
(ਲੜੀ ਜੋੜਨ ਲਈ ਪਿਛਾਲ ਅੰਕ ਵੇਖੋ)
ਅਸਲੀ ਮੁੱਦਾ ਜਿਸ ਤੋਂ ਭਟਕਾਇਆ ਗਿਆ : ਭਾਈ ਰਣਜੀਤ ਸਿੰਘ ਖ਼ੁਦ ਅਪਣੇ-ਆਪ ਨੂੰ 'ਬਾਬਾ' ਤੋਂ 'ਭਾਈ' ਦੇ ਸਫ਼ਰ ਦਾ ਪਾਂਧੀ ਮੰਨਦੇ ਹਨ। ਪੂਜਾਰੀਨੁਮਾ ਬਾਬੇ ਇਸ ਐਲਾਨੀਆ ਸਫ਼ਰ ਤੋਂ ਬਹੁਤ ਦੁਖੀ ਸਨ। ਸੰਪ੍ਰਦਾਈ ਬਾਬਿਆਂ ਨੇ ਪੰਥ ਦੀਆਂ ਪ੍ਰਮੁੱਖ ਸਟੇਜਾਂ ਤੇ ਤਾਂ ਸਫ਼ਲਤਾ ਪੂਰਵਕ ਕਬਜ਼ਾ ਕਰ ਲਿਆ ਹੈ ਪਰ ਪਿੰਡਾਂ ਵਿਚ ਹੁੰਦੇ ਦੀਵਾਨ ਤੇ ਸੋਸ਼ਲ ਮੀਡੀਏ ਰਾਹੀਂ ਬਾਗੀ ਸੁਰਾਂ ਨੂੰ ਚੁੱਪ ਕਰਵਾਉਣ ਦੇ ਮੌਕੇ ਦੀ ਭਾਲ ਵਿਚ ਸਨ। ਪੁਜਾਰੀਆਂ ਨੇ ਬੜੀ ਚਲਾਕੀ ਨਾਲ ਪੰਥਕ ਸੰਸਥਾਵਾਂ ਦੀ ਆਜ਼ਾਦੀ ਲਈ ਚੱਲ ਰਹੀ ਜਦੋ-ਜਹਿਦ ਨੂੰ ਗੁਰਬਾਣੀ ਵਿਆਖਿਆ ਪ੍ਰਣਾਲੀ ਵਿਚ ਬਦਲ ਦਿਤਾ, ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਵਾਰਤਾ ਦਾ ਰੁਖ਼ ਪੁਰਾਤਨ ਪ੍ਰੰਪਰਾ ਦੀ ਰਾਖੀ ਵਲ ਮੋੜ ਦਿਤਾ ਗਿਆ ਸੀ।
Gurbani
ਸੰਗਤ ਸੜਕਾਂ ਤੇ ਉਤਰ ਆਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ, ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਸ਼੍ਰੀ ਅਕਾਲ ਤਖ਼ਤ ਸਿਆਸੀ ਚੁੰਗਲ ਤੋਂ ਆਜ਼ਾਦ ਹੋਵੇ। ਹੁਣ ਉਸੇ ਸੰਗਤ ਨੇ ਅਪਣਾ ਟੀਚਾ ਇਕ ਪ੍ਰਚਾਰਕ ਨੂੰ ਬੋਰੀ ਵਿਚ ਪਾ ਕੇ ਕੁੱਟਣ (ਚੁੱਪ ਕਰਵਾਉਣ) ਤਕ ਸੀਮਤ ਕਰ ਦਿਤਾ। ਹਿੰਦੂਤਵੀ ਸਰਕਾਰੀ ਤੰਤਰ ਇਕ ਵਾਰ ਫਿਰ ਅਪਣੇ ਫਿੱਟ ਕੀਤੇ ਪੁਜਾਰੀ ਰਾਹੀਂ ਸਿੱਖ ਨੂੰ ਸਿੱਖ ਨਾਲ ਲੜਾਉਣ ਵਿਚ ਸਫ਼ਲ ਹੋਈ ਤੇ ਸਿੱਖਾਂ ਨੂੰ ਅਪਣੇ ਗੁਰੂ ਵਲੋਂ ਬਖ਼ਸ਼ੇ ਪ੍ਰਭੂਸਤਾ ਦੇ ਨਿਸ਼ਾਨੇ ਤੋਂ ਭਟਕਾ ਦਿਤਾ।
Chaur sahib
ਇਨ੍ਹਾਂ ਸੱਭ ਘਟਨਾਵਾਂ ਦੀ ਗੰਭੀਰਤਾ ਨੂੰ ਲੈ ਕੇ ਪੰਥ ਦਾ ਵੱਡਾ ਹਿੱਸਾ ਕਾਫ਼ੀ ਹੱਦ ਤਕ ਅਵੇਸਲਾ ਹੀ ਹੈ। ਸਿੱਖਾਂ ਨੂੰ ਉਹੀ ਮਸਲੇ ਗੰਭੀਰ ਜਾਪਦੇ ਹਨ ਜਿਹੜੇ ਸਰਕਾਰੀ ਸ਼ਹਿ ਤੇ ਪੁਜਾਰੀ ਪੇਸ਼ ਕਰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਜੋਕੇ ਸਮੇਂ ਵਿਚ ਗੁਰੂਘਰਾਂ ਦੀਆਂ ਪ੍ਰਮੁੱਖ ਸਟੇਜਾਂ ਤੇ ਦਮਦਮੀ ਟਕਸਾਲ ਜਾਂ ਉਸ ਦੇ ਹਮਾਇਤੀ ਪ੍ਰਚਾਰਕਾਂ ਦਾ ਹੀ ਬੋਲਬਾਲਾ ਹੈ। ਟੀ.ਵੀ. ਚੈਨਲਾਂ ਤੇ ਜਿਹੜੇ ਕਥਾਵਾਚਕ ਆਉਂਦੇ ਹਨ, ਉਹ ਸੱਭ ਇਕੋ ਦਰਸ਼ਨ ਦੇ ਹਨ। ਚਾਹੇ ਉਹ ਮੰਜੀ ਸਾਹਿਬ ਹੋਵੇ, ਗੁਰਦਵਾਰਾ ਬੰਗਲਾ ਸਾਹਿਬ ਜਾਂ ਕੋਈ ਹੋਰ। ਪੰਥ ਨੂੰ ਗੁਰਬਾਣੀ ਵਿਆਖਿਆ ਦੇ ਵੱਖ-ਵੱਖ ਪਹਿਲੂਆਂ ਤੋਂ ਬੜੇ ਯੋਜਨਾਬੱਧ ਤਰੀਕੇ ਨਾਲ ਵਾਂਝਾ ਰਖਿਆ ਜਾ ਰਿਹਾ ਹੈ।
Sikh
ਇਹ ਵਰਤਾਰਾ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਭਾਰਤ ਦਾ ਮੀਡੀਆ ਸਰਕਾਰ ਦੇ ਗੁਣ-ਗਾਣ ਵਿਚ ਲੱਗਾ ਰਹਿੰਦਾ ਹੈ। ਆਮ ਲੋਕਾਈ ਨੂੰ ਨਾ ਸਿਰਫ਼ ਅਸਲ ਮੁੱਦਿਆਂ ਤੋਂ ਦੂਰ ਰਖਿਆ ਜਾਂਦਾ ਹੈ ਬਲਕਿ ਜਿਹੜਾ ਜਾਗਰਤ ਕਰਨ ਦਾ ਕੰਮ ਕਰੇ ਉਸ ਨੂੰ ਗੱਦਾਰ ਆਖ਼ ਕੇ ਭੰਡਿਆ ਜਾਂਦਾ ਹੈ। ਭਾਰਤੀ ਨਿਊਜ਼ ਚੈਨਲਾਂ ਨੇ ਲੋੜੀਂਦੇ ਮੁੱਦੇ ਛੱਡ ਕੇ ਮੰਦਰ-ਪਾਕਿਸਤਾਨ-ਜੇਹਾਦ ਨੂੰ ਅਸਲੀ ਮੁੱਦਾ ਮੰਨ ਲਿਆ ਹੈ। ਅੱਜ ਸਮਝਦਾਰ ਹਿੰਦੂਆਂ ਲਈ ਸੱਭ ਤੋਂ ਵੱਧ ਚਿੰਤਾ ਦਾ ਕਾਰਨ ਇਹ ਹੈ ਕਿ ਹਿੰਦੂ ਧਰਮ ਦੀਆਂ ਸਾਰੀਆਂ ਧਾਰਮਕ ਸੰਸਥਾਵਾਂ ਉਪਰ ਕੇਵਲ ਇਕ ਜਥੇਬੰਦੀ ਦਾ ਕਬਜ਼ਾ ਹੋ ਚੁੱਕਾ ਹੈ। ਜਿਹੜਾ ਵੀ ਆਰ. ਐਸ. ਐਸ. ਦਾ ਵਿਰੋਧ ਕਰਦਾ ਹੈ, ਉਸ ਨੂੰ ਹਿੰਦੂ-ਵਿਰੋਧੀ ਆਖ ਕੇ ਦਰ-ਕਿਨਾਰ ਕਰ ਦਿਤਾ ਜਾਂਦਾ ਹੈ। ਇਹੀ ਹਿੰਦੂ ਧਰਮ ਲਈ ਸੱਭ ਤੋਂ ਵੱਡਾ ਖ਼ਤਰਾ ਹੈ।
Guru Granth Sahib Ji
ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਹ ਵਰਤਾਰਾ ਸਿੱਖ ਪੰਥ ਨਾਲ ਵੀ ਵਾਪਰ ਰਿਹਾ ਹੈ। ਜੇਕਰ ਕੋਈ ਅਡਰਾ ਵਿਚਾਰ ਪੇਸ਼ ਕਰਦਾ ਹੈ ਤਾਂ ਉਸ ਨੂੰ ਪੰਥ-ਵਿਰੋਧੀ ਆਖ ਕੇ ਭੰਡਿਆ ਜਾਂਦਾ ਹੈ ਤੇ ਗੁਰੂ ਘਰ ਦੀਆਂ ਸਟੇਜਾਂ ਤੋਂ ਬੇਦਖ਼ਲ ਕਰ ਦਿਤਾ ਜਾਂਦਾ ਹੈ। ਸਾਰੀਆਂ ਧਾਰਮਕ ਸੰਸਥਾਵਾਂ ਤੇ ਇਕ ਧੜੇ ਦਾ ਕਬਜ਼ਾ ਕਿਸੇ ਵੀ ਕੌਮ ਲਈ ਘਾਤਕ ਹੈ। ਇਕ ਧੜੇ ਦੇ ਹੱਥ ਆਉਣ ਨਾਲ ਕੌਮ ਦੀ ਚੜ੍ਹਤ ਵਿਚ ਖੜੋਤ ਆ ਜਾਂਦੀ ਹੈ ਕਿਉਂਕਿ ਉਹ ਤੇਜ਼ੀ ਨਾਲ ਬਦਲਦੇ ਸਮੇਂ ਮੁਤਾਬਕ ਨਵੇਂ ਵਿਚਾਰਾਂ ਨੂੰ ਜਗ੍ਹਾ ਨਹੀਂ ਦੇ ਸਕਦੀ। ਇਹ ਵਰਤਾਰਾ ਤਾਂ ਅਸੀ ਗੁਰੂ ਸਾਹਿਬ ਦੇ ਸਮੇਂ ਵਿਚ ਵੀ ਵੇਖਿਆ। ਗੁਰੂ ਰਾਮ ਦਾਸ ਜੀ ਵਲੋਂ ਕਾਇਮ ਕੀਤੀ ਮਸੰਦ ਸੰਸਥਾ ਜਦ ਵਿਗਾੜ ਵਲ ਚਲੀ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਇਸ ਨੂੰ ਖ਼ਤਮ ਕਰ ਦਿਤਾ ਸੀ। ਇਸ ਲਈ ਪੰਥ ਦੀ ਭਲਾਈ ਇਸੇ ਵਿਚ ਹੈ ਕਿ ਕੋਈ ਸੰਸਥਾ ਏਨੀ ਹਾਵੀ ਨਾ ਹੋ ਜਾਵੇ ਕਿ ਕੌਮ ਦੀ ਤਕਦੀਰ ਦੀ ਮਾਲਕ ਬਣ ਬੈਠੇ।
ਬੁਧੀਜੀਵੀਆਂ ਦਾ ਰੋਲ : ਪਰ ਇਸ ਵਿਵਾਦ ਵਿਚ ਪੰਥ ਦੇ ਕੁੱਝ ਬੁਧੀਜੀਵੀਆਂ ਦਾ ਰੋਲ ਬੜਾ ਨਿਰਾਸ਼ਾਜਨਕ ਰਿਹਾ ਹੈ। ਸਿੱਖ ਵਿਦਵਾਨ ਅਪਣੀਆਂ ਕਿਤਾਬਾਂ ਵਿਚ 20ਵੀ ਸਦੀ ਦੇ ਸਿੱਖ ਇਤਿਹਾਸ ਨੂੰ ਲਿਖਦੇ ਹੋਏ ਉਸ ਸਮੇਂ ਦੇ ਬੁਧੀਜੀਵੀਆਂ ਦੀ ਆਲੋਚਨਾ ਜ਼ਰੂਰ ਕਰਦੇ ਹਨ। ਕੀ ਸਿੱਖ ਬੁਧੀਜੀਵੀ ਅਪਣੇ ਇਸ ਵਿਗਾੜ ਤੋਂ ਮੁਕਤ ਹੋ ਸਕਣਗੇ?
ਪੰਥ ਦੇ ਕੁੱਝ ਬੁਧੀਜੀਵੀਆਂ ਨੇ ਇਕ ਪੱਖ ਲੈਣਾ ਸ਼ਾਇਦ ਇਸ ਲਈ ਠੀਕ ਸਮਝਿਆ ਕਿ ਸ਼ਿਕਾਇਤ ਕਰਤਾ ਧਿਰ ਦੇ ਗਪੌੜਾਂ ਨੂੰ ਚੁਨੌਤੀ ਦੇਣਾ ਉਨ੍ਹਾਂ ਦੀ ਵਿਦਵਤਾ ਲਈ ਖ਼ਤਰਾ ਸਹੇੜ ਸਕਦੀ ਸੀ। ਇਸ ਲਈ ਡਾ. ਗੁਰਦਰਸ਼ਨ ਸਿੰਘ ਢਿਲੋਂ ਨੇ 'ਗਿਆਨ', 'ਜ਼ਰੀਆ' ਜਾਂ 'ਇਮਾਰਤ' ਨੂੰ ਚੁਨੌਤੀ ਦੇਣਾ ਜਾਇਜ਼ ਸਮਝਿਆ। ਅਪਣੀ ਵਿਦਵਤਾ ਨਾਲ ਉਹ ਇਨ੍ਹਾਂ ਅਖ਼ਰਾਂ ਦੇ ਦੀਰਘ ਅਰਥ ਸਮਝਾ ਰਹੇ ਹਨ ਜਿਹੜੇ ਸਰੋਤਿਆਂ ਦੇ ਸੋਚੇ ਹੀ ਨਾ ਹੋਣ। ਭਵਿੱਖ ਵਿਚ ਵਿਦਵਾਨ, ਅਤੀਤ ਦੀ ਇਕ ਵਾਰ ਫਿਰ ਸਹੀ ਸਮੀਖਿਆ ਕਰਦੇ ਹੋਏ ਅੱਜ ਦੇ ਬੁਧੀਜੀਵੀਆਂ ਦਾ ਰੋਲ ਇਕ ਲਾਈਨ ਵਿਚ ਸਮੇਟਦੇ ਹੋਏ ਲਿਖਣਗੇ ਕਿ 'ਜਦ ਕੁੱਝ ਸਿੱਖ ਪ੍ਰਚਾਰਕਾਂ ਵਲੋਂ ਪੁਜਾਰੀ ਵਿਰੁਧ ਜ਼ੋਰਦਾਰ ਆਵਾਜ਼ ਚੁੱਕੀ ਜਾ ਰਹੀ ਸੀ ਤਾਂ ਬੁਧੀਜੀਵੀਆਂ ਨੇ ਉਨ੍ਹਾਂ ਦਾ ਸਾਥ ਨਾ ਦਿਤਾ ਜਿਸ ਨਾਲ ਪੁਜਾਰੀ ਵਰਗ ਨੂੰ ਹੋਰ ਬਲ ਮਿਲਿਆ।' ਇਨ੍ਹਾਂ ਵਲੋਂ ਕੀਤੇ ਦੀਰਘ ਅਰਥ ਇਸ ਵੱਡੇ ਵਰਤਾਰੇ ਵਿਚ ਨਹੀਂ ਪੈਣੇ।
Giani Harpreet Singh
ਸਾਰੇ ਵਿਵਾਦਾਂ ਦਾ ਹੱਲ : ਪਿਛਲੇ ਕੁੱਝ ਸਮੇਂ ਵਿਚ ਸਿੱਖ ਨੇਸ਼ਨ ਦੀਆਂ ਜੋ ਖ਼ਬਰਾਂ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਉਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ:
1) ਰੋਹੰਗੀਆਂ, ਕਸ਼ਮੀਰੀਆਂ ਤੇ ਸੀ. ਏ. ਏ. ਦੇ ਵਿਰੋਧ ਵਿਚ ਮੁਸਲਿਮ ਭਾਈਚਾਰੇ ਦੇ ਹੱਕ ਵਿਚ ਸਿੱਖ ਵੱਧ ਚੜ੍ਹ ਕੇ ਨਿਕਲੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਦ ਕਈ ਵਾਰ ਸਟੇਜਾਂ ਤੋਂ ਮਨੁੱਖੀ ਹੱਕਾਂ ਦੀ ਰਾਖੀ ਲਈ ਬਿਆਨ ਦਿਤੇ ਤਾਂ ਉਹ ਵੀ ਸੁਰਖ਼ੀਆਂ ਬਣੀਆਂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮਾਣ ਵਧਿਆ।
2) ਕੁਦਰਤੀ ਆਪਦਾ ਤੇ ਕੋਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਨੇ ਲੋੜਵੰਦਾਂ ਲਈ ਦਿਲ ਖੋਲ੍ਹ ਕੇ ਲੰਗਰ-ਪਾਣੀ ਦੀ ਸੇਵਾ ਕੀਤੀ।
Darbar Sahib
ਬਿਨਾਂ ਕਿਸੇ ਚਮਤਕਾਰ ਦੇ ਦੁਨੀਆਂ ਨੇ ਵੇਖ ਲਿਆ ਕਿ ਗੁਰੂ ਦੇ ਸਿੱਖ ਖ਼ੁਸ਼ਕ ਨਹੀਂ ਹਨ ਬਲਕਿ ਮਨੁੱਖੀ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨ ਦੀ ਰੂਹਾਨੀਅਤ ਨਾਲ ਓਤ-ਪ੍ਰੋਤ ਹਨ। ਸਿੱਖਾਂ ਨੂੰ ਦੁਨੀਆਂ ਵਿਚ ਚੱਲ ਰਹੀਆਂ ਵੱਡੀਆਂ ਬਹਿਸਾਂ-ਵਾਤਾਵਰਣ, ਭੁੱਖਮਰੀ, ਮਹਾਂਮਾਰੀ, ਮਨੁੱਖੀ ਹੱਕਾਂ ਦਾ ਘਾਣ- ਵਿਚ ਗੁਰਬਾਣੀ ਦੀ ਰੋਸ਼ਨੀ ਵਿਚ ਅਪਣਾ ਯੋਗਦਾਨ ਪਾ ਕੇ ਮਾਨਵ ਸਭਿਅਤਾ ਦਾ ਰਾਹ ਰੋਸ਼ਨਾਉਣ ਦੀ ਲੋੜ ਹੈ। ਪਰ ਜਦ ਸਿੱਖ ਅਪਣਾ ਕੀਮਤੀ ਸਮਾਂ ਭਰਾ-ਮਾਰੂ ਵਤੀਰੇ ਵਿਚ ਵਿਅਰਥ ਗਵਾ ਰਹੇ ਹਨ ਤਾਂ ਬੜੀ ਨਿਰਾਸ਼ਾ ਹੁੰਦੀ ਹੈ।
Darbar Sahib
ਦੁਨੀਆਂ ਦੀਆਂ ਵੱਡੀਆਂ ਬਹਿਸਾਂ ਵਿਚ ਅਸੀ ਕਿਵੇਂ ਸ਼ਾਮਲ ਹੋ ਸਕਦੇ ਹਾਂ, ਜੇਕਰ ਅਪਣੇ ਘਰ ਵਿਚ ਹੀ ਇਕ ਦੂਜੇ ਦੇ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ? ਬਾਬਾ ਨਾਨਕ ਸਾਹਿਬ ਨੇ ਤਾਂ ਔਖੇ ਤੋਂ ਔਖਾ ਸਵਾਲ ਪੁੱਛਣ ਦੀ ਜਾਚ ਸਿਖਾਈ ਹੈ। ਸਿੱਖਾਂ ਦਾ ਫ਼ਰਜ਼ ਬਣਦਾ ਹੈ ਕਿ ਦੁਨੀਆਂ ਨੂੰ ਸਵਾਲ ਪੁੱਛਣ ਦਾ ਗੁਣ ਵੰਡਣ। ਕਿਸੇ ਵੀ ਹਾਲਤ ਵਿਚ ਵਿਚਾਰ-ਵਟਾਂਦਰੇ ਦੇ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਜਿਹੜੇ ਪ੍ਰਵਾਰ ਵਿਚ ਬੱਚਿਆਂ ਨੂੰ ਅਪਣੇ ਮਾਪਿਆਂ ਨਾਲ ਖੁਲ੍ਹ ਕੇ ਗੱਲ ਕਰਨ ਦਾ ਮਾਹੌਲ ਨਾ ਮਿਲੇ, ਉਹ ਬਾਹਰ ਦਾ ਅਸਰ ਕਬੂਲ ਕੇ ਭਟਕ ਸਕਦੇ ਹਨ।
ਇਸੇ ਤਰ੍ਹਾਂ ਅਗਰ ਕੌਮ ਵਿਚ ਵਿਚਾਰ-ਵਟਾਂਦਰੇ ਦਾ ਮਾਹੌਲ ਖ਼ਤਮ ਹੋ ਜਾਵੇ, ਉਹ ਵੀ ਰੂੜੀਵਾਦ ਤੇ ਅੰਧ-ਵਿਸ਼ਵਾਸ ਵਿਚ ਭਟਕ ਜਾਂਦੀ ਹੈ। ਕੋਈ ਵੀ ਸਵਾਲ ਗ਼ਲਤ ਨਹੀਂ ਹੁੰਦਾ, ਸਵਾਲਾਂ ਨੂੰ ਪੁੱਛਣ ਦੀ ਕਾਬਲੀਅਤ ਨੂੰ ਖ਼ਤਮ ਕਰ ਦੇਣਾ ਯਕੀਨਨ ਤਬਾਹਕੁਨ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਧੜਿਆਂ ਤੋਂ ਉਪਰ ਹੈ ਤੇ ਸੱਭ ਦੀ ਸਾਂਝੀ ਸੰਸਥਾ ਹੈ। ਗਿਆਨੀ ਹਰਪ੍ਰੀਤ ਸਿੰਘ ਜੇਕਰ ਇਹ ਦੋ ਕਾਰਜ ਕਰ ਵਿਖਾਣ ਤਾਂ ਪੰਥ ਉਨ੍ਹਾਂ ਨੂੰ ਸਦਾ ਯਾਦ ਰਖੇਗਾ।
Gurdwara Bangla Sahib
ਪਹਿਲਾ ਕਾਰਜ : ਗੁਰੂ ਘਰ ਦੀਆਂ ਪ੍ਰਮੁਖ ਸਟੇਜਾਂ- ਖ਼ਾਸ ਕਰ ਜਿਨ੍ਹਾਂ ਨੂੰ ਸੰਗਤ ਟੀ.ਵੀ. ਚੈਨਲਾਂ ਤੇ ਰੋਜ਼ਾਨਾ ਸੁਣਦੀ ਹੈ ਜਿਵੇਂ ਮੰਜੀ ਸਾਹਿਬ, ਬੰਗਲਾ ਸਾਹਿਬ ਆਦਿ ਤੇ ਸੱਭ ਨੂੰ ਬਰਾਬਰ ਬੋਲਣ ਦਾ ਮੌਕਾ ਦਿਤਾ ਜਾਵੇ। ਜਿਹੜੇ ਪ੍ਰਚਾਰਕ ਦੱਸ ਗੁਰੂ ਸਾਹਿਬਾਨ ਵਿਚ ਪੂਰਾ ਨਿਸ਼ਚਾ ਰਖਦੇ ਹਨ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਗੁਰੂ ਮੰਨਦੇ ਹਨ-ਦਮਦਮੀ ਟਕਸਾਲ, ਮਿਸ਼ਨਰੀ, ਸੰਪ੍ਰਦਾਈ, ਬੁਧੀਜੀਵੀ- ਸੱਭ ਨੂੰ ਬੋਲਣ ਦਾ ਬਰਾਬਰ ਸਮਾਂ ਮਿਲੇ। ਦਸਮ ਗ੍ਰੰਥ, ਰਹਿਤ ਮਰਿਆਦਾ, ਮਾਸ, ਕਰਾਮਾਤਾਂ, ਤੇ ਹੋਰ ਸਾਰੇ ਵਿਸ਼ਿਆਂ ਦੇ ਹਰ ਪੱਖੋਂ ਜਾਣੂ ਹੋਣ ਦਾ ਸੰਗਤ ਨੂੰ ਹੱਕ ਹੈ।
ਵੱਖ-ਵੱਖ ਜਥੇਬੰਦੀਆਂ ਨਾਲ ਜੁੜੀ ਸੰਗਤ ਜਦ ਸੱਭ ਨੂੰ ਇਕ ਸਟੇਜ ਤੋਂ ਖ਼ੁਸ਼ਨੁਮਾ ਮਾਹੌਲ ਵਿਚ ਅਪਣੇ ਵਿਚਾਰ ਪੇਸ਼ ਕਰਦੇ ਵੇਖੇਗੀ ਤਾਂ ਪੰਥ ਵਿਚ ਆਪਸੀ ਪਿਆਰ ਆਪ ਮੁਹਾਰੇ ਵਧੇਗਾ। ਜਿਹੜੇ ਧੜੇ ਇਸ ਵਿਚਾਰ-ਵਟਾਂਦਰੇ ਦੇ ਮਾਹੌਲ ਦਾ ਵਿਰੋਧ ਕਰਨਗੇ, ਉਨ੍ਹਾਂ ਦਾ ਪੰਥ ਵਿਰੋਧੀ ਚਿਹਰਾ ਜੱਗ-ਜ਼ਾਹਰ ਹੋ ਜਾਵੇਗਾ।
ਦੂਜਾ : ਸਰਬੱਤ ਖ਼ਾਲਸਾ 2015 ਵਿਚ ਕੀਤਾ ਗਿਆ ਮਤਾ ਨੰ.-2 ਗਿਆਨੀ ਹਰਪ੍ਰੀਤ ਸਿੰਘ ਅਪਣੇ ਹੱਥੀ ਲੈ ਕੇ ਸਿਰੇ ਚਾੜ੍ਹਨ।
ਸੰਪਰਕ : +9-733-223-2075