾਇੰਦਿਆਂ ਨੂੰ ਬਰਗਾੜੀ ਬੁਲਾ ਕੇ ਸਲਾਹ ਮਸ਼ਵਰੇ ਕੀਤੇ ਗਏ।

ਇਕ ਗੱਲ ਮੋਰਚੇ ਬਾਰੇ ਕਹਿਣੀ ਬਣਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਨਾਮ ਲੇਵਾ ਸੰਗਤ, ਹਜ਼ਾਰਾਂ, ਲੱਖਾਂ ਦੀ ਗਿਣਤੀ ਵਿਚ ਵਾਰ-ਵਾਰ ਜੁੜਨ ਦੇ ਬਾਵਜੂਦ ਵੀ, ਬਿਲਕੁਲ ਸ਼ਾਂਤ ਰਹੀ ਤੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ। ਸ਼ਾਂਤਮਈ ਮੋਰਚੇ ਵਲੋਂ ਮਨੋਨੀਤ ਕੀਤੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਦੇ ਸੱਦੇ ਉਤੇ ਗੱਲਬਾਤ ਆਰੰਭੀ। ਪੰਜਾਬ ਸਰਕਾਰ ਨੇ ਹੇਠ ਲਿਖੀਆਂ ਮੰਗਾਂ ਮੰਨ ਲਈਆਂ ਹਨ। ਦੋ ਵਜ਼ੀਰ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾਂ ਨੇ ਆਪ ਬਰਗਾੜੀ ਆ ਕੇ ਮਹਾਰਾਜ ਦੀ ਹਜ਼ੂਰੀ ਵਿਚ ਮੰਗਾਂ ਮੰਨੀਆਂ ਤੇ ਕਿਹਾ ਕਿ 

(ਓ) ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ 35 ਬੰਦੇ ਗ੍ਰਿਫ਼ਤਾਰ ਕਰ ਲਏ ਗਏ ਹਨ।

(ਅ) ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ, ਸਿਰਸਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਵੀ ਸੰਮਨ ਜਾਰੀ ਕਰ ਦਿਤੇ ਹਨ। 

() ਬਹਿਬਲ ਕਲਾਂ ਤੇ ਕੋਟਕਪੂਰਾ ਦੇ ਗੋਲੀ ਕਾਂਡ ਵਿਚ ਸ਼ਹੀਦ ਹੋਇਆਂ ਦੇ ਪ੍ਰਵਾਰਾਂ ਨੂੰ ਇਕ-ਇਕ ਕਰੋੜ ਰੁਪਿਆ ਦਿਤਾ ਗਿਆ ਹੈ।

(ਸ) ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਵਧੀਕੀਆਂ ਕੀਤੀਆਂ ਹਨ, ਉਨ੍ਹਾਂ ਨੇ ਹਾਈਕੋਰਟ ਵਿਚੋਂ ਸਟੇਅ ਲਿਆ ਹੋਇਆ ਹੈ। ਪੰਜਾਬ ਸਰਕਾਰ ਉਸ ਸਟੇਅ ਦੀ ਵਿਰੋਧਤਾ ਕਰੇਗੀ ਤੇ ਦੋ ਵਕੀਲ ਪੰਥਕ ਧਿਰਾਂ ਵਲੋਂ ਵੀ ਇਸ ਕੇਸ ਵਿਚ ਸਰਕਾਰੀ ਵਕੀਲਾਂ ਦਾ ਸਾਥ ਦੇਣਗੇ।

(ਹ) ਵਾਅਦਾ ਕੀਤਾ ਗਿਆ ਕਿ ਅਸੈਂਬਲੀ ਵਿਚ ਬਿੱਲ ਲਿਆ ਕੇ ਪਾਸ ਕੀਤਾ ਜਾਵੇਗਾ ਕਿ ਸਿੱਖ ਕੈਦੀਆਂ ਨੂੰ 180 ਦਿਨ ਦੀ ਪੈਰੌਲ ਦਿਤੀ ਜਾਵੇਗੀ। ਪੰਜਾਬ ਤੋਂ ਬਾਹਰ ਕੈਦੀਆਂ ਨੂੰ ਪੰਜਾਬ ਵਿਚ ਲਿਆਉਣ ਲਈ ਪੰਜਾਬ ਸਰਕਾਰ ਉਨ੍ਹਾਂ ਸੂਬਿਆਂ ਨਾਲ ਰਾਬਤਾ ਬਣਾਵੇਗੀ।

ਇਨ੍ਹਾਂ ਉਪਰੋਕਤ ਗੱਲਾਂ ਦੇ ਮੰਨਣ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਵਾਅਦੇ ਹੋਣ ਉਤੇ ਮੋਰਚੇ ਦੀ ਸਫ਼ਲਤਾ ਤੇ ਸੰਪੂਰਨਤਾ ਦੀ ਅਰਦਾਸ ਕਰ ਦਿਤੀ ਗਈ। ਕਈ ਅਕਾਲੀ ਆਗੂਆਂ ਤੇ ਦੂਜਿਆਂ ਨੇ ਮੋਰਚੇ ਦੇ ਸੰਚਾਲਕਾਂ ਦੀ ਆਲੋਚਨਾ ਕੀਤੀ ਹੈ ਕਿ ਬਿਨਾਂ ਕਿਸੇ ਪ੍ਰਾਪਤੀ ਦੇ ਮੋਰਚਾ ਬੰਦ ਕਰ ਦਿਤਾ ਗਿਆ ਹੈ।  ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਮੋਰਚੇ ਵਾਲੇ ਸਾਰੇ ਰੈਡੀਕਲ ਤੇ ਅਤਿਵਾਦੀ ਹਨ। ਇਹ ਭੁੱਲ ਗਏ ਕਿ ਇਨਸਾਫ਼ ਮੋਰਚਾ ਬਹੁਤ ਸ਼ਾਂਤਮਈ ਢੰਗ ਨਾਲ ਚਲਿਆ ਕਿਸੇ ਰਸਤੇ ਉਤੇ ਇਕੱਠੇ ਹੋ ਕੇ ਰੁਕਾਵਟ ਨਹੀਂ ਪਾਈ ਗਈ। ਸਾਨੂੰ ਸਤਿਕਾਰ ਹੈ,

ਢੱਡਰੀਆਂ ਵਾਲਿਆਂ ਦਾ ਤੇ ਬਾਬੇ ਪੰਥ ਪ੍ਰੀਤ ਸਿੰਘ ਤੇ ਹੋਰਾਂ ਦਾ, ਜਿਨ੍ਹਾਂ ਨੇ ਇਨਸਾਫ਼ ਮੋਰਚੇ ਬਾਰੇ ਆਲੋਚਨਾ ਕੀਤੀ ਹੈ ਕਿ ਇਹ ਬੰਦ ਨਹੀਂ ਸੀ ਕਰਨਾ ਚਾਹੀਦਾ। ਇਨ੍ਹਾਂ ਸਾਰੇ ਮਹਾਂਪੁਰਸ਼ਾਂ ਨੂੰ ਕੋਈ ਪੁੱਛੇ ਕਿ ਤੁਸੀ ਆਪ ਇਸ ਮੋਰਚੇ ਵਿਚ ਸ਼ਮੂਲੀਅਤ ਕਿਉਂ ਨਹੀਂ ਕੀਤੀ?  ਹੁਣ ਆਲੋਚਨਾ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਬਣਦਾ। ਇਸ ਮੋਰਚੇ ਦੀ ਸਫ਼ਲਤਾ ਨੇ ਅਕਾਲੀ ਦਲ (ਬਾਦਲ) ਦੇ ਭਵਿੱਖ ਉਤੇ ਇਕ ਸਵਾਲੀਆ ਨਿਸ਼ਾਨ ਖੜਾ ਕਰ ਦਿਤਾ ਹੈ।

ਜਿਸ ਪਾਰਟੀ ਦੀ ਦਸ ਸਾਲ ਸਰਕਾਰ ਰਹੀ ਹੋਵੇ ਤੇ ਪੰਜਾਬ ਤੇ ਸਿੱਖਾਂ ਦੀਆਂ ਮੰਗਾ ਖ਼ਾਤਰ ਹਜ਼ਾਰਾਂ ਨੌਜੁਆਨ ਮਾਰੇ ਗਏ ਹੋਣ ਤੇ ਪ੍ਰਾਪਤੀ ਸਿਫਰ ਦੇ ਬਰਾਬਰ ਹੋਵੇ, ਉਹ ਅੱਜ ਕਿਹੜੀ ਗੱਲੋਂ ਕਿਸੇ ਹੋਰ ਦੀ ਆਲੋਚਨਾ ਕਰਦੇ ਚੰਗੇ ਲਗਦੇ ਹਨ? ਇਸ ਮੋਰਚੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਬਾਕੀ ਜਥੇਬੰਦੀਆਂ ਨਾਲ ਰਲ ਕੇ ਇਕ ਸੁਚੱਜਾ ਰਾਜਨੀਤਕ ਪਿੜ ਤਿਆਰ ਕੀਤਾ ਜਾਵੇ ਤਾਕਿ ਸਿੱਖ ਹੱਕਾਂ ਲਈ ਇਹ ਇਕ ਨੁਮਾਇੰਦਾ ਜਥੇਬੰਦੀ ਬਣ ਸਕੇ।

ਹਰਚਰਨ ਸਿੰਘ
ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ
ਸੰਪਰਕ : 88720-06924

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM
Advertisement