ਕੈਨੇਡਾ ਵਿਚ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਪਰ ਅਪਣੇ ਦੇਸ਼ ਵਿਚ ਬੇਕਾਰ ਭਾਸ਼ਾ ਕਿਉਂ?
Published : Sep 28, 2020, 8:33 am IST
Updated : Sep 28, 2020, 8:33 am IST
SHARE ARTICLE
Punjabi Language
Punjabi Language

ਪਿੰਡਾਂ ਵਿਚ ਵੀ ਲੋਕ ਭੇਡ ਚਾਲ ਦਾ ਸ਼ਿਕਾਰ ਹੋ ਕੇ ਵਿਆਹ ਦੇ ਕਾਰਡ ਅਤੇ ਸੋਗ ਦੇ ਕਾਰਡ ਵੀ ਅੰਗਰੇਜ਼ੀ ਵਿਚ ਛਪਵਾਉਣ ਲੱਗੇ ਹਨ।

ਪੰਜਾਬੀ ਦਾ ਪਹਿਲਾ ਵੱਡਾ ਕਵੀ 13ਵੀਂ ਸਦੀ ਵਿਚ ਹੋਇਆ (ਬਾਬਾ ਫ਼ਰੀਦ) ਜਦਕਿ ਅੰਗਰੇਜ਼ੀ ਦਾ ਪਹਿਲਾ ਕਵੀ 14ਵੀਂ ਸਦੀ ਵਿਚ ਪ੍ਰਗਟ ਅੋਇਆ। ਪਰ ਅਫ਼ਸੋਸ ਕਿ ਅੱਜ ਅੰਗਰੇਜ਼ੀ ਦੁਨੀਆਂ ਦੀ ਪਹਿਲੀ ਭਾਸ਼ਾ ਬਣ ਗਈ ਹੈ। ਪਰ ਪੰਜਾਬੀ ਬਾਰੇ ਵਿਸ਼ਵ ਸੰਗਠਨ ਵਲੋਂ ਕਿਹਾ ਗਿਆ ਹੈ ਕਿ ਇਹ ਆਉਣ ਵਾਲੇ 50 ਸਾਲਾਂ ਵਿਚ ਖ਼ਤਮ ਹੋ ਜਾਵੇਗੀ। ਭਾਵੇਂ ਕਿ ਖ਼ਤਮ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਪੰਜਾਬੀ 10 ਕਰੋੜ ਲੋਕਾਂ ਵਲੋਂ ਬੋਲੀ ਜਾ ਰਹੀ ਹੈ ਅਤੇ ਇਹ ਦੁਨੀਆਂ ਦੀਆਂ ਭਾਸ਼ਾਵਾਂ ਵਿਚੋਂ 10ਵੇਂ ਨੰਬਰ ਤੇ ਹੈ। ਪਰ ਪੰਜਾਬੀ ਨੂੰ ਜਿਸ ਤਰ੍ਹਾਂ ਖ਼ਤਮ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ, ਉਹ ਜ਼ਰੂਰ ਚਿੰਤਾ ਵਾਲੀ ਗੱਲ ਹੈ, ਜਿਸ ਤਰ੍ਹਾਂ ਪਿੱਛੇ ਜਹੇ ਗੁਰਦਾਸ ਮਾਨ ਨੇ ਇਹ ਆਖ ਕੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿਤਾ ਕਿ ਜੇਕਰ ਤੁਸੀ ਪੰਜਾਬੀ ਬੋਲਦੇ ਰਹੋਗੇ ਤਾਂ ਤੁਸੀ ਛੱਪੜ ਦੇ ਡੱਡੂ ਹੀ ਬਣੇ ਰਹੋਗੇ, ਜਿਸ ਵਿਅਕਤੀ ਨੇ ਪੰਜਾਬੀ ਦੇ ਗੀਤ ਗਾ ਕੇ ਏਨਾ ਨਾਮ ਕਮਾਇਆ ਤੇ ਕਰੋੜਾਂ ਦੀ ਜਾਇਦਾਦ ਬਣਾਈ ਹੋਵੇ, ਜੇਕਰ ਇਹੋ ਜਹੇ ਬੰਦੇ ਵਲੋਂ ਇਹ ਕਿਹਾ ਜਾਵੇ ਤਾਂ ਇਸ ਤੋਂ ਵੱਧ ਸ਼ਰਮ ਵਾਲੀ ਕਿਹੜੀ ਗੱਲ ਹੋਵੇਗੀ?

Punjabi LanguagePunjabi Language

ਜਦੋਂ ਇਸ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਤਾਂ ਉਸ ਨੇ ਮਾਫ਼ੀ ਤਾਂ ਕੀ ਮੰਗਣੀ ਸੀ ਸਗੋਂ ਉਸ ਨੇ ਪੰਜਾਬੀ ਪ੍ਰੇਮੀਆਂ ਨੂੰ ਗਾਲ੍ਹਾਂ ਵੀ ਕਢੀਆਂ। ਅੱਜ ਤਕ ਉਸ ਨੇ ਅਪਣੀ ਗ਼ਲਤੀ ਦੀ ਮਾਫ਼ੀ ਨਹੀਂ ਮੰਗੀ। ਇਥੇ ਹੀ ਬਸ ਨਹੀਂ ਤਿੰਨ ਸਾਲ ਪਹਿਲਾਂ ਜਦੋਂ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦੇ ਗਵਰਨਰ ਵਲੋਂ ਅੰਗਰੇਜ਼ੀ ਵਿਚ ਭਾਸ਼ਣ ਦਿਤਾ ਤਾਂ ਬੈਂਸ ਭਰਾਵਾਂ ਨੇ ਉਸ ਦਾ ਵਿਰੋਧ ਕੀਤਾ ਤੇ ਵਿਧਾਨ ਸਭਾ ਵਿਚੋਂ ਬਾਹਰ ਆ ਗਏ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀ ਜੋ ਮਰਜ਼ੀ ਬੋਲੀਏ ਇਹ ਕੌਣ ਹੁੰਦੇ ਹਨ ਸਾਡਾ ਵਿਰੋਧ ਕਰਨ ਵਾਲੇ? ਇਥੇ ਹੀ ਬਸ ਨਹੀਂ ਉਨ੍ਹਾਂ ਦੀ ਖਿੱਲੀ ਵੀ ਉਡਾਈ ਗਈ। ਜਦੋਂ ਸਰਕਾਰ ਵਿਚ ਸ਼ਾਮਲ ਲੋਕ ਹੀ ਪੰਜਾਬੀ ਭਾਸ਼ਾ ਦਾ ਵਿਰੋਧ ਕਰਦੇ ਹਨ ਫਿਰ ਪੰਜਾਬੀ ਕਿਥੋਂ ਵਧੇ ਫੁੱਲੇਗੀ? ਇਹ ਤਾਂ ਭਲਾ ਹੋਵੇ ਸ. ਲਛਮਣ ਸਿੰਘ ਗਿੱਲ ਦਾ ਜਿਹੜਾ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾ ਗਿਆ ਨਹੀਂ ਤਾਂ ਅੱਜ ਤਕ ਪੰਜਾਬੀ ਨੇ ਸਰਕਾਰੀ ਭਾਸ਼ਾ ਨਹੀਂ ਸੀ ਬਣਨਾ।

Punjabi LanguagePunjabi Language

ਮੈਨੂੰ ਸ. ਮਨੋਹਰ ਸਿੰਘ ਗਿੱਲ ਨੇ ਦਸਿਆ ਕਿ ਸ. ਲਛਮਣ ਸਿੰਘ ਗਿੱਲ ਸਿਰਫ਼ ਇਕ ਲਾਈਨ ਦਾ ਮਤਾ ਲੈ ਕੇ ਅਸੈਂਬਲੀ ਵਿਚ ਆਏ ਅਤੇ ਉਨ੍ਹਾਂ ਨੇ ਪਾਸ ਕਰਵਾਇਆ। ਪਰ ਅੱਜ ਹਾਲ ਇਹ ਹੈ ਕਿ 2008 ਵਿਚ ਅਕਾਲੀ ਸਰਕਾਰ ਵਲੋਂ ਇਕ ਬਿਲ ਪਾਸ ਕੀਤਾ ਗਿਆ ਕਿ ਸਰਕਾਰੀ ਕੰਮ ਸਾਰਾ ਪੰਜਾਬੀ ਵਿਚ ਕੀਤਾ ਜਾਵੇ ਪਰ ਅੱਜ ਤਕ ਉਹ ਕਾਨੂੰਨ ਲਾਗੂ ਨਹੀਂ ਹੋ ਸਕਿਆ। ਕੁੱਝ ਚਿਰ ਪਹਿਲਾਂ ਪੰਜਾਬ ਦੇ ਸਿਖਿਆ ਮੰਤਰੀ ਵਲੋਂ ਇਹ ਕਿਹਾ ਗਿਆ ਕਿ ਅਸੀ ਛੇਤੀ ਇਹ ਬਿਲ ਲਿਆ ਰਹੇ ਹਾਂ ਕਿ ਪੰਜਾਬ ਵਿਚ ਸਾਰੀਆਂ ਦੁਕਾਨਾਂ, ਗਲੀਆਂ, ਸੜਕਾਂ ਤੇ ਸਰਕਾਰੀ ਦਫ਼ਤਰਾਂ ਦੇ ਨਾਮ ਪੰਜਾਬੀ ਵਿਚ ਲਿਖੇ ਜਾਣਗੇ। ਪਰ ਅੱਜ ਤਕ ਉਹ ਬਿਲ ਨਹੀਂ ਆਇਆ। ਅਸਲ ਵਿਚ ਪੰਜਾਬ ਵਿਚ ਦੋਵੇਂ ਪਾਰਟੀਆਂ ਹਿੰਦੂਆਂ ਨੂੰ ਖ਼ੁਸ਼ ਕਰਨ ਵਿਚ ਲਗੀਆਂ ਰਹਿੰਦੀਆਂ ਹਨ। ਉਹ ਸਮਝਦੀਆਂ ਹਨ ਕਿ ਜੇਕਰ ਅਸੀ ਪੰਜਾਬੀ ਬਾਰੇ ਕੋਈ ਗੱਲ ਕੀਤੀ ਤਾਂ ਸਾਡੀਆਂ ਹਿੰਦੂ ਵੋਟਾਂ ਖ਼ਰਾਬ ਹੋ ਜਾਣਗੀਆਂ। ਹੁਣ ਤਾਂ ਹਾਲ ਇਹ ਹੈ ਕਿ ਸਾਰੇ ਵੱਡੇ ਅਹੁਦਿਆਂ ਤੇ ਹਿੰਦੂ ਅਫ਼ਸਰ ਹੀ ਲਗਾ ਦਿਤੇ ਗਏ ਹਨ।

Punjabi Language Punjabi Language

ਪਿਛਲੇ ਸਾਲ 5 ਅਗੱਸਤ 2019 ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਕੇ ਉਥੇ ਦੋ  ਕੇਂਦਰੀ ਸ਼ਾਸਤ ਰਾਜ ਬਣਾ ਦਿਤੇ ਗਏ ਹਨ। ਜੰਮੂ ਕਸ਼ਮੀਰ ਵਿਚ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਅਤੇ ਉਥੇ ਵੱਡੀ ਗਿਣਤੀ ਵਿਚ ਸਿੱਖ ਵਸਦੇ ਹਨ। ਉਥੇ ਬਹੁਤ ਸਾਰੀ ਵਸੋਂ ਪਿਛਲੇ ਸੈਂਕੜੇ ਸਾਲਾਂ ਤੋਂ ਪੰਜਾਬੀ ਬੋਲ ਰਹੀ ਹੈ। ਅੱਜ ਵੀ ਜੰਮੂ ਕਸ਼ਮੀਰ ਨੂੰ ਖ਼ਾਲਸਾ ਸਰਕਾਰ ਦਾ ਇਲਾਕਾ ਕਿਹਾ ਜਾਂਦਾ ਹੈ। ਹੁਣ ਤਕ ਉਥੇ ਤਿੰਨ ਭਾਸ਼ਾਵਾਂ ਜਿਨ੍ਹਾਂ ਵਿਚ ਪੰਜਾਬੀ, ਡੋਗਰੀ ਤੇ ਉਰਦੂ ਸਰਕਾਰੀ ਭਾਸ਼ਾ ਵਜੋਂ ਪ੍ਰਵਾਨ ਸਨ। ਪਰ ਹੁਣ ਜਿਹੜਾ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ, ਉਸ ਵਿਚ ਅੰਗਰੇਜ਼ੀ, ਉਰਦੂ, ਡੋਗਰੀ ਤੇ ਹਿੰਦੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਤਾ ਗਿਆ ਹੈ ਤੇ ਪੰਜਾਬੀ ਨੂੰ ਬਾਹਰ ਕਰ ਦਿਤਾ ਗਿਆ ਹੈ ਜਿਸ ਤੋਂ ਭਾਜਪਾ ਸਰਕਾਰ ਦੀ ਫ਼ਿਰਕਾਪ੍ਰਸਤੀ ਸਪੱਸ਼ਟ ਝਲਕ ਰਹੀ ਹੈ। ਹੱਦ ਹੀ ਹੋ ਗਈ ਜਿਹੜੀ ਭਾਸ਼ਾ ਸੈਂਕੜੇ ਸਾਲਾਂ ਤੋਂ ਬੋਲੀ ਜਾ ਰਹੀ ਹੈ, ਉਸ ਨੂੰ ਤੁਸੀ ਕਿਵੇਂ ਬਾਹਰ ਕਰ ਦਿਤਾ ਹੈ? ਕੀ ਉਥੋਂ ਪੰਜਾਬੀ ਬੋਲਣ ਵਾਲੇ ਖ਼ਤਮ ਹੋ ਗਏ ਹਨ ਜਿਸ ਕਰ ਕੇ ਤੁਸੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਵਿਚੋਂ ਬਾਹਰ ਕੱਢ ਦਿਤਾ ਹੈ।

Punjabi Language Punjabi Language

ਦੂਜੇ ਪਾਸੇ ਸਿੱਖ ਅੱਜ ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਜਾ ਵਸੇ ਹਨ ਜਿਸ ਕਾਰਨ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਵੰਡੀਆਂ ਸਹੂਲਤਾਂ ਦੇ ਰਹੀਆਂ ਹਨ। ਜੇਕਰ ਅਸੀ ਕੈਨੇਡਾ ਦੀ ਗੱਲ ਕਰੀਏ ਤਾਂ ਉਥੇ ਕਈ ਸੂਬਿਆਂ ਵਿਚ ਪੰਜਾਬੀ ਨੂੰ ਤੀਜੀ ਭਾਸ਼ਾ ਦੇ ਤੌਰ ਤੇ ਮਾਨਤਾ ਦੇ ਦਿਤੀ ਗਈ ਹੈ। ਅੱਜ ਤੁਹਾਨੂੰ ਕੈਨੇਡਾ ਦੀਆਂ ਗਲੀਆਂ ਦੇ ਨਾਮ ਵੀ ਪੰਜਾਬੀ ਵਿਚ ਲਿਖੇ ਮਿਲ ਜਾਣਗੇ। ਦੁਕਾਨਾਂ ਤੇ ਪੰਜਾਬੀ ਵਿਚ ਨਾਮ ਲਿਖੇ ਹੋਏ ਹਨ। ਉਨ੍ਹਾਂ ਦੇ ਹਵਾਈ ਅੱਡਿਆਂ ਤੇ ਪੰਜਾਬੀ ਬੋਰਡ ਲੱਗੇ ਹੋਏ ਹਨ। ਮੈਨੂੰ ਮੇਰੇ ਇਕ ਰਿਸ਼ਤੇਦਾਰ ਨੇ ਦਸਿਆ ਕਿ ਮੈਨੂੰ ਉਥੇ ਨੌਕਰੀ ਇਸ ਕਰ ਕੇ ਮਿਲੀ ਹੈ ਕਿ ਮੈਂ ਬੋਲ ਅਤੇ ਲਿਖ ਸਕਦਾ ਹਾਂ। ਉਥੇ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਪੰਜਾਬੀ ਵਿਚ ਲੀਡਰ ਭਾਸ਼ਣ ਦਿੰਦੇ ਹਨ। ਕੈਨੇਡਾ, ਇੰਗਲੈਂਡ, ਅਮਰੀਕਾ, ਜਰਮਨ, ਸਿੰਘਾਪੁਰ, ਮਲੇਸ਼ੀਆ ਵਿਚ ਪਜਾਬੀ ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ। ਬਹੁਤ ਸਾਰੇ ਪੰਜਾਬੀ ਨੌਜੁਆਨ ਬਾਹਰਲੇ ਦੇਸ਼ਾਂ ਦੀ ਪੁਲਿਸ ਅਤੇ ਹੋਰ ਸਰਕਾਰੀ ਸੇਵਾਵਾਂ ਵਿਚ ਭਰਤੀ ਹੋ ਰਹੇ ਹਨ ਤਾਕਿ ਉਥੇ ਰਹਿੰਦੇ ਪੰਜਾਬੀਆਂ ਨੂੰ ਮੁਸ਼ਕਲ ਪੇਸ਼ ਨਾ ਆਵੇ।

Punjabi Language Punjabi Language

ਇਹੋ ਕਾਰਨ ਹੈ ਕਿ ਉਥੇ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ ਪਰ ਜਿਸ ਦੇਸ਼ ਲਈ ਸਿੱਖਾਂ ਨੇ 80 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਦਿਤੀਆਂ, ਉਥੇ ਪੰਜਾਬੀ ਭਾਸ਼ਾ ਨੂੰ ਬੇਕਾਰ ਭਾਸ਼ਾ ਸਮਝਿਆ ਜਾਂਦਾ ਹੈ। ਅਸਲ ਵਿਚ ਸਾਡੇ ਦੇਸ਼ ਵਿਚ ਅਸੀ ਭਾਸ਼ਾ ਨੂੰ ਧਰਮ ਨਾਲ ਜੋੜ ਦਿਤਾ ਹੈ ਉਰਦੂ ਮੁਸਲਮਾਨ ਦੀ, ਹਿੰਦੀ ਹਿੰਦੂਆਂ ਦੀ ਅਤੇ ਪੰਜਾਬੀ ਸਿੱਖਾਂ ਦੀ ਭਾਸ਼ਾ ਵਜੋਂ ਜਾਣੀ ਜਾਂਦੀ ਹੈ ਜਦੋਂਕਿ ਹਰ ਭਾਸ਼ਾ ਉਸ ਖਿੱਤੇ ਵਿਚ ਵਸਦੇ ਸਾਰੇ ਲੋਕਾਂ ਦੀ ਹੁੰਦੀ ਹੈ। ਜਦੋਂ 1961 ਦੀ ਆਬਾਦੀ ਵੇਲੇ ਹਿੰਦੂਆਂ ਨੂੰ ਕਿਹਾ ਗਿਆ ਕਿ ਉਹ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਤਾਂ ਇਕਦੰਮ ਹਿੰਦੀ ਭਾਸ਼ੀਆਂ ਦੀ ਗਿਣਤੀ ਵਿਚ ਵਾਧਾ ਹੋ ਗਿਆ। ਅੱਜ ਵੀ ਪੰਜਾਬ ਵਿਚ ਵੱਡੀ ਗਿਣਤੀ ਹਿੰਦੂ ਅਪਣਾ ਮਾਤ ਭਾਸ਼ਾ ਹਿੰਦੀ ਲਿਖਵਾਉਂਦੇ ਹਨ। ਇਕ ਵਾਰ ਮੈਨੂੰ ਦੱਖਣੀ ਭਾਰਤ ਵਿਚ ਜਾਣ ਦਾ ਮੌਕਾ ਮਿਲਿਆ। ਦੱਖਣੀ ਭਾਰਤ ਭਾਵੇਂ ਕੇਰਲਾ ਹੋਵੇ ਜਾਂ ਤਾਮਿਲਨਾਡੂ, ਉਥੇ ਸੱਭ ਤੋਂ ਉਪਰ ਉਨ੍ਹਾਂ ਦੀ ਅਪਣੀ ਮਾਤ ਭਾਸ਼ਾ ਲਿਖੀ ਹੁੰਦੀ ਹੈ ਅਤੇ ਉਸ ਤੋਂ ਹੇਠ ਅੰਗਰੇਜ਼ੀ ਲਿਖੀ ਹੁੰਦੀ ਹੈ

Punjabi languagePunjabi language

ਹਿੰਦੀ ਦਾ ਤਾਂ ਉਥੇ ਨਾਮੋ ਨਿਸ਼ਾਨ ਵੀ ਨਹੀਂ ਮਿਲਦਾ। ਮਹੀਨੇ ਕੁ ਪਹਿਲਾਂ ਦੀ ਗੱਲ ਹੈ ਕਿ ਤਾਮਿਲਨਾਡੂ ਦੇ ਮਰਹੂਮ ਮੁੱਖ ਮੰਤਰੀ ਦੀ ਧੀ ਜਿਹੜੀ ਉਥੇ ਐਮ.ਪੀ. ਹੈ, ਉਹ ਚੇਨਈ ਹਵਾਈ ਅੱਡੇ ਤੇ ਆਈ ਤਾਂ ਉਸ ਨੂੰ ਸੁਰੱਖਿਆ ਗਾਰਡ ਵਾਲਿਆਂ ਨੇ ਰੋਕਿਆ ਤੇ ਉਨ੍ਹਾਂ ਨੂੰ ਹਿੰਦੀ ਵਿਚ ਕਿਹਾ ਕਿ ਅਪਣੀ ਤਲਾਸ਼ੀ ਕਰਵਾਉ। ਅੱਗੋਂ ਐਮ.ਪੀ. ਕਹਿਣ ਲੱਗੀ ਕਿ ਮੈਨੂੰ ਹਿੰਦੀ ਨਹੀਂ ਆਉਂਦੀ। ਉਸ ਸੁਰੱਖਿਆ ਗਾਰਡ ਨੇ ਕਿਹਾ ਕਿ 'ਤੂੰ ਕਾਹਦੀ ਭਾਰਤੀ ਹੈ ਤੈਨੂੰ ਹਿੰਦੀ ਨਹੀਂ ਆਉਂਦੀ।' ਉਸ ਐਮ.ਪੀ. ਨੇ ਤੁਰਤ ਉਸ ਦੀ ਸ਼ਿਕਾਇਤ ਕਰ ਦਿਤੀ ਤੇ ਕੇਂਦਰ ਨੂੰ ਲਿਖ ਦਿਤਾ ਕਿ ਅੱਗੇ ਤੋਂ ਤਾਮਿਲਨਾਡੂ ਵਿਚ ਉਹੀ ਸੁਰੱਖਿਆ ਗਾਰਡ ਲਗਾਏ ਜਾਣ ਜਿਸ ਨੂੰ ਤਾਮਿਲ ਆਉਂਦੀ ਹੋਵੇ ਤੇ ਨਾਲ ਹੀ ਉਸ ਦੀ ਪੜਤਾਲ ਸ਼ੁਰੂ ਕਰਵਾ ਦਿਤੀ। ਕੀ ਕੋਈ ਪੰਜਾਬੀ ਐਮ.ਪੀ. ਇਹ ਕਰ ਸਕਦਾ ਹੈ?

ਸਾਡੇ ਤਾਂ ਇਹ ਗੱਲ ਹੈ ਕਿ ਜਦੋਂ ਕੋਈ ਟੀ.ਵੀ. ਐਂਕਰ ਸਾਡੇ ਆਗੂਆਂ ਅੱਗੇ ਮਾਈਕ ਕਰਦਾ ਹੈ ਤਾਂ ਸਾਡੇ ਨੇਤਾ ਤੁਰਤ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਹਨ। ਦੱਖਣ ਭਾਰਤ ਵਿਚ ਤੁਹਾਨੂੰ ਕਿਤੇ ਕਿਸੇ ਦਫ਼ਤਰੀ ਭਾਵੇਂ ਉਹ ਰਾਜ ਸਰਕਾਰ ਦੇ ਹਨ ਜਾਂ ਕੇਂਦਰ ਸਰਕਾਰ ਦੇ, ਕਿਤੇ ਉਨ੍ਹਾਂ ਦਾ ਨਾਮ ਹਿੰਦੀ ਵਿਚ ਲਿਖਿਆ ਨਹੀਂ ਮਿਲੇਗਾ ਪਰ ਸਾਡੇ ਪੰਜਾਬ ਵਿਚ ਕਿਸੇ ਕੇਂਦਰੀ ਦਫ਼ਤਰ ਵਿਚ ਚਲੇ ਜਾਉ ਤੁਹਾਨੂੰ ਉਥੇ ਪੰਜਾਬੀ ਲਭਿਆਂ ਵੀ ਨਹੀਂ ਲਭਦੀ। ਉਨ੍ਹਾਂ ਰਾਜਾਂ ਵਿਚ ਭਾਵੇਂ ਉਹ ਡੀ.ਏ.ਵੀ ਸੰਸਥਾਵਾਂ ਹਨ ਕਿਸੇ ਸੰਸਥਾ ਵਿਚ ਹਿੰਦੀ ਨਹੀਂ ਲਭਦੀ। ਪਰ ਸਾਡੇ ਪੰਜਾਬ ਵਿਚ ਜਿੰਨੀਆਂ ਵੀ ਡੀ.ਏ.ਵੀ ਜਾਂ ਹਿੰਦੂ ਸੰਸਥਾਵਾਂ ਹਨ, ਉਥੇ ਹਿੰਦੀ ਦਾ ਬੋਲਬਾਲਾ ਹੈ। ਪਿੱਛੇ ਜਹੇ ਮੋਹਾਲੀ ਵਿਚ ਮਾਪਿਆਂ ਵਲੋਂ ਨਿਜੀ ਸਕੂਲ ਵਿਰੁਧ ਮੁਜ਼ਾਹਰਾ ਕੀਤਾ ਗਿਆ, ਉਸ ਵਿਚ ਸ਼ਾਮਲ ਲੋਕਾਂ ਕੋਲ ਮੌਜੂਦ ਸਾਰੇ ਪੋਸਟਰ ਤੇ ਤਖ਼ਤੀਆਂ ਹਿੰਦੀ ਜਾਂ ਅੰਗਰੇਜ਼ੀ ਵਿਚ ਸਨ, ਇਨ੍ਹਾਂ ਵਿਚੋਂ ਇਕ ਵੀ ਤਖ਼ਤੀ ਪੰਜਾਬੀ ਵਿਚ ਨਹੀਂ ਸੀ। ਇਹ ਹਾਲ ਹੈ ਸਾਡੇ ਇਥੇ ਮੁਜ਼ਾਹਰਿਆਂ ਦਾ। ਜਦੋਂ ਕਿਤੇ ਭਾਜਪਾ ਦੀ ਪੰਜਾਬ ਵਿਚ ਕੋਈ ਕਾਨਫ਼ਰੰਸ ਹੁੰਦੀ ਹੈ ਤਾਂ ਉਥੇ ਲੱਗੇ ਵੱਡੇ-ਵੱਡੇ ਨਾਹਰੇ ਬੋਰਡ ਹਿੰਦੀ ਵਿਚ ਹੁੰਦੇ ਸਨ ਜਿਸ ਨੂੰ ਵੇਖ ਕੇ ਇੰਜ ਲਗਦਾ ਹੈ ਜਿਵੇਂ ਇਹ ਕਾਨਫ਼ਰੰਸ ਜਾਂ ਰੈਲੀ ਪੰਜਾਬ ਵਿਚ ਨਹੀਂ ਯੂ.ਪੀ. ਵਿਚ ਹੋ ਰਹੀ ਹੋਵੇ।

ਪੰਜਾਬ ਦੀ ਅਫ਼ਸਰਸ਼ਾਹੀ ਹੀ ਪੰਜਾਬੀ ਦੇ ਵਿਕਾਸ ਵਿਚ ਸੱਭ ਤੋਂ ਵੱਡਾ ਅੜਿੱਕਾ ਹੈ। ਜਿੰਨਾ ਚਿਰ ਪੰਜਾਬੀ ਨੂੰ ਲਾਗੂ ਕਰਨ ਵਾਲਿਆਂ ਨੂੰ ਸਜ਼ਾ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਨਾ ਚਿਰ ਪੰਜਾਬੀ ਲਾਗੂ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਪੰਜਾਬ ਦੇ ਨਿਜੀ ਸਕੂਲਾਂ ਵਲੋਂ ਤਾਂ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾ ਤਕ ਦਿਤੀ ਜਾਂਦੀ ਹੈ। ਇਸ ਤੋਂ ਵੱਧ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਹਰਿਆਣਾ ਵਲੋਂ ਅਦਾਲਤ ਵਿਚ ਹਿੰਦੀ ਲਾਗੂ ਕਰਨ ਦਾ ਮਤਾ ਪਾਸ ਕਰ ਦਿਤਾ ਗਿਆ ਹੈ। ਪਰ ਪੰਜਾਬ ਵਲੋਂ ਅਜੇ ਤਕ ਕੋਈ ਮਤਾ ਪਾਸ ਨਹੀਂ ਕੀਤਾ ਗਿਆ। ਪੰਜਾਬ ਵਿਚ ਜਿੰਨੇ ਨਿਜੀ ਅਦਾਰੇ ਹਨ, ਭਾਵੇਂ ਉਹ ਹਸਪਤਾਲ ਹਨ, ਵੱਡੇ ਕਾਰੋਬਾਰੀ ਅਦਾਰੇ ਹਨ, ਦੁਕਾਨਾਂ ਹਨ, ਸੱਭ ਦਾ ਕੰਮ ਅੰਗਰੇਜ਼ੀ ਵਿਚ ਹੋ ਰਿਹਾ ਹੈ, ਇਥੋਂ ਤਕ ਕਿ ਇਨ੍ਹਾਂ ਅਦਾਰਿਆਂ ਦੀਆਂ ਬਿਲ ਬੁੱਕਾਂ ਵੀ ਅੰਗਰੇਜ਼ੀ ਜਾਂ ਹਿੰਦੀ ਵਿਚ ਹਨ। ਸ਼ਹਿਰਾਂ ਵਿਚ ਤਾਂ ਪੰਜਾਬੀ ਦਾ ਹਾਲ ਮਾੜਾ ਹੈ ਹੀ ਪਿੰਡਾਂ ਵਿਚ ਵੀ ਲੋਕ ਭੇਡ ਚਾਲ ਦਾ ਸ਼ਿਕਾਰ ਹੋ ਕੇ ਵਿਆਹ ਦੇ ਕਾਰਡ ਅਤੇ ਸੋਗ ਦੇ ਕਾਰਡ ਵੀ ਅੰਗਰੇਜ਼ੀ ਵਿਚ ਛਪਵਾਉਣ ਲੱਗੇ ਹਨ।

ਪਹਿਲਾਂ ਬਿਜਲੀ ਬੋਰਡ ਦੇ ਬਿਲ ਜਿਹੜੇ ਪੰਜਾਬੀ ਵਿਚ ਆਉਂਦੇ ਸਨ, ਉਹ ਵੀ ਹੁਣ ਅੰਗਰੇਜ਼ੀ ਵਿਚ ਆਉਣ ਲੱਗ ਪਏ ਹਨ। ਗੱਲ ਕਾਹਦੀ ਕਿ ਅੱਜ ਪੰਜਾਬੀ ਨੂੰ ਬੇਕਾਰ ਭਾਸ਼ਾ ਸਮਝਿਆ ਜਾਂਦਾ ਹੈ ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ ਬਾਣੀ ਗੁਰਮੁਖੀ ਵਿਚ ਲਿਖ ਕੇ ਪੰਜਾਬੀ ਨੂੰ ਵੱਡਾ ਮਾਣ ਬਖ਼ਸ਼ਿਆ ਸੀ। ਚੰਡੀਗੜ੍ਹ ਵਿਚ ਪੰਜਾਬੀ ਨੂੰ ਲਾਗੂ ਕਰਨ ਲਈ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ ਪਰ ਕਿਸੇ ਦੇ ਕੰਨ ਦੇ ਜੂੰ ਤਕ ਨਾ ਸਰਕੀ। ਪਰ ਪਿੱਛੇ ਜਹੇ ਜਦੋਂ ਅਮਿੱਤ ਸ਼ਾਹ ਗ੍ਰਹਿ ਮੰਤਰੀ ਨੇ 'ਇਕ ਰਾਸ਼ਟਰ ਇਕ ਭਾਸ਼ਾ' ਦਾ ਐਲਾਨ ਕੀਤਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਤੁਰਤ ਚੁਕੰਨਾ ਹੋ ਗਿਆ ਅਤੇ ਜਦੋਂ ਗ੍ਰਹਿ ਮੰਤਰੀ ਚੰਡੀਗੜ੍ਹ ਆਇਆ ਤਾਂ ਉਸ ਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਸ਼ਾਹੀ ਅਧਿਕਾਰੀਆਂ ਤੇ ਆਗੂਆਂ ਦੀਆਂ ਨਾਮ ਵਾਲੀਆਂ ਤਖ਼ਤੀਆਂ ਤਿਆਰ ਕੀਤੀਆਂ ਗਈਆਂ। ਜਦੋਂ ਗ੍ਰਹਿ ਮੰਤਰੀ ਨੇ ਮੀਟਿੰਗ ਕੀਤੀ ਤਾਂ ਸਾਰੇ ਅਧਿਕਾਰੀ ਅਤੇ ਆਗੂ ਹਿੰਦੀ ਵਿਚ ਗੱਲ ਕਰ ਰਹੇ ਸਨ ਜਿਸ ਤੋਂ ਸਪੱਸ਼ਟ ਸੀ ਕਿ ਬਿਨਾਂ ਸਰਕਾਰੀ ਡੰਡੇ ਤੋਂ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋ ਸਕਦਾ।
                                                                                          ਬਖ਼ਸ਼ੀਸ਼ ਸਿੰਘ ਸਭਰਾ,ਸੰਪਰਕ : 94646-96083

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement