ਸਾਕਾ ਸਰਹਿੰਦ- ਜਾ ਠਹਰੇ ਸਰ ਪੇ ਮੌਤ ਕੇ ਫਿਰ ਭੀ ਨਾ ਥਾ ਖ਼ਿਯਾਲ
Published : Dec 23, 2020, 7:37 am IST
Updated : Dec 23, 2020, 5:31 pm IST
SHARE ARTICLE
Saka Sirhind
Saka Sirhind

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਦਿਲ ਕੰਬਾਅ ਦੇਣ ਵਾਲੀ ਦਰਦਨਾਕ ਘਟਨਾ ਹੈ।

ਮੁਹਾਲੀ: ਸਿੱਖ ਧਰਮ ਵਿਚ ਸ਼ਹੀਦੀ ਪ੍ਰੰਪਰਾ ਦੇ ਆਗ਼ਾਜ਼ ਦਾ ਪ੍ਰਮਾਣ ਬਾਬਾ ਨਾਨਕ ਜੀ ਵਲੋਂ ਉਚਾਰਨ ਕੀਤੀ ਪਾਵਨ ਗੁਰਬਾਣੀ ਦੇ ਬਚਨਾਂ ‘‘ਜਉ ਤਉ ਪ੍ਰੇਮ ਖੇਲਨ ਕਾ ਚਾਉ। ਸਿਰ ਧਰਿ ਤਲੀ ਗਲੀ ਮੇਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।” ਤੋਂ ਮਿਲ ਜਾਂਦਾ ਹੈ। ਤਸੀਹੇ ਤੇ ਤਬਾਹੀਆਂ ਪੱਖੋਂ ਜੇਕਰ ਵੇਖਿਆ ਜਾਵੇ ਤਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਅਪਣੀ-ਅਪਣੀ ਵਿਲੱਖਣਤਾ ਪੇਸ਼ ਕਰਦੀ ਹੈ ਪਰ ਅਨੰਦਪੁਰ ਸਾਹਿਬ ਦੀ ਜੰਗ, ਸਰਸਾ ਦੀ ਜੰਗ ਤੋਂ ਪਿੱਛੋਂ ਸਾਕਾ ਸਰਹਿੰਦ ਤੇ ਸਾਕਾ ਚਮਕੌਰ ਸਾਹਿਬ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿਤਾ ਕਿਉਂਕਿ ਇਨ੍ਹਾਂ ਸਾਕਿਆਂ ਦੌਰਾਨ ਦਸਮ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਤਿੰਨ ਪਿਆਰੇ ਤੇ ਬਹੁਤ ਸਾਰੇ ਸਿਰਕੱਢ ਯੋਧੇ ਸ਼ਹਾਦਤਾਂ ਪਾ ਗਏ। 

SahibzadeChar Sahibzade

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਦਿਲ ਕੰਬਾਅ ਦੇਣ ਵਾਲੀ ਦਰਦਨਾਕ ਘਟਨਾ ਹੈ। ਇਹ ਵੀ ਵਰਨਣ ਯੋਗ ਹੈ ਕਿ ਕਿਸੇ ਇਕ ਵਿਅਕਤੀ ਦੀ ਕਾਲੀ ਕਰਤੂਤ ਪਿੱਛੇ ਉਸ ਦੇ ਸਾਰੇ ਸਮਾਜ ਨੂੰ ਬੁਰਾ ਸਮਝਣਾ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਮੁਸਲਿਮ ਤੇ ਹਿੰਦੂ ਸਮਾਜ ਦਾ ਵੀ ਸਿੱਖ ਇਤਿਹਾਸ ਵਿਚ ਅਹਿਮ ਯੋਗਦਾਨ ਅਸੀ ਇਤਿਹਾਸ ਵਿਚ ਵਾਚਦੇ ਹਾਂ। ਅਸੀ ਸਦੀਆਂ ਤੋਂ ਹਿੰਦੂਆਂ ਤੇ ਸਿੱਖਾਂ ਤੇ ਹੁੰਦੇ ਜ਼ੁਲਮਾਂ ਦੀਆਂ ਇਤਿਹਾਸਕ ਗਾਥਾਵਾਂ ਪੜ੍ਹਦੇ ਤੇ ਸੁਣਦੇ ਆ ਰਹੇ ਹਾਂ। ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖੀ ਦਰਿੰਦਗੀ ਦਾ ਅਤੀ ਘਿਨਾਉਣਾ ਦ੍ਰਿਸ਼ ਪੇਸ਼ ਕਰਦੀ ਹੈ। ਗੁਰੂ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਨੇ ਜੋ ਲਾਸਾਨੀ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਨ੍ਹਾਂ ਦੀ ਮਿਸਾਲ ਵਿਸ਼ਵ ਦੇ ਕਿਸੇ ਵੀ ਇਤਿਹਾਸ ਵਿਚ ਨਹੀਂ ਮਿਲਦੀ।

Guru Gobind Singh JiGuru Gobind Singh Ji

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 20 ਦਸੰਬਰ 1704 ਈਸਵੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰ ਦਿਤਾ ਸੀ। ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਗੁਰੂ ਸਾਹਿਬ ਨਾਲ ਗਿਣਤੀ ਦੇ ਸਿੰਘ ਹੀ ਸਨ। ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਨਦੀ ਅਪਣੇ ਪੂਰੇ ਜੋਬਨ ਉਤੇ ਸੀ ਤੇ ਪਾਣੀ ਛੱਲਾਂ ਮਾਰ ਰਿਹਾ ਸੀ। ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਨੇ ਸਾਰੀਆਂ ਝੂਠੀਆਂ ਕਸਮਾਂ ਤੋੜ ਕੇ ਦਸਮ ਪਾਤਸ਼ਾਹ ਦੇ ਸਿੰਘਾਂ ਉਤੇ ਹਮਲਾ ਕਰ ਦਿਤਾ, ਘਮਸਾਨ ਦਾ ਯੁੱਧ ਹੋਇਆ। ਗੁਰੂ ਜੀ ਦੇ ਅਨੇਕਾਂ ਸਿੰਘ, ਸਾਹਿਤ ਦਾ ਅਨਮੋਲ ਖ਼ਜ਼ਾਨਾ ਹੱੱਥ ਲਿਖਤ ਗ੍ਰੰਥ ਤੇ ਕਵੀਆਂ ਦੀਆਂ ਰਚਨਾਵਾਂ ਆਦਿ ਇਸ ਯੁਧ ਤੇ ਨਦੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਏ। ਹਫੜਾ-ਤਫੜੀ ਵਿਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ (ਜਨਮ 17 ਨਵੰਬਰ 1696), ਬਾਬਾ ਫ਼ਤਹਿ ਸਿੰਘ ਜੀ (ਜਨਮ 26 ਫ਼ਰਵਰੀ 1699) ਅਤੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਦੇ ਜਥੇ ਤੋਂ ਵੱਖ ਹੋ ਗਏ। ਹਕੀਮ ਅੱਲ੍ਹਾ ਯਾਰ ਖਾਂ ਜੋਗੀ ਇੰਜ ਲਿਖਦੇ ਹਨ:-

SahibzadeSahibzade

ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ। 
ਦਾਯੇਂ ਕੀ ਜਗਹ ਚਲ ਦੀਏ ਵੁਹ ਬਾਯੇਂ ਹਾਥ ਥੇ।
ਜੰਗ ਸਰਸਾ ਤੋਂ 139 ਸਾਲ ਬਾਅਦ ਕਵੀ ਸੰਤੋਖ ਸਿੰਘ ਦੀ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਬਹੁਤੇ ਉਤਰਕਾਲੀ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਘਰ ਵਿਚ ਲੰਗਰ-ਪ੍ਰਸ਼ਾਦਿਆਂ ਦੀ ਸੇਵਾ ਕਰਨ ਵਾਲਾ ਗੰਗੂ ਨਾਂ ਦਾ ਰਸੋਈਆ ਇਸੇ ਮੌਕੇ ਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ। ਉਸ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਬਿਪਤਾ ਦੀ ਘੜੀ ਵਿਚ ਤੁਸੀ ਮੇਰੇ ਘਰ ਟਿਕਾਣਾ ਕਰ ਲਉ, ਇਸੇ ਟਿਕਾਣੇ ਉਪਰੰਤ ਲਾਲਚ ਕਾਰਨ ਉਸ ਤੇ ਗ੍ਰਿਫ਼ਤਾਰ ਕਰਵਾਉਣ ਦਾ ਦੋਸ਼ ਲਗਦਾ ਆਇਆ ਹੈ ਪਰ ਸਮਕਾਲੀ ਕਵੀ ਦੁੰਨਾਂ ਸਿੰੰਘ ਹੰਡੂਰੀਆ ਦੀ ਕ੍ਰਿਤ  ‘ਕਥਾ ਗੁਰ ਕੇ ਸੂਤਨ ਕੀ’ ਅਨੁਸਾਰ ਚਮਕੌਰ ਦੀ ਜੰਗ ਸਮੇਂ ਮਾਤਾ ਗੁਜਰੀ ਜੀ, ਦੋਵੇਂ ਛੋਟੇ ਸਾਹਿਬਜ਼ਾਦੇ, ਇਕ ਦਾਸੀ ਤੇ  ਖ਼ੁਦ ਕਵੀ ਦੁੰਨਾ ਸਿੰਘ ਹੰਡੂਰੀਆ ਸਮੇਤ ਉਹ ਪੰਜੇ ਕੁੰਮੇ ਮਾਸ਼ਕੀ ਦੇ ਘਰ ਠਹਿਰੇ ਹੋਏ ਸਨ। ਇਥੇ ਉਨ੍ਹਾਂ ਨੂੰ ਇਕ ਲਛਮੀ ਨਾਂ ਦੀ ਬ੍ਰਹਮਣ ਲੜਕੀ ਰੋਟੀ ਬਣਾ ਕੇ ਛਕਾਉਂਦੀ ਸੀ। ਇਸ ਗੱਲ ਦਾ ਪਤਾ ਸਹੇੜੀ ਦੇ ਰਹਿਣ ਵਾਲੇ ਦੋ ਮਸੰੰਦਾਂ ਧੁੰਮੇ ਤੇ ਦਰਬਾਰੀ (ਜੋ ਕਿ ਬੀਤੇ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਦਰਬਾਰ ਵਿਚੋਂ ਕੱਢ ਦਿਤੇ ਗਏ ਸਨ) ਨੂੰ ਲੱਗਾ। ਉਹ ਮਾਤਾ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ।

ਮਸੰਦਾਂ ਦਾ ਮਨ ਲਾਲਚ ਵੱਸ ਬੇਈਮਾਨ ਹੋ ਗਿਆ। ਉਨ੍ਹਾਂ ਨੇ ਰਾਤ ਨੂੰ ਸੌਂ ਰਹੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰ ਹੋਈ ਤਾਂ ਮਾਤਾ ਜੀ ਵਲੋਂ ਮੋਹਰਾਂ ਦੇ ਗੁੰਮ ਹੋ ਜਾਣ ਬਾਰੇ ਪੁੱਛਣ ਤੇ ਉਹ ਕਹਿਣ ਲੱਗੇ ਕਿ ‘‘ਅਸੀ ਤੁਹਾਨੂੰ ਰਾਤ ਨੂੰ ਰਹਿਣ ਲਈ ਨਿਵਾਸ ਦਿਤਾ ਹੈ, ਫਿਰ ਤੁਸੀ ਹੀ ਸਾਡੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ।” ਉਨ੍ਹਾਂ ਮੋਰਿੰਡੇ ਦੇ ਕੋਤਵਾਲ ਨੂੰ ਸੱਦਿਆ ਤੇ ਮਾਤਾ ਜੀ ਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਘਰੋਂ ਕੱਢ ਕੇ ਗ੍ਰਿਫ਼ਤਾਰ ਕਰਵਾ ਦਿਤਾ। ਕੋਤਵਾਲ ਨੇ ਉਨ੍ਹਾਂ ਨੂੰ 23 ਦਸੰਬਰ 1704 ਈਸਵੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿਤਾ। ਪੋਹ ਦਾ ਮਹੀਨਾ ਅੰਤਾਂ ਦੀ ਠੰਢ, ਧੁੰਦ ਤੇ ਕੋਹਰੇ ਦੇ ਮੌਸਮ ਵਿਚ ਸਰਹਿੰਦ ਦੇ ਨਵਾਬ ਨੇ ਦਾਦੀ ਤੇ ਦੋਹਾਂ ਪੋਤਰਿਆਂ ਨੂੰ ‘ਠੰਢੇ ਬੁਰਜ’ ਵਿਚ ਕੈਦ ਕਰ ਦਿਤਾ। ਇਸ ਸਮੇਂ ਹੀ ਗੁਰੂ ਘਰ ਦਾ ਇਕ ਪ੍ਰੇਮੀ ਭਾਈ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਂ ਦੇ ਲੰਗਰ ਵਿਚ ਨੌਕਰੀ ਕਰਦਾ ਸੀ, ਦੁਧ ਦਾ ਗੜਵਾ ਲੈ ਕੇ ਬੁਰਜ ਵਿਚ ਪਹੁੰਚਿਆ। ਰਸਤੇ ਵਿਚ ਕਿਸੇ ਪਹਿਰੇਦਾਰ ਨੇ ਭਾਈ ਸਾਹਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੋਹਰਾਂ ਤੇ ਪੈਸੇ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁਧ ਪੋਤਰਿਆਂ ਨੂੰ ਛਕਾਇਆ ਤੇ ਮੋਤੀ ਰਾਮ ਮਹਿਰਾ ਨੂੰ ਅਸੀਸ ਦਿਤੀ:- 
ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੇ ਤੇਰਾ।

ਕੈਦ ਸਮੇਂ ਦੌਰਾਨ ਦਾਦੀ ਮਾਂ ਨੇ ਅਪਣੇ ਪੋਤਰਿਆਂ ਨੂੰ ਉਨ੍ਹਾਂ ਦੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜ਼ਨ ਦੇਵ ਜੀ ਤੇ ਹੋਰ ਸ਼ਹੀਦ ਸਿੰਘਾਂ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਹਮੇਸ਼ਾਂ ਦਲੇਰਾਨਾਂ ਸੋਚ ਰੱਖਣ ਦੀ ਪ੍ਰੇਰਨਾ ਦਿਤੀ। ਬਹਾਦਰੀ ਤੇ ਨਸੀਹਤਾਂ ਭਰੀਆਂ ਕਹਾਣੀਆਂ ਸੁਣ ਕੇ ਸਾਹਿਬਜ਼ਾਦਿਆਂ ਨੇ ਵੀ ਦਾਦੀ ਮਾਂ ਨੂੰ ਇਹੋ ਵਿਸ਼ਵਾਸ ਦਿਵਾਇਆ ਕਿ ਉਹ ਦਸਮ ਗੁਰੂ ਪਿਤਾ ਦੇ ਲਾਲ ਹਨ, ਉਹ ਵੀ ਸਿਰ ਦੇ ਕੇ ਸਿੱਖੀ ਸਿੱਦਕ ਦੀ ਰਾਖੀ ਕਰਨਗੇ। 24 ਦਸੰਬਰ 1704 ਦਾ ਦਿਨ ਆਇਆ, ਠੰਢੇ ਬੁਰਜ ਵਿਚੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਮੁਗ਼ਲ ਹਕੂਮਤ ਦੇ ਸਿਪਾਹੀ ਆਏ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਬਹਾਦਰ ਪਿਤਾ ਦੇ ਬਹਾਦਰ ਪੁਤਰਾਂ ਨੇ ਕਚਹਿਰੀ ਵਿਚ ਵਜ਼ੀਰ ਖਾਂ ਦੇ ਸਾਹਮਣੇ ਖਲੋ ਕੇ ਪੂਰੇ ਜੋਸ਼ ਨਾਲ ਗੱਜ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਫ਼ਤਹਿ’ ਆਖ ਕੇ ਫਤਹਿ ਬੁਲਾਈ ਤੇ ਅਪਣੇ ਜੋਸ਼ ਤੇ ਚੜ੍ਹਦੀਕਲਾ ਦਾ ਇਜ਼ਹਾਰ ਕੀਤਾ। ਨਿੱਕੇ-ਨਿੱਕੇ ਬੱਚਿਆਂ ਤੋਂ ਇਹ ਸੁਣ ਤੇ ਵੇਖ ਕੇ ਇਕ ਵਾਰ ਸੂਬਾ ਸਰਹਿੰਦ ਕੰਬ ਗਿਆ। ਉਸ ਨੇ ਸਾਹਿਬਜ਼ਾਦਿਆਂ ਤੋਂ ਧਰਮ ਛੁਡਾਉਣ ਲਈ ਅਨੇਕਾਂ ਯਤਨ ਕੀਤੇ, ਲਾਲਚ  ਤੇ ਅਨੇਕਾਂ ਸਬਜ਼ਬਾਗ ਵੀ ਵਿਖਾਏ ਗਏ ਤਾਕਿ ਉਹ ਅਪਣੇ ਪਿਤਾ ਅਤੇ ਦਾਦੇ ਵਾਲਾ ਸਿੱਖ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਲੈਣ। ਇਸੇ ਵਾਰਤਾਲਾਪ ਦੌਰਾਨ ਡਰਾਇਆ ਧਮਕਾਇਆ ਵੀ ਗਿਆ।

‘ਸਾਹਿਬਜ਼ਾਦਿਓ ਪਿਤਾ ਤੁਹਾਰਾ। ਗਢ ਚਮਕੌਰ ਘੇਰ ਗਹਿ ਮਾਰਾ। ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ। ਸੰਗੀ ਸਿੰਘ ਸਕਲ ਸੋ ਮਾਰੇ।’  (ਸੂਰਜ ਪ੍ਰਕਾਸ਼, ਕਵੀ ਭਾਈ ਸੰਤੋਖ ਸਿੰਘ ਜੀ)
ਸੂਬਾ ਸਰਹਿੰਦ ਦੇ ਡਰਾਵਿਆਂ ਨੂੰ ਸੁਣ ਕੇ ਨਿਡਰ ਤੇ ਨਿਰਭੈ ਸਾਹਿਬਜ਼ਾਦਿਆਂ ਨੇ ਉਸ ਨੂੰ ਮੋੜਵਾਂ ਜਵਾਬ ਦਿਤਾ :-
‘ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ। ਜਗ ਮਹਿਂ ਕੌਨ ਸਕੇ ਤਿੰਹ ਮਾਰਾ। ਜਿਮ ਆਕਾਸ਼ ਕੋ ਕਿਆ ਕੋਈ ਮਾਰਹਿ। ਕੌਨ ਅੰਧੇਰੀ ਕੋ ਨਿਰਵਾਰਹਿ।’  (ਸੂਰਜ ਪ੍ਰਕਾਸ਼, ਕਵੀ ਭਾਈ ਸੰਤੋਖ ਸਿੰਘ ਜੀ)
ਸਾਹਿਬਜ਼ਾਦਿਆਂ ਦੇ ਨੱਕ ਮੋੜਵੇਂ ਜਵਾਬ ਸੁਣ ਕੇ ਸੂਬਾ ਸਰਹਿੰਦ ਨੇ ਸੋਚਿਆ ਕਿ ਉਸ ਦੀ ਕੋਈ ਵੀ ਗੱਲ ਨਹੀਂ ਬਣ ਰਹੀ ਤਾਂ ਉਸ ਨੇ ਕਚਿਹਰੀ ਬਰਖ਼ਾਸਤ ਕਰ ਕੇ ਅਗਲੇ ਦਿਨ ਫਿਰ ਪੇਸ਼ੀ ਲਈ ਕਿਹਾ ਤੇ ਸਾਹਿਬਜ਼ਾਦਿਆਂ ਨੂੰ ਫਿਰ ਠੰਢੇ ਬੁਰਜ ਵਿਚ ਦਾਦੀ ਮਾਂ ਕੋਲ ਰੱਖਣ ਦਾ ਹੁਕਮ ਦਿਤਾ ਗਿਆ।
ਅਗਲੇ ਦਿਨ 25 ਦਸੰਬਰ 1704 ਈਸਵੀ ਨੂੰ ਫਿਰ ਦੋਵੇਂ ਸਾਹਿਬਜ਼ਾਦੇ ਪੇਸ਼ ਕਰਨ ਉਪਰੰਤ ਗੱਜ ਕੇ ਫ਼ਤਹਿ ਬੁਲਾਉਂਦੇ ਹੋਏ ਚੜ੍ਹਦੀਕਲਾ ਵਿਚ ਸੂਬਾ ਸਰਹਿੰਦ ਦੀ ਕਚਿਹਰੀ ਵਿਚ ਪੇਸ਼ ਹੋਏ। ਫਿਰ ਅਨੇਕਾਂ ਲਾਲਚ ਦਿਤੇ ਗਏ, ਇਸਲਾਮ ਕਬੂਲਣ ਲਈ ਪ੍ਰੇਰਿਆ ਗਿਆ। ਸਾਹਿਬਜ਼ਾਦਿਆਂ ਦੇ ਨਾ ਮੰਨਣ ਤੇ ਹਾਜ਼ਰ ਕਾਜ਼ੀ ਨੂੰ ਫ਼ਤਵਾ ਸੁਣਾਉਣ ਦਾ ਹੁਕਮ ਦਿਤਾ ਗਿਆ। ਇਸਲਾਮ ਦੀ ਮਰਿਯਾਦਾ ਅਨੁਸਾਰ ਕਾਜ਼ੀ ਨੇ ਕਿਹਾ ਕਿ ‘ਬੱਚਿਆਂ ਤੇ ਬਜ਼ੁਰਗਾਂ ਤੇ ਕੋਈ ਫਤਵਾ ਨਹੀਂ ਲਗਾਇਆ ਜਾ ਸਕਦਾ।’ ਤਾਂ ਕੋਲ ਬੈਠੇ ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਭੜਕਾਉਂਦਿਆਂ ਫਤਵਾ ਸੁਣਾਉਣ ਲਈ ਉਕਸਾਇਆ ਗਿਆ। ਗੁਰੂ ਦੇ ਲਾਲਾਂ ਨੇ ਕਿਹਾ ਕਿ ‘ਅਸੀ ਗੁਰੂ ਗੋਬਿੰਦ ਸਿੰਘ ਦੇ ਸੇ ਪੁੱਤਰ ਹਾਂ, ਸਾਨੂੰ ਅਪਣਾ ਧਰਮ ਤੇ ਸਿੱਖੀ ਸਿੱਦਕ ਜਾਨ ਤੋਂ ਵੱਧ ਪਿਆਰਾ ਹੈ, ਅਸੀ ਕਿਸੇ ਤੋਂ ਵੀ ਡਰਦੇ ਨਹੀਂ ਤੇ ਨਾ ਹੀ ਅਸੀ ਇਸਲਾਮ ਕਬੂਲ ਕਰਾਂਗੇ। ਪੇਸ਼ੀ ਫਿਰ ਅਗਲੇ ਦਿਨ ਦੀ ਪਾ ਦਿਤੀ ਗਈ। 

26 ਦਸੰਬਰ 1704 ਨੂੰ ਵੀ ਸੂਬਾ ਸਰਹਿੰਦ ਦੀ ਕਚਿਹਰੀ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਲਈ ਸਿਪਾਹੀ ਠੰਢੇ ਬੁਰਜ਼ ਪਹੁੰਚੇ। ਫਿਰ ਉਸੇ ਤਰ੍ਹਾਂ ਪੇਸ਼ੀ ਪਈ ਸਾਹਿਬਜ਼ਾਦੇ ਅਪਣੇ ਇਰਾਦਿਆਂ ਤੇ ਦ੍ਰਿੜ ਰਹੇ। ਪੇਸ਼ੀ ਫਿਰ ਅਗਲੇ ਦਿਨ ਦੀ ਪਾ ਦਿਤੀ ਗਈ। 27 ਦਸੰੰਬਰ 1704 ਨੂੰ ਫਿਰ ਪੇਸ਼ੀ ਲਈ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਦਾਦੀ ਮਾਂ ਨੇ ਪੋਤਰਿਆਂ ਨੂੰ ਲਾਡਾਂ ਨਾਲ ਤਿਆਰ ਕੀਤਾ। ਇਨ੍ਹਾਂ ਅਹਿਮ ਪਲਾਂ ਨੂੰ ਕਵੀ ਨੇ ਅਪਣੇ ਸ਼ਬਦਾਂ ਵਿਚ ਇੰਜ ਬਿਆਨ ਕੀਤਾ ਹੈ :-
ਜਾਨੇ ਸੇ ਪਹਲੇ, ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰ ਦੂੰ, ਜ਼ਰਾ ਮੂੰਹ ਧੁਲਾ ਤੋ ਲੂੰ,
ਪਯਾਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,
ਮਰਨੇ ਸੇ ਪਹਲੇ ਤੁਮ ਕੋ ਦੂਲਾ੍ਹ ਬਨਾ ਤੋ ਲੂੰ।
(‘ਸ਼ਹੀਦਾਨਿ-ਵਫ਼ਾ’ ਬੰਦ ਨੰ :72, ਕਵੀ ਹਕੀਮ ਅੱਲਾ ਯਾਰ ਖਾਂ ਜੋਗੀ)
ਕਚਿਹਰੀ ਪੇਸ਼ ਕਰਨ ਸਮੇਂ ਫਿਰ ਉਹੀ ਲਾਲਚ ਤੇ ਫਿਰ ਡਰਾਵਿਆਂ ਦਾ ਦੌਰ ਚਲਾਇਆ ਗਿਆ। ਗੁਰੂ ਜੀ ਦੇ ਲਾਡਲੇ ਅਪਣੇ ਇਰਾਦਿਆਂ ਤੇ ਦ੍ਰਿੜ ਰਹੇ। ਕਚਿਹਰੀ ਵਿਚ ਸਾਰੇ ਵਜ਼ੀਰ, ਸਲਾਹਕਾਰ ਤੇ ਦੀਵਾਨ ਹਾਜ਼ਰ ਸਨ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ ਤਾਂ ਉਸ ਨੂੰ ਉਕਸਾਉਂਦਿਆਂ ਕਿਹਾ ਕਿ ਇਨ੍ਹਾਂ ਦੇ ਪਿਤਾ ਨੇ ਤੇਰੇ ਭਰਾ ਨੂੰ ਕਤਲ ਕਰ ਦਿਤਾ ਹੈ, ਤੇਰੇ ਲਈ ਹੁਣ ਉਸ ਦਾ ਬਦਲਾ ਲੈਣ ਦਾ ਇਕ ਢੁਕਵਾਂ ਮੌਕਾ ਹੈ। ਪਰ ਨਵਾਬ ਸ਼ੇਰ ਮੁਹੰਮਦ ਖਾਂ ਨੇ ‘ਹਾਅ ਦਾ ਨਾਅਰਾ’ ਮਾਰਦਿਆਂ, ਅਜਿਹਾ ਕਰਨ ਤੋਂ ਕੋਰਾ ਇਨਕਾਰ ਕਰ ਦਿਤਾ ਤੇ ਕਿਹਾ :- 
‘ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।’ 
(ਬੰਦ ਨੰ.104)
ਉਕਤ ਜਵਾਬ ਦਿੰਦਿਆਂ ਅੱਲ੍ਹਾ ਦਾ ਖ਼ੌਫ਼ ਮੰਨਣ ਵਾਲਾ ਇਨਸਾਨ ਨਵਾਬ ਸੇ ਮੁਹੰਮਦ ਖਾਂ ਕਚਹਿਰੀ ਵਿਚੋਂ ਉਠ ਕੇ ਬਾਹਰ ਚਲਾ ਗਿਆ।
ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਫਿਰ ਭੜਕਾਉਂਦਿਆਂ ਕਿਹਾ ਕਿ ‘ਇਹ ਸੱਪ ਦੇ ਬੱਚੇ ਸਪੋਲੀਏ ਹਨ, ਇਨ੍ਹਾਂ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ।’ ਦੀਵਾਨ ਸੁੱਚਾ ਨੰਦ ਤੇ ਸੂਬਾ ਸਰਹਿੰਦ ਨੇ ਜ਼ੋਰ ਦੇ ਕੇ ਕਾਜ਼ੀ ਪਾਸੋਂ ਫ਼ਤਵਾ ਜਾਰੀ ਕਰਵਾ ਦਿਤਾ ਕਿ ਇਹ ਬੱਚੇ ਭਵਿੱਖ ਵਿਚ ਬਗ਼ਾਵਤ ਕਰਨ ਲਈ ਤੁਲੇ ਹੋਏ ਹਨ, ਇਸ ਲਈ ਇਨ੍ਹਾਂ ਨੂੰ ਜਿਊਂਦਾ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿਤਾ ਜਾਏ। ਮੌਕੇ ਦਾ ਦ੍ਰਿਸ਼ ਕਵੀ ਨੇ ਅਪਣੀਆਂ ਕਾਵਿ ਸਤਰਾਂ ਵਿਚ ਇੰਜ ਬਿਆਨ ਕੀਤਾ ਹੈ:-
ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।
ਕਹਤੇ ਹੂਏ ਜ਼ਬਾਂ ਸੇ ਬੜੇ ਸਤਿ ਸ੍ਰੀ ਅਕਾਲ।
ਚਿਹਰੋਂ ਪੇ ਗ਼ਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ।
ਜਾ ਠਹਰੇ ਸਰ ਪੇ ਮੌਤ ਕੇ ਫਿਰ ਭੀ ਨਾ ਥਾ ਖ਼ਯਾਲ। 
(ਬੰਦ ਨੰ:107)

ਅੰਤਮ ਘੜੀਆਂ ਆ ਗਈਆਂ। 27 ਦਸੰਬਰ 1704 ਨੂੰ ਫਿਰ ਲਾਲਚ ਤੇ ਡਰਾਵੇ ਦੀ ਗੱਲ ਫਿਰ ਕੀਤੀ ਗਈ ਜਿਸ ਉਤੇ ਸਾਹਿਬਜ਼ਾਦੇ ਪੂਰੇ ਨਾ ਉਤਰੇ। ਸਾਹਿਬਜ਼ਾਦਿਆਂ ਨੂੰ ਜਿਊਂਦਾ ਨੀਹਾਂ ਵਿਚ ਚਿਣਵਾ ਦਿਤਾ ਗਿਆ। ਅਜੇ ਕੰਧ ਦੀ ਚਿਣਾਈ ਛਾਤੀ ਤੇ ਮੋਢਿਆਂ ਤਕ ਹੀ ਪਹੁੰਚੀ ਸੀ ਕਿ ਇੱਟਾਂ ਦਾ ਸਾਰਾ ਢਾਂਚਾ ਡਿੱਗ ਪਿਆ। ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿਚ ਜ਼ਮੀਨ ਤੇ ਪਏ ਸਨ। ਗਿਆਨੀ ਗਿਆਨ ਸਿੰਘ ਅਨੁਸਾਰ ਸਯਦ ਸਾਸ਼ਲ ਬੇਗ ਤੇ ਸਯਦ ਬਾਸ਼ਲ ਬੇਗ ਨਾਂ ਦੇ ਦੋ ਜਲਾਦਾਂ, ਜਿਨ੍ਹਾਂ ਨਾਲ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣ ਕੇ ਮੌਤ ਦੀ ਸਜ਼ਾ ਦੇਣ ਦੇ ਵਾਅਦੇ ਬਦਲੇ ਉਨ੍ਹਾਂ ਦੀ ਕਿਸੇ ਹੋਰ ਚਲਦੇ ਮੁਕੱਦਮੇ ਵਿਚ ਕੈਦ ਦੀ ਸਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਜਲਾਦ ਭਰਾਵਾਂ ਨੇ ਹੀ ਬੇਹੋਸ਼, ਸਹਿਕਦੇ ਤੇ ਤੜਫ਼ਦੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ :-
ਸਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ।
ਤਿਸਹੀ ਠੋਰ ਖਰਿਓ ਕੇ ਸੀਸ। ਤੁਰਤ ਉਤਾਰੇ ਦੁਸਟੈ ਰੀਸ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)
ਹੁਤੋ ਉਹਾਂ ਥੋ ਛੁਰਾ ਇੱਕ ਵਾਰੋ, ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ,
ਤੜਫ ਤੜਫ ਗਈ ਜਿੰਦ ਉਡਾਇ, ਇਮ ਸ਼ੀਰ ਖੋਰ ਦੁਇ ਦਏ ਕਤਲਾਇ। 
(ਭਾਈ ਰਤਨ ਸਿੰਘ ਭੰਗੂ)
ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ 8 ਸਾਲ 40 ਦਿਨ ਸੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ 5 ਸਾਲ 9 ਮਹੀਨੇ 29 ਦਿਨਾਂ ਦੀ ਸੀ। ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਦਾਦੀ ਮਾਂ ਨੇ ਆਕਾਲ ਪੁਰਖ਼ ਨੂੰ ਯਾਦ ਕੀਤਾ। ਉਹ ਅਟੱਲ ਸਮਾਧੀ ਵਿਚ ਲੀਨ ਹੋ ਗਏ ਅਤੇ ਜੋਤੀ ਜੋਤ ਸਮਾ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਮ ਸਸਕਾਰ ਲਈ ਦੀਵਾਨ ਟੋਡਰ ਮੱਲ ਜੀ ਨੇ ਸੂਬਾ ਸਰਹਿੰਦ ਅੱਗੇ ਸੋਨੇ ਦੀਆਂ ਮੋਹਰਾਂ ਖੜਵੇਂ ਪਾਸੇ ਤੋਂ ਰੱਖ ਕੇ ਸਸਕਾਰ ਲਈ ਲੋੜੀਂਦੀ ਤੇ ਸੰਸਾਰ ਦੀ ਸੱਭ ਤੋਂ ਮਹਿੰਗਾ ਮੁੱਲ ਪਾ ਕੇ ਜ਼ਮੀਨ ਖ਼ਰੀਦੀ। 27 ਦਸੰਬਰ 1704 ਈਸਵੀ ਨੂੰ ਇਨ੍ਹਾਂ ਤਿੰਨਾਂ ਰੂਹਾਂ ਦਾ ਸਸਕਾਰ ਕੀਤਾ ਗਿਆ, ਇਸੇ ਪਾਵਨ ਅਸਥਾਨ ਤੇ ਅਜਕਲ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ। ਸਦੀਆਂ ਬੀਤ ਜਾਣ ਤੇ ਅੱਜ ਇਹ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ ਹਨ ਤੇ ਹਮੇਸ਼ਾ ਦਰਜ ਰਹਿਣਗੀਆਂ।      
         ਗੁਰਮੇਲ ਸਿੰਘ ਗਿੱਲ, ਸੰਪਰਕ : 98723-74523

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement