Auto Refresh
Advertisement

ਵਿਚਾਰ, ਵਿਸ਼ੇਸ਼ ਲੇਖ

ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ

Published Jun 24, 2022, 8:03 am IST | Updated Jun 24, 2022, 8:03 am IST

20ਵੀਂ ਸਦੀ ਦੇ ਸਿੱਖ ਇਤਿਹਾਸ ਦੇ ਇਸ ਯੁਗ ਪੁਰਸ਼ ਦਾ ਜਨਮ 24 ਜੂਨ 1885 ਨੂੰ ਰਾਵਲਪਿੰਡੀ ਜ਼ਿਲ੍ਹੇ ਦੇ ਪਿੰਡ ਹਰਿਆਲ ਵਿਚ ਪਿਤਾ ਬਖ਼ਸ਼ੀ ਗੋਪੀ ਚੰਦ ਦੇ ਘਰ ਹੋਇਆ।

 Master Tara Singh
Master Tara Singh

 

20ਵੀਂ ਸਦੀ ਦੇ ਸਿੱਖ ਇਤਿਹਾਸ ਦੇ ਇਸ ਯੁਗ ਪੁਰਸ਼ ਦਾ ਜਨਮ 24 ਜੂਨ 1885 ਨੂੰ ਰਾਵਲਪਿੰਡੀ ਜ਼ਿਲ੍ਹੇ ਦੇ ਪਿੰਡ ਹਰਿਆਲ ਵਿਚ ਪਿਤਾ ਬਖ਼ਸ਼ੀ ਗੋਪੀ ਚੰਦ ਦੇ ਘਰ ਹੋਇਆ। ਇਹ ਇਕ ਹਿੰਦੂ ਖਤਰੀ ਪ੍ਰਵਾਰ ਵਿਚੋਂ ਸਨ ਤੇ ਇਨ੍ਹਾਂ ਦਾ ਨਾਂ ਨਾਨਕ ਚੰਦ ਸੀ। ਸੰਨ 1902 ਵਿਚ, ਸਿੱਖੀ ਦੀ ਗੁੜ੍ਹਤੀ, ਸੰਤ ਅਤਰ ਸਿੰਘ ਜੀ ਦੇ ਜਥੇ ਤੋਂ ਅੰਮ੍ਰਿਤਪਾਨ ਕਰਨ ਤੇ ਮਿਲੀ, ਜਦੋਂ ਇਨ੍ਹਾਂ ਦੀ ਉਮਰ ਅਜੇ 17 ਸਾਲ ਵੀ ਨਹੀਂ ਸੀ। ਸੰਨ 1908 ਵਿਚ ਐਮ.ਏ. ਪਾਸ ਕੀਤੀ ਤੇ ਲਾਇਲਪੁਰ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਬਣਾਏ ਗਏ। ਇਕ ਗੱਲ ਭੁੱਲਣ ਵਾਲੀ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ( Maharaja Ranjit Singh)  ਦੀ ਮੌਤ ਤੋਂ ਬਾਅਦ, ਅੰਗਰੇਜ਼ਾਂ ਨੇ ਪੰਜਾਬ ਨੂੰ 1849 ਵਿਚ ਅਪਣੇ ਰਾਜ ਵਿਚ ਮਿਲਾ ਲਿਆ ਸੀ। ਸੰਨ 1900 ਤੇ ਉਸ ਤੋਂ ਕੁੱਝ ਸਮੇਂ ਬਾਅਦ ਵੀ ਵੱਡੀ ਉਮਰ ਦੇ ਬਜ਼ੁਰਗ, ਉਸ ਵੇਲੇ ਦੀਆਂ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਹੋਈਆਂ ਲੜਾਈਆਂ ਦੇ ਬਿਰਤਾਂਤ ਸਾਂਝੇ ਕਰਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਦਾ ਮਾਸਟਰ ਤਾਰਾ ਸਿੰਘ ਦੇ ਮਨ ਤੇ ਡੁੰਘਾ ਪ੍ਰਭਾਵ ਪਿਆ ਤੇ ਇਸ ਗੱਲ ਦਾ ਬੋਝ ਰਿਹਾ ਕਿ ਸਿੱਖ ਅਪਣੇ ਰਾਜ ਤੋਂ ਵਾਝਿਆਂ ਹੋ ਗਏ ਹਨ।

 

Master Tara Singh Master Tara Singh

 

ਇਸੇ ਕਰ ਕੇ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਵਿਚ ਨਿਰਾਸ਼ਾ ਤੇ ਬੇਚੈਨੀ ਵਧਦੀ ਗਈ। ਅੰਗਰੇਜ਼ਾਂ ਦੇ ਪੰਜਾਬ ਤੇ ਕਬਜ਼ਾ ਕਰਨ ਉਪਰੰਤ, ਗੁਰਦਵਾਰਾ ਸਾਹਿਬਾਨ ਦੀ ਸੇਵਾ ਸੰਭਾਲ, ਉਸ ਵੇਲੇ ਦੇ ਕਈ ਉਦਾਸੀਆਂ ਤੇ ਮਹੰਤਾਂ ਕੋਲ ਸੀ। ਮਹਾਰਾਜਾ ਰਣਜੀਤ ਸਿੰਘ( Maharaja Ranjit Singh)  ਦੇ ਕਾਰਜਕਾਲ ਸਮੇਂ, ਇਨ੍ਹਾਂ ਗੁਰਦਵਾਰਿਆਂ ਦੇ ਰੱਖ-ਰਖਾ ਲਈ ਜਾਇਦਾਦਾਂ ਤੇ ਜ਼ਮੀਨਾਂ ਇਨ੍ਹਾਂ ਗੁਰਦਵਾਰਾ ਸਹਿਬਾਨ ਦੇ ਨਾਂ ਤੇ ਕੀਤੀਆਂ ਗਈਆਂ ਸਨ। ਗੁਰਦਵਾਰਿਆਂ ਦੇ ਮਹੰਤ, ਮਾਇਆ ਜਾਲ ਦੀ ਤਾਣੀ ਵਿਚ ਫਸ ਗਏ ਤੇ ਫਿਰ ਧਰਮ ਪ੍ਰਚਾਰ ਤਾਂ ਕਿਹੜਾ ਹੋਣਾ ਸੀ। ਰੀਤੀ ਰਿਵਾਜ ਤੇ ਬ੍ਰਾਹਮਣੀ ਪ੍ਰਥਾ ਨੇ, ਗੁਰੂ ਮਰਿਯਾਦਾ ਦੀ ਥਾਂ ਆ ਮੱਲੀ ਤੇ ਇਸ ਤਰ੍ਹਾਂ ਸਿੱਖਾਂ ਵਿਚ ਜਾਤਪਾਤ ਦੀ ਸੁਰਜੀਤੀ ਵੀ ਆ ਗਈ। ਅੰਗਰੇਜ਼ਾਂ ਦੇ ਆਉਣ ਤੇ ਪਾਦਰੀਆਂ ਨੇ ਮਿਸ਼ਨ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਤੇ ਇਸਾਈ ਧਰਮ ਦਾ ਪ੍ਰਚਾਰ ਜ਼ੋਰਾਂ ਨਾਲ ਕਰਨਾ ਆਰੰਭਿਆ। ਸੁਚੇਤ ਸਿੱਖਾਂ ਨੇ ਇਹ ਸੋਚਦੇ ਹੀ ਸ਼ਹਿਰਾਂ ਤੇ ਪਿੰਡਾਂ ਵਿਚ ਖ਼ਾਲਸਾ ਸਕੂਲ ਸਥਾਪਤ ਕਰਨ ਦੀ ਮੁਹਿੰਮ ਚਲਾਈ। ਇਸ ਤਰ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਹੋਈ। ਗੁਰਦਵਾਰਾ ਸੁਧਾਰ ਲਹਿਰ ਸ਼ੁਰੂ ਹੋਈ ਤੇ ਮਾਸਟਰ ਤਾਰਾ ਸਿੰਘ ਨੇ ਜੋ ਲਾਇਲਪੁਰ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਸਨ, ਅਪਣਾ ਜੀਵਨ ਖ਼ਾਲਸਾ ਪੰਥ ਨੂੰ ਸਮਰਪਿਤ ਕਰ ਦਿਤਾ। ਇਹ ਗੁਰਦਵਾਰਾ ਸੁਧਾਰ ਲਹਿਰ ਦਾ ਸਿਖਰ ਸੰਨ 1920 ਤੋਂ 1925 ਤਕ ਰਿਹਾ ਤੇ ਅੰਗਰੇਜ਼ ਸਰਕਾਰ, ਜੋ ਮਹੰਤਾਂ ਦੀ ਪਿੱਠ ਪੂਰਦੀ ਸੀ, ਇਸ ਦੀ ਪੂਰੇ ਜ਼ੋਰ ਤੇ ਜਬਰ ਨਾਲ ਵਿਰੋਧਤਾ ਕੀਤੀ।

 

 

 Master Tara SinghMaster Tara Singh

 

ਅੰਗਰੇਜ਼ ਗਵਰਨਰ ਸਰ ਮਾਈਕਲ ਹੈਸੀ ਪੰਜਾਬ ਵਿਚ ਨਿਯੁਕਤ ਹੋਇਆ ਤੇ ਉਸ ਨੂੰ ਸਮਝ ਆਈ ਕਿ ਸਾਰੀ ਸਿੱਖ ਕੌਮ ਗੁਰਦਵਾਰਾ ਸੁਧਾਰ ਲਹਿਰ ਦੇ ਹੱਕ ਵਿਚ ਹੈ। ਸਰਕਾਰੀ ਤਰੀਕੇ ਰਾਹੀਂ ਗੁਰਦਵਾਰਾ ਐਕਟ ਬਣਉਣ ਲਈ ਕਾਰਵਾਈ ਆਰੰਭੀ ਗਈ ਤੇ ਫ਼ਲਸਰੂਪ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਰਸਤਾ ਸਾਫ਼ ਹੋ ਗਿਆ। ਸਿੱਖ ਆਗੂਆਂ ਦੀ ਵੱਖ-ਵੱਖ ਸੋਚ ਸਦਕਾ, ਇਨ੍ਹਾਂ ਵਿਚ ਆਪਸੀ ਮੱਤਭੇਦ, ਖੁਲ੍ਹੇ ਤੌਰ ਉਤੇ ਸਾਹਮਣੇ ਆਉਣ ਲੱਗੇ। ਸ਼੍ਰੋਮਣੀ ਅਕਾਲੀ ਦੇ ਬੁਲਾਰੇ ਬਾਬਾ ਖੜਕ ਸਿੰਘ ਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਆਦਿ ਨੇ ਸੈਂਟਰਲ ਸਿੱਖ ਲੀਗ ਬਣਾਈ ਤੇ ਆਮ ਸਿੱਖ ਇਨ੍ਹਾਂ ਨੂੰ ਤਾਂ ਇਕ ਮਾਫ਼ੀ ਮੰਗਣ ਵਾਲਾ ਟੋਲਾ ਕਹਿੰਦੇ ਸੀ ਕਿਉਂਕਿ ਇਹ ਗੁਰਦਵਾਰਾ ਐਕਟ ਦੀਆਂ ਸ਼ਰਤਾਂ ਮੰਨ ਕੇ ਜੇਲਾਂ ਤੋਂ ਬਾਹਰ ਆ ਗਏ ਸਨ। ਇਸ ਸਮੇਂ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਜੇਲਾਂ ਵਿਚ ਹੀ ਰਹੇ।

 

Master Tara Singh And Jawaharlal NehruMaster Tara Singh 

 

ਸਰਕਾਰੀ ਪੱਖ ਪੂਰਨ ਵਾਲੇ ਚੀਫ਼ ਖ਼ਾਲਸਾ ਦੀਵਾਨੀਏ ਸਰਦਾਰ ਸੁੰਦਰ ਸਿੰਘ ਮਜੀਠਾ ਤੇ ਸਰਦਾਰ ਮਹਿਤਾਬ ਸਿੰਘ ਅਪਣੇ ਕੰਮਾਂ ਵਿਚ ਵਿਅਸਤ ਹੋ ਗਏ। ਗੁਰਦਵਾਰਾ ਪ੍ਰਬੰਧ ਲਈ ਚੋਣਾਂ ਕਰਵਾਈਆਂ ਗਈਆਂ ਤੇ ਸਿੱਖ ਲੀਡਰਾਂ ਵਿਚ ਆਪਸੀ ਮੱਤਭੇਦ ਤੇ ਧੜੇਬੰਦੀ ਤਿੱਖੀ ਹੁੰਦੀ ਉਜਾਗਰ ਹੋਈ। ਪਰ ਆਖ਼ਰ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ, ਸੈਂਟਰਲ ਸਿੱਖ ਲੀਗ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਨ੍ਹਾਂ ਤਿੰਨੇ ਜਥੇਬੰਦੀਆਂ ਦਾ ਪ੍ਰਧਾਨ ਚੁਣ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਰਾਜਨੀਤਕ ਪਾਰਟੀ ਸੀ ਤੇ ਸੈਂਟਰਲ ਸਿੱਖ ਲੀਗ ਇਸ ਵਿਚ ਸ਼ਾਮਲ ਕਰ ਦਿਤੀ ਗਈ।

ਕਾਂਗਰਸ ਦੀ ਹਮੇਸ਼ਾ ਇਹੀ ਨੀਅਤ ਰਹੀ ਹੈ ਕਿ ਅਕਾਲੀ ਦਲ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਜਾਵੇ। ਪਰ ਮਾਸਟਰ ਤਾਰਾ ਸਿੰਘ ਅਕਾਲੀ ਦਲ ਨੂੰ ਇਕ ਵਖਰੀ, ਸਿੱਖਾਂ ਲਈ ਨੁਮਾਇਦਾ ਜਥੇਬੰਦੀ ਦੀ ਪ੍ਰੋੜਤਾ ਕਰਦੇ ਰਹੇ। ਸੰਨ 1937 ਦੀਆਂ ਚੋਣਾਂ ਵਿਚ ਮਾਸਟਰ ਜੀ ਨੇ ਕਾਂਗਰਸ ਨਾਲ ਸੀਟਾਂ ਲਈ ਸਮੌਝਤਾ ਤਾਂ ਕੀਤਾ ਪਰ ਇਹ ਚੋਣਾਂ ਅਕਾਲੀ ਦਲ ਨੇ ਆਪ ਹੀ ਲੜੀਆਂ। ਸਿੱਖਾਂ ਨੇ ਮਾਸਟਰ ਤਾਰਾ ਸਿੰਘ ( Master Tara Singh) ਦੀ ਰਹਿਨੁਮਾਈ ਹੇਠ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਕਾਂਗਰਸ ਨਾਲ ਰੱਲ ਕੇ ਚੋਖਾ ਹਿੱਸਾ ਪਾਇਆ। ਇਸੇ ਤੋਂ ਪ੍ਰਭਾਵਤ ਹੋ ਕੇ ਜੈਤੋਂ ਦੇ ਮੋਰਚੇ ਵਿਚ ਕਾਂਗਰਸ ਵਲੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਧਾਰਮਕ ਮੋਰਚੇ ਵਿਚ ਸ਼ਿਰਕਤ ਕੀਤੀ। ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਰਾਜ ਸੱਤਾ ਤੋਂ ਲਾਂਭੇ ਹੋਣ ਦਾ ਮਨ ਬਣਾ ਲਿਆ ਸੀ। ਇਸ ਦੇਸ਼ ਵਿਚ ਤਿੰਨ ਕੌਮਾਂ ਹਿੰਦੂ, ਮੁਸਲਮਾਨ ਤੇ ਸਿੱਖ ਸਨ।

ਇਸ ਦੇਸ਼ ਦੀ ਵੰਡ ਕਿਵੇਂ ਹੋਵੇ, ਇਹ ਅੰਗਰੇਜ਼ੀ ਸਾਮਰਾਜ ਲਈ ਵੱਡੀ ਸਮੱਸਿਆ ਸੀ। ਇਸ ਤੋਂ ਪਹਿਲਾਂ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅੰਗਰੇਜ਼ ਸਰਕਾਰ ਗੁਰਦਵਾਰਾ ਰਕਾਬਗੰਜ ਦਿੱਲੀ ਦੇ ਗੁਰਦਵਾਰੇ ਦੀ ਕੰਧ ਢਾਹ ਕੇ, ਵਾਇਸ ਰਾਏ ਦੇ ਬੰਗਲੇ ਨੂੰ ਵੱਡਾ ਕਰਨਾ ਚਾਹੁੰਦੀ ਸੀ। ਕੁੱਝ ਸਿੱਖ ਲੀਡਰ, ਸਮੇਤ ਸੁੰਦਰ ਸਿੰਘ ਮਜੀਠੀਆ ਇਸ ਲਈ ਸਹਿਮਤ ਹੋ ਗਏ। ਮਾਸਟਰ ਤਾਰਾ ਸਿੰਘ ਤੇ ਹੋਰ ਸਿੱਖ ਲੀਡਰਾਂ ਨੇ ਇਸ ਨੂੰ ਇਕ ਚੁਨੌਤੀ ਸਮਝ ਕੇ, ਇਸ ਦੀ ਵਿਰੋਧਤਾ ਕੀਤੀ। ਇਕ ਸੌ ਸਿਰੜੀ ਸਿਰਲੱਥ ਸਿੰਘਾਂ ਦਾ ਜਥਾ ਬਣਾ ਕੇ ਮੋਰਚਾ ਲਗਾਉਣ ਦਾ ਐਲਾਨ ਕਰ ਦਿਤਾ ਤਾਂ ਅੰਗਰੇਜ਼ਾਂ ਨੇ ਸਿਆਣਪ ਤੋਂ ਕੰਮ ਲੈਂਦੇ ਹੋਏ, ਅਪਣਾ ਵਿਚਾਰ ਬਦਲ ਲਿਆ।

ਮਾਸਟਰ ਤਾਰਾ ਸਿਘ ਦੇ ਹਿਰਦੇ ਵਿਚ ਸਿੱਖੀ ਪਿਆਰ ਤੇ ਤੜਪ ਸੀ। ਉਹ ਚਾਹੁੰਦੇ ਸਨ ਕਿ ਸਿੱਖ ਕਿਸੇ ਤਰ੍ਹਾਂ ਵੀ ਬਹੁਗਿਣਤੀ ਵਾਲੇ ਫ਼ਿਰਕੇ ਦੇ ਗਲਬੇ ਹੇਠ ਨਾ ਰਹਿਣ। ਉਨ੍ਹਾਂ ਨੇ ਸਿੱਖਾਂ ਦੀ ਭਾਈਵਾਲੀ ਆਜ਼ਾਦੀ ਦੀ ਲਹਿਰ ਦੇ ਸੰਘਰਸ਼ ਵਿਚ ਕਾਂਗਰਸ ਨਾਲ ਬਣਾਈ ਰੱਖੀ। ਪਰ ਹਿਰਦੇ ਵਿਚ ਸਿੱਖ ਪੰਥ ਦੀ ਸਲਾਮਤੀ, ਇਸ ਮਹਾਨ ਲੀਡਰ ਦੀ ਰਾਜਨੀਤੀ ਦਾ ਧੁਰਾ ਹੀ ਰਿਹਾ। ਲਾਹੌਰ ਵਿਚ ਮੁਸਲਿਮ ਲੀਗ ਵਲੋਂ ਪਾਕਿਸਤਾਨ ਦੀ ਮੰਗ ਦੇ ਐਲਾਨ ਨਾਲ ਸਿੱਖਾਂ ਲਈ ਹੋਰ ਵੀ ਸੰਕਟ ਦੀ ਘੜੀ ਆ ਗਈ।

ਸੰਨ 1945 ਦੀ ਹੋਈ ਅਕਾਲੀ ਕਾਨਫ਼ਰੰਸ ਵਿਚ 'ਆਜ਼ਾਦ ਪੰਜਾਬ' ਦੀ ਸਕੀਮ ਦਾ ਐਲਾਨ ਕੀਤਾ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਰੱਖ ਦਿਤੀ। ਸਿੱਖ ਨੇਤਾ, ਕਾਂਗਰਸ ਦੇ ਪਿੱਛਲਗ ਬਣ ਕੇ ਵਿਚਰਨ, ਉਨ੍ਹਾਂ ਨੂੰ ਮੰਨਜ਼ੂਰ ਨਹੀਂ ਸੀ। ਅਪਣੀ ਆਜ਼ਾਦ ਹਸਤੀ ਰੱਖਣ ਦਾ ਵੀ ਕੋਈ ਉਪਰਾਲਾ ਨਹੀਂ ਸੀ ਬਣ ਰਿਹਾ। ਮਾਸਟਰ ਜੀ ਨੇ ਕਾਂਗਰਸ ਤੇ ਮੁਸਲਮ ਲੀਗ ਦੀ ਅੰਗਰੇਜ਼ਾਂ ਨਾਲ ਹੁੰਦੀ ਹਰ ਗੱਲਬਾਤ ਤੇ ਗੰਭੀਰਤਾ ਨਾਲ ਨਜ਼ਰਸਾਨੀ। ਸੰਨ 1945 ਵਿਚ ਸ਼ਿਮਲੇ ਵਿਚ ਲਾਰਡ ਵੇਲਜ਼ ਵਲੋਂ ਸੱਦੀ ਮੀਟਿੰਗ ਵਿਚ ਸਪੱਸ਼ਟ ਕਹਿ ਦਿਤਾ ਗਿਆ ਕਿ ਸਿੱਖ ਅੰਗਰੇਜ਼ ਦੀ ਦੱਸੀ ਹੋਈ ਸਕੀਮ ਪ੍ਰਵਾਨ ਕਰਨ ਪਰ ਸਿੱਖ ਲੀਡਰਾਂ ਨੂੰ ਇਹ ਮੰਨਜ਼ੂਰ ਨਹੀਂ ਸੀ।

ਕਾਂਗਰਸ ਵਲੋਂ ਜਵਾਹਰ ਲਾਲ ਨਹਿਰੂ ਚਾਹੁੰਦੇ ਸਨ ਕਿ ਸਿੱਖ ਰਾਜਨੀਤੀ ਉਪਰ ਕਾਂਗਰਸ ਦਾ ਹੀ ਪੂਰਾ ਪ੍ਰਭਾਵ ਹੋਵੇ ਤੇ ਇਸ ਲਈ ਮਾਸਟਰ ਜੀ ਨੂੰ ਪਾਸੇ ਰੱਖ ਕੇ, ਪੰਜਾਬ ਦਾ ਫ਼ੈਸਲਾ ਕਰਵਾਉਣਾ ਦਾ ਮਿੱਥ ਲਿਆ। ਪ੍ਰਤਾਪ ਸਿੰਘ ਕੈਰੋਂ ਤੇ ਨਿਰੰਜਨ ਸਿੰਘ ਗਿੱਲ ਨਹਿਰੂ ਦੇ ਸਮਰਥਕ ਬਣ ਗਏ ਤੇ ਅਜਿਹੇ ਹਾਲਾਤ ਵਿਚ ਕੰਸਟੀਚੂਐਂਟ ਅਸੈਂਬਲੀ ਦੀ ਅੰਤ੍ਰਿਮ ਸਰਕਾਰ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ। ਗਿਆਨੀ ਕਰਤਾਰ ਸਿੰਘ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸਨ ਤੇ ਉਨ੍ਹਾਂ ਦਾ ਬਿਆਨ ਸੀ, 'ਸਿੱਖਾਂ ਦੀ ਹੋਣੀ ਬਾਰੇ, ਕੋਈ ਵੀ ਫ਼ੈਸਲਾ ਸਿੱਖਾਂ ਦੀ ਅਪਣੀ ਸਹਿਮਤੀ ਬਿਨਾਂ ਨਹੀਂ ਦੇਣ ਦਿਤਾ ਜਾਵੇਗਾ।'

ਮਾਸਟਰ ਤਾਰਾ ਸਿੰਘ ( Master Tara Singh)ਤੇ ਸਿੱਖ ਲੀਡਰਾਂ ਦੇ ਦਬਾਅ ਹੇਠ ਹੀ ਕਾਂਗਰਸ ਨੇ ਪੰਜਾਬ ਦੀ ਵੰਡ ਦੇ ਸਮਰਥਨ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। ਬਰਤਾਨਵੀ ਸਰਕਾਰ ਨੇ ਮਾਰਚ 1947 ਵਿਚ ਲਾਰਡ ਮਾਊਟਬੈਟਨ ਨੂੰ ਹਿੰਦੂਸਤਾਨ ਦਾ ਵਾਇਸਰਾਏ ਬਣਾ ਕੇ ਭੇਜਿਆ ਤੇ ਰਾਜ ਸੱਤਾ ਦੀ ਬਦਲੀ ਦਾ ਕਾਰਜ ਦਿਤਾ ਗਿਆ। ਸਿੱਖ ਨੇਤਾ, ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ 18 ਅਪ੍ਰੈਲ 1947 ਨੂੰ ਵਾਇਸਰਾਏ ਨੂੰ ਮਿਲੇ ਤੇ ਪਾਕਿਸਤਾਨ ਬਣਾਏ ਜਾਣ ਦੀ ਸੂਰਤ ਵਿਚ, ਪੰਜਾਬ ਦੀ ਵੰਡ ਤੇ ਆਬਾਦੀ ਤੋਂ ਵੱਧ ਪ੍ਰਤੀਨਿਧਤਾ ਦੇ ਨਿਯਮ ਨੂੰ ਲਾਗੂ ਕਰਨ ਤੇ ਦਬਾਅ ਪਾਇਆ ਪਰ ਵਾਇਸਰਾਏ ਨਾ ਮੰਨਿਆ। ਮਾਸਟਰ ਤਾਰਾ ਸਿੰਘ ਨੇ ਹਰ ਪੜਾਅ ਤੇ ਯਤਨ ਕੀਤੇ ਤਾਕਿ ਸਿੱਖ ਕੌਮ ਦੇ ਹਿਤਾਂ ਦੀ ਸੁਰੱਖਿਆ ਕੀਤੀ ਜਾ ਸਕੇ ਪਰ ਨਾ ਤਾਂ ਅੰਗਰੇਜ਼ ਸਰਕਾਰ ਮੰਨੀ ਤੇ ਨਾ ਹੀ ਜਿਨਾਹ ਨੇ ਇਹ ਮੰਗ ਪ੍ਰਵਾਨ ਕੀਤੀ।

ਮੁਸਲਿਮ ਲੀਗ ਵਲੋਂ ਜਿਨਾਹ ਨੇ ਪੇਸ਼ਕਸ਼ ਕੀਤੀ ਕਿ ਸਿੱਖ ਪਾਕਿਸਤਾਨ ਦੀ ਮੰਗ ਦੀ ਹਮਾਇਤ ਕਰ ਦੇਣ ਤਾਂ ਉਹ ਉਨ੍ਹਾਂ ਨੂੰ ਪਾਕਿਸਤਾਨ ਵਿਚ ਵੱਡੀ ਰਿਆਇਤ ਦੇਣਗੇ-ਭਾਵ ਪਾਕਿਸਤਾਨ ਵਿਚ ਸਿੱਖ ਸਟੇਟ ਬਣਾਈ ਜਾ ਸਕਦੀ ਹੈ। ਮਾਸਟਰ ਤਾਰਾ ਸਿੰਘ ( Master Tara Singh)ਨੇ ਜਿਨਾਹ ਪਾਸੋਂ ਪੁਛਿਆ ਕਿ ਸੰਤੁਸ਼ਟ ਨਾ ਹੋਣ ਤੇ ਸਿੱਖਾਂ ਨੂੰ 10 ਸਾਲ ਬਾਅਦ ਪਾਕਿਸਤਾਨ ਨਾਲੋਂ ਅੱਡ ਹੋ ਕੇ ਸੁਤੰਤਰ ਹੋਣ ਦਾ ਹੱਕ ਹੋਵੇਗਾ? ਪਰ ਇਸ ਤੇ ਜਿਨਾਹ ਦਾ ਜਵਾਬ ਨਾਂਹ ਵਿਚ ਸੀ। ਮਾਸਟਰ ਤਾਰਾ ਸਿੰਘ ਨੇ 4 ਜੂਨ 1947 ਨੂੰ ਕਿਹਾ, ''“here was total lack of provision in the plan of ੩rd June ੧੯੪੭ to give Sikhs any power or status or even safeguarding their position or interests'' ਪੰਜਾਬੀ ਉਲੱਥਾ ਇਸ ਪ੍ਰਕਾਰ ਹੈ : ''ਤਿੰਨ ਜੂਨ 1947 ਵਿਚ ਦਿਤੇ ਗਏ ਪਲੈਨ ਵਿਚ ਕੋਈ ਅਜਿਹੀ ਧਾਰਾ ਨਹੀਂ ਜਿਸ ਨਾਲ ਸਿੱਖਾਂ ਨੂੰ ਅਧਿਕਾਰ ਤੇ ਉਨ੍ਹਾਂ ਦੇ ਹਿੱਤ ਤੇ ਉਨ੍ਹਾਂ ਦੇ ਸਟੇਟਸ ਦੀ ਸੁਰੱਖਿਅਤਾ ਹੋਵੇ।''

ਇਸ ਸਾਰੇ ਕਾਸੇ ਤੋਂ ਇਹ ਸਪੱਸ਼ਟ ਹੈ ਕਿ ਅੰਗਰੇਜ਼ ਸਿੱਖਾਂ ਨੂੰ ਤੀਜੀ ਧਿਰ ਤਾਂ ਮੰਨਦੇ ਸਨ ਪਰ ਰਾਜ ਸੱਤਾ ਦੇਣ ਲਈ ਕਿਸੇ ਤਰ੍ਹਾਂ ਵੀ ਤਿਆਰ ਨਹੀਂ ਸਨ। ਜਿਨਾਹ ਸਿੱਖਾਂ ਵਲੋਂ ਪਾਕਿਸਤਾਨ ਦੀ ਸਿਰਜਣਾ ਲਈ ਹਮਾਇਤ ਹੀ ਮੰਗਦਾ ਸੀ ਤੇ ਹੋਰ ਕੁੱਝ ਦੇਣ ਲਈ ਤਿਆਰ ਨਹੀਂ ਸੀ। ਮਾਸਟਰ ਤਾਰਾ ਸਿੰਘ ( Master Tara Singh) ਦਾ ਨਿਸ਼ਾਨਾ ਹਿੰਦੂਸਤਾਨ ਵਿਚ ਰਹਿ ਕੇ ਸਿੱਖ ਬਹੁ-ਗਿਣਤੀ ਵਾਲੇ  ਰਾਜ ਦੀ ਸਿਰਜਣਾ ਸੀ। ਕਈ ਸਿੱਖ ਵਿਦਵਾਨਾਂ ਨੇ ਮਾਸਟਰ ਤਾਰਾ ਸਿੰਘ ਦੀ ਅਲੋਚਨਾ ਕੀਤੀ ਹੈ ਕਿ ਅੰਗਰੇਜ਼ ਸਿੱਖਾਂ ਨੂੰ ਸਿੱਖ ਸਟੇਟ ਦੇਣਾ ਚਾਹੁੰਦੇ ਸਨ। ਇਹ ਗੱਲ ਠੀਕ ਨਹੀਂ ਜਾਪਦੀ।

ਕਾਂਗਰਸੀ ਆਗੂਆਂ ਨੇ ਭਰੋਸਾ ਦਿਤਾ ਕਿ ਨਵੇਂ ਹਿੰਦੁਸਤਾਨ ਵਿਚ ਉਹ ਖਿੱਤਾ ਸੁਨਿਸ਼ਚਤ ਹੋਵੇਗਾ ਜਿਥੇ ਉਹ ਅਪਣੀ ਬੋਲੀ, ਸਭਿਅਤਾ ਤੇ ਧਰਮ ਦੀ ਪ੍ਰਫੁਲਤਾ ਮਾਣ ਸਕਣਗੇ। ਜਿਨਾਹ ਤੇ ਤਾਂ ਇਤਬਾਰ ਕੀਤਾ ਨਹੀਂ ਸੀ ਜਾ ਸਕਦਾ ਤੇ ਅੰਗਰੇਜ਼ ਕੋਈ ਵਖਰਾ ਖਿੱਤਾ ਦੇਣਾ ਨਹੀਂ ਸੀ ਚਾਹੁੰਦੇ, ਫਿਰ ਮਾਸਟਰ ਤਾਰਾ ਸਿੰਘ ਕੋਲ ਸਿਵਾਏ ਕਾਂਗਰਸੀ ਆਗੂਆਂ ਦੇ ਭਰੋਸੇ ਤੇ ਇਤਬਾਰ ਕਰਨ ਤੋਂ ਬਿਨਾਂ ਕੁੱਝ ਹੈ ਹੀ ਨਹੀਂ ਸੀ।

ਇਹ ਮਾਸਟਰ ਤਾਰਾ ਸਿੰਘ ( Master Tara Singh) ਦੀ ਵਡਿਆਈ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਅਪਣੇ ਦਿਤੇ ਹੋਏ ਵਾਅਦੇ ਯਾਦ ਕਰਵਾਏ। ਪਰ ਇਹ ਮਤਲਬੀ ਤੇ ਮੁਤਸਬੀ ਕਾਂਗਰਸੀ ਅਪਣੇ ਕੌਲ ਕਰਾਰਾਂ ਨੂੰ ਭੁੱਲ ਗਏ। ਮਾਸਟਰ ਤਾਰਾ ਸਿੰਘ ( Master Tara Singh) ਨੇ ਇਕ ਬਹੁਤ ਵੱਡਾ ਰੋਸ ਮਾਰਚ ਦਿੱਲੀ ਵਿਚ ਕਰਨ ਦਾ ਪ੍ਰੋਗਰਾਮ ਉਲੀਕਆ। ਮਾਸਟਰ ਤਾਰਾ ਸਿੰਘ ( Master Tara Singh) ਨੂੰ ਨਰੇਲਾ ਰੇਲਵੇ ਸਟੇਸ਼ਨ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬੀ ਸੂਬੇ ਦੇ ਨਾਹਰੇ ਉਤੇ ਪਾਬੰਦੀ ਵਿਰੁਧ 24 ਹਜ਼ਾਰ ਸਿੱਖਾਂ ਨੇ ਗ੍ਰਿਫ਼ਤਾਰੀ ਦਿਤੀ।

ਫਿਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲਗਾਇਆ ਤੇ ਅੰਤ ਕੇਂਦਰ ਸਰਕਾਰ ਨਾ ਚਾਹੁੰਦੇ ਹੋਈ ਵੀ ਝੁਕੀ ਤੇ ਪੰਜਾਬ ਦਾ ਪੁਨਰਗਠਨ ਹੋਇਆ ਤੇ ਅਜੋਕਾ ਪੰਜਾਬ ਹੋਂਦ ਵਿਚ ਆਇਆ ਜਿਸ ਬਾਰੇ ਮਾਸਟਰ ਤਾਰਾ ਸਿੰਘ ( Master Tara Singh) ਦੇ ਦਿਲ ਵਿਚ ਬਹੁਤ ਉਮਰਾਮਤਾ ਰਹੀ ਸੀ। ਅਪਣੇ ਜੀਵਨ ਕਾਲ ਵਿਚ ਮਾਸਟਰ ਜੀ ਨੇ 73 ਦਿਨ ਮਰਨ ਵਰਤ ਰਖਿਆ ਜਿਹੜਾ ਮਹਾਰਾਜਾ ਪਟਿਆਲਾ ਨੇ ਕੇਂਦਰ ਸਰਕਾਰ ਵਲੋਂ ਭਰੋਸੇ ਦੇਣ ਤੇ ਖੁਲ੍ਹਵਾਇਆ।

ਮਾਸਟਰ ਤਾਰਾ ਸਿੰਘ ( Master Tara Singh) ਨੇ ਸਾਰੇ ਜੀਵਨ ਕਾਲ ਵਿਚ ਕੋਈ ਵੀ ਅਹੁਦਾ ਸਵੀਕਾਰ ਨਾ ਕੀਤਾ। ਉਹ ਕਿਹਾ ਕਰਦੇ ਸਨ ਕਿ ''ਅਕਾਲੀ ਦਲ ਕਾਇਮ ਤਾਂ ਹੈ, ਜੇ ਇਸ ਦਾ ਪ੍ਰਧਾਨ ਕੋਈ ਅਹੁਦਾ ਨਹੀਂ ਕਬੂਲਦਾ। ਜਿਸ ਦਿਨ ਅਕਾਲੀ ਦਲ ਦੇ ਪ੍ਰਧਾਨ ਨੇ ਕੋਈ ਅਹੁਦਾ ਕਬੂਲ ਕਰ ਲਿਆ ਉਸ ਦਿਨ ਪੰਥ ਦੀ ਆਵਾਜ਼ ਖੇਰੂੰ-ਖੇਰੂੰ ਹੋ ਜਾਵੇਗੀ।'' ਉਹ ਅਕਸਰ ਕਹਿੰਦੇ ਸਨ ਕਿ ''ਹਿੰਦੂਸਤਾਨ ਤੋਂ ਵੱਖ ਹੋਣ ਦਾ ਹਾਮੀ ਨਹੀਂ ਪਰ ਹਿੰਦੂਆਂ ਦਾ ਗੁਲਾਮ ਬਣ ਕੇ ਵੀ ਨਹੀਂ ਰਹਿਣਾ ਚਾਹੁੰਦੈ।'' ਇਨ੍ਹਾਂ ਉਪਰਕੋਤ ਗੱਲਾਂ ਦਾ ਵੇਰਵਾ ਗਿਆਨੀ ਭਗਤ ਸਿੰਘ ਨੇ ਅਪਣੇ ਲੇਖ ਵਿਚ ਦਿਤਾ ਹੈ

ਮਾਸਟਰ ਤਾਰਾ ਸਿੰਘ ( Master Tara Singh) ਨੇ ਆਖ਼ਰੀ ਸਾਢੇ ਤਿੰਨ ਸਾਲ ਉਪਰਾਮਤਾ ਵਿਚ ਰਹੇ। ਆਪ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲਗਾਏ ਪੰਥਕ ਮੋਰਚੇ ਸਮੇਂ ਸੰਤ ਫਤਹਿ ਸਿੰਘ ਨੂੰ ਆਪ ਲੈ ਕੇ ਆਏ ਸਨ। ਅਕਾਲੀ ਦਲ ਵਿਚ ਮਾਲਵੇ ਦੇ ਧੜੇ ਨੇ ਸੰਤ ਫਤਹਿ ਸਿੰਘ ਨੂੰ ਅੱਗੇ ਲਗਾ ਕੇ ਮਾਸਟਰ ਤਾਰਾ ਸਿੰਘ ( Master Tara Singh) ਵਰਗੇ ਨਿਸ਼ਕਾਮ ਪੰਥ ਪ੍ਰਸਤ ਸਿੱਖੀ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕਰਨ ਵਾਲੇ ਨੂੰ ਕਿਨਾਰੇ ਕਰ ਦਿਤਾ। ਉਹ ਅਜੋਕੇ ਪੰਜਾਬ ਦੀ ਸਥਾਪਨਾ ਤੋਂ ਬਹੁਤ ਉਦਾਸ ਸਨ। ਸੰਨ 1955 ਵਿਚ ਜਦੋਂ ਅੰਮ੍ਰਿਤਸਰ ਵਿਚ ਵਿਸ਼ਾਲ ਅਕਾਲੀ ਕਾਨਫ਼ਰੰਸ ਵਿਚ ਲੱਖਾਂ ਸਿੰਘਾਂ ਦਾ ਭਰਵਾਂ ਇਕੱਠ ਹੋਇਆ ਤਾਂ ਕਾਂਗਰਸੀ ਆਗੂਆਂ ਦੇ ਦਿਲ ਦਹਿਲ ਗਏ ਤੇ ਇਹ ਇਕ ਯਾਦਗਾਰੀ ਜਲੂਸ ਸੀ।

ਜਦੋਂ ਸੰਤ ਫਤਹਿ ਸਿੰਘ ਨੇ ਇਹੋ ਜਿਹਾ ਲੰਗੜਾ ਪੰਜਾਬ ਲੈਣਾ ਪ੍ਰਵਾਨ ਕਰ ਲਿਆ ਤਾਂ ਉਸ ਵੇਲੇ ਸਰਦਾਰ ਕਪੂਰ ਸਿੰਘ ਆਈ.ਏ.ਐਸ. ਤੇ ਜਸਟਿਸ ਗੁਰਨਾਮ ਸਿੰਘ ਨੇ ਲੁਧਿਆਣਾ ਕਾਨਫ਼ਰੰਸ ਵਿਚ ਸਿੱਖ ਹੋਮਲੈਂਡ ਦਾ ਨਾਹਰਾ ਲਗਾਇਆ ਤੇ ਫਿਰ  ਮਾਸਟਰ ਤਾਰਾ ਸਿੰਘ ( Master Tara Singh) ਨੂੰ 1966 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਸਿੱਖ ਕੌਮ ਦਾ ਇਹ ਮਹਾਨ ਜਰਨੈਲ 22 ਨਵੰਬਰ 1967 ਨੂੰ ਸੰਖੇਪ ਜਹੀ ਬਿਮਾਰੀ ਤੋਂ ਬਾਅਦ, ਚੰਡੀਗੜ੍ਹ ਦੇ ਹਸਪਤਾਲ ਵਿਚ ਚਲਾਣਾ ਕਰ ਗਿਆ। 'ਮੈਂ ਉਜੜਾ-ਪੰਥ ਜੀਵੈ' ਦਾ ਨਾਹਰਾ ਤੇ ਸਿੱਖ ਕੌਮ ਲਈ ਹਮੇਸ਼ਾ ਤਰਦੱਦ ਕਰਨ ਵਾਲਾ ਕਈ ਵਰ੍ਹੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ।

ਸਿਰੇ ਦੀ ਇਮਾਨਦਾਰੀ, ਹਰ ਸਥਿਤੀ ਵਿਚ ਪੰਥ ਦਾ ਦਰਦ ਰੱਖਣ ਵਾਲਾ, ਇਹ ਮਹਾਨ ਸਿੱਖ ਨੇਤਾ, ਤਕਰੀਬਨ 50 ਸਾਲ ਸਿੱਖ ਸਿਆਸਤ ਵਿਚ ਧਰੂ ਤਾਰੇ ਵਾਂਗ ਰਿਹਾ। ਅੱਜ ਦੇ ਅਕਾਲੀ ਲੀਡਰਾਂ ਦੀ ਸੋਚ ਦਾ ਮਾਸਟਰ ਜੀ ਦੀ ਸੋਚ ਨਾਲ ਤਾਂ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਇਹ ਤਾਂ ਸਿਰਫ਼ ਅਪਣੀ ਤੇ ਪ੍ਰਵਾਰ ਲਈ ਤਾਕਤ ਤੇ ਅਹੁਦੇ ਲਭਦੇ ਹੋਏ, ਰੱਜ ਕੇ ਅਮੀਰੀ ਦਾ ਸੁੱਖ ਲੈਣਾ ਲੋਚਦੇ ਹਨ। ਇਹ ਦਰਵੇਸ਼, ਬੇਲਾਗ, ਬੇਦਾਗ, ਇਮਾਨਦਾਰ ਤੇ ਸਿੱਖੀ ਸੋਚ ਵਿਚ ਗੜੁੱਚ ਮਾਸਟਰ ਤਾਰਾ ਸਿੰਘ ਦੀ ਕਿਵੇਂ ਬਰਾਬਰੀ ਕਰ ਸਕਦੇ ਹਨ। ਪਤਾ ਨਹੀਂ ਅਕਾਲ ਪੁਰਖ ਸਿੱਖ ਕੌਮ ਨੂੰ ਮਾਸਟਰ ਤਾਰਾ ਸਿੰਘ ਵਰਗਾ ਕੋਈ ਹੋਰ ਲੀਡਰ ਕਦੋਂ ਦੇਵੇਗਾ।

ਹਰਚਰਨ ਸਿੰਘ
ਸੰਪਰਕ : 88720-06924

 

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ 'ਚ ਚੁੱਕਿਆ ਬੇਅਦਬੀ ਅਤੇ ਨਸ਼ਾ ਤਸਕਰੀ ਦਾ ਮੁੱਦਾ

30 Jun 2022 9:27 PM
CM ਮਾਨ ਅਤੇ ਪ੍ਰਤਾਪ ਬਾਜਵਾ 'ਚ ਤਿੱਖੀ ਬਹਿਸ - 'ਜੇ ਪੈਨਸ਼ਨ ਜਾਂ ਤਨਖਾਹ ਘੱਟ ਲਗਦੀ ਤਾਂ ਕੋਈ ਹੋਰ ਕੰਮ ਕਰ ਲਓ'

CM ਮਾਨ ਅਤੇ ਪ੍ਰਤਾਪ ਬਾਜਵਾ 'ਚ ਤਿੱਖੀ ਬਹਿਸ - 'ਜੇ ਪੈਨਸ਼ਨ ਜਾਂ ਤਨਖਾਹ ਘੱਟ ਲਗਦੀ ਤਾਂ ਕੋਈ ਹੋਰ ਕੰਮ ਕਰ ਲਓ'

ਪੰਜਾਬ ਬਜਟ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ Exclusive ਇੰਟਰਵਿਊ

ਪੰਜਾਬ ਬਜਟ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ Exclusive ਇੰਟਰਵਿਊ

ਕਾਂਗਰਸ ਪਾਰਟੀ ਨੂੰ ਸੁਧਾਰ ਦੀ ਲੋੜ, ਲੋਕਾਂ ਦਾ ਫਤਵਾ ਸਰ ਮੱਥੇ - ਰਾਜਾ ਵੜਿੰਗ

ਕਾਂਗਰਸ ਪਾਰਟੀ ਨੂੰ ਸੁਧਾਰ ਦੀ ਲੋੜ, ਲੋਕਾਂ ਦਾ ਫਤਵਾ ਸਰ ਮੱਥੇ - ਰਾਜਾ ਵੜਿੰਗ

Advertisement