ਕੋਰੋਨਾ ਨੇ ਦੁਨੀਆਂ ਨੂੰ ਜਲਵਾ ਵਿਖਾ ਦਿਤਾ ਆਖ਼ਰ
Published : Apr 25, 2020, 11:28 am IST
Updated : Apr 25, 2020, 11:28 am IST
SHARE ARTICLE
File Photo
File Photo

ਇਹ ਮਹਾਂਮਾਰੀ ਆਉਣ ਪਿੱਛੇ ਵੀ ਕਈ ਗੱਲਾਂ ਹਨ। ਪਹਿਲੀ ਗੱਲ ਤਾਂ ਇਹ ਕਿ ਇਹ ਚੀਨੀ ਲੋਕਾਂ

ਇਹ ਮਹਾਂਮਾਰੀ ਆਉਣ ਪਿੱਛੇ ਵੀ ਕਈ ਗੱਲਾਂ ਹਨ। ਪਹਿਲੀ ਗੱਲ ਤਾਂ ਇਹ ਕਿ ਇਹ ਚੀਨੀ ਲੋਕਾਂ ਦੀ ਹਰਕਤ ਲਗਦੀ ਹੈ। ਦੂਜਾ ਅਸੀ ਵੀ ਤਾਂ ਧਰਤੀ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਦੁਨੀਆਂ ਪੈਸੇ ਦੇ ਜਾਲ ਵਿਚ ਫਸ ਗਈ ਤੇ ਰੱਜ ਨਹੀਂ ਆ ਰਿਹਾ ਸੀ। ਬਹੁਤੇ ਤਾਂ ਇਥੋਂ ਤਕ ਡਿੱਗ ਗਏ ਸੀ ਕਿ ਅਪਣੇ ਹੀ ਅਪਣਿਆਂ ਨੂੰ ਕਤਲ ਕਰ ਕੇ ਜ਼ਮੀਨਾਂ ਜਾਇਦਾਦਾਂ ਹੜੱਪਣ ਲੱਗੇ ਹੋਏ ਹਨ। ਬਹੁਤੇ ਭਰਾ, ਭਰਾ ਦਾ ਦੁਸ਼ਮਣ, ਭੈਣਾਂ ਭਰਾਵਾਂ ਦੀਆਂ ਸ਼ਰੀਕ ਬਣ ਰਹੀਆਂ ਹਨ। ਇਹ ਨਹੀਂ ਕਿ ਸਾਰੇ ਹੀ ਇਕੋ ਜਹੇ ਹਨ। ਬਹੁਤੀਆਂ  ਭੈਣਾਂ, ਭਰਾਵਾਂ ਤੇ ਮਾਪਿਆਂ ਲਈ ਜਾਨਾਂ ਵਾਰਨ ਨੂੰ ਤਿਆਰ ਰਹਿੰਦੀਆਂ ਹਨ। ਜਦੋਂ ਬੱਚੇ ਮਾਪਿਆਂ ਦੀ ਬੇਕਦਰੀ ਕਰਦੇ ਹਨ ਤਾਂ ਭੈੜੇ ਦਿਨ ਤਾਂ ਆਉਣੇ ਹੀ ਸੀ।

ਅਸੀ ਜੰਗਲਾਂ ਨੂੰ ਖ਼ਤਮ ਕਰਨ ਉਤੇ ਤੁਲੇ ਹੋਏ ਹਾਂ। ਜ਼ਮੀਨਾਂ ਖ਼ਤਮ ਕਰਨ ਲੱਗੇ ਹੋਏ ਹਾਂ। ਨਸ਼ਿਆਂ ਵਿਚ ਪੈ ਕੇ ਉੱਚੀਆਂ ਛਾਲਾਂ ਮਾਰਨ ਲੱਗ ਪਏ ਤੇ ਜਵਾਨੀ ਖ਼ਤਮ ਹੋ ਰਹੀ ਸੀ। ਵਿਆਹ ਸ਼ਾਦੀਆਂ ਤੇ ਪੈਸਾ ਪਾਣੀ ਵਾਂਗ ਵਹਾ ਰਹੇ ਸੀ। ਸਿਰਫ਼ ਤੇ ਸਿਰਫ਼ ਵਿਖਾਵੇ ਵਿਚ ਪੈ ਗਏ ਸੀ ਤੇ ਅਸਲ ਵਿਆਹ ਦੀਆਂ ਰਸਮਾਂ ਭੁਲਾਈ ਬੈਠੇ ਸੀ। ਅਸੀ ਆਨੰਦ ਕਾਰਜ ਦੀ ਰਸਮ ਦੀ ਅਹਿਮੀਅਤ ਨੂੰ ਵੀ ਭੁੱਲ ਗਏ। ਅਸੀ ਤਾਂ ਇਹੀ ਸਮਝਣ ਲੱਗੇ ਕਿ ਉਹ ਤਾਂ ਕੁੜਮਾਂ ਦੀ ਰਸਮ ਹੈ ਕਿਉਂਕਿ ਲੋਕ ਅਨੰਦ ਕਾਰਜ ਦਾ ਕਿਤੇ ਜ਼ਿਕਰ ਵੀ ਨਹੀਂ ਕਰਦੇ।

ਇਹ ਵੀ ਭੁੱਲ ਗਏ ਕਿ ਜਦੋਂ ਵਿਆਹ ਘਰਾਂ ਵਿਚ ਹੁੰਦੇ ਸੀ, ਸਾਰੇ ਆਨੰਦ ਕਾਰਜ ਉਤੇ ਜ਼ਰੂਰ ਪਹੁੰਚਦੇ ਸੀ। ਵਿਆਹ ਤਾਂ ਉਹ ਹੁੰਦੇ ਸੀ। ਹੁਣ ਤਾਂ ਵਿਆਹ ਰਹਿ ਗਏ ਮੈਰਿਜ ਪੈਲੇਸ ਵਾਲਿਆਂ ਦੇ, ਹੋਟਲਾਂ ਵਾਲਿਆਂ ਦੇ, ਡੈਕੋਰੇਸ਼ਨ ਵਾਲਿਆਂ ਦੇ, ਡਿਜ਼ਾਈਨਰਾਂ ਦੇ ਤੇ ਫ਼ੋਟੋਗ੍ਰਾਫ਼ਰਾਂ ਦੇ। ਇਕ ਨਵਾਂ ਕੰਮ ਚਲ ਪਿਐ ਈ-ਕਾਰਡ। ਨਾ-ਮਠਿਆਈ ਦੇਣ ਦੀ ਲੋੜ, ਨਾ ਕਾਰਡ ਦੇਣ ਦੀ ਲੋੜ। ਇਹੋ ਜਹਿਆਂ ਨੂੰ ਤਾਂ ਈ-ਸ਼ਗਨ ਹੀ ਵੱਟਸਐਪ ਕਰ ਦੇਣਾ ਚਾਹੀਦਾ ਹੈ। ਜਿੰਨਾ ਚਿਰ ਰਿਸ਼ਤੇਦਾਰਾਂ ਦਾ ਮੂੰਹ ਨਾ ਮਿੱਠਾ ਹੋਵੇ, ਵਿਆਹ ਕਾਹਦਾ? ਮੁਕਦੀ ਗੱਲ ਪੈਸਾ ਹੀ ਸੱਭ ਕੱੁਝ ਰਹਿ ਗਿਐ।

ਖੋਹੀਆਂ ਜਾਇਦਾਦਾਂ ਤੇ ਲੋਕਾਂ ਦੇ ਹੜੱਪੇ ਗਹਿਣਿਆਂ ਵਿਚੋਂ ਨਾਲ ਕੁੱਝ ਵੀ ਨਹੀਂ ਜਾਣਾ। ਫਿਰ ਵੀ ਲੋਕ ਨਹੀਂ ਸਮਝਦੇ। ਇਹ ਕਲਯੁਗ ਹੈ ਤੇ ਸੱਭ ਕੁੱਝ ਜ਼ੋਰਾਂ ਉਤੇ ਹੈ। ਨਤੀਜੇ ਸਾਹਮਣੇ ਆ ਹੀ ਰਹੇ ਹਨ ਤੇ ਅਜੇ ਵੀ ਸਾਨੂੰ ਸਮਝਣ ਦੀ ਲੋੜ ਹੈ। ਹੁਣ  ਕੋਰੋਨਾ ਦਾ ਨਹੀਂ ਪਤਾ ਕਿਸ ਨੂੰ ਘੇਰ ਲਵੇ। ਇਸ ਬੀਮਾਰੀ ਨੇ ਵੱਡੇ-ਵੱਡੇ ਦੇਸ਼ ਜਿਵੇਂ ਅਮਰੀਕਾ, ਚੀਨ, ਇੰਗਲੈਂਡ, ਜਰਮਨੀ, ਕੈਨੇਡਾ, ਆਸਟਰੇਲੀਆ ਵਰਗੇ ਕਹਿੰਦੇ ਕਹਾਉਂਦੇ ਨਾਢੂ ਖ਼ਾਂ ਦਰੜ ਕੇ ਰੱਖ ਦਿਤੇ ਹਨ। ਕਿੱਧਰ ਗਈਆਂ ਇਨ੍ਹਾਂ ਦੀਆਂ ਇਕ ਦੂਜੇ ਨੂੰ ਦਿਤੀਆਂ ਧਮਕੀਆਂ? ਪ੍ਰਮਾਣੂ ਬੰਬ ਦੇ ਡਰਾਵੇ ਦਿੰਦੇ ਥਕਦੇ ਨਹੀਂ ਸੀ।

ਹੁਣ ਰੱਬ ਨੇ ਸੱਭ ਨੂੰ ਜਲਵਾ ਵਿਖਾ ਦਿਤਾ ਹੈ। ਸੱਭ ਹੁਣ ਆਪੋ ਅਪਣੇ ਪਿੰਜਰਿਆਂ ਵਿਚ ਕੈਦ ਹਨ। ਦੂਜੇ ਪਾਸੇ ਪਿੰਜਰਿਆਂ ਵਾਲੇ ਸੜਕਾਂ ਉਤੇ ਗੇੜੀਆਂ ਲਗਾ ਰਹੇ ਹਨ। ਉਹ ਸਾਨੂੰ ਭਾਲਦੇ ਫਿਰਦੇ ਹਨ ਕਿ  ਉਹ ਕਿਧਰ ਗਏ ਇਨਸਾਨ ਜਿਹੜੇ ਉਨ੍ਹਾਂ ਨੂੰ ਮਾਰ ਮੁਕਾਉਣ ਲਈ ਉਤਰੇ ਹੋਏ ਸਨ। ਹੁਣ ਬੈਕ ਗੇਅਰ ਲਗਿਆ ਲਗਦੈ ਕਿਉਂਕਿ ਅਸਮਾਨ ਬਿਲਕੁਲ ਸਾਫ਼ ਹੋ ਗਿਐ ਤੇ ਨਦੀਆਂ ਵੀ ਸਾਫ਼ ਹੋ ਗਈਆਂ ਹਨ। ਪਹਿਲਾਂ ਕਾਰਖਾਨੇ ਵਾਲੇ ਸਾਰਾ ਗੰਦ ਨਦੀਆਂ ਵਿਚ ਸੁੱਟ ਰਹੇ ਸੀ। ਅਸੀ ਵਾਤਾਵਰਣ ਦਾ ਨਾਸ ਹੀ ਕਰ ਦਿਤਾ ਸੀ। ਦੂਜੀ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਅਸੀ ਵਾਤਾਵਰਣ ਦੇ ਦੁਸ਼ਮਣ ਬਣ ਗਏ ਸੀ।

ਅਮਰੀਕਾ ਵਰਗੇ ਮੁਲਕ ਤਾਂ ਅਪਣੇ ਜ਼ੋਰ ਅਤੇ ਸ਼ਕਤੀ ਦੇ ਆਸਰੇ ਅਪਣੀਆਂ ਹਕੂਮਤਾਂ ਮਜ਼ਬੂਤ ਕਰਨ ਤੇ ਲੱਗੇ ਹੋਏ ਹਨ। ਉਨ੍ਹਾਂ ਨੂੰ ਤਾਂ ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਲੱਗੀ ਹੋਈ ਹੈ। ਵੱਡੇ-ਵੱਡੇ ਦੇਸ਼ ਪ੍ਰਮਾਣੂ ਤੇ ਐਟਮ ਬੰਬਾਂ ਦੀ ਦੌੜ ਵਿਚ ਲੱਗੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਕੀ ਫ਼ਰਕ ਪੈਂਦੈ ਜੇਕਰ ਆਮ ਲੋਕ ਮਰ ਵੀ ਜਾਣ ਤਾਂ ਵੀ ਉਪਰ ਇਕ ਸ਼ਕਤੀ ਬੈਠੀ ਹੈ ਜੋ ਇਹ ਸੱਭ ਕੁੱਝ ਵੇਖ ਰਹੀ ਸੀ ਤੇ ਹੁਣ ਤਾਂ ਸਾਰੇ ਨਾਢੂ ਖ਼ਾਂ ਦੇਸ਼ ਵੀ ਗੋਡਿਆਂ ਭਾਰ ਡੇਗ ਦਿਤੇ। ਹੁਣ ਕੋਈ ਨਹੀਂ ਬਚ ਸਕਦਾ। ਇਹ ਤਾਂ ਕੁਦਰਤ ਦਾ ਅਸੂਲ ਹੈ ਕਿ ਸਾਫ਼ ਸਫ਼ਾਈ ਕਰਨ ਲਈ ਰੱਬ ਨੂੰ ਅਸੀ ਖ਼ੁਦ ਮਜਬੂਰ ਕਰਦੇ ਹਾਂ। ਜਦ ਕੋਈ ਅੱਤ ਕਰ ਦੇਂਦਾ ਹੈ, ਉਸ ਨੂੰ ਆਖ਼ਰ ਨਤੀਜਾ ਭੁਗਤਣਾ ਹੀ ਪੈਂਦਾ ਹੈ।

ਹਰ ਬੰਦੇ ਨੇ ਅਪਣੇ ਤੌਰ ਉਤੇ ਹੇਰਾਫੇਰੀ ਕਰਨ ਤੋਂ ਪ੍ਰਹੇਜ਼ ਨਹੀਂ ਕੀਤਾ। ਦਵਾਈਆਂ ਬਣਾਉਣ ਵਾਲਿਆਂ ਨੂੰ ਹੀ ਲੈ ਲਉ। ਉਹ ਜਾਅਲੀ ਦਵਾਈਆਂ ਬਣਾ ਰਹੇ ਹਨ। ਇਹ ਨਹੀਂ ਪਤਾ ਕਿ ਜਾਅਲੀ ਦਵਾਈ ਇਕ ਦਿਨ ਉਨ੍ਹਾਂ ਦੇ ਅਪਣਿਆਂ ਨੂੰ ਵੀ ਮਾਰੇਗੀ। ਵੱਡੇ ਤੋਂ ਵੱਡੇ ਅਫ਼ਸਰ ਜਾਂ ਮਨਿਸਟਰ ਹਿਟਲਰ ਬਣੇ ਫਿਰਦੇ ਹਨ। ਇਨ੍ਹਾਂ ਨੂੰ ਰੱਬ ਯਾਦ ਨਹੀਂ, ਇਹ ਪੈਸੇ ਦੇ ਪੀਰ ਹਨ। ਇਨ੍ਹਾਂ ਦਾ ਕੋਈ ਧਰਮ ਨਹੀਂ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕਿ ਕੀ ਏਨੀ ਜਾਇਦਾਦ ਤੁਹਾਨੂੰ ਦਾਦੇ ਪੜਦਾਦੇ ਤੋਂ ਵਿਰਾਸਤ ਵਿਚ ਮਿਲੀ ਹੈ? ਭੁਲਿਆ ਤਾਂ ਕੋਈ ਵੀ ਨਹੀਂ ਕਿਸੇ ਬਾਰੇ। ਜਦੋਂ ਉਪਰ ਤੋਂ ਹੇਠ ਤਕ ਬੇੜਾ ਗ਼ਰਕ ਹੋ ਜਾਵੇ ਤਾਂ ਫਿਰ ਕੋਰੋਨਾ ਨੇ ਤਾਂ ਦਸਤਕ ਦੇਣੀ ਹੀ ਸੀ।

File photoFile photo

ਅਸੀ ਪਾਣੀ ਨਸ਼ਟ ਕਰ ਦਿਤਾ, ਜ਼ਮੀਨਾਂ ਬਰਬਾਦ ਕਰ ਦਿਤੀਆਂ, ਇਥੋਂ ਤਕ ਕਿ ਅਸੀ ਸਬਜ਼ੀ ਜਾਂ ਫੱਲ ਵੀ ਖਾਣ ਜੋਗੇ ਨਹੀਂ। ਅਸੀ ਹਮੇਸ਼ਾ ਡਰਦੇ ਹਾਂ ਕਿ ਇਹ ਟੀਕਿਆਂ ਰਾਹੀਂ ਪੱਕੇ ਹੋਣਗੇ। ਦੁਧ ਪੀਂਦੇ ਹਾਂ ਤਾਂ ਲਗਦੈ ਕਿ ਟੀਕੇ ਵਾਲਾ ਹੋਵੇਗਾ। ਬੰਦੇ ਵੀ ਤਾਂ ਟੀਕੇ ਵਾਲੇ ਹੀ ਬਣ ਗਏ। ਕਿਸੇ ਵੀ ਮਹਿਕਮੇ ਵਿਚ ਈਮਾਨਦਾਰੀ ਵਾਲੀ ਗੱਲ ਨਹੀਂ ਰਹੀ। ਪੜ੍ਹਾਈ ਦਾ ਮਿਆਰ ਏਨਾ ਡਿੱਗ ਗਿਐ ਕਿ ਪਿੰਡ-ਪਿੰਡ ਪੜ੍ਹਾਈ ਲਈ ਦੁਕਾਨਾਂ ਖੁੱਲ੍ਹ ਗਈਆਂ ਹਨ ਤਾਂ ਹੀ ਮੁੰਡੀਰ ਵਿਹਲੀ ਫਿਰਦੀ ਹੈ। ਨਾ ਬੱਚੇ ਪੜ੍ਹਦੇ ਹਨ ਤੇ ਨਾ ਹੀ ਪੜ੍ਹਾਉਣ ਵਾਲੇ ਗੁਰੂ ਬਣ ਸਕੇ। ਸਾਰਾ ਰਲਗਡ ਹੋ ਕੇ ਰਹਿ ਗਿਆ।

ਸਾਡੇ ਪੰਜਾਬ ਵਾਲਿਆਂ ਵਿਚ ਵੱਡੀ ਕਮੀ ਇਹ ਹੈ ਕਿ ਅਸੀ ਅਪਣੀ ਮਾਂ-ਬੋਲੀ ਦੀ ਉਨੀ ਕਦਰ ਨਹੀਂ ਕਰ ਰਹੇ ਜਿੰਨੀ ਕਰਨੀ ਬਣਦੀ ਹੈ। ਬੜੇ ਚੌੜੇ ਹੋ ਕੇ ਆਖ ਦਿੰਦੇ ਹਾਂ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ। ਇਸ ਤੋਂ ਜ਼ਿਆਦਾ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਇਕ ਪੰਜਾਬੀ ਹੀ ਅਪਣੀ ਮਾਂ-ਬੋਲੀ ਤੇ ਫ਼ਖ਼ਰ ਨਹੀਂ ਕਰਦਾ। ਬੜੇ ਦੁੱਖ ਨਾਲ ਆਖਣਾ ਪੈ ਰਿਹਾ ਹੈ ਕਿ ਮਾਵਾਂ ਆਪ ਹਿੰਦੀ ਵਿਚ ਬੱਚਿਆਂ ਨਾਲ ਗੱਲ ਕਰਦੀਆਂ ਹਨ। ਜਿਹੜਾ ਬੰਦਾ ਅਪਣੀ ਮਾਂ-ਬੋਲੀ ਦਾ ਨਹੀਂ ਉਸ ਦੇ ਤਾਂ ਫਿਰ ਪੈਰ ਹੀ ਨਹੀਂ। ਇਹੋ ਜਹੇ ਲੋਕਾਂ ਨੂੰ ਤਾਂ ਵਿਦੇਸ਼ੀ ਵੀ ਪਸੰਦ ਨਹੀਂ ਕਰਦੇ ਜਿਨ੍ਹਾਂ ਪਿੱਛੇ ਲੱਗ ਕੇ ਅਸੀ ਆਪਾ ਵੀ ਭੁਲਾ ਦਿਤਾ ਹੈ।

ਨਾ ਸਾਨੂੰ ਅਪਣੇ ਵਿਰਸੇ ਦਾ ਪਤਾ ਹੈ, ਨਾ ਹੀ ਭਾਸ਼ਾ ਦਾ। ਪੜਦਾਦੇ ਦਾ ਨਾਂ ਵੀ ਬੜੇ ਥੋੜਿਆਂ ਨੂੰ ਹੀ ਪਤਾ ਹੋਵੇਗਾ, ਕਈਆਂ ਨੂੰ ਤਾਂ ਦਾਦਾ-ਦਾਦੀ, ਨਾਨਾ-ਨਾਨੀ ਦੇ ਨਾਂ ਵੀ ਪਤਾ ਨਹੀਂ ਹੋਣਗੇ। ਅਸੀ ਅਪਣੇ ਪੁਰਖਿਆਂ ਨੂੰ ਯਾਦ ਨਹੀਂ ਰਖਦੇ ਜਿਨ੍ਹਾਂ ਕਰ ਕੇ ਅਸੀ ਸੱਭ ਕੱੁਝ ਬਣੇ ਹਾਂ। ਅਸੀ ਲੋਕ ਕੋਈ ਕੰਮ ਤਾਂ ਕਰਨਾ ਚਾਹੁੰਦੇ ਨਹੀਂ ਪਰ ਫੋਕੀਆਂ ਗੱਲਾਂ ਸਾਥੋਂ ਜਿੰਨੀਆਂ ਮਰਜ਼ੀ ਕਰਵਾ ਲਉ।

ਹੁਣ ਬੱਚੇ ਬਾਹਰ ਭੱਜ ਰਹੇ ਹਨ। ਪਤਾ ਨਹੀਂ ਉਹ ਕੀ ਸਮਝਦੇ ਹਨ ਕਿ ਉਥੇ ਉਹ ਕੀ ਮੱਲਾਂ ਮਾਰ ਲੈਣਗੇ। ਇਥੇ ਤਾਂ ਉਹ ਬੀ.ਏ. ਕਰ ਨਾ ਸਕੇ ਜਾਂ ਮਸਾਂ ਡਿਗਦੇ ਢਹਿੰਦੇ ਕਰ ਵੀ ਗਏ ਤਾਂ ਉਹ ਕੀ ਮਾਇਨੇ ਰਖਦੀ ਹੈ? ਇਹ ਸਾਰਾ ਮਲੀਆਮੇਟ ਸਰਕਾਰਾਂ ਨੇ ਕੀਤਾ ਹੈ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਉੱਠਣ, ਉਹ ਤਾਂ ਗ਼ੁਲਾਮ ਬਣਾਉਣਾ ਚਾਹੁੰਦੇ ਹਨ। ਲੋਕ ਵੀ ਸਿਆਸਤਦਾਨਾਂ ਅੱਗੇ ਉਵੇਂ ਹੀ ਨੱਚਣ ਲੱਗ ਜਾਂਦੇ ਹਨ ਜਿਵੇਂ ਮਦਾਰੀ ਅੱਗੇ ਬਾਂਦਰ ਨੱਚਣ ਲਗਦਾ ਹੈ। ਜਦੋਂ ਏਨੀ ਅੱਤ ਹੋ ਜਾਵੇ ਤਾਂ ਮੋੜਾ ਕਿਵੇਂ ਤਾਂ ਪੈਣਾ ਹੀ ਸੀ। ਹੁਣ ਤਾਂ ਪ੍ਰਮਾਤਮਾ ਦੀ ਵਾਰੀ ਹੈ, ਉਹ ਵੇਖੋ ਕੀ ਕਰਦਾ ਹੈ। ਅਸੀ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਰੱਬ ਸੱਭ ਦਾ ਭਲਾ ਕਰੇ।
ਸੰਪਰਕ : 98555-14707
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement