ਬੰਦੀ ਛੋੜ ਦਿਵਸ ਕਿ ਲਛਮੀ ਪੂਜਾ ?
Published : Oct 24, 2022, 10:26 am IST
Updated : Oct 24, 2022, 12:06 pm IST
SHARE ARTICLE
Bandi Chhor Divas or Lachmi Puja?
Bandi Chhor Divas or Lachmi Puja?

ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗ਼ਲ ਹਕੂਮਤ ਵਲੋਂ, ਕੁੱਝ ਸਮੇਂ ਲਈ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ਗਿਆ ਸੀ।

 

ਦੁਨੀਆਂ ਦੇ ਹੋਰ ਹਿਸਿਆ ਵਾਂਗ ਅਪਣੇ ਦੇਸ਼ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਦਾ ਸਬੰਧ ਮੌਸਮਾਂ, ਧਰਮ,  ਇਤਿਹਾਸ, ਮਿਥਿਹਾਸ ਦੇ ਨਾਲ-ਨਾਲ ਜਾਤ ਪ੍ਰਥਾ ਨਾਲ ਵੀ ਹੈ। ਇਨ੍ਹਾਂ ਤਿਉਹਾਰਾਂ ਦਾ ਆਰੰਭ ਮੌਸਮ ਦੀ ਤਬਦੀਲੀ, ਮਨੋਰੰਜਨ ਅਤੇ ਖੁਸ਼ੀ ਲਈ ਜਾਂ ਕੁਦਰਤੀ ਆਫ਼ਤਾਂ ਦੀ ਕਰੋਪੀ ਤੋਂ ਬਚਣ ਲਈ ਪੂਜਾ ਦੇ ਰੂਪ ਵਿਚ ਹੀ ਹੋਇਆ ਹੋਵੇਗਾ। ਉਸ ਵੇਲੇ ਦੇ ਮੁਖੀਆਂ ਵਲੋਂ ਵੱਖ-ਵੱਖ ਤਿਉਹਾਰਾਂ ਨੂੰ ਮਨਾਉਣ ਲਈ ਵੱਖ-ਵੱਖ ਰੀਤੀ-ਰਿਵਾਜ ਅਤੇ ਮਰਯਾਦਾ ਵੀ ਆਰੰਭੀ ਗਈ। ਸਮੇਂ-ਸਮੇਂ ਇਨ੍ਹਾਂ ਦਿਨਾਂ ਨਾਲ ਹੋਰ ਘਟਨਾਵਾਂ ਵੀ ਜੁੜਦੀਆਂ ਗਈਆਂ ਅਤੇ ਤਿਉਹਾਰ ਅਤੇ ਰੀਤੀ ਰਿਵਾਜਾਂ ਦਾ ਵਿਕਾਸ ਹੁੰਦਾ ਗਿਆ।

ਪੁਜਾਰੀ ਕਿਸਮ ਦੇ ਲੋਕਾਂ ਵਲੋਂ ਸਾਧਾਰਣ ਲੋਕਾਂ ਦੀ ਅਗਿਆਨਤਾ ਦਾ ਫ਼ਾਇਦਾ ਉਠਾਉਣ ਖ਼ਾਤਰ ਇਨ੍ਹਾਂ ਤਿਉਹਾਰਾਂ ਨੂੰ ਪੂਰੀ ਤਰ੍ਹਾਂ ਧਾਰਮਕ ਪਾਣ ਚਾੜ੍ਹ ਦਿਤੀ ਗਈ। ਮੌਜੂਦਾ ਸਮੇਂ ਵਿਚ ਵੀ ਸਰਕਾਰਾਂ ਵਲੋਂ ਵੱਖ-ਵੱਖ  ਤਿਉਹਾਰਾਂ ਵਾਲੇ ਦਿਨਾਂ ਵਿਚ ਛੁੱਟੀਆਂ ਦਾ ਐਲਾਨ ਕਰ ਕੇ, ਤਿਉਹਾਰਾਂ ਨੂੰ ਮਾਨਤਾ ਦਿਤੀ ਜਾਂਦੀ ਹੈ। ਇਨ੍ਹਾਂ ਤਿਉਹਾਰਾਂ ਵਿਚੋਂ ਇਕ ਹੈ - ਦੀਵਾਲੀ ਦਾ ਤਿਉਹਾਰ, ਜਿਸ ਬਾਰੇ ਆਮ ਧਾਰਣਾ ਹੈ ਕਿ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਰਾਮ, ਘਰੇਲੂ ਕਾਰਨਾਂ ਕਾਰਨ ਮਿਲੇ 14 ਸਾਲ ਦੇ ਬਨਵਾਸ ਨੂੰ ਪੂਰਾ ਕਰਨ ਉਪਰੰਤ, ਕੱਤਕ ਦੀ ਮੱਸਿਆ ਵਾਲੇ ਦਿਨ (ਸਾਲ ਬਾਰੇ ਕੋਈ ਜਾਣਕਾਰੀ ਨਹੀਂ) ਅਪਣੇ ਪ੍ਰਵਾਰ ਸਮੇਤ ਅਯੁੱਧਿਆ ਵਿਚ ਵਾਪਸ ਆਇਆ ਸੀ। ਅਪਣੇ ਰਾਜੇ ਦੇ ਵਾਪਸ ਆਉਣ ਦੀ ਖ਼ੁਸ਼ੀ ਵਿਚ, ਅਯੁਧਿਆ ਨਗਰੀ ਦੇ ਵਾਸੀਆਂ ਨੇ ਦੀਵੇ ਬਾਲ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ। ਪਰ ਇਸ ਤਿਉਹਾਰ ਦਾ ਸਭ ਤੋਂ ਵੱਧ ਮਹੱਤਵ ਸਮੁੰਦਰ ਮੰਥਨ ਤੋਂ ਪੈਦਾ ਹੋਈ ਵਿਸ਼ਨੂੰ ਦੀ ਪਤਨੀ, ਧਨ-ਦੌਲਤ, ਖ਼ੁਸ਼ਹਾਲੀ ਅਤੇ ਕਿਸਮਤ ਦੀ ਪ੍ਰਤੀਕ “ਸ਼੍ਰੀ ਮਹਾ ਲਛਮੀ” ਦੀ ਪੂਜਾ ਕਰਨਾ ਹੈ। ਇਕ ਵਸੀਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਵਾਲੀ, “ਕਾਰਤਿਕ ਕੀ ਅਮਾਵਸ ਕੋ ਪੜਨੇ ਵਾਲਾ ਹਿੰਦੂਉਂ ਕਾ ਏਕ ਤਿਉਹਾਰ ਜਿਸ ਮੇਂ ਲਕਛਮੀ ਪੂਜਨ ਹੋਤਾ ਹੈ”।

ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗ਼ਲ ਹਕੂਮਤ ਵਲੋਂ, ਕੁੱਝ ਸਮੇਂ ਲਈ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ਗਿਆ ਸੀ। ਇਸ ਕੈਦ ਦੇ ਸਮੇਂ ਸਬੰਧੀ ਵਿਦਵਾਨਾਂ ਵਿਚ ਕਾਫ਼ੀ ਮੱਤਭੇਦ ਹਨ। ਗੁਰੂ ਜੀ ਦੀ ਰਿਹਾਈ ਬਾਰੇ ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ ਅਤੇ ਗੁਰੂ ਜੀ ਨੇ 52 ਪਹਾੜੀ ਰਾਜਿਆਂ ਨੂੰ ਵੀ, ਜੋ ਉਸੇ ਕਿਲੇ੍ਹ ਵਿਚ ਕੈਦ ਸਨ, ਅਪਣੇ ਨਾਲ ਹੀ ਰਿਹਾ ਕਰਵਾਇਆਂ ਸੀ। ਇਸ ਕਾਰਨ ਹੀ ਗੁਰੂ ਜੀ ਨੂੰ ‘ਦਾਤਾ ਬੰਦੀ ਛੋੜ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੂਜੀ ਧਾਰਨਾ ਇਹ ਹੈ ਕਿ ਰਿਹਾਈ ਤੋਂ ਪਿਛੋਂ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖ਼ੁਸ਼ੀ ਵਿਚ ਸੰਗਤਾਂ ਨੇ ਘਿਉ ਦੇ ਦੀਵੇ ਜਗਾਏ ਸਨ। ਸਿੱਖ ਇਤਹਾਸ ਦੀਆਂ ਕਈ ਹੋਰ ਤਾਰੀਖ਼ਾਂ ਵਾਂਗੂੰ, ਗੁਰੂ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਦੀ ਤਾਰੀਖ ਬਾਰੇ ਵੀ ਮੱਤਭੇਦ ਹਨ। ਸਵਾਲ ਪੈਦਾ ਹੁੰਦਾ ਹੈ ਕਿ ਦੀਵਾਲੀ ਵਾਲੇ ਦਿਨ ਕਿਲ੍ਹੇ ਵਿਚੋਂ ਰਿਹਾ ਹੋਏ ਸਨ ਜਾਂ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜੀ ਅੰਮ੍ਰਿਤਸਾਰ ਸਾਹਿਬ ਵਿਖੇ ਪੁੱਜੇ ਸਨ? ਪਰ ਇਹ ਸਵਾਲ, ਸਾਡਾ ਅੱਜ ਦਾ ਵਿਸ਼ਾ ਨਹੀਂ ਹੈ।

ਸਦੀਆਂ ਪੁਰਾਣਾ ਤਿਉਹਾਰ ਹੋਣ ਕਾਰਨ, ਦੀਵਾਲੀ ਦੀ ਤਾਰੀਖ਼ ਹਰ ਕਿਸੇ ਨੂੰ ਯਾਦ ਹੈ ਕਿ ਇਹ ਚੰਨ ਦੇ ਕੈਲੰਡਰ ਮੁਤਾਬਕ, ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸ ਸਾਲ ਕੱਤਕ ਦੀ ਮੱਸਿਆ, 25 ਅਕਤੂਬਰ ਦਿਨ ਮੰਗਲਵਾਰ ਨੂੰ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੇ ਗਏ ਕੈਲੰਡਰ ਵਿਚ ਵੀ ਮੱਸਿਆ 9 ਕੱਤਕ (25 ਅਕਤੂਬਰ) ਦਿਨ ਮੰਗਲਵਾਰ ਦੀ ਹੀ ਦਰਜ ਹੈ। ਪਰ ਇਸ ਕੈਲੰਡਰ ਵਿਚ ਬੰਦੀ ਛੋੜ ਦਿਵਸ 8 ਕੱਤਕ/24 ਅਕਤੂਬਰ ਦਾ ਦਰਜ ਹੈ। ਅਜਿਹਾ ਕਿਉਂ?
 ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਆਰੰਭ ਸਵੇਰੇ ਸੂਰਜ ਚੜ੍ਹਨ ਵੇਲੇ ਤੋਂ ਮੰਨਿਆ ਜਾਂਦਾ ਹੈ। 24 ਅਕਤੂਬਰ ਨੂੰ ਸਵੇਰੇ ਸੂਰਜ 6:40 ਚੜ੍ਹੇਗਾ। ਉਸ ਵੇਲੇ ਚੰਨ ਦੀ ਤਿੱਥ, ਕੱਤਕ ਵਦੀ ਚੌਦਸ ਹੈ। ਇਸ ਲਈ 24 ਅਕਤੂਬਰ ਨੂੰ ਕੱਤਕ ਦੀ ਚੌਦਸ ਮੰਨੀ ਜਾਵੇਗੀ। ਕੱਤਕ ਦੀ ਚੌਦਸ 24 ਤਾਰੀਖ ਸ਼ਾਮ ਨੂੰ 5:27 ਤੇ ਖ਼ਤਮ ਹੋਵੇਗੀ ਅਤੇ ਮੱਸਿਆ ਦਾ ਆਰੰਭ ਹੋਵੇਗਾ ਜੋ ਅਗਲੇ ਦਿਨ ਸ਼ਾਮ ਨੂੰ 4:18 ਤੇ ਖ਼ਤਮ ਹੋਵੇਗੀ। 25 ਅਕਤੂਬਰ ਨੂੰ ਸਵੇਰੇ ਸੂਰਜ ਚੜ੍ਹਨ ਵੇਲੇ ਕੱਤਕ ਦੀ ਮੱਸਿਆ ਹੋਵੇਗੀ।

ਇਸ ਲਈ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਸਮੇਤ ਕੋਈ ਵੀ ਜੰਤਰੀ ਵੇਖ ਲਉ, ਕੱਤਕ ਦੀ ਮੱਸਿਆ 9 ਕੱਤਕ (25 ਅਕਤੂਬਰ) ਦਿਨ ਮੰਗਲ ਵਾਰ ਨੂੰ ਹੀ ਦਰਜ ਹੈ। ਕੱਤਕ ਵਦੀ 15 (ਮੱਸਿਆ) ਦਾ ਆਰੰਭ 24 ਅਕਤੂਬਰ ਦਿਨ ਸੋਮਵਾਰ ਨੂੰ ਸਾਮ 5:27 ਤੇ ਹੋਵੇਗਾ ਅਤੇ ਇਹ ਮੰਗਲਵਾਰ ਨੂੰ ਸ਼ਾਮ ਨੂੰ 4:18 ਤੇ ਖ਼ਤਮ ਹੋਵੇਗੀ। ਜਿਨ੍ਹਾਂ ਨੇ “ਸ਼੍ਰੀ ਮਹਾ ਲਛਮੀ ਪੂਜਾ” ਕਰਨੀ ਹੈ, ਉਨ੍ਹਾਂ ਦੀ ਸਮੱਸਿਆ ਇਹ ਹੈ ਕਿ ਲਛਮੀ ਪੂਜਾ ਦੇ ਸ਼ੁਭ ਮਹੂਰਤ ਦਾ ਸਮਾਂ, ਸ਼ਾਮ 6:57 ਤੋਂ 8:23 ਹੈ। ਮੱਸਿਆ ਦੀ ਤਿੱਥ ਮੰਗਲਵਾਰ ਸ਼ਾਮ ਨੂੰ 4:18 ਤੇ ਖ਼ਤਮ ਹੋ ਜਾਣੀ ਹੈ ਅਤੇ ਕੱਤਕ ਸੁਦੀ ਏਕਮ ਆਰੰਭ ਹੋ ਜਾਣੀ ਹੈ। “ਸ਼੍ਰੀ ਮਹਾਂ ਲਛਮੀ ਪੂਜਾ” ਲਈ ਮੱਸਿਆ ਦੀ ਤਿੱਥ ਦਾ ਹੋਣਾ ਜ਼ਰੂਰੀ ਹੈ। ਇਸ ਲਈ ਜਿਨ੍ਹਾਂ ਦਾ ਤਿਉਹਾਰ ਹੈ, ਉਨ੍ਹਾਂ ਦੇ ਵਿਦਵਾਨਾਂ ਨੇ ਫ਼ੈਸਲਾ ਕੀਤਾ ਕਿ “ਸ਼੍ਰੀ ਮਹਾਂ ਲਛਮੀ ਪੂਜਾ” ਸੋਮਵਾਰ ਨੂੰ ਕੱਤਕ ਵਦੀ ਪੰਦਰਾਂ ਦੇ ਆਰੰਭ ਵੇਲੇ ਭਾਵ 24 ਅਕਤੂਬਰ ਦੀ ਸ਼ਾਮ ਨੂੰ ਹੀ ਕਰ ਲਈ ਜਾਵੇ। ਇਹੀ ਕਾਰਨ ਹੈ ਕਿ ਇਸ ਸਾਲ ਦੀਵਾਲੀ ਕੱਤਕ ਦੀ ਮੱਸਿਆ ਤੋਂ ਇਕ ਦਿਨ ਪਹਿਲਾਂ ਭਾਵ ਕੱਤਕ ਦੀ ਚੌਦਸ ਨੂੰ ਮਨਾਈ ਜਾ ਰਹੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੀ ਮਜਬੂਰੀ ਹੈ ਕਿ ਉਨ੍ਹਾਂ ਨੇ ਬੰਦੀ ਛੋੜ ਦਿਹਾੜਾ ਵੀ ਕੱਤਕ ਦੀ ਚੌਦਸ ਨੂੰ ਹੀ ਮਨਾਉਣ ਦਾ ਫ਼ੈਸਲਾ ਕੀਤਾ ਹੈ? ਸ਼੍ਰੋਮਣੀ ਕਮੇਟੀ ਨੇ ਤਾਂ ਆਖੰਡ ਪਾਠ ਦੇ ਭੋਗ ਉਪਰੰਤ ਦੁਪਹਿਰ ਵੇਲੇ ਅਰਦਾਸ ਕਰਨੀ ਹੈ। 9 ਕੱਤਕ ਦਿਨ ਮੰਗਲਵਾਰ ਦਾ ਸਾਰਾ ਦਿਨ ਹੀ ਕੱਤਕ ਵਦੀ ਪੰਦਰਾਂ (ਮੱਸਿਆ) ਹੈ। ਮੱਸਿਆ ਦੀ ਤਿੱਥ ਮੰਗਲਵਾਰ ਸ਼ਾਮ ਨੂੰ 4:18 ਤਕ ਰਹਿਣੀ ਹੈ। ਇਸ ਹਿਸਾਬ ਨਾਲ ਵੀ, ਸ਼੍ਰੋਮਣੀ ਕਮੇਟੀ ਨੂੰ ਬੰਦੀ ਛੋੜ ਦਿਵਸ ਮੰਗਲਵਾਰ ਨੂੰ ਹੀ ਮਨਾਉਣਾ ਚਾਹੀਦਾ ਹੈ। 8 ਕੱਤਕ ਦਿਨ ਸੋਮਵਾਰ ਨੂੰ ਸ਼ਾਮ ਦੇ 5:27 ਤੀਕ ਕੱਤਕ ਵਦੀ ਚੌਦਸ ਹੀ ਰਹਿਣੀ ਹੈ।  5:27 ਸ਼ਾਮ ਨੂੰ ਮੱਸਿਆ ਦੀ ਤਿੱਥ ਆਰੰਭ ਹੋਣੀ ਹੈ। ਜਿਨ੍ਹਾਂ ਨੇ ਲਛਮੀ ਦੀ ਪੂਜਾ ਕਰਨੀ ਹੈ ਉਨ੍ਹਾਂ ਨੇ ਤਾਂ ਮੱਸਿਆ ਦੀ ਤਿੱਥ ਵਿਚ ਹੀ ਪੂਜਾ ਕਰਨੀ ਹੈ। ਸ਼੍ਰੋਮਣੀ ਕਮੇਟੀ ਕਿਸ ਖ਼ੁਸ਼ੀ ਵਿਚ ਬੰਦੀ ਛੋੜ ਦਿਹਾੜਾ ਕੱਤਕ ਵਦੀ ਚੌਦਸ ਨੂੰ ਮਨਾ ਰਹੀ ਹੈ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਜਿਹਾ ਤਾਂ ਕਰਦੀ ਜੇ ਸਿੱਖ ਇਤਿਹਾਸ ਮੁਤਾਬਕ ਬੰਦੀ ਛੋੜ ਦਿਵਸ ਮਨਾਉਣਾ ਹੁੰਦਾ। ਅਸਲ ਵਿਚ ਤਾਂ ਸ਼੍ਰੋਮਣੀ ਕਮੇਟੀ ਨੇ ਬੰਦੀ ਛੋੜ ਦਿਵਸ ਦੇ ਪਰਦੇ ਹੇਠ ਵਿਸ਼ਨੂੰ ਦੀ ਪਤਨੀ, ਧਨ-ਦੌਲਤ ਦੀ ਪ੍ਰਤੀਕ ਕਾਲਪਨਿਕ ਦੇਵੀ ‘ਲਛਮੀ’ ਦੀ ਪੂਜਾ ਹੀ ਕਰਨੀ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ, “ਸ਼੍ਰੀ ਮਹਾ ਲਛਮੀ ਪੂਜਾ” ਦੇ ਮਹੂਰਤ ਮੁਤਾਬਕ, ਮੱਸਿਆ ਤੋਂ ਇਕ ਦਿਨ ਪਹਿਲਾਂ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ।

ਸਰਵਜੀਤ ਸਿੰਘ ਸੈਕਰਾਮੈਂਟੋ
+1(916)2302102

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement