ਸਾਡੇ ਸਭਿਆਚਾਰ ਵਿਚਲੇ ਰਿਸ਼ਤਿਆਂ ਵਿਚ ਆ ਰਿਹਾ ਨਿਘਾਰ
Published : Jun 26, 2018, 1:00 pm IST
Updated : Jun 26, 2018, 1:01 pm IST
SHARE ARTICLE
Rape
Rape

ਮਾਂ  ਤਾਂ ਰੱਬ ਦਾ ਰੂਪ ਹਮੇਸ਼ਾ ਤੋਂ ਹੀ ਮੰਨੀ ਜਾਂਦੀ ਰਹੀ ਹੈ। ਮਾਮਾ ਸ਼ਬਦ ਵਿਚ ਦੋ ਵਾਰ ਮਾਂ ਆਉਣ ਨਾਲ ਇਹ ਰਿਸ਼ਤਾ ਦੁਗਣਾ ਡੂੰਘਾ ਹੋ ਗਿਆ ਸਮਝੋ ਅਤੇ ਦੁਗਣਾ.....

ਮਾਂ  ਤਾਂ ਰੱਬ ਦਾ ਰੂਪ ਹਮੇਸ਼ਾ ਤੋਂ ਹੀ ਮੰਨੀ ਜਾਂਦੀ ਰਹੀ ਹੈ। ਮਾਮਾ ਸ਼ਬਦ ਵਿਚ ਦੋ ਵਾਰ ਮਾਂ ਆਉਣ ਨਾਲ ਇਹ ਰਿਸ਼ਤਾ ਦੁਗਣਾ ਡੂੰਘਾ ਹੋ ਗਿਆ ਸਮਝੋ ਅਤੇ ਦੁਗਣਾ ਉੱਚਾ ਸੁੱਚਾ। ਨਾਨੀ ਮਾਂ ਹੋ ਗਈ ਮਾਂ ਦੀ ਮਾਂ। ਇਹ ਤਿੰਨੇ ਰਿਸ਼ਤੇ ਸਾਰੇ ਰਿਸ਼ਤਿਆਂ ਦੇ ਸਿਖਰ ਉੱਤੇ ਮੰਨੇ ਗਏ ਹਨ। ਜੇ ਮਾਂ ਨਾ ਰਹੇ ਤਾਂ ਨਾਨੀ ਅਪਣੇ ਆਪ ਮਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਜੇ ਦੋਵੇਂ ਨਾ ਰਹਿਣ ਤਾਂ ਮਾਮਾ ਪਿਉ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ। ਇਨ੍ਹਾਂ ਤਿੰਨਾਂ ਤੋਂ ਬਾਹਰ ਦਾ ਜੇ ਕੋਈ ਰਿਸ਼ਤਾ ਹੋਰ ਚੌਥੇ ਨੰਬਰ ਤੇ ਗਿਣਿਆ ਜਾਂਦਾ ਹੈ ਤਾਂ ਉਹ ਹੈ ਪਿਉ। ਪਿਉ ਇਸ ਕਰ ਕੇ ਚੌਥੇ ਨੰਬਰ ਤੇ ਰਖਿਆ ਗਿਆ ਹੈ ਕਿਉਂਕਿ ਮਾਂ ਦੀਆਂ ਆਂਦਰਾਂ ਅਪਣੇ ਪੇਕੇ ਵਲ ਵੱਧ ਜੁੜੀਆਂ ਹੁੰਦੀਆਂ ਹਨ

ਅਤੇ ਉਸੇ ਕਰ ਕੇ ਉਹ ਅਪਣੇ ਬੱਚਿਆਂ ਲਈ ਸੱਭ ਤੋਂ ਸੁਰੱਖਿਅਤ ਅਤੇ ਸੰਘਣੀ ਛਾਂ ਅਪਣੇ ਪੇਕਿਆਂ ਨੂੰ ਹੀ ਗਿਣਦੀ ਹੈ। ਅਪਣੀ ਮਾਂ ਅਤੇ ਭਰਾ ਨੂੰ ਜ਼ਿੰਮੇਵਾਰ ਮੰਨਦੀ ਹੋਈ ਪਿਉ ਨੂੰ ਰਤਾ ਢਿੱਲ ਦੇ ਦਿੰਦੀ ਹੈ ਕਿਉਂਕਿ ਉਸ ਨੇ ਬਾਹਰ ਦਾ ਕੰਮ ਵੇਖਣਾ ਹੁੰਦਾ ਹੈ। ਸੋ ਦੋਹਤਰਿਆਂ ਦੋਹਤਰੀਆਂ ਲਈ ਮਾਮੇ ਦਾ ਮੋਢਾ ਅਤੇ ਨਾਨੀ ਦੀ ਗੋਦ, ਮਾਂ ਤੋਂ ਵੀ ਕਈ ਵਾਰ ਵੱਧ ਨਿੱਘੇ ਜਾਪਦੇ ਹਨ ਅਤੇ ਅਪਣੇ ਚਾਅ ਪੂਰੇ ਕਰਨ ਦਾ ਸਾਧਨ ਵੀ। ਇਹ ਸੱਭ ਕੁੱਝ ਜਾਣਦਿਆਂ ਜਦੋਂ ਇਕ 10 ਵਰ੍ਹਿਆਂ ਦੀ ਬਾਲੜੀ ਦਾ ਉਸ ਦੇ ਦੋ ਮਾਮਿਆਂ ਵਲੋਂ ਲਗਾਤਾਰ 5 ਮਹੀਨੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੋਵੇ ਤਾਂ ਹਰ ਰਿਸ਼ਤਾ ਬੇਅਰਥ ਜਾਪਣ ਲੱਗ ਪੈਂਦਾ ਹੈ। ਇਸ

ਛੋਟੀ ਬਾਲੜੀ ਨੂੰ ਜਿਸ ਤਰੀਕੇ ਦੋਵਾਂ ਮਾਮਿਆਂ ਨੇ ਨਿਚੋੜਿਆ ਅਤੇ ਗਰਭਵਤੀ ਕੀਤਾ, ਸਾਰਾ ਸਮਾਜ ਇਸ ਕਾਰੇ ਕਰ ਕੇ ਸ਼ਰਮਿੰਦਾ ਹੋ ਗਿਆ ਹੈ।
ਉਸ ਬਾਲੜੀ ਨੇ ਅੱਗੋਂ ਇਕ ਹੋਰ ਬੇਟੀ ਨੂੰ ਜਨਮ ਦੇ ਦਿਤਾ ਹੋਇਆ ਹੈ! ਉਹ ਬੱਚੀ ਅੱਜ ਕੁੱਝ ਸਵਾਲ ਪੁੱਛ ਰਹੀ ਹੈ:-
ਕੀ ਮੈਂ ਹਰਾਮ ਦੀ ਅਖਵਾਈ ਜਾਵਾਂਗੀ?
ਕੋਈ ਮੈਨੂੰ ਦੱਸੇਗਾ ਕਿ ਮੇਰੀ ਟੀ.ਵੀ. ਉਤੇ ਕਾਰਟੂਨ ਵੇਖਦੀ ਸਾਢੇ ਨੌਂ ਵਰ੍ਹਿਆਂ ਦੀ ਮਾਂ ਦਾ ਕੀ ਕਸੂਰ ਸੀ?

  ਮੇਰੀ ਮਾਂ ਤਾਂ ਹਾਲੇ ਆਪ ਗੁੱਡੀਆਂ ਪਟੋਲੇ ਖੇਡਦੀ ਹੈ। ਕੀ ਉਹ ਮੇਰਾ ਖ਼ਿਆਲ ਰੱਖ ਸਕੇਗੀ?
  ਮੈਨੂੰ ਅਪਣੀ ਹੀ ਨਿੱਕੀ, ਜਿਹੀ ਮਾਂ ਤੋਂ ਹਮੇਸ਼ਾ ਲਈ ਪਰ੍ਹਾਂ ਕਰ ਦਿਤਾ ਗਿਆ ਹੈ! ਕੋਈ ਦੱਸੇਗਾ, ਮੇਰਾ ਕਸੂਰ ਕੀ ਹੈ?
  ਮੈਨੂੰ ਕਿਉਂ ਬੇਲੋੜੀ ਬਣਾ ਦਿਤਾ ਗਿਆ ਹੈ?
  ਮੈਂ ਅਪਣੇ ਨਾਜਾਇਜ਼ ਪਿਉ ਨੂੰ ਕਿਸ ਰਿਸ਼ਤੇ ਨਾਲ ਬੁਲਾਵਾਂ?

ਕੀ ਪੰਚਾਇਤਾਂ, ਜਥੇਬੰਦੀਆਂ, ਕਾਨੂੰਨ ਦੇ ਘਾੜੇ, ਜੱਜ, ਵਿਧਾਇਕ, ਮੰਤਰੀਆਂ ਵਿਚੋਂ ਕੋਈ ਦਾਅਵੇ ਨਾਲ ਕਹਿ ਸਕੇਗਾ ਕਿ ਅਜਿਹਾ ਜੁਰਮ ਫਿਰ ਇਸ ਧਰਤੀ ਤੇ ਨਹੀਂ ਹੋਵੇਗਾ?
ਕੀ ਫਿਰ ਕਿਸੇ ਮਾਮੇ ਦਾ ਦਿਲ ਅਪਣੀ ਗੋਦ ਵਿਚ ਖੇਡਦੀ ਨਿੱਕੀ ਭਾਣਜੀ ਦਾ ਚੀਰਹਰਣ ਕਰਨ ਵਲ ਉਲਾਰ ਨਹੀਂ ਹੋਵੇਗਾ?
ਕੀ ਮੇਰੀ ਮਾਂ ਦੇ ਦੋਹਾਂ ਮਾਮਿਆਂ ਨੂੰ ਸਜ਼ਾ ਮਿਲ ਜਾਣ ਤੇ ਇਹ ਸਮਾਜ ਸੁੱਖ ਦੀ ਨੀਂਦਰ ਸੌਂ ਸਕਦਾ ਹੈ ਕਿ ਫਿਰ ਕਦੇ ਕਿਸੇ ਬਾਲੜੀ ਉਤੇ ਜ਼ੁਲਮ ਨਹੀਂ ਹੋਵੇਗਾ?

ਕੀ ਮੇਰੇ ਵੱਡੇ ਹੋ ਜਾਣ ਤੇ ਮੈਨੂੰ ਕੋਈ ਤਾਅਨੇ ਮਿਹਣੇ ਨਹੀਂ ਦਿਤੇ ਜਾਣਗੇ?
ਕੀ ਮੇਰੇ ਵੱਡੇ ਹੋ ਜਾਣ ਤੇ ਮੈਨੂੰ ਹੀ ਕੁਲਿਹਣੀ ਤਾਂ ਨਹੀਂ ਕਿਹਾ ਜਾਵੇਗਾ?
 ਮੇਰੇ ਕੋਲੋਂ ਮੇਰੀ ਮਾਂ ਦੀ ਪਿਆਰੀ ਨਿੱਘੀ ਗੋਦ ਅਤੇ ਉਸ ਦੀਆਂ ਲੋਰੀਆਂ ਖੋਹ ਲਈਆਂ ਗਈਆਂ ਹਨ। ਮੈਂ ਕਦੇ ਅਪਣੀ ਮਾਂ ਦਾ ਦੁੱਧ ਨਹੀਂ ਪੀਣਾ! ਕੀ ਮੇਰੇ ਇਸ ਨੁਕਸਾਨ ਦੀ ਭਰਪਾਈ ਕਦੇ ਹੋ ਸਕੇਗੀ?

 ਮੇਰੇ ਨਾਨਾ-ਨਾਨੀ ਅਤੇ ਮੇਰੀ ਮਾਂ ਮੇਰਾ ਮੂੰਹ ਵੇਖਣ ਨੂੰ ਵੀ ਤਿਆਰ ਨਹੀਂ। ਮੈਂ ਕਿਸ ਕਸੂਰ ਦੀ ਸਜ਼ਾ ਭੁਗਤ ਰਹੀ ਹਾਂ?
 ਸਮਾਜਕ ਬੰਦਸ਼ਾਂ ਲਾਉਣ ਵਾਲੇ ਹੁਣ ਕਿੱਥੇ ਮਰ ਖੱਪ ਗਏ ਹਨ? ਮੇਰੀ ਮਾਂ ਨੇ ਨਾ ਤਾਂ ਅਸ਼ਲੀਲ ਕਪੜੇ ਪਾਏ ਹੋਏ ਸਨ ਅਤੇ ਨਾ ਹੀ ਬਾਹਰ ਅਵਾਰਾ ਘੁੰਮ ਰਹੀ ਸੀ। ਉਸ ਕੋਲ ਨਾ ਕੋਈ ਮੋਬਾਈਲ ਸੀ ਅਤੇ ਨਾ ਹੀ ਉਸ ਕਿਸੇ ਨੂੰ ਭਰਮਾਇਆ ਸੀ! ਫਿਰ ਅਜਿਹਾ ਘਿਨਾਉਣਾ ਕਾਰਾ ਉਸ ਨਾਲ ਕਿਉਂ ਹੋਇਆ?
ਕੀ ਮੇਰੀ ਮਾਂ ਨੂੰ ਕੋਈ ਅਪਣਾਏਗਾ? ਇਹ ਤਾਂ ਦੱਸੋ ਕਿ 10 ਸਾਲਾਂ ਦੀ ਮੇਰੀ ਮਾਂ ਨੂੰ ਕੋਈ ਗੋਦ ਲਵੇਗਾ ਜਾਂ ਵਹੁਟੀ ਬਣਾਏਗਾ?

ਜੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭ ਚੁੱਕੇ ਹੋਣ ਅਤੇ ਇੰਜ ਜਾਪਦਾ ਹੋਵੇ ਕਿ ਅਜਿਹਾ ਸਿਰਫ਼ ਇਕੋ ਕੇਸ ਹੋਇਆ ਸੀ ਤਾਂ ਅੱਗੇ ਦੂਜੇ ਕੇਸ ਬਾਰੇ ਵੀ ਸੁਣ ਲਵੋ।
ਗੁਰਦਾਸਪੁਰ ਜ਼ਿਲ੍ਹੇ ਵਿਚਲੇ ਪਿੰਡ ਬੁੱਢਾ ਕੋਟ ਵਿਚ ਇਕ ਸੱਤ ਸਾਲ ਦੀ ਬੱਚੀ 11 ਨਵੰਬਰ 2017 ਨੂੰ ਅਪਣੀ ਮਾਂ ਨਾਲ ਅਤੇ ਭਰਾ ਨਾਲ ਨਾਨਕੇ ਆਈ ਸੀ। ਨਾਨੀ ਤੇ ਮਾਮੇ ਨਾਲ ਲਾਡ ਲਡਾਉਂਦੀ ਬੱਚੀ ਅਚਾਨਕ 14 ਨਵੰਬਰ (ਚਿਲਡਰਨ ਡੇਅ) ਦੀ ਸ਼ਾਮ ਨੂੰ ਖੇਡਦਿਆਂ ਗੁਮ ਹੋ ਗਈ। ਵਿਚਾਰੀ ਮਾਂ ਸਾਰੇ ਆਲੇ-ਦੁਆਲੇ ਗੇੜੇ ਕੱਢ-ਕੱਢ ਕੇ ਹੰਭ ਗਈ ਪਰ ਬੱਚੀ ਨਾ ਮਿਲੀ। ਅਖ਼ੀਰ ਕਿਸੇ ਨੇ ਦਸਿਆ ਕਿ ਉਸ ਬੱਚੀ ਦੀ ਲਾਸ਼ ਖੇਤਾਂ ਵਿਚ ਪਈ ਹੈ। ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲਗਿਆ ਕਿ

ਕਿੰਨੀ ਬੇਰਹਿਮੀ ਨਾਲ ਪਹਿਲਾਂ ਬੱਚੀ ਦਾ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਗਲਾ ਘੁੱਟ ਕੇ ਉਸ ਨੂੰ ਮਾਰ ਦਿਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਗੱਲ ਸਾਹਮਣੇ ਆਈ ਕਿ ਨਾਨੀ ਜਦੋਂ ਬੱਚੀ ਦੀ ਲਾਸ਼ ਚੁੱਕ ਕੇ ਘਰ ਲਿਆਈ ਤਾਂ ਕਈ ਨਿਸ਼ਾਨਦੇਹੀਆਂ ਮਿਟਾ ਆਈ ਸੀ। ਘਰ ਆ ਕੇ ਵੀ ਉਸ ਨੇ ਬੱਚੀ ਦੀ ਲਾਸ਼ ਦੇ ਕਪੜੇ ਬਦਲ ਦਿਤੇ ਸਨ। ਆਖ਼ਰ ਪਤਾ ਲਗਿਆ ਕਿ ਇਹ ਕਾਰਾ ਕਰਨ ਵਾਲਾ ਬੱਚੀ ਦਾ ਮਾਮਾ ਹੀ ਸੀ। ਇਸ ਵੇਲੇ ਮਾਮਾ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਦੀ ਉਮਰ ਸਾਢੇ 17 ਸਾਲ ਦੀ ਹੈ। ਉਪ ਪੁਲਿਸ ਕਪਤਾਨ ਦਿਹਾਤੀ, ਜਾਂਚ, ਸਪੈਸ਼ਲ ਬ੍ਰਾਂਚ, ਗੁਰਦਾਸਪੁਰ ਤੇ ਥਾਣਾ ਧਾਰੀਵਾਲ ਦੇ ਮੁਖੀ ਦੀ ਜਾਂਚ ਦੌਰਾਨ ਮੁਲਜ਼ਮ

ਮੰਨਿਆ ਕਿ ਉਹ ਖੇਡਣ ਦੇ ਬਹਾਨੇ ਆਪਣੇ ਭਣੇਵੀਂ ਨੂੰ ਖੇਤਾਂ ਵਿਚ ਲੈ ਗਿਆ ਸੀ ਜਿੱਥੇ ਉਸ ਨੇ ਇਹ ਕਾਰਾ ਕੀਤਾ ਅਤੇ ਵਾਪਸ ਆ ਕੇ ਅਪਣੀ ਮਾਂ ਸਰਬਜੀਤ ਕੌਰ (ਬੱਚੀ ਦੀ ਨਾਨੀ) ਨੂੰ ਸੱਭ ਕੁੱਝ ਦੱਸ ਦਿਤਾ। ਬੱਚੀ ਦੀ ਨਾਨੀ ਨੇ ਹੀ ਉਸ ਨੂੰ ਚੁੱਪ ਰਹਿਣ ਲਈ ਕਹਿ ਕੇ ਮ੍ਰਿਤਕਾ ਦੇ ਸਬੂਤਾਂ ਨੂੰ ਖੁਰਦ-ਬੁਰਦ ਕਰ ਦਿਤਾ ਤਾਂ ਜੋ ਉਸ ਦਾ ਅਪਣਾ ਪੁੱਤਰ ਬਚਿਆ ਰਹਿ ਸਕੇ। ਹੁਣ ਕੋਈ ਕੀ ਕਹਿਣਾ ਚਾਹੇਗਾ? ਨਾ ਨਾਨੀ, ਨਾ ਮਾਮਾ, ਕੋਈ ਰਿਸ਼ਤਾ ਪਵਿੱਤਰ ਨਹੀਂ ਰਿਹਾ! ਮਾਂ ਦੀ ਕੁੱਖ ਪਹਿਲਾਂ ਤੋਂ ਹੀ ਅਸੁਰੱਖਿਅਤ ਬਣ ਚੁੱਕੀ ਹੋਈ ਹੈ। ਸਕੇ ਪਿਉ ਵਲੋਂ ਅਪਣੀ ਹੀ ਧੀ ਦਾ ਬਲਾਤਕਾਰ ਕਰਨ ਦੇ ਅਨੇਕ ਮਾਮਲੇ ਸਾਹਮਣੇ ਆ ਚੁੱਕੇ ਹਨ। ਭਰਾਵਾਂ ਵਲੋਂ ਅਪਣੇ ਦੋਸਤਾਂ

ਨਾਲ ਰਲ ਕੇ ਭੈਣ ਦੇ ਸਮੂਹਕ ਬਲਾਤਕਾਰ ਕਰਨ ਬਾਰੇ ਵੀ ਖ਼ਬਰਾਂ ਛਪ ਚੁਕੀਆਂ ਹਨ। ਨਾ ਘਰ ਦੇ ਨੌਕਰ ਛੱਡਣ, ਨਾ ਗੁਆਂਢੀ! ਹੁਣ ਤਾਂ ਇਹ ਜਾਪਣ ਲੱਗ ਪਿਆ ਹੈ ਕਿ ਕੁੜੀ ਦੇ ਜਨਮ ਦਾ ਮਕਸਦ ਹੀ ਹਵਸ ਨੂੰ ਪੂਰਾ ਕਰਨ ਲਈ ਇਕ ਨਵਾਂ ਸ਼ਿਕਾਰ ਪੈਦਾ ਕਰਨਾ ਹੈ!  ਸਕੂਲ ਅਤੇ ਹਸਪਤਾਲ ਤਾਂ ਕਈ ਚਿਰ ਪਹਿਲਾਂ ਤੋਂ ਹੀ ਬੱਚੀਆਂ ਲਈ ਅਸੁਰੱਖਿਅਤ ਮੰਨੇ ਜਾ ਚੁੱਕੇ ਹਨ। ਧਰਮ ਦੇ ਠੇਕੇਦਾਰਾਂ ਨੇ ਵੀ ਸਾਰੇ ਹੱਦਾਂ-ਬੰਨ੍ਹੇ ਤੋੜ ਛੱਡੇ ਹੋਏ ਹਨ! ਕਦੇ ਤਾਂ ਕੋਈ ਚੁੱਪ ਤੋੜ ਕੇ ਬੋਲੇਗਾ ਕਿ ਆਖ਼ਰ ਧੀ ਜੰਮੀ ਹੀ ਕਿਉਂ ਜਾ ਰਹੀ ਹੈ? ਸਿਰਫ਼ ਚੋਟੀ ਤੇ ਪਹੁੰਚੀਆਂ ਕੁੱਝ ਗਿਣਤੀ ਦੀਆਂ ਧੀਆਂ ਵਲ ਝਾਤ ਮਾਰ ਕੇ ਸਾਰੀਆਂ ਉਹ ਧੀਆਂ ਕੀ ਦਫ਼ਨ ਕਰ ਦਿਤੀਆਂ

ਜਾਣਗੀਆਂ ਜੋ ਸਿਰਫ਼ ਮਾਪਿਆਂ ਦੇ ਬਾਹਰ ਜਾਣ ਦਾ ਜ਼ਰੀਆ ਬਣ ਕੇ ਜ਼ਲੀਲ ਹੋਣ ਲਈ ਛੱਡ ਦਿਤੀਆਂ ਗਈਆਂ? ਆਖ਼ਰ ਕਦੋਂ ਤਕ? ਹਾਲੇ ਤਾਂ ਅਸੀ ਉਨ੍ਹਾਂ ਨਿੱਕੀਆਂ ਬਾਲੜੀਆਂ, ਜਿਨ੍ਹਾਂ ਨੂੰ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਬਣਨ ਲਈ ਪਿੰਜਰਿਆਂ 'ਚ ਡੱਕ ਕੇ ਦੇਵਦਾਸੀਆਂ ਦਾ ਨਾਂ ਦੇ ਕੇ ਪਾੜ੍ਹਿਆ ਗਿਆ, ਉਨ੍ਹਾਂ ਉਤੇ ਕੀਤੇ ਜ਼ੁਲਮ ਨਹੀਂ ਬਖ਼ਸ਼ਵਾ ਸਕੇ। ਹੁਣ ਕਿਸ ਰਿਸ਼ਤੇ ਅਧੀਨ ਕਿਸੇ ਵੀ ਧੀ ਨੂੰ ਕੋਈ ਜੰਮੇ ਤੇ ਪਾਲੇ?  ਕਦੋਂ ਚੰਗੇ ਲੋਕ ਆਪਣੀ ਚੁੱਪ ਤੋੜ ਕੇ ਸੜਕਾਂ ਉਤੇ ਉਤਰਣਗੇ ਅਤੇ ਬੋਲੇ, ਗੁੰਗੇ, ਅੰਨ੍ਹੇ ਹੋ ਚੁੱਕੇ ਸਿਆਸਤਦਾਨਾਂ, ਕਾਨੂੰਨ ਦੇ ਘਾੜਿਆਂ, ਪੁਲਿਸ ਕਰਮੀਆਂ, ਜੱਜਾਂ ਦੇ ਕੰਨਾਂ ਉਤੇ ਚੜ੍ਹੇ ਖੋਪੇ ਲਾਹ ਕੇ ਉਨ੍ਹਾਂ ਨੂੰ ਮੁਲਜ਼ਮਾਂ ਵਾਸਤੇ ਸਖ਼ਤ

ਸਜ਼ਾਵਾਂ ਅਤੇ ਉਹ ਵੀ ਤਿੰਨ ਮਹੀਨਿਆਂ ਦੇ ਅੰਦਰ ਦੇਣ ਵਾਸਤੇ ਮਜਬੂਰ ਕਰਨਗੇ? ਜਦੋਂ ਇਹ ਸਪੱਸ਼ਟ ਹੋ ਚੁਕਿਆ ਹੈ ਕਿ ਨਾਬਾਲਗ ਬੱਚੀਆਂ ਨਾਲ ਕੁਕਰਮ ਕਰਨ ਵਾਲੇ ਦਿਮਾਗ਼ੀ ਨੁਕਸ ਵਾਲੇ ਹੁੰਦੇ ਹਨ, ਤਾਂ ਫਿਰ ਰਹਿਮ ਕਿਉਂ? ਉਮਰਕੈਦ ਹੰਢਾ ਕੇ ਬਾਹਰ ਨਿਕਲ ਕੇ, ਫਿਰ ਇਹੀ ਕੁਕਰਮ ਮਰਨ ਤਕ ਉਹ ਕਰਦੇ ਰਹਿਣਗੇ। ਇਸੇ ਲਈ ਉਨ੍ਹਾਂ ਲਈ ਸਿਰਫ਼ ਦੋ ਸਜ਼ਾਵਾਂ ਹੀ ਬਚਦੀਆਂ ਹਨ

ਮਰਨ ਤਕ ਜੇਲ ਅੰਦਰ ਤਾੜੀ ਰੱਖਣਾ ਜਾਂ ਖੱਸੀ ਕਰ ਕੇ ਹਮੇਸ਼ਾ ਲਈ ਨਾਮਰਦ ਬਣਾ ਦੇਣਾ! ਜੇ ਕੋਈ ਹਾਲੇ ਵੀ ਕਿੰਤੂ-ਪਰੰਤੂ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਇਹ ਸਪੱਸ਼ਟ ਕਰੇ ਕਿ ਬੱਚੀਆਂ ਲਈ ਕਿਹੜੇ ਰਿਸ਼ਤੇ ਨੂੰ ਪਵਿੱਤਰ ਮੰਨਦੇ ਹਨ ਅਤੇ ਬੱਚੀਆਂ ਲਈ ਕਿਹੜੀ ਥਾਂ ਸੁਰੱਖਿਅਤ ਮੰਨਦੇ ਹਨ?
ਜੇ ਕਿਸੇ ਰਿਸ਼ਤੇ ਨੂੰ ਹਾਲੇ ਵੀ ਪਵਿੱਤਰ ਮੰਨਦੇ ਹਨ ਤਾਂ ਅਗਲੀਆਂ ਖ਼ਬਰਾਂ ਪੜ੍ਹ ਕੇ ਆਪ ਹੀ ਅਪਣਾ ਫ਼ੈਸਲਾ ਦਰੁਸਤ ਕਰ ਲੈਣ!

1. ਤਿੰਨ ਸਤੰਬਰ 2017 ਨੂੰ ਛਪੀ ਖ਼ਬਰ:- ਵਿਸ਼ਾਖਾਪਟਨਮ ਪੁਲਿਸ ਨੇ ਇਕ ਕੇਸ ਦਰਜ ਕੀਤਾ ਜਿਸ ਵਿਚ 25 ਸਾਲਾ ਲੜਕੀ ਨੂੰ ਉਸ ਦੀ ਤੀਜੀ ਮਤਰੇਈ ਮਾਂ ਨੇ ਨਰਕ ਵਿਚੋਂ ਕੱਢ ਕੇ ਥਾਣੇ ਲਿਜਾ ਕੇ, ਸੁੱਖ ਦਾ ਸਾਹ ਦਿਵਾਇਆ। ਪਹਿਲਾਂ ਉਸ ਬੱਚੀ ਦੇ ਕਹੇ ਉਤੇ ਪੁਲਿਸ ਨੇ ਰੀਪੋਰਟ ਦਰਜ ਕਰਨ ਤੋਂ ਨਾਂਹ ਕਰ ਦਿਤੀ ਸੀ।
ਹੋਇਆ ਇੰਜ ਕਿ ਜਦੋਂ ਇਹ ਬੱਚੀ 14 ਸਾਲਾਂ ਦੀ ਸੀ, ਤਾਂ ਇਸ ਦੀ ਮਾਂ ਅਪਣੇ ਪਤੀ ਹੱਥੋਂ ਏਨੀ ਮਾਰ ਕੁਟਾਈ ਅਤੇ ਸਰੀਰਕ ਸ਼ੋਸ਼ਣ ਸਹਿ ਚੁੱਕੀ ਸੀ ਕਿ ਉਹ ਮਾਨਸਿਕ ਸੰਤੁਲਨ ਗੁਆ ਬੈਠੀ। ਇਸੇ ਲਈ ਉਸ ਨੂੰ ਪਾਗਲਖ਼ਾਨੇ ਦਾਖ਼ਲ ਕਰਵਾ ਕੇ ਅਪਣੇ ਪੁੱਤਰ ਅਤੇ ਧੀ ਨੂੰ ਨਾਲ ਲੈ ਕੇ ਪਿਉ ਚੇਨਈ ਚਲਾ ਗਿਆ। ਉੱਥੇ ਉਸ ਨੇ

ਰੱਜ ਕੇ ਅਪਣੀ ਧੀ ਦਾ ਰੋਜ਼ ਬਲਾਤਕਾਰ ਕੀਤਾ ਅਤੇ ਦੂਜਾ ਵਿਆਹ ਵੀ ਕਰਵਾ ਲਿਆ। ਕੁੱਝ ਮਹੀਨਿਆਂ ਬਾਅਦ ਸਕਾ ਭਰਾ ਵੀ ਪਿਉ ਦੇ ਦੇਖਾ-ਦੇਖੀ ਮਾਰ-ਕੁਟਾਈ ਕਰ ਕੇ ਅਤੇ ਡਰਾ ਧਮਕਾ ਕੇ ਅਪਣੀ ਸਕੀ ਭੈਣ ਦਾ ਬਲਾਤਕਾਰ ਕਰਨ ਲੱਗ ਪਿਆ। ਫਿਰ ਦੂਜੀ ਵਹੁਟੀ ਦੇ ਕੁੱਖੋਂ ਜੰਮੇ ਪਹਿਲੇ ਪਤੀ ਦੇ ਬੱਚੇ ਨੇ ਵੀ ਸਵੇਰੇ ਸ਼ਾਮ ਦਾਅ ਲਾ ਕੇ ਉਸ ਬੱਚੀ ਦਾ ਬਲਾਤਕਾਰ ਕਰਨਾ ਸ਼ੁਰੂ ਕਰ ਦਿਤਾ। ਸੰਨ 2009 ਵਿਚ ਜਦੋਂ ਪਿਤਾ ਦੀ ਬਦਲੀ ਕਾਨਪੁਰ ਹੋ ਗਈ ਤਾਂ ਉਸ ਨੇ ਅਪਣੀ ਧੀ ਨੂੰ ਅਪਣੀ

ਭੈਣ ਦੇ ਘਰ ਨੌਕਰਾਣੀ ਬਣਾ ਕੇ ਛੱਡ ਦਿਤਾ ਅਤੇ ਆਪ ਤੀਜਾ ਵਿਆਹ ਕਰਵਾ ਲਿਆ। ਹਰ ਸ਼ਨਿਚਰਵਾਰ ਐਤਵਾਰ ਭੈਣ ਦੇ ਘਰ ਜਾ ਕੇ ਉਸ ਨੇ ਅਪਣੀ ਧੀ ਦਾ ਬਲਾਤਕਾਰ ਕਰਨਾ ਜਾਰੀ ਰਖਿਆ। ਬੱਚੀ ਜਦੋਂ ਕਾਲਜ ਵਿਚ ਪੜ੍ਹਨੇ ਪਈ ਤਾਂ ਉਸ ਨੇ ਪਿਤਾ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਅਪਣੀ ਤੀਜੀ ਮਤਰੇਈ ਮਾਂ ਨੂੰ ਸ਼ਿਕਾਇਤ ਕੀਤੀ ਤਾਂ ਸਾਰੀ ਗੱਲ ਸਾਹਮਣੇ ਆਈ। ਮੈਡੀਕਲ ਕਰਨ ਬਾਅਦ ਸਾਰਾ ਸੱਚ ਬਾਹਰ ਆ ਗਿਆ ਅਤੇ ਪੁਲਿਸ ਨੂੰ ਰੀਪੋਰਟ ਦਰਜ ਕਰਨੀ ਪਈ।

2. ਐਨ.ਡੀ.ਟੀ.ਵੀ. ਉਤੇ 28 ਨਵੰਬਰ 2012 ਨੂੰ ਵਿਖਾਈ ਖ਼ਬਰ:- ਇਸ ਖ਼ਬਰ ਵਿਚ ਇਹ ਦਸਿਆ ਗਿਆ ਕਿ ਇਕ 13 ਵਰ੍ਹਿਆਂ ਦੀ ਬਾਲੜੀ ਉਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣਾ ਕੇਸ ਵਾਪਸ ਲੈ ਲਵੇ। ਕੇਸ ਹੈ ਕੀ ਸੀ? ਦੋ ਸਾਲ ਤੋਂ ਕੰਨੌਰ, ਕੇਰਲ ਵਿਚ ਇਸ ਬੱਚੀ ਦਾ ਘਰ ਅੰਦਰ ਬਲਾਤਕਾਰ ਹੋ ਰਿਹਾ ਸੀ। ਬਲਾਤਕਾਰ ਕਰਨ ਵਾਲੇ ਸਨ-ਸਕਾ ਪਿਉ, ਸਕਾ ਭਰਾ (ਨਾਬਾਲਗ) ਅਤੇ ਚਾਚਾ! ਜਦੋਂ ਇਸ ਬੱਚੀ ਦਾ ਬਲਾਤਕਾਰ ਹੋਣਾ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਦੋ ਸਾਲ ਉਸ ਦੀ ਵੱਡੀ ਭੈਣ ਦਾ ਬਲਾਤਕਾਰ ਕੀਤਾ ਜਾਂਦਾ ਰਿਹਾ ਸੀ ਜਿਸ ਨੇ ਦੋ ਸਾਲ ਪਹਿਲਾਂ ਆਤਮਹੱਤਿਆ ਕਰ ਲਈ ਸੀ ਕਿਉਂਕਿ ਮਾਂ ਅਪਣੀ ਬੱਚੀ ਦੀ ਗੱਲ ਸੁਣਨ ਨੂੰ

ਤਿਆਰ ਨਹੀਂ ਸੀ। ਭੈਣ ਦੀ ਮੌਤ ਤੋਂ ਬਾਅਦ ਇਹ ਬੱਚੀ ਕਾਬੂ ਆ ਗਈ। ਇਸ ਨੇ ਵੀ ਅਪਣੀ ਮਾਂ ਨੂੰ ਬਥੇਰਾ ਕਿਹਾ ਪਰ ਉਸ ਦੀ ਇਕ ਨਾ ਸੁਣੀ। ਆਖ਼ਰ ਬੱਚੀ ਨੇ ਅਪਣੇ ਸਕੂਲ ਵਿਚਲੀ ਅਧਿਆਪਿਕਾ ਨਾਲ ਗੱਲ ਕੀਤੀ ਜਿਸ ਨੇ ਪੁਲਿਸ ਬੁਲਾ ਕੇ ਉਸ ਦਾ ਮੁਆਇਨਾ ਕਰਵਾ ਕੇ ਪੁਸ਼ਟੀ ਕੀਤੀ ਅਤੇ ਪਿਉ, ਭਰਾ ਅਤੇ ਚਾਚੇ ਨੂੰ ਜੇਲ ਭੇਜਿਆ। ਉਸ ਦਾ 15 ਵਰ੍ਹਿਆਂ ਦਾ ਭਰਾ ਨਾਬਾਲਗਾਂ ਦੀ ਜੇਲ ਵਿਚ ਰਖਿਆ ਗਿਆ। ਜਦੋਂ ਪੂਰੀ ਪੜਤਾਲ ਹੋਈ ਤਾਂ ਪਤਾ ਲਗਿਆ ਕਿ ਵੱਡੀ ਭੈਣ ਨੂੰ ਉਸ ਦਾ ਤਾਇਆ ਵੀ ਚੂੰਡਦਾ ਰਿਹਾ ਸੀ ਜੋ ਉਸ ਨੂੰ ਮਾਂ ਤਕ ਬਣਾ ਚੁਕਿਆ ਸੀ। ਇਸੇ ਲਈ ਬੱਚੀ ਨੂੰ ਚਾਰ ਰਾਖ਼ਸ਼ਾਂ ਵਾਲੇ ਇਸ ਨਰਕ 'ਚੋਂ ਨਿਕਲਣ ਲਈ ਖ਼ੁਦਕੁਸ਼ੀ ਕਰਨੀ

ਪਈ। ਕੇਰਲ ਵੂਮਨ ਕਮਿਸ਼ਨ ਵਲੋਂ ਪੂਰਾ ਜ਼ੋਰ ਲਾਉਣ ਤੇ ਵੀ ਮਾਂ ਨੇ ਕਿਸੇ ਵਿਰੁਧ ਕੋਈ ਸ਼ਿਕਾਇਤ ਕਰਨ ਤੋਂ ਨਾਂਹ ਕਰ ਦਿਤੀ। ਤਾਇਆ, ਚਾਚਾ, ਪਿਉ, ਸਕਾ ਨਾਬਾਲਗ ਭਰਾ ਅਤੇ ਮਾਂ! ਇਨ੍ਹਾਂ ਵਿਚੋਂ ਕਿਸੇ ਦੇ ਮਨ ਵਿਚ ਕੋਈ ਪਛਤਾਵਾ ਨਹੀਂ ਸੀ। ਹੁਣ ਤਾਂ ਜ਼ਰੂਰ ਚੁੱਪੀ ਤੋੜ ਕੇ ਕੋਈ ਬੋਲੇ ਕਿ ਮਾਂ, ਮਾਮਾ, ਪਿਉ, ਚਾਚਾ, ਤਾਇਆ, ਭਰਾ ਵੀ ਜੇ ਇਕ ਬਾਲੜੀ ਨੂੰ ਨੋਚਣ ਨੂੰ ਤਿਆਰ ਬੈਠੇ ਹੋਣ, ਤਾਂ ਫਿਰ ਇਸ ਧਰਤੀ ਉਤੇ ਧੀ ਕਿਉਂ ਜੰਮੀ ਜਾਏ?
ਡਾ. ਹਰਸ਼ਿੰਦਰ ਕੌਰ,  ਸੰਪਰਕ : 0175-2216783

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement