
ਸਿੱਖੀ ਦੀਆਂ ਅਮੀਰ ਪ੍ਰੰਪਰਾਵਾਂ ਰਹੀਆਂ ਹਨ, ‘ਆਏ ਨੀਂ ਨਿਹੰਗ ਕੁੰਡਾ ਖੋਲ੍ਹਦੇ ਨਿਸੰਗ’ ਪਰ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ
ਸਿੱਖੀ ਦੀਆਂ ਅਮੀਰ ਪ੍ਰੰਪਰਾਵਾਂ ਰਹੀਆਂ ਹਨ, ‘ਆਏ ਨੀਂ ਨਿਹੰਗ ਕੁੰਡਾ ਖੋਲ੍ਹਦੇ ਨਿਸੰਗ’ ਪਰ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਪਿੰਡਾਂ ’ਚ ਵੜਨ ਹੀ ਨਾ ਦਿਤਾ। ਕੱੁਝ ਅਕਾਲੀਏ ‘ਅਕਾਲੀ ਦਲ ਬਚਾਉ’ ਦਾ ਰਾਗ ਅਲਾਪ ਰਹੇ ਹਨ, ਇਨ੍ਹਾਂ ਨੂੰ ਬੰਦਾ ਪੁੱਛੇ ਅਕਾਲੀ ਦਲ ਨੂੰ ਰੋੜਿ੍ਹਆ ਕਿਸ ਨੇ ਹੈ? ਤੁਸੀਂ ਬਰਾਬਰ ਦੀ ਐਸ਼ ’ਚ ਭਾਈਵਾਲ ਰਹੇ ਹੋ, ਇਸੇ ਲਈ ਪੰਥ ਨੇ ਤੁਹਾਨੂੰ ਦੁਰਕਾਰ ਦਿਤਾ। ਅੱਕੀਂ ਪਲਾਹੀਂ ਹੱਥ ਮਾਰਦਿਆਂ ਤੁਹਾਨੂੰ ਅਕਾਲ ਤਖ਼ਤ ਦਾ ਚੇਤਾ ਆ ਗਿਆ। ਤਤਕਾਲੀ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਅਕਾਲੀ ਦਲਾਂ ਦੀ ਏਕਤਾ ਕਰਾਉਣ ਦਾ ਯਤਨ ਕੀਤਾ ਤਾਂ ਉਸ ਨੂੰ ਬਾਦਲ ਦਲੀਆਂ ਪਾਸੋਂ ਕਮਰੇ ਨੂੰ ਕੁੰਡੀ ਲਾ ਕੇ ਅਪਣੀ ਜਾਨ ਬਚਾਉਣੀ ਪਈ। ਉਦੋਂ ਵੀ ਤੁਸੀਂ ਬਾਦਲ ਦਲ ਦਾ ਹੀ ਹਿੱਸਾ ਸੀ। ਅੱਜ ਫਿਰ ਅਕਾਲ ਤਖ਼ਤ ’ਤੇ ਜਾਣ ਦੀ ਡਰਾਮੇਬਾਜ਼ੀ ਸ਼ੁਰੂ ਹੋ ਗਈ ਪਰ ਤੁਸੀਂ ਪੰਥ ਲਈ ਇਮਾਨਦਾਰ ਨਹੀਂ ਰਹੇ।
ਅਕਾਲ ਤਖ਼ਤ ਦੇ ਜਥੇਦਾਰ ਕੋਲ ਅਪਣਾ ਪੱਖ ਰੱਖਣ ਲਈ ਚਾਰਾਜੋਈ ਤਾਂ ਕਰ ਰਹੇ ਹੋ ਪਰ ਤਖ਼ਤਾਂ ਦੇ ਜਥੇਦਾਰਾਂ ਨੂੰ ਤੁਸੀਂ ਟਿਚ ਜਾਣਦੇ ਹੋ? ਇਹ ਦੱਸੋ ਕਿਹੜੇ ਜਥੇਦਾਰ ਦੀ ਤੁਸੀ ਬਾਂਹ ਨਹੀਂ ਮਰੋੜੀ? ਅਪਣੀ ਖੱਲ ਬਚਾਉਣ ਲਈ ਤੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਧਿਰ ਕਿਉਂ ਬਣਾ ਰਹੇ ਹੋ? ਬਾਦਲਾਂ ਦੇ ਗੁਨਾਹਾਂ ’ਤੇ ਪੜਦਾ ਵੀ ਤਾਂ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਹੀ ਪਵਾਇਆ ਗਿਆ ਸੀ।
ਅਕਾਲ ਤਖ਼ਤ ਦੇ ਜਥੇਦਾਰ ਨੂੰ ਤੁਸੀ ਚੰਡੀਗੜ੍ਹ ਸਦ ਕੇ ਗਲ ’ਚ ਅੰਗੂਠਾ ਦਿਤਾ ਤੇ ਕਿਹਾ ਆਹ ਜਿਹੜਾ ਲਿਖਿਆ ਹੈ, ਇਸ ਨੂੰ ਹੁਕਮਨਾਮਾ ਬਣਾ ਕੇ ਸਿੱਖਾਂ ਦੇ ਗਲ ਮੜ੍ਹ ਦਿਉ। ਆਹ ਸਾਰੇ ਅਕਾਲੀਏ ਸਭ ਤੋਂ ਵੱਧ ਚੰਦੂ ਮਾਜਰਾ ਜੀ ਸਪੱਸ਼ਟੀਕਰਨ ਦਈ ਜਾਂਦੇ ਸਨ, ਸਾਰਾ ਕੱੁਝ ਪੰਥਕ ਹਿਤਾਂ ਲਈ ਕੀਤੈ। ਮਾੜੀ ਮੋਟੀ ਵੀ ਤੁਹਾਡੇ ’ਚ ਗ਼ੈਰਤ ਨਾ ਰਹੀ। ਅਪਣੇ ਮਤਲਬ ਲਈ ਤੁਸੀ ਧਾਰਮਕ ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਕਬੀਰ ਸਾਹਿਬ ਦਾ ਬੜਾ ਪਿਆਰਾ ਵਾਕ ਹੈ :
ਕਬੀਰ ਮਨੁ ਜਾਨੈ ਸਭ ਬਾਤ
ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (1376)
ਜਥੇਦਾਰ ਸੁਖਦੇਵ ਸਿੰਘ ਭੌਰ ਵਰਗੇ ਪੰਥ ਪ੍ਰਤੀ ਵਫ਼ਾਦਾਰ ਸਨ, ਉਹ ਤੁਹਾਡੇ ਚਿੱਕੜ ਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ ਹਨ।
ਅਕਾਲ ਤਖ਼ਤ ’ਤੇ ਕੇਵਲ ਚਾਰ ਗ਼ਲਤੀਆਂ ਦੀ ਮਾਫ਼ੀ ਲਈ ਜਾਣਾ ਸਹੀ ਨਹੀਂ ਹੈ। ਬਾਕੀ ਦੀਆਂ ਭੁੱਲਾਂ ਦੀ ਮੁਆਫ਼ੀ ਕੌਣ ਮੰਗੇਗਾ? ਚਾਰ ਸੌਦਾ ਸਾਧ ਨਾਲ ਤੇ ਇਕ ਸੁਮੇਧ ਸੈਣੀ ਨਾਲ ਸਬੰਧ ਰਖਦੀ ਹੈ। ਜੇ ਮੁਆਫ਼ੀ ਮੰਗਣੀ ਹੀ ਹੈ ਤਾਂ 1996 ਤੋਂ ਸ਼ੁਰੂ ਕਰੋ.... ਨਹੀਂ ਤਾਂ ਇਹ ਮੁਆਫ਼ੀ ਇਕ ਪਾਖੰਡ ਤੋਂ ਵੱਧ ਕੁੱਝ ਵੀ ਨਹੀਂ ਹੈ।
ਭੁੱਲਾਂ ਦੀ ਗਿਣਤੀ ਕਰ ਲਉ :
ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਕਿਸ ਨੇ ਬਣਾਇਆ?
ਅਕਾਲੀ ਦਲ ਦਾ ਦਫ਼ਤਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਕਿਉਂ ਲੈ ਗਏ?
ਕੀ ਅਪਣੇ ਵਿਰੋਧੀਆਂ ਤੇ ਪੰਥਕ ਵਿਦਵਾਨਾਂ ਨੂੰ ਠੋਕਣ ਲਈ ਹੁਕਮਨਾਮੇ ਜਾਰੀ ਨਹੀਂ ਕਰਵਾਏ?
ਕੀ ਤੁਹਾਡੀ ਕ੍ਰਿਪਾ ਨਾਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਨਹੀਂ ਪਾਇਆ ਗਿਆ?
ਕੀ ਤੁਸੀ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਲਈ ਤੀਹ ਟਿਕਟਾਂ ਸਾਧਾਂ ਨੂੰ ਨਹੀਂ ਦਿਤੀਆਂ?
ਬਲੂ-ਸਟਾਰ ਆਪ੍ਰੇਸ਼ਨ ਬਾਰੇ ਟਰੁੱਥ ਕਮਿਸ਼ਨ ਕਾਇਮ ਕਰ ਕੇ ਪੂਰੀ ਪੜਤਾਲ ਕਰਨ ਦਾ ਲਾਰਾ ਲਾ ਕੇ ਅਖ਼ੀਰ ਕਹਿ ਦਿਤਾ ਕਿ ਛੱਡੋ ਜੀ, ਇਹ ਸਾਰਾ ਕੱੁਝ ਬੀਤ ਚੁੱਕਾ ਹੈ, ਪੁਰਾਣੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ?
ਜੇ ਜਸਟਿਸ ਕੁਲਦੀਪ ਸਿੰਘ ਨੇ ਦੇਸ਼ ਦੇ ਵੱਡੇ ਤਿੰਨ ਜੱਜਾਂ ਦਾ ਪ੍ਰਾਈਵੇਟ ਕਮਿਸ਼ਨ ਬਣਾ ਕੇ ਲਾਪਤਾ ਨੌਜਵਾਨਾਂ ਬਾਰੇ ਪੜਤਾਲ ਸ਼ੁਰੂ ਕੀਤੀ ਤਾਂ ਤੁਰਤ ਕਾਰਵਾਈ ਕਰਦਿਆਂ ਹਾਈ ਕੋਰਟ ਤੋਂ ਪਾਬੰਦੀ ਲਗਾ ਕੇ ਅਗਲੇਰੀ ਜਾਂਚ ਹੀ ਬੰਦ ਕਰਾ ਦਿਤੀ?
ਜੇ ਬਲੂ-ਸਟਾਰ ਮਗਰੋਂ ਦੇ ਸਮੇਂ ਦੌਰਾਨ ਨੌਜਵਾਨਾਂ ’ਤੇ ਜ਼ੁਲਮ ਢਾਹੁਣ ਵਾਲੇ ਪੁਲਸੀਆਂ ਵਿਰੁਧ ਕੇਸ ਦਰਜ ਹੋ ਗਏ ਤਾਂ ਪ੍ਰਕਾਸ਼ ਸਿੰਘ ਬਾਦਲ ਵਲੋਂ ਅਸੈਂਬਲੀ ’ਚ ਸਹੁੰ ਚੁੱਕ ਕੇ ਉਹ ਵਾਪਸ ਨਾ ਲਏ?
ਕੀ ਬਾਦਲ ਨੇ ਸਤਲੁਜ ਜਮਨਾ ਨਹਿਰ ਲਈ ਸੌ ਕਰੋੜ ਰੁਪਇਆ ਨਹੀਂ ਲਿਆ?
ਜਦੋਂ ਭਾਜਪਾ ਸਰਕਾਰ ’ਚ ਸੁਖਬੀਰ ਬਾਦਲ ਕੇਂਦਰ ’ਚ ਮੰਤਰੀ ਸੀ ਤਾਂ ਹਿਮਾਚਲ ਪ੍ਰਦੇਸ਼ ਨੂੰ ਕਾਰਖ਼ਾਨੇ ਦੇਣ ਦਾ ਫ਼ੈਸਲਾ ਹੋਇਆ, ਕੀ ਤੁਸੀਂ ਦਸਤਖ਼ਤ ਨਹੀਂ ਕੀਤੇ?
ਕੀ ਤੁਸੀਂ ਧਰਮੀ ਫ਼ੌਜੀਆਂ ਦੀ ਕੁਰਬਾਨੀ ਦਾ ਕੋਈ ਮੁੱਲ ਪਾਇਆ?
ਕੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੁਸੀਂ ਲਿਫ਼ਾਫ਼ੇ ’ਚੋਂ ਨਹੀਂ ਕਢਦੇ ਰਹੇ?
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀ ਬਣਿਆ?
ਹਰਸਿਮਰਤ ਕੌਰ ਦੇ ਮੰਤਰੀ ਹੁੰਦੇ ਤਿੰਨ ਖੇਤੀ ਕਾਨੂੰਨ ਪਾਸ ਹੋਏ ਤਾਂ ਤੁਸੀਂ ਵਜ਼ੀਰੀ ਬਚਾਉਣ ਲਈ ਉਨ੍ਹਾਂ ਨੂੰ ਸਹੀ ਦਸਦੇ ਰਹੇ?
ਕੀ ਦਿੱਲੀ ਏਅਰ ਪੋਰਟ ਨੂੰ ਜਾਂਦੀਆਂ ਸਰਕਾਰੀ ਬਸਾਂ ਰੋਕ ਕੇ ਇੰਡੋਕੈਨੇਡੀਆ ਬੱਸ ’ਤੇ ਤੁਸਾਂ ਕਬਜ਼ਾ ਨਹੀਂ ਕੀਤਾ?
ਜੰਮੂ ਕਸ਼ਮੀਰ ’ਚੋਂ 370 ਧਾਰਾ ਰੱਦ ਕਰ ਕੇ ਕੇਂਦਰੀ ਰਾਜ ਬਣਾ ਦਿਤੇ, ਤੁਸੀਂ ਉਸ ਦੇ ਹੱਕ ਵਿਚ ਭੁਗਤੇ।
ਅਨੰਦਪੁਰ ਦੇ ਮਤੇ ਦਾ ਤੁਸੀ ਹੁਣ ਕਦੇ ਜ਼ਿਕਰ ਕੀਤਾ?
ਅਕਾਲੀ ਦਲ ਨੇ ਤਰੱਕੀ ਕੀਤੀ ਤੇ ਬਣ ਗਿਆ ਬਾਦਲ ਪ੍ਰਵਾਰ ਦੀ ਜੇਬ੍ਹ ਦਾ ਅਕਾਲੀ ਦਲ। ਜਿਹੜੀ ਮਾੜੀ ਮੋਟੀ ਅਕਾਲੀ ਦਲ ’ਚ ਤੜ੍ਹ ਸੀ, ਉਹ ਮੋਗੇ ਰੈਲੀ ’ਚ ਪੰਜਾਬੀ ਪਾਰਟੀ ਬਣਾ ਕੇ ਕੱਢ ਦਿਤੀ। ਹਰ ਇਕ ਨੇ ਖੁਲ੍ਹੀ ਛੁੱਟੀ ਲੈ ਲਈ, ਪੰਥ ਪਏ ਢੱਠੇ ਖੂਹ ’ਚ ਆਪੋ ਅਪਣੇ ਕਾਰੋਬਾਰ ਵਧਾਉ, ਮਹਿੰਗੀਆਂ ਗੱਡੀਆਂ ਲਉ, ਝੂਠੀ ਸ਼ਾਨ ਲਈ ਪੰਜਾਬ ਪੁਲਿਸ ਦੀ ਵਰਤੋਂ ਕਰੋ ਤੇ ਸ਼ਾਨੋ-ਸ਼ੌਕਤ ਨਾਲ ਜੀਉ। ਦਰੀਆਂ ਵਿਛਾਉਣ ਵਾਲੇ ਵਰਕਰ ਵੇਖਦਿਆਂ ਵੇਖਦਿਆਂ ਇਕ ਨੁਕਰੇ ਲਾ ਦਿਤੇ। ਜਿਹੜਾ ਅਕਾਲੀ ਨੇਤਾ ਰਾਹ ’ਚ ਰੋੜ੍ਹਾ ਬਣਿਆ, ਉਸ ਦਾ ਕੰਡਾ ਕੱਢ ਕੇ ਹੀ ਸਾਹ ਲਿਆ ਜਾਂਦਾ ਰਿਹਾ।
ਹਾਲਾਤ ਏਦਾਂ ਦੇ ਬਣ ਗਏ ਕਿ ਸੱਭ ਤੋਂ ਵੱਧ ਅਮੀਰ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਨਵੀਂ ਪਿਰਤ ਸ਼ੁਰੂ ਹੋ ਗਈ। ਇਹ ਵੀ ਸੁਣਨ ’ਚ ਆਇਆ ਕਿ ਜਿਹੜਾ ਵੱਧ ਬੋਲੀ ਲਗਾਉਂਦਾ ਸੀ, ਉਹ ਅਕਾਲੀ ਦਲ ਦਾ ਉਮੀਦਵਾਰ ਹੁੰਦਾ। ਤੁਹਾਡਾ ਕੇਵਲ ਇਕੋ ਨਿਸ਼ਾਨਾ ਸੀ ਕਿ ਪੰਥ ਦੇ ਨਾਂ ’ਤੇ ਸਰਕਾਰ ਬਣਾ ਕੇ ਸਰਕਾਰੀ ਲੁੱਟ ਕੀਤੀ ਜਾਏ। ਹੁਣ ਅੰਦਰਲੀਆਂ ਗੱਲਾਂ ਅਪਣੇ ਆਪ ਬਾਹਰ ਆ ਰਹੀਆਂ ਹਨ। ਤੁਹਾਡੀ ਕਾਰਜ ਸ਼ੈਲੀ ਤੁਹਾਡੇ ਅਪਣੇ ਹੀ ਦੱਸੀ ਜਾ ਰਹੇ ਹਨ। ਬਾਬਾ ਫ਼ਰੀਦ ਸਾਹਿਬ ਦੇ ਇਸ ਵਿਚਾਰ ਨੂੰ ਸਾਹਮਣੇ ਰਖਿਆ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ :
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ (1378)
ਲਗਦਾ ਨਹੀਂ ਵਖਰੇ ਹੋਏ ਅਕਾਲੀਏ ਪੰਥ ਜਾਂ ਪੰਜਾਬ ਦਾ ਕੁੱਝ ਸਵਾਰ ਸਕਣਗੇ ਕਿਉਂਕਿ ਇਨ੍ਹਾਂ ਸਾਰਿਆਂ ਨੇ 2027 ਦੀਆਂ ਚੋਣਾਂ ’ਚ ਇਕੱਠੇ ਹੋ ਜਾਣੈ ਤੇ ਪੈਣਾ ਵੀ ਇਨ੍ਹਾਂ ਸਾਰਿਆਂ ਨੇ ਭਾਜਪਾ ਦੀ ਝੋਲੀ ’ਚ ਹੀ ਹੈ। ਅਗਾਂਹ ਭਾਜਪਾ ਨੂੰ ਸੀਟਾਂ ਵੀ ਇਹ ਅੱਧੀਆਂ ਛੱਡਣ ਲਈ ਰਾਜ਼ੀ ਹੋ ਜਾਣਗੇ। ਇਨ੍ਹਾਂ ਸਾਰਿਆਂ ਦੇ ਖ਼ੂਨ ’ਚ ਪੰਥਕ ਜਜ਼ਬਾ ਨਹੀਂ। ਬਾਗ਼ੀ ਅਕਾਲੀਏ ਵੀ ਪ੍ਰਵਾਰਵਾਦ ਤੇ ਸੱਤਾ ਦੇ ਨਸ਼ੇ ਦੀ ਭੇਟ ਚੜ੍ਹ ਗਏ। ਕਬੱਡੀ ਮੈਚਾਂ ’ਚ ਇਹ ਫ਼ਿਲਮੀ ਬੀਬੀਆਂ ਦੇ ਠੁਮਕਿਆਂ ਨੂੰ ਦੇਖਦੇ ਰਹੇ। ਹੁਣ ਇਹ ਕਿਹੜੇ ਮੂੰਹ ਨਾਲ ‘ਅਕਾਲੀ ਦਲ ਬਚਾਉ’ ਦਾ ਰਾਗ ਅਲਾਪ ਰਹੇ ਹਨ।
ਅਕਾਲੀ ਦਲ ਬਾਦਲ ਬਿਖ਼ਰ ਗਿਆ। ਅਜੇ ਦੋ ਟੋਟੇ ਹੀ ਹੋਣੇ ਸਪੱਸ਼ਟ ਹੋਏ ਹਨ ਪਰ ਲਗਦੈ ਤੀਜਾ ਵੀ ਬਹੁਤ ਜਲਦ ਬਣੇਗਾ। ਸਿਰਫ਼ ਤਿੰਨ-ਚਾਰ ਅਕਾਲੀ ਲੀਡਰਾਂ ਨੂੰ ਛੱਡ ਦਿਉ ਬਾਕੀ ਸਾਰੇ ਇਕੋ ਥਾਲੀ ਦੇ ਬੈਂਗਣ ਹਨ।
1966 ’ਚ ਪੰਜਾਬੀ ਸੂਬੀ ਬਣੀ ਸੀ ਜਿਸ ਵਿਚ 2022 ਤਕ 23 ਵਾਰ ਕਾਂਗਰਸ ਪਾਰਟੀ ਤੇ 23 ਸਾਲ ਸ਼੍ਰੋਮਣੀ ਅਕਾਲੀ ਦਲ ਰਾਜ ਭਾਗ ਦਾ ਮਾਲਕ ਬਣਦਾ ਰਿਹਾ ਹੈ। 2017 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੁਲ ਮਿਲਾ ਕਿ 15 ਸੀਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਬਾਦਲ ਨੇ ਕੰਧ ’ਤੇ ਲਿਖੇ ਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ, ਇਸ ਲਈ ਫ਼ਰਵਰੀ 2022 ਦੀਆਂ ਚੋਣਾਂ ’ਚ 15 ਤੇ ਹੁਣ ਕੇਵਲ ਤਿੰਨ ਸੀਟਾਂ ਰਹਿ ਗਈਆਂ।
ਇਕਬਾਲ ਸਿੰਘ ਝੂੰਦਾ ਦੀ ਪ੍ਰਧਾਨਗੀ ਹੇਠ ਸਵੈ ਪੜਚੋਲ ਲਈ ਤੁਸੀ ਆਪ ਹੀ ਕਮੇਟੀ ਬਣਾਈ ਸੀ ਪਰ ਉਸ ਰੀਪੋਰਟ ਨੂੰ ਵਾਧੂ ਦੇ ਕਾਗ਼ਜ਼ ਸਮਝ ਕੇ ਕੋਈ ਅਮਲ ਨਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਪ ਅਸਤੀਫ਼ਾ ਦੇਣ ਦੀ ਬਜਾਏ ਕਾਰਜਕਾਰਨੀ ਕਮੇਟੀ ਹੀ ਭੰਗ ਕਰ ਦਿਤੀ। ਨਤੀਜਾ ਸਾਫ਼ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਕੇਵਲ ਇਕ ਸੀਟ ਜਿੱਤੀ ਹੈ। ਬਾਕੀ ਸੀਟਾਂ ’ਤੇ ਲੋੋਕਾਂ ਨੇ ਇਨ੍ਹਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਕਰਵਾ ਦਿਤੀਆਂ।
ਅਕਾਲੀ ਦਲ ਬਾਦਲ ਸ਼ਰਮਨਾਕ ਮੋੜ ’ਤੇ ਖੜਾ ਹੈ। ਸਾਰਾ ਪੁਰਾਣਾ ਇਸਤ੍ਰੀ ਅਕਾਲੀ ਦਲ ਇਕ ਪਾਸੇ ਪਰ ਸੁਖਬੀਰ ਸਿੰਘ ਬਾਦਲ ਨੇ ਜਗੋ੍ਹਂ ਤੇਰ੍ਹਵੀਂ ਕਰਦਿਆਂ ਉਸ ਬੀਬੀ ਨੂੰ ਇਸਤ੍ਰੀ ਵਿੰਗ ਦਾ ਪ੍ਰਧਾਨ ਬਣਾ ਧਰਿਆ ਜਿਸ ਦਾ ਅਕਾਲੀ ਦਲ ’ਚ ਕੋਈ ਆਧਾਰ ਨਹੀਂ ਸੀ। ਸ਼ਰਮਨਾਕ ਹਾਰ ’ਤੇ ਸੁਖਬੀਰ ਬਾਦਲ ਲਈ ਨਾਹਰੇ ਲਾਏ ਜਾ ਰਹੇ ਹਨ, ‘ਸੁਖਬੀਰ ਸਿੰਆਂ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਕਰ ਲਉ ਘਿਉ ਨੂੰ ਭਾਂਡਾ।
ਪਹਿਲੀ ਵਾਰ ਪੰਜਾਬ ਇਕੱਲਿਆਂ ਚੋਣ ਲੜ ਰਹੀ ਭਾਜਪਾ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਹਾਲਾਂਕਿ ਭਾਜਪਾ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੇ ਇਸ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ ਤਾਂ ਤੂਹਾਨੂੰ ਪੂਰਾ ਰਗੜ ਕੇ ਰੱਖ ਦੇਣਾ ਸੀ। ਪੰਝੀ ਸਾਲ ਰਾਜ ਕਰਨ ਦਾ ਸੁਪਨਾ ਲੈਣ ਵਾਲੇ ਅਪਣੀ ਹੋਂਦ ਹੀ ਗਵਾ ਗਏ। ਗੁਰਦਾਸਪੁਰ, ਲੁਧਿਆਣਾ ਤੇ ਜਲੰਧਰ ’ਚ ਕਾਂਗਰਸ ਨੂੰ ਸਿੱਧੀ ਚਣੌਤੀ ਦਿਤੀ ਹੈ ਜਦਕਿ ਬਾਕੀ ਛੇ ਸੀਟਾਂ ਤੇ ਭਾਜਪਾ ਤੀਜੇ ਸਥਾਨ ’ਤੇ ਰਹੀ।
ਅਜਿਹੇ ਹਾਲਾਤ ’ਚ ਸਭ ਤੋਂ ਵੱਧ ਜ਼ਿੰਮੇਵਾਰ ਸੁਖਬੀਰ ਬਾਦਲ, ਵੱਖ ਹੋਇਆ ਅਕਾਲੀ ਟੋਲਾ ਤੇ ਇਨ੍ਹਾਂ ਦੇ ਦੋ ਸਲਾਹਕਾਰ ਹਨ ਜਿਨ੍ਹਾਂ ਨੂੰ ਪੰਥ ਨਾਲ ਕੋਈ ਦਰਦ ਨਹੀਂ। ਅਕਾਲੀ ਦਲ ਨੇ ਅਪਣਾ ਸਾਰਾ ਢਾਂਚਾ ਹੀ ਖੇਰੂੰ ਖੇਰੂੰ ਕਰ ਲਿਆ ਹੈ। ਕੋਈ ਕੋਰ ਕਮੇਟੀ ਦੀ ਮੀਟਿੰਗ ਨਹੀਂ, ਕੋਈ ਜਨਰਲ ਇਜਲਾਸ ਨਹੀਂ, ਟਿਕਟਾਂ ਦੇਣ ਦਾ ਕੋਈ ਵਿਧੀ ਵਿਧਾਨ ਨਹੀਂ ਰਿਹਾ। ਬਾਕੀ ਆਹ ਅਕਾਲੀਏ ਗੂੰਗੇ ਬਹਿਰੇ ਹੋ ਕੇ ਇਹੋ ਕਹਿੰਦੇ ਰਹੇ ਕਿ ਜੋ ਪ੍ਰਧਾਨ ਜੀ ਕਰਨਗੇ ਸਾਨੂੰ ਮਨਜ਼ੂਰ ਹੈ। ਭਾਈ ਅਮਰੀਕ ਸਿੰਘ ਮੁਕਤਸਰ ਵਾਲਿਆਂ ਦੀ ਬੜੀ ਤਲਖ਼ ਟਿਪਣੀ ਸਮਝਣੀ ਪਏਗੀ ਕਿ ‘ਅਕਾਲੀ ਦਲ ’ਚ ਆਈ ਸਿਆਸੀ ਤੇ ਇਖ਼ਲਾਕੀ ਗਿਰਾਵਟ ਦਾ ਤੌੜਾ ਸਿਰਫ਼ ਸੁਖਬੀਰ ਬਾਦਲ ਸਿਰ ਭੰਨ ਕੇ ਅਪਣੇ ਗੁਨਾਹਾਂ ਤੋਂ ਬਰੀ ਹੋਣ ਦੇ ਚਲਾਕੀ ਭਰੇ ਏਜੰਡੇ ਅਧੀਨ ਸਿੱਖਾਂ ਨਾਲ ਇਕ ਹੋਰ ਧੋਖਾ ਕਰਨ ਦੀ ਸ਼ਾਜ਼ਸ ਰਚਦੇ ਨਜ਼ਰ ਆ ਰਹੇ ਹਨ। ਇਹ ਖ਼ਬਰ ਉਦੋਂ ਨੰਗੀ ਹੋ ਗਈ ਜਦੋਂ ਪਤਾ ਅੱਗਾ ਕਿ ਬਰਜਿੰਦਰ ਸਿੰਘ ਹਮਦਰਦ ਦੇ ਵਾੜੇ ’ਚ ਬਹਿ ਕੇ ਬਾਗ਼ੀ ਅਕਾਲੀ ਵਿਚਾਰਾਂ ਕਰ ਰਹੇ ਹਨ। ਇਹ ਸ਼ਖ਼ਸ ਹੈ ਜਿਨ੍ਹਾਂ ਨੂੰ ਪੰਥਕ ਸਰਕਾਰ ਨੇ ਰਾਜ ਸਭਾ ਦੀ ਟਿਕਟ ਦਿਤੀ ਸੀ ਪਰ ਇਨ੍ਹਾਂ ਨੇ ਪੰਥਕ ਨਾਂ ਨੂੰ ਦਰਕਿਨਾਰ ਕਰਦਿਆਂ ਆਜ਼ਾਦ ਤੌਰ ’ਤੇ ਟਿਕਟ ਪ੍ਰਵਾਨ ਕੀਤੀ ਸੀ। ਅਕਾਲੀਆਂ ਨੂੰ ਅਜੇ ਅਪਣਾ ਮੀਡੀਆ ਇੰਚਾਰਜ ਕੋਈ ਪੰਥਕ ਰਵਾਇਤਾਂ ਵਾਲਾ ਨਹੀਂ ਲੱਭਾ।
ਰਾਜਸੀ ਸਰਗਰਮੀਆਂ ਦੀ ਜਾਣਕਾਰੀ ਰੱਖਣ ਵਾਲੇ ਸੱਜਣਾਂ ਨੂੰ ਇਹ ਜਾਣਕਾਰੀ ਹੋਵੇਗੀ ਕਿ ਸੁਖਬੀਰ ਬਾਦਲ ਪ੍ਰਤੀ ਬਾਗ਼ੀ ਸੁਰ ਰੱਖਣ ਵਾਲੇ ਚੰਦੂਮਾਜਰਾ ਤੇ ਢੀਂਡਸਾ ਸਮੇਤ ਕਈ ਆਗੂਆਂ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਚੋਣ ਸਮਝੌਤੇ ਦੀ ਵਕਾਲਤ ਕੀਤੀ ਸੀ। ਬੀਬੀ ਖਾਲੜਾ ਦਾ ਤੁਸਾਂ ਡੱਟ ਕੇ ਵਿਰੋਧ ਕੀਤਾ। ਅਸਲ ’ਚ ਜਿਹੜਾ ਤਾਣਾ ਉਣਿਆ ਜਾ ਰਿਹੈ, ਇਹ ਸਾਰਾ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਉਣਿਆ ਜਾ ਰਿਹਾ ਹੈ।
1997 ਤੋਂ 2002 ਤਕ ਪੰਜ ਸਾਲ ਫਿਰ 2007 ਤੋਂ 2017 ਦਸ ਸਾਲ ਤਕ ਅਕਾਲੀ ਦਲ ਬਾਦਲ ਦੀ ਤੂਤੀ ਬੋਲਦੀ ਸੀ। ਐਨੀ ਦਹਿਸ਼ਤ ਸੀ ਕਿ ਇਨ੍ਹਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ। ਉਸ ਵਕਤ ਨੂੰ ਗੁਰੂ ਦੀ ਭੈ-ਭਾਵਨੀ ’ਚ ਵਿਚਰਨਾ ਸੀ ਜਿੱਥੋਂ ਖੁੰਝ ਗਏ। ਇਨ੍ਹਾਂ ਪੰਦਰਾਂ ਸਾਲਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਕਤ ਦੀ ਆਵਾਜ਼ ਨੂੰ ਨਹੀਂ ਸੁਣਿਆ, ਸਿਰਫ਼ ਅਪਣੇ ਪ੍ਰਵਾਰ ਦੀ ਅਵਾਜ਼ ਨੂੰ ਸੁਣਿਆ ਹੈ। ਜਿੰਨੀ ਤਾਕਤ ਅਪਣੇ ਵਿਰੋਧੀਆਂ ਨੂੰ ਚਿੱਤ ਕਰਨ ’ਚ ਲਾਈ ਹੈ, ਕਿਤੇ ਓਨੀ ਤਾਕਤ ਸੂਬੇ ਤੇ ਪੰਥ ਦੇ ਭਲੇ ਲਈ ਲਾਈ ਹੁੰਦੀ ਤਾਂ ਏਨਾ ਮਾੜਾ ਹਸ਼ਰ ਨਾ ਹੁੰਦਾ। ਬਾਦਲ ਤੇ ਬਾਕੀ ਲੀਡਰਾਂ ਨੂੰ ਪ੍ਰਵਾਰਕ ਮੋਹ ਨੇ ਅਰਸ਼ ਤੋਂ ਫ਼ਰਸ਼ ’ਤੇ ਸੁੱਟ ਦਿਤਾ ਹੈ। ਧੱਕੇ ਨਾਲ ਸੁਖਬੀਰ ਬਾਦਲ ਨੂੰ ਉਪ-ਮੁੱਖ ਮੰਤਰੀ ਤੇ ਅਕਾਲੀ ਦਲ ਦਾ ਪ੍ਰਧਾਨ ਬਣਾ ਧਰਿਆ। ਸੁਖਬੀਰ ਬਾਦਲ ਅਕਾਲੀ ਦਲ ਦੀਆਂ ਪ੍ਰੰਪਰਾਵਾਂ, ਸਿੱਖੀ ਸਰੋਕਾਰਾਂ, ਸਿੱਖ ਰਹਿਤ ਮਰਯਾਦਾ, ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ, ਨਾਨਕਸ਼ਾਹੀ ਕੈਲੰਡਰ ਤੇ ਸਿੱਖ ਇਤਿਹਾਸ ਤੋਂ ਬਿਲਕੁਲ ਕੋਰਾ ਹੈ। ਉਸ ਦੇ ਆਲੇ ਦੁਆਲੇ ਘੇਰਾ ਉਨ੍ਹਾਂ ਲੋਕਾਂ ਦਾ ਹੋ ਗਿਆ ਜਿਨ੍ਹਾਂ ਨੂੰ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਨਾਲ ਕੋਈ ਸਰੋਕਾਰ ਨਹੀਂ। ਇਨ੍ਹਾਂ ਝੋਲੀ ਚੁੱਕਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਵੀ ਸਮਝ ਨਹੀਂ। ਅਕਾਲੀ ਦਲ ਬਾਦਲ ਦੇ ਤਾਨਾਸ਼ਾਹੀ ਰਵੱਈਏ ਕਾਰਨ ਇਹ ਇਕ ਜਿਊਂਦੀ ਲਾਸ਼ ਬਣ ਗਿਐ। ਅਜਿਹੀ ਸ਼ਰਮਨਾਕ ਹਾਰ ਲਈ ਇਹ ਖ਼ੁਦ ਜ਼ਿੰਮੇਵਾਰ ਹਨ। (ਚਲਦਾ)
ਤਤਕਾਲੀ ਪ੍ਰਧਾਨ ਮੰਤ੍ਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਮੁਲਕ ਵਿਚ ਐਮਰਜੈਂਸੀ ਲਗਾਈ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਮੋਰਚਾ ਲਾਇਆ। ਪੰਜਾਬ ਨਾਲ ਪਾਣੀਆਂ ਦੇ ਸਮਝੌਤੇ ਵਿੱਚ ਅਕਾਲੀ ਦਲ ਦੀ ਭੂਮਿਕਾ ਉਦੋਂ ਸ਼ੱਕੀ ਹੁੰਦੀ ਹੈ ਜਦੋਂ ਸਰਦਾਰ ਬਾਦਲ ਨੇ ਦੇਵੀ ਲਾਲ ਦੀ ਸਰਕਾਰ ਕੋਲੋਂ ਸੌ ਕਰੋੜ ਰੁਪਇਆ ਲੈ ਕੇ ਮਿੱਤਰਤਾ ਪਾਲਦਿਆਂ ਪਾਣੀਆਂ ਦੀ ਲੁੱਟ ਦਾ ਰਾਹ ਖੋਹਲਤਾ। ਪਾਣੀਆਂ ਦੇ ਮੁੱਦੇ ‘ਤੇ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਬਾਦਲ ਸਰਕਾਰ ਨੇ ਸੌ ਕ੍ਰੋੜ ਵਾਪਸ ਕਰਨ ਦੀ ਡਰਾਮੇਬਾਜ਼ੀ ਕੀਤੀ। ਕੇਵਲ ਖਾਨਾ ਪੂਰਤੀ ਲਈ ਕਹਿ ਦਿੱਤਾ ਕਿ ਜਿਹਦੀ ਜਿਹਦੀ ਜ਼ਮੀਨ ਨਹਿਰ ਵਿੱਚ ਆਉਂਦੀ ਹੈ, ਉਹ ਆਪਣੇ ਕਬਜ਼ੇ ਵਿੱਚ ਕਰ ਲੈਣ। ਬਚਕਾਨਾ ਫੈਸਲੇ ਬਾਦਲ ਆਕਲੀ ਦਲ ਨੂੰ ਬਹੁਤ ਮਹਿੰਗੇ ਪਏ, ਨਾਲ ਹੀ ਲੋਕ ਇਹਨਾਂ ਦੀ ਅਸਲੀਅਤ ਵੀ ਜਾਣ ਗਏ।
15 ਸਾਲ ਅਕਾਲੀ ਦਲ ਬਾਦਲ ਨੇ ਪੰਜਾਬ ਵਿਚ ਰਾਜ ਕੀਤਾ। ਪੰਜ ਵਾਰ ਪੰਜਾਬ ਦਾ ਮੁੱਖ ਮੰਤ੍ਰੀ ਬਣਿਆ। ਇਹ ਸਾਬਤ ਕਰੋ ਕਿ ਪੰਜਾਬ ਦੇ ਭਲੇ ਦਾ ਕਿਹੜਾ ਕੰਮ ਕੀਤਾ ਜੇ। ਸਭ ਤੋਂ ਅਹਿਮ ਗੱਲ ਕਿ ਜਿੰਨ੍ਹਾਂ ਮੁੱਦਿਆਂ ‘ਤੇ ਲੋਕਾਂ ਕੋਲੋਂ ਵੋਟਾਂ ਮੰਗਦੇ ਰਹੇ, ਮੁੱਖ ਮੰਤ੍ਰੀ ਬਣਦਿਆਂ ਹੀ ਉਹ ਸਾਰੇ ਵਿਸਾਰ ਦਿੱਤੇ ਜਾਂਦੇ ਰਹੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪ੍ਰਾਪਤ ਕਰਨਾ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨਾ, ਦਰਿਆਈ ਪਾਣੀਆਂ ਸਬੰਧੀ ਇਨਸਾਫ਼ ਹਾਸਲ ਕਰਨ ਵਾਲੇ ਮੁੱਦੇ ਠੰਡੇ ਬਸਤੇ ਵਿਚ ਪਾ ਦਿੱਤੇ। ਅਕਾਲੀ ਦਲ ਬਾਦਲ ਆਪਣੇ ਆਪ ਨੂੰ ਕਿਰਸਾਨ ਹਤੈਸ਼ੀ ਦਸਦੇ ਰਹੇ ਹਨ ਪਰ ਇਹਨਾਂ ਪੰਦਰ੍ਹਾਂ ਸਾਲਾਂ ਵਿਚ ਕਣਕ ਝੋਨੇ ਦਾ ਬਦਲ ਨਹੀਂ ਪੈਦਾ ਕਰ ਸਕੇ। ਇਕ ਕਿਲੋ ਝੋਨਾ ਪੈਦਾ ਕਰਨ ਲਈ ਤਿੰਨ ਹਜ਼ਾਰਾਂ ਲੀਟਰ ਪਾਣੀ ਚਾਹੀਦਾ ਹੈ। ਪਰ ਅਕਾਲੀ ਦਲ ਬਾਦਲ ਪਰਵਾਰ ਦੇ ਮੋਹ ਦੀਆਂ ਤੰਦਾਂ ਵਿਚ ਫਸ ਗਿਆ। ਕੇਂਦਰ ਵਿਚ ਦਸ ਸਾਲ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ, ਉਦੋਂ ਅਕਾਲੀਆਂ ਦੇ ਕੇਂਦਰ ਨਾਲ ਚੰਗੇ ਸੰਬੰਧ ਸਨ, ਪਰ ਅਕਾਲੀਆਂ ਨੇ ਪੰਜਾਬ ਲਈ ਸ਼ਾਇਦ ਹੀ ਕੋਈ ਪੈਕਜ ਮੰਗਿਆ ਹੋਵੇ। ਹੋਰ ਤਰਾਸਦੀ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਵੀ ਪੰਜਾਬ ਲਈ ਕੋਈ ਪੈਕਜ਼ ਨਹੀਂ ਮੰਗਿਆ।
ਬਾਦਲ ਅਕਾਲੀ ਦਲ ਨੂੰ ਚਾਹੀਦਾ ਸੀ ਸਿੱਖਿਆ ਤੇ ਸਿਹਤ ਅਧਾਰਿਤ ਸਹੂਲਤਾਂ ਤੇ ਪੰਜਾਬ ਦੀ ਬਿਹਤਰੀ ਲਈ ਕੋਈ ਨੀਤੀਗਤ ਫੈਸਲੇ ਕਰਦੇ। ਖੇਤੀ ਅਧਾਰਿਤ ਸਨਅਤਾਂ ਲਗਾ ਕੇ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਸਨ ਪਰ ਬਾਦਲ ਸਰਕਾਰ ਨੇ ਮੁਫਤ ਦੀਆਂ ਸਹੂਲਤਾਂ ਦੇ ਕੇ ਨਵੀਂ ਬਿਪਤਾ ਸ਼ੁਰੂ ਕੀਤੀ। ਨਹਿਰੀ ਪਾਣੀ ਬਾਹਰਲੇ ਸੂਬਿਆਂ ਨੂੰ ਦੇਣ ਦਾ ਪੱਕਾ ਪ੍ਰਬੰਧ ਕਰਨ ਲਈ ਕਿਰਸਾਨਾਂ ਨੂੰ ਮੁਫਤ ਬਿਜਲੀ ਦੇ ਲਾਲਚ ਵਿਚ ਫਸਾ ਦਿੱਤਾ। ਵੀਹ ਫੁੱਟ ਦੇ ਬੋਰ ਚਾਰ ਸੌ ਫੁੱਟ ਤਕ ਚਲੇ ਗਏ ਹਨ। ਮੁਫਤ ਦੀਆਂ ਸਹੂਲਤਾਂ ਨਾਲ ਪੰਜਾਬ ਬਰਬਾਦੀ ਵਲ ਨੂੰ ਵਧਿਆ ਹੈ ਤੇ ਬਾਦਲ ਦੀਆਂ ਸਕੀਮਾਂ ਫੇਲ੍ਹ ਹੋਈਆਂ ਹਨ। ਮਿਹਨਤ ਕਸ਼ ਪੰਜਾਬੀਆਂ ਨੂੰ ਮੁਫਤ ਦੀਆਂ ਸਹੂਲਤਾਂ ਦੇ ਕੇ ਵਿਹਲੜ ਜਿਹੇ ਬਣਾ ਦਿੱਤਾ। ਪਾਣੀ ਬਿਜਲੀ ਦੀ ਮੁਫਤ ਸਹੂਲਤ ਦੇਣ ਦੇ ਭਿਆਨਕ ਸਿੱਟੇ ਵੀ ਆ ਰਹੇ ਹਨ। ਜਦੋਂ ਸੂਬੇ ਦੇ ਬਜਟ ਦਾ ਵੱਡਾ ਹਿੱਸਾ ਮੁਫਤ ਦੀਆਂ ਸਹੂਲਤਾਂ ‘ਤੇ ਲੱਗ ਰਿਹਾ ਹੈ ਤਾਂ ਪੰਜਾਬ ਵਿਕਾਸ ਕਿੱਦਾਂ ਕਰੇਗਾ? ਅਕਾਲੀ ਦਲ ਬਾਦਲ ਦੇ 15 ਸਾਲਾ ਰਾਜ ਨੂੰ ਪੰਜਾਬ ਦੇ ਇਤਿਹਾਸ ਵਿਚ ਕਾਲੇ ਇਤਿਹਾਸ ਨਾਲ ਲੋਕ ਯਾਦ ਕਰਿਆ ਕਰਨਗੇ ਕਿਉਂਕਿ ਰੇਤ-ਬੱਜਰੀ, ਕੇਬਲ, ਸ਼ਰਾਬ, ਚਿੱਟਾ ਨਸ਼ਾ ਅਤੇ ਟਰਾਂਸਪੋਰਟ ਆਦਿ ਦੇ ਖੇਤਰਾਂ ਵਿਚ ਮਾਫੀਆ ਪੈਦਾ ਹੋ ਗਿਆ। ਇਸ ਸਾਰੇ ਮਾਫੀਏ ਦੇ ਪਿੱਛੇ ਅਕਾਲੀ ਦਲ ਬਾਦਲ ਦਾ ਨਾਂ ਬੋਲਦਾ ਹੈ। ਧੱਕੇ ਦੀ ਰਾਜਨੀਤੀ ਅਕਾਲੀ ਦਲ ਬਾਦਲ ਦੀ ਦੇਣ ਹੈ। “ਵਿਚਿ ਦੁਨੀਆ ਸੇਵ ਕਮਾਈਐ”॥ ਦੇ ਆਦਰਸ਼ ਨੂੰ ਰੋਜ਼ ਪੜ੍ਹਨ ਵਾਲਾ ਅਕਾਲੀ ਦਲ ਬਾਦਲ ਹਾਕਮ ਸ਼੍ਰੇਣੀ ਦੀ ਹਊਮੇ ਵਿੱਚ ਲਿਬੜ ਗਿਆ।
ਅਕਾਲੀ ਦਲ ਬਾਦਲ ਨੇ ਆਪਣੇ ਬੇਟੇ ਤੇ ਨੂੰਹ ਲਈ ਪੰਥਕ ਰਵਾਇਤਾਂ ਕੁਰਬਾਨ ਕਰ ਦਿੱਤੀਆਂ ਹਨ। ਨਾਮਵਰ ਅਕਾਲੀਏ ਇਕ ਇਕ ਕਰਕੇ ਰਾਹ ਵਿਚੋਂ ਹਟਾ ਦਿੱਤੇ ਗਏ। ਰਾਜ ਸੱਤਾ ਹਾਸਲ ਕਰਨ ਲਈ ਸਮੁੱਚੇ ਪੰਜਾਬ ਦੀਆਂ ਬੁਨਿਆਦੀ ਲੋੜਾਂ ਨੂੰ ਭੁਲਾ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਕਾਰਜ ਪ੍ਰਣਾਲੀ ਨੂੰ ਆਪਣੇ ਅਧੀਨ ਕਰਕੇ ਪੰਥਕ ਸਰੋਕਾਰਾਂ ਨਾਲ ਧ੍ਰੋਹ ਕਮਾਇਆ ਹੈ। ਇਸ ਦੀਆਂ ਜੜ੍ਹਾਂ ਵਿਚ ਤੇਲ ਦੇਣ ਲਈ 24-25 ਫਰਵਰੀ 1996 ਨੂੰ ਮੋਗਾ ਵਿਖੇ ਸ਼ਾਨਾਮਤੀ ਸੰਸਥਾ ਨੂੰ ਪੰਜਾਬੀ ਪਾਰਟੀ ਵਿਚ ਤਬਦੀਲ ਕਰਕੇ ਜੋਗਿੰਦਰ ਜੈਨ ਵਰਗਿਆਂ ਨੂੰ ਜੱਥੇਦਾਰ ਬਣਾ ਧਰਿਆ। ਬਹੁਤਾਤ ਅਕਾਲੀਏ ਝੂਰਦੇ ਤਾਂ ਰਹੇ ਹਨ ਪਰ ਉਭਾਸਰ ਕਿ ਕੋਈ ਗੱਲ ਕਰਨ ਲਈ ਤਿਆਰ ਨਾ ਹੋਏ। ਬਾਦਲ ਦਲ ਨੂੰ ਹਕੂਮਤ ਦਾ ਨਸ਼ਾ ਹੀ ਐਨਾ ਚੜ੍ਹ ਗਿਆ ਸੀ ਕਿ ਕਿਸੇ ਦੀ ਕੋਈ ਦਲੀਲ ਸੁਣਨ ਲਈ ਤਿਆਰ ਨਹੀਂ ਸਨ।
ਪੰਜਾਬ ਦੀ ਫਿਜ਼ਾ ਵਿਚ ਸਿੱਖ ਜਵਾਨੀ ਦਾ ਸ਼ਿਕਾਰ ਕਰਨ ਵਾਲੇ ਸੁਮੇਧ ਸੈਣੀ ਨੂੰ ਸੂਬੇ ਦੀ ਵਾਗ ਡੋਰ ਫੜਾ ਦਿੱਤੀ। ਝੂਠੇ ਪੁਲੀਸ ਮੁਕਾਬਿਲਆਂ ਦੀ ਜਾਂਚ ਕਰਾਉਣ ਦੀ ਥਾਂ ‘ਤੇ ਬਦਨਾਮ ਪੁਲਸੀਆਂ ਦੀ ਪਿੱਠ ਥਾਪੜੀ। ਆਲਮ ਇਜ਼ਹਾਰ ਦੀ ਘਰਵਾਲੀ ਨੂੰ ਕਿਸ ਖੁਸੀਂ ਵਿਚ ਐਮ. ਐਲ. ਏ ਦੀ ਟਿਕਟ ਦੇ ਕੇ ਵਜ਼ੀਰ ਦੇ ਬਰਾਬਰ ਦਾ ਅਹੁਦਾ ਦਿੱਤਾ। ਉਸ ਦੀ ਆਲਮ ਸੈਨਾ ਨੇ ਸਿੱਖ ਨੌਜਵਾਨਾਂ ਦਾ ਚੁਣ ਚੁਣ ਕੇ ਸ਼ਿਕਾਰ ਕਰਨਾ ਛੁਪਿਆ ਨਹੀਂ ਹੈ।
ਸਾਲਾਂ ਬੱਧੀ ਜੇਹਲਾਂ ਵਿਚ ਬੈਠੇ ਸਿੱਖਾਂ ਤੇ ਧਰਮੀ ਫੌਜੀਆਂ ਦੀ ਕੋਈ ਸਾਰ ਨਹੀਂ ਲਈ। ਅਕਾਲੀ ਦਲ ਬਾਦਲ ਸਰਕਾਰ ਨੇ ਸਿੱਖ ਮੁੱਦਿਆਂ ਨੂੰ ਵਿਸਾਰ ਦਿੱਤਾ। ਸੌਦਾ ਸਾਧ ਨੂੰ ਪੁਸ਼ਾਕ ਭੇਜਣ ਸਬੰਧੀ ਤੁਸੀਂ ਕੋਈ ਸਪੱਸ਼ਟੀਕਰਨ ਨਹੀਂ ਦੇ ਸਕੇ। ਸੌਦਾ ਸਾਧ ਦਾ ਬਠਿੰਡਾ ਅਦਾਲਤ ਵਿਚ ਕੇਸ ਚਲਦਾ ਸੀ ਜਿਹੜਾ ਵਾਪਸ ਤੁਹਾਡੀ ਸਰਕਾਰ ਨੇ ਲਿਆ। ਕੀ ਬਾਦਲ ਸਾਹਿਬ ਕੋਲ ਇਸ ਗੱਲ ਦਾ ਕੋਈ ਜੁਆਬ ਹੈ? ਆਪਣੀਆਂ ਕਰਤੂਤਾਂ ਕਰਕੇ ਰਾਜ ਭਾਗ ਤੋਂ ਤੁਸੀਂ ਤਿੰਨ ਤੋਂ ਇਕ ‘ਤੇ ਆ ਗਏ ਹੋ। ਤੁਹਾਡੇ ਨੁਕਸਾਨ ਦੀ ਭਰਪਾਈ ਕਰਾਉਣ ਲਈ ਤੱਤਕਾਲੀ ਅਕਾਲ ਤੱਖਤ ਦੇ ਜੱਥੇਦਾਰ ਨੂੰ ਬਤਮੀਜ਼ ਵਰਗੇ ਸ਼ਬਦ ਨਾਲ ਕੌਮ ਨੂੰ ਸੰਬੋਧਨ ਹੋਣਾ ਪਿਆ ਸੀ। ਸੌਦਾ ਸਾਧ ਨੂੰ ਮੁਆਫੀ ਤੁਸਾਂ ਦਵਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 90-92 ਲੱਖ ਰੁਪਇਆ ਇਸ਼ਿਤਿਹਾਰਾਂ ‘ਤੇ ਲੱਗਿਆ ਕਿ ਸੌਦਾ ਸਾਧ ਤਾਂ ਬਹੁਤ ਹੀ ਨੇਕ ਪੁਰਸ਼ ਹੈ। ਸਾਡੀ ਹੁਣ ਸੁਲ੍ਹਾ ਹੋ ਗਈ ਹੈ ਇਸ ਲਈ ਸਾਨੂੰ ਵੋਟਾਂ ਪਾਇਆ ਜੇ। ਏਦੂੰ ਬੇਸ਼ਰਮੀ ਹੋਰ ਕਿਹੜੀ ਹੋ ਸਕਦੀ ਹੈ। ਅਜਿਹੇ ਇਸ਼ਤਿਹਾਰ ਦੇਣ ਦੀ ਥਾਂ ‘ਤੇ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸੀ। ਅਜਿਹੇ ਕਾਰਨਾਮਿਆਂ ਲਈ ਲਾਹਨਤ ਸ਼ਬਦ ਵੀ ਛੋਟਾ ਰਹਿ ਜਾਂਦਾ ਹੈ।
ਖੰਡੇ ਦੀ ਪਾਹੁਲ, ਨੀਲੀਆਂ ਦਸਤਾਰਾਂ ਤੇ ਹੱਥ ਵਿਚ ਕਿਰਪਾਨ ਰੱਖਣੀ ਅਕਾਲੀ ਦਲ ਛੱਡ ਗਿਆ। ਅਕਾਲੀ ਦਲ ਸਾਰਾ ਘੋਨ-ਮੋਨ ਹੋ ਗਿਆ ਹੈ। ਹਾਅ! “ਤੁਹਾਡਾ ਬੇੜਾ ਬਹਿਜੇ” ਤੁਸਾਂ ਤਾਂ ਆਪਣਿਆਂ ਹੱਥਾਂ ਵਿਚ ਮੌਲ਼ੀਆਂ ਬੰਨ੍ਹ ਕੇ ਮੱਥੇ ਤੇ ਤਿਲਕ ਵੀ ਲਗਾ ਲਏ। ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਅਕਾਲੀ ਦਲ ਬਾਦਲ ਨੇ ਆਪਣਾ ਦਫਤਰ ਚੰਡੀਗੜ੍ਹ ਬਣਾ ਲਿਆ। ਢਾਡੀ ਪ੍ਰੰਪਰਾ ਦਾ ਤਿਆਗ ਕਰਦਿਆਂ ਫਿਲਮੀ ਠੁਮਕਿਆਂ ਨੂੰ ਪ੍ਰਧਾਨਤਾ ਦਿੱਤੀ। ਗੁਰਦੁਆਰਿਆਂ ਦੇ ਸਭਿਆਚਾਰ ਨੂੰ ਛੱਡ ਕੇ ਮਹਿੰਗੇ ਹੋਟਲਾਂ ਵਿਚ ਮੀਟਿੰਗਾਂ ਦਾ ਦੌਰ ਚਲਾ ਦਿੱਤਾ। ਬਿਨਾਂ ਸ਼ਰਤ ਵਾਜਪਾਈ ਨੂੰ ਹਮਾਇਤ ਦੇਣਾ ਅਕਾਲੀ ਦਲ ਨੇ ਆਪਣਾ ਬੇੜਾ ਆਪੇ ਗਰਕਣ ਵਿੱਚ ਕੋਈ ਕਸਰ ਨਹੀਂ ਛੱਡੀ। ਹੋਲੀ ਖੇਡਦਿਆਂ ਸਿਰ ਵਿੱਚ ਰੰਗ ਪਵਾਉਣਾ, ਤੀਹ ਸਾਧਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਦੇਣੀਆਂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲਿਆਂ ਨਾਲ ਸਾਂਝ ਰੱਖਣੀ, ਅਜਿਹੇ ਕਰਮਾਂ ਨਾਲ ਤੁਸਾਂ ਆਪਣੀਆਂ ਜੜ੍ਹਾਂ ਵਿਚ ਆਪੇ ਹੀ ਤੇਲ ਦੇ ਲਿਆ ਹੈ। ਤੁਸਾਂ ਕਿਹਾ ਸੀ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਇੰਝ ਲਗਦਾ ਏ ਰੱਬ ਨੇ ਨੇੜੇ ਹੋ ਕੇ ਤੁਹਾਡੀ ਸੁਣ ਲਈ ਅਤੇ ਤੁਹਾਡਾ ਹੁਣ ਕੀ ਰਿਹਾ ਹੈ।
ਸਿੱਖੀ ਰਵਾਇਤਾਂ ਨੂੰ ਮਿੱਟੀ ਵਿਚ ਮਿਲਾਉਂਦਿਆਂ ਸ਼ਿਵ ਲਿੰਗ ਤੇ ਦੁੱਧ ਚੜ੍ਹਾਉਣਾ, ਸ਼ਨੀ ਦੇਵਤੇ ਦੀ ਪੂਜਾ ਕਰਨਾ, ਮੱਥੇ ਵਿਚ ਤਿਲਕ ਲਗਾਉਣਾ, ਰਮਾਇਣ ਦੇ ਪਾਠ ਕਟਾਉਣੇ, ਸੰਪਟ ਪਾਠ ਕਰਾਉਣੇ ਅਕਾਲੀ ਦਲ ਬਾਦਲ ਨੇ ਇਸ ਸਾਰੇ ਅਨਮਤੀ ਕਰਮ ਕੀਤੇ। ਸਿੱਖ ਰਹਿਤ ਮਰਿਯਾਦਾ ਨੂੰ ਨਾ ਮੰਨਣ ਵਾਲੇ ਸਾਧਾਂ ਦੀ ਪੁਸ਼ਤ ਪਨਾਹੀ ਕੀਤੀ। ਸਨਾਤਨੀ ਸਾਧਾਂ ਨੂੰ ਖੁਸ਼ ਕਰਨ ਲਈ ਤੁਸਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ। ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਸਿੱਖ ਰਹਿਤ ਮਰਿਯਾਦਾ ਤੋਂ ਸਿਧਾਂਤਕ ਤੌਰ ‘ਤੇ ਬਾਗੀ ਹੋਣ ਨਾਲ ਤੁਹਾਨੂੰ ਸਮੁੱਚੇ ਪੰਥ ਨੇ ਤੁਹਾਡੀ ਔਕਾਤ ਦਰਸਾ ਦਿੱਤੀ ਹੈ। ਵੋਟਾਂ ਲਈ ਪੰਥਕ ਮੁੱਦਿਆਂ ਨੂੰ ਤਿਆਗਿਆ ਪੰਥ ਨੇ ਤੁਹਾਨੂੰ ਤਿਆਗ ਦਿੱਤਾ। ਸਿੱਖ ਵਿਰੋਧੀ ਕਰਮ ਕਰਕੇ ਤੁਸਾਂ ਆਪਣਾ ਬੇੜਾ ਆਪੇ ਡੋਬ ਲਿਆ। ਜ਼ਰਾ ਇਕੱਲੇ ਬੈਠ ਕੇ ਸੋਚਿਓ ਪੰਥ ਨੇ ਤੁਹਾਡੇ ਲਈ ਕੀ ਕੁਝ ਨਹੀਂ ਕੀਤਾ? ਪੰਥ ਰਹੁ ਰੀਤਾਂ ਲਈ ਤੁਸਾਂ ਕੀ ਕੀਤਾ?
ਅਕਾਲੀ ਦਲ ਬਾਦਲ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਭੋਗ ਪਾ ਦਿੱਤਾ ਹੈ। ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੱਖੀ ਸਬੰਧੀ ਕੈਂਪ ਲਗਦੇ ਸਨ, ਤੁਹਾਡੀ ਪੰਜਾਬੀ ਪਾਰਟੀ ਨੇ ਸਿੱਖ ਸੋਚ ਹੀ ਖਤਮ ਕਰ ਦਿੱਤੀ।
ਦੇਸ਼-ਵਿਦੇਸ਼ ਵਿਚ ਵੱਸਦੇ ਪੰਥਕ ਹਲਕਿਆਂ ਵਿਚ ਇਹ ਪ੍ਰਭਾਵ ਚਲਾ ਗਿਆ ਕਿ ਅਜੋਕੀ ਅਕਾਲੀ ਲੀਡਰਸ਼ਿਪ ਸਿੱਖ ਮੁੱਦਿਆਂ ਪ੍ਰਤੀ ਗੰਭੀਰ ਨਹੀਂ ਹੈ। ਅਕਾਲੀ ਦਲ ਬਾਦਲ ਦੀ ਸਭ ਤੋਂ ਵੱਧ ਹਾਸੋਹੀਣੀ ਗੱਲ ਓਦੋਂ ਹੋਈ, ਜਦੋਂ ਮੋਦੀ ਸਰਕਾਰ ਨੇ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨ ਪਾਰਲੀਮੈਂਟ ਵਿਚ ਪੇਸ਼ ਕੀਤੇ ਤਾਂ ਤੁਸੀਂ ਸਿੱਧੇ ਤੌਰ ‘ਤੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ।
ਅਕਾਲੀ ਦਲ ਬਾਦਲ ਦੀਆਂ ਕਮਜ਼ੋਰੀਆਂ ਸਬੰਧੀ ਬਹੁਤ ਕੁਝ ਲਿਖਿਆ ਗਿਆ ਹੈ। ਜੇਕਰ ਅਕਾਲੀ ਦਲ ਦੇ ਕੁਰਬਾਨੀ ਵਾਲੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਅੱਜ ਕਮਜ਼ੋਰ ਅਤੇ ਨਿਰਾਸ਼ਾਜਨਕ ਸਥਿੱਤੀ ਵਿੱਚ ਹੈ, ਏਨਾ ਸ਼ਾਇਦ ਹੀ ਪਹਿਲਾਂ ਕਦੇ ਇਸ ਤਰ੍ਹਾਂ ਦੀ ਹਾਲਤ ਵਿਚ ਰਿਹਾ ਹੋਵੇ। ਔਖੇ ਤੋਂ ਔਖੇ ਸਮੇਂ ਵੀ ਸਿੱਖਾਂ ਦੇ ਵੱਡੇ ਹਲਕਿਆਂ ਵਿਚ ਅਕਾਲੀ ਦਲ ਦਾ ਪ੍ਰਭਾਵ ਬਣਿਆ ਰਿਹਾ ਸੀ। ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਪੰਥਕ ਸਫਾਂ ਤੋਂ ਲੈ ਕੇ ਕਿਰਸਾਨੀ ਹਲਕਿਆਂ ਤਕ ਅਕਾਲੀ ਦਲ ਬਾਦਲ ਪ੍ਰਤੀ ਬੇ-ਪ੍ਰਤੀਤੀ ਪਾਈ ਗਈ ਹੈ। ਮੋਟੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਨੇ ਸਿਆਣੇ ਸੂਝਵਾਨ ਅਕਾਲੀਆਂ ਦੀ ਰਾਏ ਨੂੰ ਨਹੀਂ ਮੰਨਿਆ। ਅਕਾਲੀ ਦਲ ਨੂੰ ਆਪਣੀ ਨਿੱਜੀ ਵਿਰਾਸਤ ਸਮਝ ਲਿਆ ਹੈ। ਜ਼ਰਾ ਕੁ ਦੱਸੋਗੇ ਕਿ ਬੀਬਾ ਹਰਸਿਮਰਤ ਕੌਰ ਜਾਂ ਬਾਕੀ ਤੁਹਾਡੇ ਰਿਸ਼ਤੇਦਾਰਾਂ ਦੀ ਪੰਥ ਜਾਂ ਸੂਬੇ ਪ੍ਰਤੀ ਕੀ ਦੇਣ ਹੈ।
ਅਕਾਲੀ ਦਲ ਬਾਦਲ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੰਥਕ ਸਾਬਤ ਕਰਨਾ ਪਏਗਾ। ਹੱਥਾਂ ਵਿਚ ਬੰਨ੍ਹੀਆਂ ਮੌਲ਼ੀਆਂ ਤੇ ਮੱਥਿਆਂ ਤੇ ਤਿਲਕ ਉਤਾਰਨੇ ਪੈਣਗੇ।
1 ਅਕਾਲੀ ਦਲ ਦੇ ਮੈਂਬਰ ਬਣਾਉਣ ਸਮੇਂ ਪੰਥਕ ਰਵਾਇਤਾਂ ਨੂੰ ਮੁੱਖ ਰੱਖਿਆ ਜਾਏ।
2 ਅਕਾਲੀ ਦਲ ਦੀ ਚੋਣ ਹਰ ਪੰਜ ਸਾਲ ਬਾਅਦ ਹੋਣੀ ਚਾਹੀਦੀ ਹੈ। ਪ੍ਰਧਾਨ ਸਕੱਤਰ ਦੀਆਂ ਦੋ ਦੋ ਸਾਲ ਦੀਆਂ ਕੇਵਲ ਦੋ ਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ।
3 ਅਕਾਲੀ ਦਲ ਦੇ ਮੈਂਬਰਾਂ ਦੇ ਸਿੱਖੀ ਭਾਵਨਾ ਦਿ੍ਰੜ ਕਰਾਉਣ ਲਈ ਗੁਰਮਤਿ ਦੇ ਕੈਂਪ ਲੱਗਣੇ ਚਾਹੀਦੇ ਹਨ।
4 ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ।
5 ਅਕਾਲੀ ਦਲ ਨੂੰ ਪੰਜਾਬ ਦੇ ਮੁੱਖ ਮੁਦਿਆਂ ਲਈ ਸੰਘਰਸ਼ ਕਰਨਾ ਚਾਹੀਦਾ ਹੈ।
6 ਗੁਰਮਤਿ ਦੇ ਵਿਰੋਧੀ ਕਰਮ ਕਰਨ ਵਾਲੇ ਦੀ ਸ਼ਨਾਖ਼ਤ ਹੋਣੀ ਚਾਹੀਦੀ ਹੈ।
7 ਇਹ ਅਹਿਸਾਸ ਕਰੋ ਕਿ ਵੋਟਾਂ ਪੈਣ ਭਾਂਵੇਂ ਨਾ ਪੈਣ ਅਸਾਂ ਡੇਰਿਆਂ ਤੇ ਵੋਟਾਂ ਮੰਗਣ ਨਹੀਂ ਜਾਣਾ।
ਸਾਡੇ ਜੱਥੇਦਾਰ ਦੱਸਣਗੇ ਕਿ ਸਰਦਾਰ ਬਾਦਲ ਨੂੰ ਫਕਰ-ਏ-ਕੌਮ ਅਵਾਰਡ ਕਿਸ ਖੁਸ਼ੀ ਵਿੱਚ ਦਿੱਤਾ ਗਿਆ? ਜੇ ਦਿੱਤਾ ਤਾਂ ਕਿਹੜਾ ਮਾਰਕਾ ਕੌਮ ਲਈ ਮਾਰਿਆ। “ਅੰਨ੍ਹਾ ਵੰਡੇ ਸ਼ੀਰਣੀਆਂ ਮੁੜ ਮੁੜ ਆਪਣਿਆਂ ਨੂੰ”।
ਇਸ ਸਮੇਂ ਅਕਾਲੀ ਦਲ ਬਹੁਤ ਬਿਖਮ ਦੌਰ ਵਿਚਦੀ ਗੁਜ਼ਰ ਰਿਹਾ ਹੈ। ਨਾ ਇਹ ਧਾਰਮਿਕ ਰਹੇ ਹਨ ਤੇ ਨਾ ਰਾਜਨੀਤਿਕ ਰਹੇ ਹਨ। ਗੁਰਮਤਿ ਵਿਰੋਧੀ ਕਰਮ ਕਰਨ ਨਾਲ ਤੇ ਸੂਬੇ ਦੇ ਹਿੱਤ ਵਿਸਾਰਨ ਨਾਲ ਅਰਸ਼ ਤੋਂ ਫਰਸ਼ ‘ਤੇ ਆ ਗਏ ਹਨ।
ਅਕਾਲੀ ਦਲ ਨੂੰ ਰਾਜਸੀ ਸਤਾ ਪ੍ਰਾਪਤ ਹੋਵੇ ਜਾਂ ਨਾ ਹੋਵੇ ਪਰ ਸਿੱਖ ਸਿਧਾਂਤ ਤੇ ਸੂਬੇ ਦੀਆਂ ਮੰਗਾਂ ਵਲੋਂ ਮੂੰਹ ਨਹੀਂ ਮੋੜਨਾ ਚਾਹੀਦਾ।
ਸਮੁੱਚੇ ਤੌਰ ‘ਤੇ ਅਕਾਲੀ ਦਲ ਬਾਦਲ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਆਪਣੇ ਰਾਜ ਵਿਚ ਪੰਥਕ ਮਸਲੇ ਤੇ ਸੂਬੇ ਦੇ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਕੀਤਾ। ਦੂਜਾ ਉਹਨਾਂ ਪੁਲੀਸ ਵਾਲਿਆਂ ਨੂੰ ਗਫੇ ਦਿੰਦੇ ਆਏ ਜਿਨ੍ਹਾਂ ਨੇ ਸਿੱਖ ਨੌਜਵਾਨੀ ਦੇ ਖੂਨ ਨਾਲ ਹੱਥ ਰੰਗੇ ਹੋਏ ਸਨ। ਇਹ ਵੀ ਮੁਆਫੀ ਮੰਗੋ ਕਿ ਕੈਦ ਪੂਰੀ ਕਰਨ ਵਾਲੇ ਸਿੱਖ ਕੈਦੀਆਂ ਦੀ ਰਿਹਾਈ ਅਸਾਂ ਕੋਈ ਵੀ ਉਪਰਾਲਾ ਨਹੀਂ ਕੀਤਾ ਕਿਉਂਕਿ ਆਰ ਐਸ ਐਸ ਦੀਆਂ ਖੁਸ਼ੀਆਂ ਪਰਾਪਤ ਕਰਨੀਆਂ ਸਨ।
1 ਇਹ ਠੀਕ ਹੈ ਕਿ ਅਕਾਲੀਏ ਆਪਣਾ ਸੰਗਤਾਂ ਵਿਚੋਂ ਵਿਸ਼ਵਾਸ ਗਵਾ ਚੁੱਕੇ ਹਨ। ਜੇ ਇਹਨਾਂ ਨੇ ਮੁੜ ਸਿੱਖ ਸਿਆਸਤ ਨੂੰ ਲੀਹ ਤੇ ਲਿਆਉਣਾ ਹੈ ਤਾਂ ਇਮਾਨਦਾਰੀ ਨਾਲ ਸੂਬੇ ਦੇ ਹਿੱਤਾਂ ਦੇ ਮਸਲੇ ਜ਼ੋਰਦਾਰ ਤਰੀਕੇ ਨਾਲ ਉਠਾਉਣ।
2 ਇਮਾਨਦਾਰੀ ਨਾਲ ਜਿਹੜੇ ਬਿਜਲੀ ਸਮਝੌਤੇ ਕੀਤੇ ਹਨ ਉਹਨਾਂ ਦਾ ਸੱਚ ਕਬੂਲ ਕਰੋ।
3 ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਭਾਖੜਾ ਬਿਆਸ ਮੈਨਜਮੈਂਟ ਬੋਰਡ ਦਾ ਹੱਲ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਕਾਣੀ ਵੰਡ, ਬਦਲਵੀਂ ਖੇਤੀ ਲਈ ਕੇਂਦਰ ਸਰਕਾਰ ‘ਤੇ ਪੂਰੀ ਤਾਕਤ ਨਾਲ ਜ਼ੋਰ ਪਉਣ।
4 ਦੂਜੀਆਂ ਪਾਰਟੀਆਂ ਨੂੰ ਭੰਡਣ ਦੀ ਥਾਂ ‘ਤੇ ਪੰਜਾਬ ਤੇ ਪੰਥਕ ਮੁੱਦਿਆਂ ਦੀ ਰਾਜਨੀਤੀ ਕਰੋ।
5 ਰਾਜਨੀਤੀ ਵਿਚ ਵਿਸਵਾਸ਼ ਬਹਾਲ ਕਰਾਉਣ ਲਈ ਨਿੱਜੀ ਗਰਜਾਂ ਦਾ ਤਿਆਗ ਕਰੋ। ਅਕਾਲੀ ਦਲ ਨੂੰ ਪਰਵਾਰਾਂ ਤੋਂ ਮੁਕਤ ਕਰੋ।
ਖਿੜੇ ਮੱਥੇ ਕਹੋ ਕਿ ਖੇਤੀ ਕਾਨੂੰਨਾਂ ਦੀ ਹਮਾਇਤ ਕਰਨੀ ਸਾਡੀ ਵੱਡੀ ਭੁੱਲ ਸੀ।
ਕੀ ਅਕਾਲੀ ਦਲ ਹੁਣ ਅਕਾਲੀਅਤ, ਅਕਾਲੀਵਾਦ ਅਕਾਲੀ ਸ਼ਬਦਾਂ ਦੇ ਅੰਤਰੀਵਤਾ ਨੂੰ ਮਨੋ ਸਮਝਣਗੇ?
ਕੀ ਅਕਾਲੀ ਦਲ ਸਿੱਖ ਅਵਾਮ ਦੀ ਅਵਾਜ਼ ਨੂੰ ਸਮਝੇਗਾ?
ਕੀ ਅਕਾਲੀ ਦਲ ਬਾਦਲ ਤੇ ਬਾਕੀ ਅਕਾਲੀਏ ਮੁੜ ਪੁਰਾਣੇ ਅਕਾਲੀ ਦਲ ਦੀ ਬਹਾਲੀ ਲਈ ਆਪਣੇ ਪ੍ਰਵਾਰਾਂ ਦੀ ਗੁਲਾਮੀ ਤਿਆਣਗੇ?
ਕਾਸ਼ ਕਿ ਸ਼ਰਮਨਾਕ ਹਾਰ ਤੋਂ ਕੁਝ ਸਿੱਖ ਸਕਣ?
ਜਿੱਥੇ ਅਕਾਲੀ ਦਲ ਬਾਦਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਜ਼ਿੰਮੇਵਾਰ ਹੈ ਓੱਥੇ ਬਾਕੀ ਅਕਾਲੀਏ ਵੀ ਆਪਣੀ ਹੋਂਦ ਨੂੰ ਭੁੱਲ ਚੁੱਕੇ ਹਨ। ਪੰਜਾਬ ਦੇ ਸਿਆਸੀ ਅਤੇ ਧਾਰਮਿਕ ਪਿੜ ਵਿਚ ਇਹਨਾਂ ਵਲੋਂ ਵੀ ਕੋਈ ਅਸਰਦਾਰ ਪਹਿਲ ਕਦਮੀ ਨਹੀਂ ਕੀਤੀ ਗਈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਕਾਇਮ ਕਰਨ ਅਤੇ ਸਿੱਖ ਪਿਰਤਾਂ ਵਾਲਾ ਅਕਾਲੀ ਦਲ ਤਿਆਰ ਕਰਨ ਲਈ ਯਤਨਸ਼ੀਨ ਹੋਣ।
ਕਾਸ਼ ਪਿ੍ਰੰਸੀਪਲ ਹਰਭਜਨ ਸਿੰਘ ਚੰਡੀਗੜ੍ਹ ਦੁਆਰਾ ਲਿਖੀਆਂ ਸਤਰਾਂ ਨੂੰ ਅਕਾਲੀਏ ਧਿਆਨ ਵਿਚ ਲਿਆਉਣਗੇ
ਐ ਪੰਥ ਖਾਲਸਾ! ਹੋਸ਼ ਮੇਂ ਆ, ਔਰ ਨਬਜ਼ ਪਹਚਾਨ ਜ਼ਮਾਨੇ ਕੀ,
ਯਾਂ ਹਰ ਕੋਈ ਆਪਨੇ ਦਾਊ ਪੈ ਹੈ, ਸੱਚ ਬਾਤ ਕਹੂੰ ਮਨ ਸਮਝਾਨੇ ਕੀ।
ਅਬ ਜੋਸ਼ਿ ਪੰਥ ਖ਼ਾਮੋਸ਼ ਨਾ ਰਹਿ, ਗੈਰੋਂ ਨੇ ਤੇਰਾ ਘਰ ਲੂਟ ਲੀਆ,
ਇਨ ਲੰਪਟ ਚੋਰ ਲੁਟੇਰੋਂ ਕੋ, ਤੁਝੇ ਗ਼ਰਜ਼ ਹੈ ਸਬਕ ਸਿਖਾਨੇ ਕੀ।
(ਸੁਖ਼ਨਹਾਏ ਦਾਨਸ਼ਮੰਦਾਂ)
ਪਿ੍ਰੰ. ਗੁਰਬਚਨ ਸਿੰਘ ਪੰਨਵਾਂ
99155-29725