
ਲੰਘੀ 22 ਅਗਸਤ ਨੂੰ ਕਮੇਡੀ ਕਿੰਗ ਜਸਵਿੰਦਰ ਭੱਲਾ ਦਾ ਹੋਇਆ ਸੀ ਦਿਹਾਂਤ
ਪੰਜਾਬੀ ਫ਼ਿਲਮ ਜਗਤ ਤੇ ਵੱਡੇ ਪਰਦੇ ਦਾ ਧਰੂ ਤਾਰਾ ਜਸਵਿੰਦਰ ਭੱਲਾ 22 ਅਗੱਸਤ ਨੂੰ ਅਪਣੇ ਵਿਅੰਗਮਈ ਹਾਸਰਸ ਪ੍ਰਸੰਗ ਦੇ ਕੇ ਸਦਾ ਲਈ ਅਸਤ ਹੋ ਗਿਆ। ਭੱਲਾ ਦਾ ਅੰਦਾਜ਼ ਤੇ ਉਨ੍ਹਾਂ ਦੀ ਪੇਸ਼ਕਾਰੀ, ਹਾਸੇ-ਠੱਠੇ ਅਤੇ ਜ਼ਿੰਦਗੀ ਪ੍ਰਤੀ ਹਲਕੇ-ਫੁਲਕੇ ਦਿ੍ਰਸ਼ਟੀਕੋਣ ਸਰੋਤਿਆਂ ਨੇ ਚਾਰ ਦਹਾਕੇ ਰੱਜ ਕੇ ਮਾਣੇ। 4 ਮਈ 1960 ਨੂੰ ਵਿਚ ਲੁਧਿਆਣਾ ਜ਼ਿਲੇ੍ਹ ਦੇ ਪਿੰਡ ਕੱਦੋਂ ਵਿਚ ਮਾਸਟਰ ਬਾਹਦਰ ਸਿੰਘ ਪ੍ਰਾਇਮਰੀ ਅਧਿਆਪਕ ਦੇ ਘਰ ਜਨਮੇ ਭੱਲਾ ਇਕ ਸਧਾਰਨ ਕਿਸਾਨ ਪਰਵਾਰ ਤੋਂ ਫ਼ਿਲਮ ਜਗਤ ਵਿਚ ਇਕ ਸਟਾਰ ਬਣੇ। ਉਨ੍ਹਾਂ ਦਾ ਬਚਪਨ ਪੰਜਾਬ ਦੀ ਮਿੱਟੀ, ਖੇਤਾਂ ਅਤੇ ਪੇਂਡੂ ਸਭਿਆਚਾਰ ਵਿਚ ਬੀਤਿਆ। ਇੱਥੋਂ ਹੀ ਉਨ੍ਹਾਂ ਨੂੰ ਲੋਕ-ਬੋਲੀ, ਪੇਂਡੂ ਹਾਸਰਸ ਅਤੇ ਸਮਾਜ ਦੀਆਂ ਬਾਰੀਕੀਆਂ ਨੂੰ ਦੇਖਣ ਦਾ ਦਿ੍ਰਸ਼ਟੀਕੋਣ ਮਿਲਿਆ। ਅਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਗਏ, ਜਿਥੇ ਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਖੇਤੀ ਪੀ.ਐਚ.ਡੀ ਐਕਸਟੈਂਸ਼ਨ ਅਜੂਕੇਸ਼ਨ ਹਾਸਲ ਕਰ ਕੇ ਲੰਬਾ ਸਮਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਈ।
ਜਸਵਿੰਦਰ ਭੱਲਾ ਅਧਿਆਪਕ ਪਿਤਾ ਦੇ ਸਫ਼ਲ ਅਧਿਆਪਕ ਤੇ ਅਦਾਕਾਰ ਪੁੱਤਰ ਬਣ ਕੇ ਦੁਨੀਆਂ ਵਿਚ ਵਿਚਰੇ ਤੇ ਪੰਜਾਬੀ ਮਾਂ-ਬੋਲੀ ਨੂੰ ਸੌਖੇ ਸ਼ਬਦਾਂ ਵਿਚ ਦੁਨੀਆਂ ਤਕ ਪਹੁੰਚਾਇਆ। ਰੰਗਮੰਗ ਦੀ ਭੂਮੀ ਤੋਂ ਛੋਟੇ ਤੇ ਫੇਰ ਵੱਡੇ ਪਰਦੇ ’ਤੇ ਉਸ ਦੇ ਡਾਇਲਾਗਜ਼ ਦੀ ਧੱਕ ਨੇ ਉਸ ਨੂੰ ਹਰਦਿਲ ਅਜ਼ੀਜ਼ ਬਣਾ ਕੇ ਪੇਸ਼ ਕੀਤਾ ਤੇ ਕੋਈ ਅੱਜ ਇਹ ਦੌਰ ਸੀ ਕਿ ਉਸ ਤੋਂ ਬਿਨਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਜਾਪਦੀ ਸੀ। 1988 ਵਿੱਚ, ਉਨ੍ਹਾਂ ਦੀਆਂ ਕਾਮੇਡੀ ਆਡੀਉ ਕੈਸੇਟ ਛਣਕਾਟਾ-88 ਨਾਂ ਦੀ ਹਾਸਰਸ ਕੈਸੇਟ ਨਾਲ ਉਨ੍ਹਾ ਨੇ ਅਧਿਆਪਕ ਦੇ ਨਾਲ-ਨਾਲ ਕਲਾਕਾਰੀ ਦੀ ਦੁਨੀਆਂ ਵਿਚ ਪੈਰ ਰਖਿਆ ਤੇ ਜਮਾ ਵੀ ਲਿਆ। ਉਨ੍ਹਾਂ ਨੇ ਲਗਾਤਾਰ 27 ਸਾਲ 27 ਛਣਕਾਟੇ ਕੈਸਿਟਾਂ ਦੇ ਰੂਪ ਵਿਚ ਸਰੋਤਿਆਂ ਦੀ ਝੋਲੀ ਪਾਏ ਜਿਸ ਵਿਚ ਪੰਜਾਬੀ ਮੁਹਾਵਰਿਆਂ, ਅਖਾਣਾਂ ਦੀ ਅਜਿਹੀ ਵਿਅੰਗਮਈ ਵਰਤੋਂ ਹੁੰਦੀ ਸੀ ਜਿਸ ਵਿਚ ਪੇਂਡੂ ਜੀਵਨ ਤੇ ਪੰਜਾਬੀ ਵਿਚ ਉਨ੍ਹਾਂ ਦੀ ਮੁਹਾਰਤ ਦੀ ਚੰਗੀ ਝਲਕ ਪੈਂਦੀ ਸੀ। ਕਈ ਵਾਰ ਤਾਂ ਭੱਲਾ ਨੂੰ ਫ਼ਿਲਮ ਡਾਇਰੈਕਟਰ ਸਕ੍ਰਿਪਟ ਤੋਂ ਹਟ ਕੇ ਆਪਣੇ ਕਾਮੇਡੀ ਲਈ ਵੀ ਉਤਸ਼ਾਹਿਤ ਕਰਦੇ ਤੇ ਉਹ ਹਿੱਟ ਹੋ ਜਾਂਦੀ। ਉਸ ਸਮੇਂ, ਟੇਪ ਰਿਕਾਰਡਰਾਂ ਅਤੇ ਕੈਸੇਟਾਂ ਦਾ ਯੁੱਗ ਸੀ ਅਤੇ ਭੱਲਾ ਦੇ ਮਜ਼ਾਕੀਆ ਸੰਵਾਦ ਅਤੇ ਦੇਸੀ ਸੁਰ ਵਿਚ ਵਿਅੰਗ ਲੋਕਾਂ ਵਿੱਚ ਪ੍ਰਸਿੱਧ ਹੋਏ। ਇਹ ਇਕ ਕਾਮੇਡੀਅਨ ਵਜੋਂ ਉਸ ਦੀ ਪਹਿਲੀ ਵੱਡੀ ਜਾਣ-ਪਛਾਣ ਸੀ। ਇਹੀ ਨਹੀਂ ਸਾਲ 1975 ਵਿਚ ਉਸ ਨੇ ਆਲ ਇੰਡੀਆ ਰੇਡੀਓ ਵਾਸਤੇ ਵੀ ਪ੍ਰੋਗਰਾਮ ਪੇਸ਼ ਕੀਤੇ ਜਿੱਥੇ ‘ਫੁਮਣ” ਸਿੰਘ ਵਰਗੇ ਕਿਰਦਾਰ ਕਿਰਦਾਰ ਸੁਪਰਹਿੱਟ ਰਹੇ। ਛਣਕਾਟਾ ਵਿਚ ਉਸ ਦੇ ਕਿਰਦਾਰ, ਚਾਚਾ ਚਤਰਾ, ਭਾਨਾ,ਜੇ.ਬੀ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰਾਂ ਤੋਂ ਇਲਾਵਾ ਉਹ ਐਡਵੋਕੇਟ ਢਿੱਲੋਂ ਦੇ ਕਿਰਦਾਰ ਵਿਚ ਲੋਕਾਂ ਦੇ ਹਰਮਨ ਪਿਆਰੇ ਅਦਾਕਾਰ ਬਣੇ।
ਉਸ ਦੇ ਦਾਖ਼ਲੇ ਨੱਬੇ ਦੇ ਦਹਾਕੇ ਵਿਚ, ਉਹ ਫ਼ਿਲਮਾਂ ਵਿਚ ਦਾਖਲ ਹੋਇਆ ਅਤੇ ਹੌਲੀ- ਹੌਲੀ ਪੰਜਾਬੀ ਕਾਮੇਡੀ ਦਾ ਸਮਾਨਾਰਥੀ ਬਣ ਗਿਆ। ਫ਼ਿਲਮੀ ਦੁਨੀਆਂ ਦੀ ਸ਼ੁਰੂਆਤ ਉਸ ਨੇ ਦੁੱਲਾ ਭੱਟੀ ਨਾਲ ਸ਼ੁਰੂ ਕੀਤੀ ਤੇ ਬਾਅਦ ਵਿਚ “ਕੈਰੀ ਆਨ ਜੱਟਾ’, “ਜੱਟ ਐਂਡ ਜੂਲੀਅਟ’, “ਮੇਲ ਕਰਾਦੇ ਰੱਬਾ’, “ਲਵ ਪੰਜਾਬ’ ਡੈਡੀ ਕੂਲ ਮੁੰਡੇ ਫੂਲ, ਅਤੇ ਹੋਰ ਬਹੁਤ ਸਾਰੀਆਂ ਸੁਪਰਹਿੱਟ ਫ਼ਿਲਮਾਂ ਵਿਚ ਉਸ ਦੇ ਕਿਰਦਾਰ ਦਰਸ਼ਕਾਂ ਨੂੰ ਲਗਾਤਾਰ ਹਸਾਉਂਦੇ ਰਹਿੰਦੇ ਸਨ। ਫ਼ਿਲਮਾਂ ਵਿਚ, ਉਹ ਅਕਸਰ ਹੀਰੋ ਦੇ ਪਿਤਾ ਜਾਂ ਰਿਸ਼ਤੇਦਾਰ ਦੀ ਭੂਮਿਕਾ ਨਿਭਾਉਂਦੇ ਸਨ, ਪਰ ਉਸ ਦੀ ਮਾਰੂੰ --ਦੇ ਥੱਪੜ ਮਾਰਨ ਵਾਲੀ ਕਾਮੇਡੀ ਅਤੇ ਵਿਅੰਗਮਈ ਸੰਵਾਦ ਹੀਰੋ ਨਾਲੋਂ ਵੱਧ ਤਾੜੀਆਂ ਬਟੋਰਦੇ ਸਨ। ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਸ ਦਾ ਹਾਸਰਸ ਅਸ਼ਲੀਲਤਾ ਤੋਂ ਮੁਕਤ ਸੀ ਅਤੇ ਇਕ ਪਰਵਾਰਕ ਸੁਆਦ ਸੀ, ਜਿਸਨੂੰ ਹਰ ਉਮਰ ਦੇ ਦਰਸ਼ਕਾਂ ਦੁਆਰਾ ਪਸੰਦ ਕੀਤਾ ਜਾਂਦਾ ਸੀ।
ਭੱਲਾ ਦੀ ਕਾਮੇਡੀ ਦਰਸ਼ਕਾਂ ਨਾਲ ਜੁੜੀ ਕਿਉਂਕਿ ਇਸ ਵਿਚ ਆਮ ਆਦਮੀ ਦੀਆਂ ਸਮੱਸਿਆਵਾਂ ਅਤੇ ਪੇਂਡੂ ਜੀਵਨ ਦੀ ਸੱਚਾਈ ਦਾ ਰੰਗ ਸੀ। ਜਦੋਂ ਉਹ ਲੋਕਾਂ ਦਾ ਮਜ਼ਾਕ ਉਡਾਉਂਦਾ ਸੀ ਤਾਂ ਸਮਾਜ ਦਾ ਕੋਈ ਪਹਿਲੂ ਇਸ ਵਿਚ ਇਕ ਛੁਪਿਆ ਹੋਇਆ ਸੁਨੇਹਾ ਬਣ ਜਾਂਦਾ ਸੀ। ਇਹੀ ਕਾਰਨ ਹੈ ਕਿ ਉਸਦੀ ਕਾਮੇਡੀ ਨੇ ਨਾ ਸਿਰਫ਼ ਮਨੋਰੰਜਨ ਕੀਤਾ ਸਗੋਂ ਲੋਕਾਂ ਨੂੰ ਸੋਚਣ ਲਈ ਮਜਬੂਰ ਵੀ ਕੀਤਾ। ਇਹ ਸੁਮੇਲ ਉਸ ਨੂੰ ਸਮਕਾਲੀ ਕਲਾਕਾਰਾਂ ਤੋਂ ਵੱਖਰਾ ਬਣਾਉਂਦਾ ਹੈ।
ਉਸ ਨੂੰ ਉਸ ਦੀ ਮਿਹਨਤ ਅਤੇ ਯਤਨਾਂ ਦੇ ਸਨਮਾਨ ਵਿਚ ਕਈ ਪੁਰਸਕਾਰ ਮਿਲੇ। ਪੀਟੀਸੀ ਪੰਜਾਬੀ ਫ਼ਿਲਮ ਐਵਾਰਡਾਂ ਵਿਚ ਉਸ ਨੂੰ ਕਈ ਵਾਰ “ਬੈਸਟ ਕਾਮੇਡੀਅਨ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਰਾਜ ਪੱਧਰ ’ਤੇ ਵੀ ਉਸ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵੱਖ-ਵੱਖ ਸੰਸਥਾਵਾਂ ਨੇ ਉਸ ਨੂੰ ਕਲਾ ਅਤੇ ਕਾਮੇਡੀ ਲੇਖਣ-ਅਦਾਕਾਰੀ ਵਿਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਵਰਗੇ ਵੱਡੇ ਸਨਮਾਨਾਂ ਨਾਲ ਸਨਮਾਨਤ ਕੀਤਾ ਪਰ ਸ਼ਾਇਦ ਉਸ ਦੇ ਲਈ ਸੱਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਤਿੰਨ ਪੀੜ੍ਹੀਆਂ ਤੋਂ ਲੋਕ ਉਸ ਦੀ ਕਾਮੇਡੀ ਨਾਲ ਜੁੜੇ ਹੋਏ ਸਨ ਅਤੇ ਅੱਜ ਵੀ ਉਸ ਨੂੰ ਓਨਾ ਹੀ ਪਿਆਰ ਕਰਦੇ ਹਨ ਜਿੰਨਾ ਉਸ ਨੇ ਸ਼ੁਰੂਆਤ ਕੀਤੀ ਸੀ।
ਪਰਵਾਰਕ ਜੀਵਨ ਦੀ ਗੱਲ ਕਰੀਏ ਤਾਂ ਭੱਲਾ ਦਾ ਪਰਵਾਰ ਲੁਧਿਆਣਾ ਵਿੱਚ ਰਹਿੰਦਾ ਹੈ। ਉਸ ਦਾ ਪੁੱਤਰ ਪਵਨ ਭੱਲਾ ਵੀ ਫ਼ਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਨਿੱਜੀ ਤੌਰ ’ਤੇ, ਉਹ ਇਕ ਸਧਾਰਨ, ਸਾਦਾ ਵਿਅਕਤੀ ਹੈ ਜਿਸ ਦਾ ਖੇਤੀ ਸਭਿਆਚਾਰ ਨਾਲ ਨੇੜਲਾ ਰਿਸ਼ਤਾ ਹੈ। ਇਕ ਪਾਸੇ, ਜਿੱਥੇ ਉਸ ਨੇ ਅਪਣੇ ਅਕਾਦਮਿਕ ਕਰੀਅਰ ਵਿਚ ਖੇਤੀਬਾੜੀ ਵਿਗਿਆਨ ਦਾ ਗਿਆਨ ਦਿਤਾ, ਦੂਜੇ ਪਾਸੇ, ਇਕ ਕਾਮੇਡੀਅਨ ਬਣ ਕੇ, ਉਸ ਨੇ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪ੍ਰਵਾਸੀ ਪੰਜਾਬੀ ਸਮਾਜ ਵਿਚ ਵੀ ਅਪਣੀ ਛਾਪ ਛੱਡੀ।
ਭੱਲਾ ਨਾ ਸਿਰਫ਼ ਹਾਸੇ ਦਾ ਵਪਾਰੀ ਹੈ ਸਗੋਂ ਸਮਾਜਿਕ ਸੁਧਾਰ ਦਾ ਦੂਤ ਵੀ ਹੈ। ਉਹ ਨਸ਼ਿਆਂ ਵਰਗੇ ਮੁੱਦਿਆਂ ’ਤੇ ਅਪਣੀ ਆਵਾਜ਼ ਸਪੱਸ਼ਟ ਤੌਰ ’ਤੇ ਉਠਾਉਂਦਾ ਹੈ ਅਤੇ ਲੋਕਾਂ ਨੂੰ ਸਿੱਖਿਆ ਅਤੇ ਪਰਵਾਰਕ ਕਦਰਾਂ-ਕੀਮਤਾਂ ਬਾਰੇ ਵੀ ਪ੍ਰੇਰਿਤ ਕਰਦਾ ਹੈ। ਉਸ ਦੀ ਕਾਮੇਡੀ ਦੀ ਡੂੰਘਾਈ ਸਿਰਫ਼ ਮਨੋਰੰਜਨ ਤਕ ਹੀ ਸੀਮਤ ਨਹੀਂ ਹੈ ਸਗੋਂ ਸਮਾਜਿਕ ਚੇਤਨਾ ਵੀ ਜਗਾਉਂਦੀ ਹੈ। ਵਿਦੇਸ਼ਾਂ ਵਿਚ ਰਹਿ ਕੇ ਅਪਣੇ ਸਭਿਆਚਾਰ ਨੂੰ ਯਾਦ ਕਰਨ ਵਾਲਾ ਪੰਜਾਬੀ ਪ੍ਰਵਾਸੀ ਅਪਣੇ ਸੰਵਾਦਾਂ ਅਤੇ ਕਿੱਸਿਆਂ ਰਾਹੀਂ ਅਪਣੇ ਪਿੰਡ ਅਤੇ ਆਪਣੀ ਬੋਲੀ ਨਾਲ ਜੁੜਿਆ ਮਹਿਸੂਸ ਕਰਦਾ ਹੈ।
ਅੱਜ, ਜਦੋਂ ਅਸੀਂ ਜਸਵਿੰਦਰ ਭੱਲਾ ਨੂੰ ਦੇਖਦੇ ਹਾਂ, ਉਹ ਸਿਰਫ਼ ਇਕ ਕਾਮੇਡੀਅਨ ਨਹੀਂ ਹੈ, ਸਗੋਂ ਇਕ ਸਭਿਆਚਾਰਕ ਵਿਰਾਸਤ ਹੈ ਜਿਸ ਨੇ ਪੰਜਾਬ ਦੇ ਹਾਸੇ ਅਤੇ ਮਜ਼ਾਕ ਨੂੰ ਅੰਤਰਰਾਸ਼ਟਰੀ ਮਾਨਤਾ ਦਿਤੀ। ਉਸ ਦੀ ਆਵਾਜ਼ ਅਤੇ ਉਸ ਦੀ ਸ਼ੈਲੀ ਅਜੇ ਵੀ ਮੇਲਿਆਂ, ਵਿਆਹਾਂ ਅਤੇ ਸਭਿਆਚਾਰਕ ਸਮਾਗਮਾਂ ਵਿਚ ਸੁਣਾਈ ਦੇ ਸਕਦੀ ਹੈ। ਉਹ ਇਸ ਤੱਥ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਕਿਸੇ ਦੀ ਸਾਦਗੀ, ਮਿਹਨਤ ਅਤੇ ਲੋਕ ਸਭਿਆਚਾਰ ਨਾਲ ਜੁੜਾਅ ਉਸ ਨੂੰ ਦੁਨੀਆਂ ਦੇ ਸਾਹਮਣੇ ਸੱਭ ਤੋਂ ਵੱਡਾ ਕਲਾਕਾਰ ਬਣਾ ਸਕਦਾ ਹੈ।
ਭੱਲਾ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਖੇਤਾਂ ਦੀ ਮਿੱਟੀ ਹਾਸੇ ਅਤੇ ਖ਼ੁਸ਼ੀ ਦੀ ਖੇਤੀ ਕਰਨੀ ਸ਼ੁਰੂ ਕਰ ਦੇਵੇ ਤਾਂ ਉਸ ਦਾ ਨਾਮ ਹਰ ਘਰ ਤਕ ਪਹੁੰਚ ਸਕਦਾ ਹੈ। ਭਾਵੇਂ ਉਹ ਪ੍ਰੋਫ਼ੈਸਰ ਸੀ ਜਾਂ ਕਾਮੇਡੀਅਨ, ਉਸ ਦੇ ਯੋਗਦਾਨ ਹਮੇਸ਼ਾ ਪੰਜਾਬ ਦੀ ਰੂਹ ਦਾ ਹਿੱਸਾ ਰਹਿਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਸਨੂੰ ਪੰਜਾਬੀ ਕਾਮੇਡੀ ਦੇ ਗੁਰੂ ਵਜੋਂ ਯਾਦ ਰੱਖਣਗੀਆਂ।
ਮੋਹਾਲੀ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ