
ਬੀ.ਬੀ.ਸੀ. ਨੇ ਇਹ ਸਾਰਾ ਕੁੱਝ ਵਿਖਾ ਕੇ ਸਾਰੀ ਸੱਚਾਈ ਦੁਨੀਆਂ ਸਾਹਮਣੇ ਰੱਖ ਦਿਤੀ।
ਨਵੀਂ ਦਿੱਲੀ: ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਦਾ ਕੰਮ ਸੀ ਕਿ ਉਹ ਸਰਕਾਰਾਂ ਦੇ ਕੀਤੇ ਜਾ ਰਹੇ ਕੰਮਾਂ ਤੇ ਨਜ਼ਰ ਰੱਖਣ। ਜੇਕਰ ਸਰਕਾਰ ਗ਼ਲਤ ਕੰਮ ਕਰ ਰਹੀ ਹੈ ਤਾਂ ਉਸ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਤਾਕਿ ਲੋਕਾਂ ਨੂੰ ਪਤਾ ਲੱਗ ਸਕੇ। ਇਸੇ ਤਰ੍ਹਾਂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਸਾਹਮਣੇ ਰੱਖੇ ਤਾਕਿ ਸਰਕਾਰ ਉਨ੍ਹਾਂ ਦਾ ਹੱਲ ਕਰ ਸਕੇ। ਅਜਿਹੇ ਸਮੇਂ ਵਿਚ ਇਸ ਤੋਂ ਬਿਲਕੁਲ ਉਲਟ ਹੋ ਰਿਹਾ ਹੈ। ਅੱਜ ਲੋਕ ਜਦੋਂ ਅਪਣੇ ਹੱਕ ਲੈਣ ਲਈ ਕੋਈ ਮੁਜ਼ਾਹਰਾ ਜਾਂ ਧਰਨੇ ਲਗਾਉਂਦੇ ਹਨ ਤਾਂ ਇਹ ਗੋਦੀ ਮੀਡੀਆ ਇਨ੍ਹਾਂ ਲੋਕਾਂ ਨੂੰ ਦੇਸ਼ ਧ੍ਰੋਹੀ ਤੇ ਵੱਖਵਾਦੀ ਦੇ ਤੌਰ ਤੇ ਪੇਸ਼ ਕਰਨ ਲੱਗ ਪੈਂਦਾ ਹੈ। ਇਥੋਂ ਤਕ ਕਿ ਸਰਕਾਰ ਵਲੋਂ ਗ਼ਲਤ ਫ਼ੈਸਲਿਆਂ ਨੂੰ ਵੀ ਸਹੀ ਦੱਸ ਕੇ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ਵਿਚ ਪੇਸ਼ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕ ਹੁਣ ਇਨ੍ਹਾਂ ਨੂੰ ਵਿਕਾਊ ਮੀਡੀਆ ਤੇ ਗੋਦੀ ਮੀਡੀਆ ਵੀ ਕਹਿਣ ਲੱਗ ਪਏ ਹਨ। ਹਾਲਤ ਇਹ ਹੋ ਗਈ ਹੈ ਕਿ ਇਨ੍ਹਾਂ ਪੱਤਰਕਾਰਾਂ ਨੂੰ ਘੱਟ ਗਿਣਤੀਆਂ ਦੁਆਰਾ ਕੀਤੀ ਗਈ ਹਰ ਮੰਗ ਦੇਸ਼ ਵਿਰੋਧੀ ਜਾਪਦੀ ਹੈ ਅਤੇ ਬਹੁ-ਗਿਣਤੀ ਦਾ ਹਰ ਫ਼ੈਸਲਾ ਦੇਸ਼ ਭਗਤੀ ਲੱਗਣ ਲੱਗ ਪਿਆ ਹੈ।
Media
ਪੰਜਾਬ ਦੀ ਮਹਾਨ ਪ੍ਰੈੱਸ ਨੇ ਇਹ ਕੰਮ 1947 ਤੋਂ ਸ਼ੁਰੂ ਕੀਤਾ ਹੋਇਆ ਹੈ। ਹਿੰਦੂ ਪ੍ਰੈੱਸ ਵਲੋਂ ਸਿੱਖਾਂ ਦੀ ਹਰ ਮੰਗ ਹੀ ਦੇਸ਼ ਵਿਰੋਧੀ ਲਗਦੀ ਹੈ ਭਾਵੇਂ ਉਹ ਪੰਜਾਬੀ ਸੂਬਾ, ਪਾਣੀਆਂ, ਚੰਡੀਗੜ੍ਹ ਪੰਜਾਬੀ ਭਾਸ਼ਾ ਤੇ ਹੋਰ ਕੋਈ ਵੀ ਮੰਗ ਹੋਵੇੇ। ਜਦੋਂ 1961 ਵਿਚ ਮਰਦਮ ਸ਼ੁਮਾਰੀ ਹੋ ਰਹੀ ਸੀ ਤਾਂ ਹਿੰਦੂ ਪ੍ਰੈੱਸ ਵਾਲਿਆਂ ਨੇ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਕਿ ਸਾਰੇ ਹਿੰਦੂ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਜਿਸ ਦਾ ਸੰਤਾਪ ਅੱਜ ਵੀ ਪੰਜਾਬ ਭੋਗ ਰਿਹਾ ਹੈ ਤੇ ਭੋਗਦਾ ਰਹੇਗਾ। ਬਹੁਤ ਘੱਟ ਪੱਤਰਕਾਰ ਹਨ ਜਿਹੜੇ ਰਵੀਸ਼ ਕੁਮਾਰ ਵਾਂਗ ਨਿਰਪੱਖ ਪੱਤਰਕਾਰੀ ਕਰ ਰਹੇ ਹਨ। ਜੂਨ 2020 ਨੂੰ ਜਦੋਂ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਤਿੰਨ ਕਾਨੂੰਨ ਪੇਸ਼ ਕੀਤੇ ਸਨ, ਉਦੋਂ ਤੋਂ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਪਰ ਇਸ ਗੋਦੀ ਮੀਡੀਏ ਨੇ ਕਦੇ ਕਿਸਾਨ ਦੀ ਗੱਲ ਨਹੀਂ ਰੱਖੀ।
Ravish Kumar
ਜਦੋਂ ਕਿਸਾਨਾਂ ਨੇ ਖੇਤਾਂ ਵਿਚ ਪਰਾਲੀ ਸਾੜਨੀ ਸ਼ੁਰੂ ਕੀਤੀ ਤਾਂ ਇਹ ਗੋਦੀ ਮੀਡੀਆ ਪਰਾਲੀ ਸਾੜਨ ਦੀਆਂ ਫ਼ੋਟੋਆਂ ਲੈਣ ਲਈ ਝੱਟ ਖੇਤ ਵਿਚ ਪਹੁੰਚ ਗਿਆ ਜਿਸ ਦਾ ਕਿਸਾਨਾਂ ਵਲੋਂ ਵਿਰੋਧ ਵੀ ਕੀਤਾ ਗਿਆ। 12 ਸਤੰਬਰ 2020 ਨੂੰ ਕੇਂਦਰ ਸਰਕਾਰ ਵਲੋਂ ਤਿੰਨੋਂ ਬਿਲ ਕਾਨੂੰਨ ਦਾ ਰੂਪ ਧਾਰ ਗਏ। ਉਸ ਦਿਨ ਤੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਰੇਲਾਂ, ਸੜਕਾਂ, ਟੋਲ ਪਲਾਜ਼ਿਆਂ, ਵੱਡੇ-ਵੱਡੇ ਮਾਲਾਂ ਅੱਗੇ ਧਰਨੇ ਲਗਾ ਕੇ ਬੈਠ ਗਏ ਪਰ ਕਿਸੇ ਵੀ ਟੀ.ਵੀ. ਚੈਨਲ ਨੇ ਇਹ ਵਿਖਾਉਣ ਦੀ ਹਿੰਮਤ ਨਾ ਕੀਤੀ। ਸਗੋਂ ਇਨ੍ਹਾਂ ਧਰਨਿਆਂ ਨੂੰ ਸਾਰਾ ਮੀਡੀਆ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਧਰਨਿਆਂ ਨੂੰ ਵੱਖਵਾਦੀ ਤੇ ਖ਼ਾਲਿਸਤਾਨੀਆਂ ਵਲੋਂ ਚਲਾਇਆ ਜਾ ਰਿਹਾ ਅੰਦੋਲਨ ਦਸਿਆ ਜਾ ਰਿਹਾ ਹੈ ਜਦੋਂ ਕਿ ਅੰਦੋਲਨ ਸਿਰਫ਼ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਇਸ ਦੇ ਨੇੜੇ ਨਹੀਂ ਆਉਣ ਦਿਤਾ ਗਿਆ।
TV
ਜਿਨ੍ਹਾਂ ਕਿਸਾਨਾਂ ਨੇ ਅਪਣਾ ਸਾਰਾ ਕੁੱਝ ਗਵਾ ਕੇ ਦੇਸ਼ ਦੇ ਅੰਨ ਦੇ ਭੰਡਾਰ ਭਰੇ, ਅੱਜ ਉਨ੍ਹਾਂ ਨੂੰ ਇਹ ਵਿਕਾਊ ਮੀਡੀਆ ਦੇਸ਼ ਧ੍ਰੋਹੀ ਦੱਸ ਰਿਹਾ ਹੈ। ਇਸ ਮੋਦੀ ਮੀਡੀਏ ਨੂੰ ਇਹ ਨਹੀਂ ਪਤਾ ਕਿ ਜੇਕਰ ਕਿਸਾਨ ਤਬਾਹ ਹੋ ਗਿਆ ਤਾਂ ਸਾਰਾ ਦੇਸ਼ ਤਬਾਹ ਹੋ ਜਾਵੇਗਾ। ਖੇਤੀ ਦੀ ਆਮਦਨ ਨਾਲ ਬਹੁਤ ਸਾਰੇ ਕਾਰੋਬਾਰ ਜੁੜੇ ਹੋਏ ਹਨ ਤੇ ਉਹ ਸਾਰੇ ਲੋਕ ਤਬਾਹ ਹੋ ਜਾਣਗੇ। ਇੰਜ ਜਾਪ ਰਿਹਾ ਹੈ ਕਿ ਇਹ ਮੀਡੀਆ ਸਿਰਫ਼ ਭਾਜਪਾ ਸਰਕਾਰ ਦੀ ਇਕ ਪ੍ਰਚਾਰ ਏਜੰਸੀ ਬਣ ਕੇ ਰਹਿ ਗਿਆ ਹੈ। ਇਹ ਹਰ ਉਹ ਪ੍ਰਚਾਰ ਕਰ ਰਿਹਾ ਹੈ ਜਿਸ ਨਾਲ ਭਾਜਪਾ ਨੂੰ ਫ਼ਾਇਦਾ ਹੁੰਦਾ ਹੈ। ਇਸੇ ਤਰ੍ਹਾਂ ਇਹ ਮੀਡੀਆ ਕਈ ਮਹੀਨੇ ਰਾਮ ਮੰਦਰ ਦਾ ਪ੍ਰਚਾਰ ਕਰਦਾ ਰਿਹਾ, ਰੋਜ਼ ਉਸ ਤੇ ਚਰਚਾ ਹੁੰਦੀ ਰਹੀ ਜਿਸ ਤਰ੍ਹਾਂ ਮੰਦਰ ਬਣਨ ਨਾਲ ਪਤਾ ਨਹੀਂ ਕੀ ਵਿਕਾਸ ਦੀ ਹਨੇਰੀ ਝੱਲਣ ਲੱਗ ਪਵੇਗੀ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਮੰਦਰ ਬਣਨ ਨਾਲ ਭਾਜਪਾ ਨੂੰ ਰਾਜਾਂ ਦੀਆਂ ਚੋਣਾਂ ਵਿਚ ਵੱਡਾ ਫ਼ਾਇਦਾ ਹੋਵੇਗਾ।
Farmers Protest
ਇਸ ਤੋਂ ਬਾਅਦ ਇਹ ਮੀਡੀਆ ਜਿਹੜੇ ਰਾਫ਼ੇਲ ਜਹਾਜ਼ ਫ਼ਰਾਂਸ ਤੋਂ ਆਏ ਸਨ, ਉਨ੍ਹਾਂ ਦੇ ਗੁਣ ਗਾਉਣ ਲੱਗ ਪਿਆ। ਜਿਵੇਂ ਇਹ ਕੁੱਝ ਕੁ ਜਹਾਜ਼ ਆਉਣ ਨਾਲ ਸਾਡਾ ਦੇਸ਼ ਸੁਪਰਪਾਵਰ ਬਣ ਜਾਵੇਗਾ। ਹੱਦ ਹੀ ਹੋ ਗਈ ਜਿਹੜਾ ਦੇਸ਼ ਇਹ ਜਹਾਜ਼ ਬਣਾ ਰਿਹਾ ਹੈ, ਉਹ ਤਾਂ ਸੁਪਰ ਪਾਵਰ ਨਹੀਂ ਬਣ ਸਕਿਆ ਪਰ ਸਾਡਾ ਦੇਸ਼ ਕੁੱਝ ਕੁ ਜਹਾਜ਼ਾਂ ਨਾਲ ਹੀ ਸੁਪਰ ਪਾਵਰ ਬਣ ਜਾਵੇਗਾ। ਉਨ੍ਹਾਂ ਜਹਾਜ਼ਾਂ ਨੂੰ ਲੈਣ ਲਈ ਜਦੋਂ ਰਾਜਨਾਥ ਸਿੰਘ ਗਏ ਤਾਂ ਉਨ੍ਹਾਂ ਉਥੇ ਜਾ ਕੇ ਜਹਾਜ਼ ਤੇ ਧਾਰਮਕ ਚਿੰਨ੍ਹ ਬਣਾਇਆ। ਫਿਰ ਇਨ੍ਹਾਂ ਦੇ ਟਾਇਰਾਂ ਤੇ ਮਿਰਚਾਂ ਤੇ ਨਿੰਬੂ ਬੰਨ੍ਹੇ ਗਏ। ਜਿਵੇਂ ਕਿ ਦੇਸ਼ ਦੀ ਸੁਰੱਖਿਆ ਲਈ 1660 ਕਰੋੜ ਰੁਪਏ ਵਿਚ ਖ਼ਰੀਦੇ ਜਹਾਜ਼ ਦੀ ਰਖਿਆ ਇਹ ਮਿਰਚਾਂ ਤੇ ਨਿੰਬੂ ਕਰਨਗੇ, ਵਾਹ ਬਈ ਬਾਹ ਕਿਹੋ ਜਿਹਾ ਡਰਾਮਾ ਹੈ। ਇਸ ਤੋਂ ਬਾਅਦ ਆ ਗਿਆ ਸੁਸ਼ਾਂਤ ਸਿੰਘ ਰਾਜਪੂਤ ਮਾਮਲਾ। ਸੁਸ਼ਾਂਤ ਬਿਹਾਰ ਦਾ ਰਹਿਣ ਵਾਲਾ ਸੀ ਤੇ ਬਿਹਾਰ ਵਿਚ ਚੋਣਾਂ ਹੋਣ ਵਾਲੀਆਂ ਸਨ ਕਿਉਂਕਿ ਰਾਜਪੂਤ ਦੇ ਕੇਸ ਨੂੰ ਉਛਾਲਣ ਨਾਲ ਭਾਜਪਾ ਨੂੰ ਫ਼ਾਇਦਾ ਮਿਲਣ ਵਾਲਾ ਸੀ। ਇਸ ਵਾਸਤੇ ਉਸ ਦੀ ਆਤਮ ਹਤਿਆ ਨੂੰ ਕਤਲ ਬਣਾਉਣ ਲਈ ਉਸ ਦੀ ਇਕ ਲੜਕੀ ਮਿੱਤਰ ਰੀਆ ਚੱਕਰਵਰਤੀ ਵਿਰੁਧ ਇਸ ਗੋਦੀ ਮੀਡੀਏ ਨੇ ਧੂਆਂਧਾਰ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਪੂਰੇ ਸਾਢੇ ਤਿੰਨ ਮਹੀਨੇ ਇਹ ਮੀਡੀਆ ਸਾਰਾ-ਸਾਰਾ ਦਿਨ ਇਸ ਕੇਸ ਤੇ ਚਰਚਾ ਕਰਦਾ ਰਹਿੰਦਾ।
ਰੀਆ ਚੱਕਰਵਰਤੀ ਨੂੰ ਕਾਤਲ ਸਾਬਤ ਕਰਨ ਲਈ ਗੋਦੀ ਮੀਡੀਏ ਨੇ ਸ਼ਿਵ ਸੈਨਾ ਸਰਕਾਰ ਦੇ ਮੁੱਖ ਮੰਤਰੀ, ਇਕ ਐਮ.ਪੀ. ਤੇ ਮਹਾਰਾਸ਼ਟਰ ਦੀ ਪੁਲਿਸ ਨੂੰ ਵੀ ਖ਼ੂਬ ਭੰਡਿਆ ਕਿ ਇਹ ਰੀਆ ਨੂੰ ਬਚਾਉਣਾ ਚਾਹੁੰਦੀ ਹੈ ਜਦੋਂ ਕਿ ਏਮਜ਼ ਨੇ ਅਪਣੀ ਪਹਿਲੀ ਰੀਪੋਰਟ ਵਿਚ ਇਹ ਦੱਸ ਦਿਤਾ ਸੀ ਕਿ ਇਹ ਆਤਮ ਹਤਿਆ ਦਾ ਮਾਮਲਾ ਹੈ ਪਰ ਇਹ ਗੋਦੀ ਮੀਡੀਆ ਕਿਥੇ ਚੁੱਪ ਕਰਨ ਵਾਲਾ ਸੀ। ਗੱਲ ਕਾਹਦੀ ਕਿ ਇਹ ਗੋਦੀ ਮੀਡੀਆ, ਦੇਸ਼ ਦੀ ਆਰਥਕ ਹਾਲਤ ਜੋ ਦਿਨੋ ਦਿਨ ਮਾੜੀ ਹੋ ਰਹੀ ਹੈ, ਉਸ ਵਲੋਂ ਲੋਕਾਂ ਦਾ ਧਿਆਨ ਨਾ ਹਟਾਉਣ ਵਿਚ ਲੱਗਾ ਹੋਇਆ ਸੀ। ਪੂਰੇ ਦੋ ਮਹੀਨੇ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਵਲ ਧਿਆਨ ਨਾ ਦਿਤਾ ਤਾਂ ਉਨ੍ਹਾਂ ਨੇ ਐਲਾਨ ਕਰ ਦਿਤਾ ਕਿ ਉਹ ਦਿੱਲੀ ਵਲ ਮਾਰਚ ਕਰਨਗੇ ਤਾਕਿ ਦਿੱਲੀ ਸਰਕਾਰ ਦਾ ਧਿਆਨ ਖਿਚਿਆ ਜਾਵੇ। ਅਸਲ ਵਿਚ ਚਾਹੀਦਾ ਤਾਂ ਇਹ ਸੀ ਕਿ ਕਿਸਾਨ ਜਦੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਤਾਂ ਇਨ੍ਹਾਂ ਕਾਨੂੰਨਾਂ ਖ਼ਤਮ ਕਰਨ ਦਾ ਐਲਾਨ ਕਰ ਦਿੰਦੀ ਪਰ ਸਰਕਾਰ ਇਨ੍ਹਾਂ ਬਿਲਾਂ ਨੂੰ ਲਾਗੂ ਕਰਨ ਤੇ ਤੁਲੀ ਹੋਈ ਹੈ। ਪਿੱਛੇ ਜਹੇ ਨਿਊਜ਼ੀਲੈਂਡ ਸਰਕਾਰ ਨੇ ਉਥੋਂ ਦੇ ਲੋਕਾਂ ਲਈ ਦੋ ਕਾਨੂੰਨ ਬਣਾਏ ਸਨ।
ਪਹਿਲਾਂ ਉਨ੍ਹਾਂ ਨੇ ਲੋਕਾਂ ਤੋਂ ਪੁਛਿਆ ਫਿਰ ਕਾਨੂੰਨ ਬਣਾਏ ਗਏ ਪਰ ਸਾਡੇ ਦੇਸ ਦੀ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ ਲਈ ਕਿਸਾਨਾਂ ਤੇ ਧੱਕੇ ਨਾਲ ਕਾਨੂੰਨ ਠੋਸ ਰਹੀ ਹੈ। ਜਦੋਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੇ ਦਿੱਲੀ ਵਲ ਮਾਰਚ ਸ਼ੁਰੂ ਕੀਤਾ ਤਾਂ ਹਰਿਆਣਾ ਦੀ ਖੱਟੜ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪੰਜ ਤਰ੍ਹਾਂ ਦੇ ਬੈਰੀਕੇਡ ਲਗਾ ਦਿਤੇ ਪਰ ਕਿਸਾਨਾਂ ਦੇ ਮੂਹਰੇ ਇਹ ਬੈਰੀਕੇਡ ਰੂੰ ਦੇ ਠੱਬੇ ਵਾਂਗ ਉਡ ਗਏ ਤੇ ਕਿਸਾਨ ਦਿੱਲੀ ਦੇ ਬਾਰਡਰ ਉਤੇ ਪਹੁੰਚ ਗਏ। ਕਿਸਾਨ ਜਦੋਂ ਇਸ ਬੈਰੀਕੇਡ ਨੂੰ ਹਟਾ ਰਹੇ ਸੀ ਤਾਂ ਇਹ ਗੋਦੀ ਮੀਡੀਆ ਉਨ੍ਹਾਂ ਨੂੰ ਹਿੰਸਕ ਦੱਸ ਰਿਹਾ ਸੀ। ਕਿਸਾਨਾਂ ਦੀ ਬਰਬਾਦੀ ਨੂੰ ਹਿੰਸਾ ਦੇ ਤੌਰ ਤੇ ਪੇਸ਼ ਕਰਨਾ ਇਸ ਗੋਦੀ ਮੀਡੀਆ ਦਾ ਕੰਮ ਬਣ ਗਿਆ ਹੈ। ਇਹ ਤਾਂ ਭਲਾ ਹੋਵੇ ਪੰਜਾਬੀ ਮੀਡੀਏ ਦਾ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਕਵਰ ਕੀਤਾ ਤੇ ਸਾਰੀ ਦੁਨੀਆਂ ਨੂੰ ਦਸਿਆ ਕਿ ਕਿਸ ਤਰ੍ਹਾਂ ਖੱਟੜ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰ ਰਿਹਾ ਹੈ।
ਬੀ.ਬੀ.ਸੀ. ਨੇ ਇਹ ਸਾਰਾ ਕੁੱਝ ਵਿਖਾ ਕੇ ਸਾਰੀ ਸੱਚਾਈ ਦੁਨੀਆਂ ਸਾਹਮਣੇ ਰੱਖ ਦਿਤੀ। ਵਿਦੇਸ਼ੀ ਮੀਡੀਆ ਵੀ ਅਪਣਾ ਰੋਲ ਚੰਗਾ ਨਿਭਾ ਰਿਹਾ ਹੈ। ਬੀ.ਬੀ.ਸੀ, ਪੰਜਾਬੀ ਮੀਡੀਏ ਤੇ ਵਿਦੇਸ਼ੀ ਮੀਡੀਆ ਨੇ ਇਹ ਸਾਰੀ ਦੁਨੀਆਂ ਨੂੰ ਦਸ ਦਿਤਾ ਕਿ ਲੱਖਾਂ ਕਿਸਾਨਾਂ ਤੇ ਨੌਜੁਆਨਾਂ ਦਾ ਇਕੱਠ ਹੋਣ ਦੇ ਬਾਵਜੂਦ ਕਿਤੇ ਕੋਈ ਨੁਕਸਾਨ ਨਹੀਂ ਹੋਇਆ। ਸਰਕਾਰ ਵਲੋਂ ਸ਼ਰਾਰਤਾਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜ਼ਰੂਰ ਗਈਆਂ ਪਰ ਸਮਝਦਾਰ ਕਿਸਾਨਾਂ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਫ਼ੇਲ ਕਰ ਦਿਤਾ। ਜੇਕਰ ਇਨ੍ਹਾਂ ਤਿੰਨ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਿੰਨੋ ਹੀ ਕਿਸਾਨ ਦੀ ਮੌਤ ਦੇ ਵਾਰੰਟ ਸਾਬਤ ਹੋਣਗੇ। ਦਾਸ ਗੋਦੀ ਮੀਡੀਏ ਨੂੰ ਇਹ ਪੁਛਣਾ ਚਾਹੁੰਦਾ ਹੈ ਕਿ ਦੇਸ਼ ਦੀ ਆਜ਼ਾਦੀ ਵਿਚ 80 ਫ਼ੀ ਸਦੀ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਦਿਤੀਆਂ। ਆਜ਼ਾਦੀ ਤੋਂ ਬਾਅਦ ਹੋਈਆਂ ਲੜਾਈਆਂ ਵਿਚ 62 ਹਜ਼ਾਰ ਤੋਂ ਵੱਧ ਸਿੱਖ ਫ਼ੌਜੀ ਸ਼ਹੀਦ ਹੋਏ ਹਨ। ਉਦੋਂ ਕਿਸੇ ਨੇ ਨਹੀਂ ਪੁਛਿਆ ਕਿ ਸਿੱਖ ਕਿਉਂ ਵੱਧ ਸ਼ਹੀਦ ਹੋਏ ਹਨ? ਜੇਕਰ ਸਿੱਖ ਕਿਸਾਨ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਇਕੱਲੇ ਪੰਜਾਬ ਹਰਿਆਣੇ ਦੇ ਕਿਸਾਨ ਹੀ ਰੌਲਾ ਪਾ ਰਹੇ ਹਨ। ਮੁਗ਼ਲਾਂ ਦੇ ਰਾਜ ਤੋਂ ਲੈ ਕੇ ਹੁਣ ਤਕ ਕੋਈ ਜ਼ੁਲਮ ਵਿਰੁਧ ਲੜਿਆ ਹੈ ਤਾਂ ਉਹ ਸਿੱਖ ਹੀ ਲੜਿਆ ਹੈ। ਜੇਕਰ ਦੇਸ਼ ਦੀ ਸਰਹੱਦ ਤੇ ਪੰਜਾਬੀ ਸ਼ਹੀਦ ਹੁੰਦਾ ਹੈ ਤਾਂ ਉਹ ਠੀਕ ਹੈ, ਉਹ ਦੇਸ਼ ਭਗਤ ਹੈ, ਦੇਸ਼ ਦੀ ਲੜਾਈ ਲੜ ਰਿਹਾ ਹੈ। ਪਰ ਜੇਕਰ ਕਿਸਾਨੀ ਹੱਕਾਂ ਲਈ ਪੰਜਾਬ ਦਾ ਬਜ਼ੁਰਗ ਦਿੱਲੀ ਦੀ ਦਹਿਲੀਜ਼ ਤੇ ਬੈਠਾ ਪੁਲਿਸ ਦੀਆਂ ਡਾਂਗਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਗ਼ੱਦਾਰ ਹੈ, ਉਹ ਦੇਸ਼ ਧ੍ਰੋਹੀ ਹੈ, ਉਹ ਵੱਖਵਾਦੀ ਹੈ। ਇਹ ਕਿਹੋ ਜਿਹਾ ਇਨਸਾਫ਼ ਹੈ ਪੰਜਾਬ ਨਾਲ?
ਬਖ਼ਸ਼ੀਸ਼ ਸਿੰਘ ਸਭਰਾ,ਸੰਪਰਕ : 94646-96083