ਹੋਲੇ ਮਹੱਲੇ ਦੇ ਰੰਗ ਨਿਹੰਗ ਸਿੰਘਾਂ ਦੇ ਸੰਗ
Published : Mar 29, 2021, 7:33 am IST
Updated : Mar 29, 2021, 7:33 am IST
SHARE ARTICLE
hola mohalla
hola mohalla

ਬਾਬਾ ਜੀ ਕੁੱਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਅਪਣੀ ਵਖਰੀ ਪਹਿਚਾਣ ਸਥਾਪਤ ਕਰੇਗਾ।’ 

ਹੋਲੇ ਮਹੱਲੇ ਦਾ ਤਿਉਹਾਰ ਸਿੱਖ-ਸੰਸਾਰ ਵਿਚ ਇਕ ਅਹਿਮ ਤੇ ਵਿਲੱਖਣ ਸਥਾਨ ਰਖਦਾ ਹੈ। ਭਾਰਤ ਦੇ ਬਾਕੀ ਤਿਉਹਾਰਾਂ ਨਾਲੋਂ ਇਸ ਦੀ ਨਿਵੇਕਲੀ ਤੇ ਨਿਰਾਲੀ ਸ਼ਾਨ ਹੈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਖ਼ਾਲਸਾ ਫ਼ੌਜ ਵਿਚ ਉਸ ਜ਼ਜਬੇ ਨੂੰ ਸਦਾ ਵਾਸਤੇ ਜਵਾਨ ਰਖਣਾ ਚਾਹੁੰਦੇ ਸਨ ਜਿਹੜਾ ਉਨ੍ਹਾਂ ਨੇ ਹੱਕ ਤੇ ਸੱਚ ਖ਼ਾਤਰ ਜੂਝਣ ਲਈ ਜਗਾਇਆ ਸੀ। ਇਸ ਮਨੋਰਥ ਦੀ ਸਿੱਧੀ ਲਈ ਹੀ ਦਸਮ ਪਿਤਾ ਨੇ ਹਿੰਦੋਸਤਾਨ ਦੇ ਰਵਾਇਤੀ ਤਿਉਹਾਰ ਹੋਲੀ ਨੂੰ ਸਿੰਘਾਂ ਦੇ ਜੰਗਜੂ ਅਭਿਆਸ ਨਾਲ ਜੋੜ ਦਿਤਾ ਤੇ ਸਿੱਖੀ ਵਿਚ ਇਕ ਨਵੀਂ ਪਿਰਤ ਪਾ ਦਿਤੀ। ਇਸ ਮਾਰਸ਼ਲ ਪਿਰਤ ਨੂੰ ਲਗਾਤਾਰ ਜਾਰੀ ਰੱਖਣ ਤੇ ਸ਼ਾਨ ਨੂੰ ਵਧਾਉਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ ਜਿਸ ਨੂੰ ਉਹ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਹਰ ਸਾਲ ਨਿਭਾਉਂਦੇ ਆ ਰਹੇ ਹਨ। ਪੇਸ਼ ਹੈ ਇਸ ਖ਼ਾਲਸਾਈ ਤਿਉਹਾਰ ਵਿਚ ਅਪਣੇ ਦਲੇਰਾਨਾ ਕਰਤਵਾਂ ਨਾਲ ਵਿਸ਼ੇਸ਼ ਰੰਗ ਭਰਨ ਵਾਲੀਆਂ ਗੁਰੁੂ ਕੀਆਂ ਲਾਡਲੀਆਂ ਫ਼ੌਜਾਂ ਬਾਰੇ ਸੰਖੇਪ ਜਾਣਕਾਰੀ :-

Holi Color Holi Color

1708 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ ਜਿਥੇ ਪੰਥ ਨੂੰ ਸਦੀਵੀ ਤੌਰ ਉਤੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜ ਦਿਤਾ ਹੈ, ਉਥੇ ਨਾਲ ਹੀ ਇਸ (ਪੰਥ) ਦੀ ਚੜ੍ਹਦੀਕਲਾ ਲਈ (ਅਪਣੇ ਵਿਸ਼ੇਸ਼ ਥਾਪੜੇ ਨਾਲ) ਕੁੱਝ ਕੁ ਜਥੇਬੰਦੀਆਂ/ਸੰਪ੍ਰਦਾਵਾਂ ਦੀ ਸਥਾਪਨਾ ਵੀ ਕੀਤੀ ਹੈ। ਇਨ੍ਹਾਂ ਜਥੇਬੰਦੀਆਂ ਵਿਚੋਂ ਹੀ ਇਕ ਸਿਰਕੱਢਵੀਂ ਜਥੇਬੰਦੀ ਹੈ ਨਿਹੰਗ ਸਿੰਘਾਂ ਦੀ ਜਿਸ ਨੂੰ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਿਹੰਗ ਸਿੰਘ ਸਿੱਖ ਪੰਥ ਦਾ ਅਨਿੱਖੜਵਾਂ ਤੇ ਅਹਿਮ ਅੰਗ ਹਨ। ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਕਰ ਕੇ ਇਨ੍ਹਾਂ ਦੀ ਇਕ ਅਡਰੀ ਤੇ ਵਿਲੱਖਣ ਪਹਿਚਾਣ ਹੈ। ਪੁਰਾਤਨ ਜੰਗੀ ਸਰੂਪ ਤੇ ਆਚਾਰ-ਵਿਹਾਰ ਨੂੰ ਸੰਭਾਲਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਨਿਹੰਗ ਸ਼ਬਦ ਫ਼ਾਰਸੀ ਭਾਸ਼ਾ ਵਿਚੋਂ ਲਿਆ ਗਿਆ ਹੈ ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ ਜਿਸ ਨੂੰ ਮੌਤ ਦਾ ਭੈਅ ਨਾ ਹੋਵੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਿਹੰਗ ਸਿੰਘਾਂ ਦੀ ਨਿਰਭੈਅਤਾ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਅੰਗ 392 ਉਪਰ ਇਸ ਤਰ੍ਹਾਂ ਫ਼ੁਰਮਾਉਂਦੇ ਹਨ:-

HOLA MOHALAHOLA MOHALA

ਨਿਰਭਉ ਹੋਇਓ ਭਇਆ ਨਿਹੰਗਾ॥ ਚੀਤਿ ਨ ਆਇਓ ਕਰਤਾ ਸੰਗਾ॥
‘ੰਮਹਾਨ ਕੋਸ਼’ ਦੇ ਪੰਨਾ ਨੰਬਰ 704 ਉਪਰ ਨਿਹੰਗ ਸਿੰਘਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ:- ‘ਨਿਹੰਗ ਸਿੰਘ, ਸਿੰਘਾਂ ਦਾ ਇਕ ਫ਼ਿਰਕਾ ਹੈ, ਜੋ ਸੀਸ ‘ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕ੍ਰਿਪਾਨ, ਖੰਡਾ, ਗਜਗਾਹ ਆਦਿ ਸ਼ਸਤਰ ਤੇ ਨੀਲਾ ਬਾਣਾ ਪਹਿਨਦਾ ਹੈ।’
ਪੰਥ ਦੀ ਸ਼ਸਤਰਧਾਰੀ ਧਿਰ ਨਿਹੰਗ ਸਿੰਘਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇਕ ਅਕਾਲ (ਵਹਿਗੁਰੂ) ਦੇ ਪੁਜਾਰੀ ਹਨ ਤੇ ਅਕਾਲ-ਅਕਾਲ ਜਪਦੇ ਹਨ। ਇਨ੍ਹਾਂ ਦੇ ਵਿਲੱਖਣ ਸਰੂਪ ਬਾਰੇ ਬਹੁਤ ਸਾਰੀਆਂ ਧਾਰਣਾਵਾਂ ਪ੍ਰਚਲਿਤ ਹਨ। ਜੇਕਰ ‘ਮਾਲਵਾ ਇਤਿਹਾਸ’ ਦੇ ਸਫ਼ਾ ਨੰਬਰ 436 ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਸਫ਼ਾ ਕਹਿੰਦਾ ਹੈ ਕਿ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕੀਤੇ ਗਏ ਸਨ ਤਾਂ ਉਸ ਵਕਤ ਗੁਰੂ ਨਾਨਕ ਨਾਮ-ਲੇਵਾ ਸੰਗਤ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗੁਰੂ-ਦਰਸ਼ਨਾਂ ਲਈ ਕਿਲ੍ਹੇ ਵਲ ਜਾਂਦੀ ਹੁੰਦੀ ਸੀ। ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਸੰਗਤ ਦੇ ਅੱਗੇ-ਅੱਗੇ ਚਲਿਆ ਕਰਦੇ ਸਨ। ਬਾਬਾ ਜੀ ਦੀ ਇਸ ਪਿਆਰ ਤੇ ਦੀਦਾਰ ਭਾਵਨਾ ਤੋਂ ਖ਼ੁਸ਼ ਹੋ ਕਿ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ‘ਬਾਬਾ ਜੀ ਕੁੱਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਅਪਣੀ ਵਖਰੀ ਪਹਿਚਾਣ ਸਥਾਪਤ ਕਰੇਗਾ।’ 

ਇਕ ਹੋਰ ਧਾਰਨਾ ਅਨੁਸਾਰ ਇਕ ਵਾਰ ਸਾਹਿਬਜ਼ਾਦਾ ਫ਼ਤਿਹ ਸਿੰਘ ਸੀਸ ਉਤੇ ਦੁਮਾਲਾ ਸਜਾ ਕੇ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹੋਏ ਜਿਸ ਨੂੰ ਵੇਖ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇਕ ਵਿਚਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ (ਉੱਚ ਦਾ ਪੀਰ ਬਣ ਕੇ) ਚੱਲਣ ਸਮੇਂ ਜਿਹੜਾ ਨੀਲਾ ਬਾਣਾ ਧਾਰਨ ਕੀਤਾ ਸੀ, ਜਦੋਂ ਉਸ ਨੂੰ ਅੱਗ ਵਿਚ ਸਾੜਿਆ ਗਿਆ ਤਾਂ ਉਸ ਦੀ ਇਕ ਲੀਰ ਭਾਈ ਮਾਨ ਸਿੰਘ ਨੇ ਅਪਣੀ ਦਸਤਾਰ ਵਿਚ ਸਜਾ ਲਈ ਸੀ ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਆਰੰਭਤਾ ਮੰਨੀ ਜਾਂਦੀ ਹੈ।

hola mohalahola mohala

ਜਦੋਂ ਮੁਗਲਾਂ ਨੇ ਖ਼ਾਲਸਾ ਪੰਥ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਅਤਿਆਚਾਰੀ ਹੀਲਾ-ਵਸੀਲਾ ਵਰਤਣਾ ਸ਼ੁਰੂ ਕੀਤਾ ਤਾਂ ਉਸ ਸੰਕਟਕਾਲੀ ਸਥਿਤੀ ਦਾ ਟਾਕਰਾ ਕਰਨ ਲਈ ਖ਼ਾਲਸਾ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲੱਗਾ। ਇਸ ਟਾਕਰੇ ਲਈ ਉਸ (ਖ਼ਾਲਸੇ) ਨੇ ਵੱਧ ਤੋਂ ਵੱਧ ਸ਼ਸਤਰ ਰੱਖਣ ਦੇ ਨਾਲ-ਨਾਲ ਅਪਣੀ ਵਖਰੀ ਵਰਦੀ ਵੀ ਧਾਰਨ ਕਰ ਲਈ ਜਿਸ ਵਿਚ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਗੋਡਿਆਂ ਤਕ ਕਛਹਿਰਾ, ਸਿਰ ਉਤੇ ਉੱਚੀ ਦਸਤਾਰ ਤੇ ਉਸ ਦੁਆਲੇ ਚੱਕਰ ਸਜਾਉਣਾ ਸ਼ਾਮਲ ਹੈ। ਇਸ ਤਰ੍ਹਾਂ ਸ਼ਸਤਰ ਤੇ ਬਸਤਰ (ਨਿਹੰਗੀ ਬਾਣੇ) ਦਾ ਧਾਰਨੀ ਹੋ ਕੇ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਦੇ ਰੂਪ ਵਿਚ ਮੈਦਾਨ-ਏ-ਜੰਗ ਵਿਚ ਨਿਤਰਦਾ ਰਿਹਾ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਭਾਜੜਾਂ ਪਾਉਂਦਾ ਰਿਹਾ ਹੈ।

Hola Mahalla Hola Mahalla

ਸਿੱਖ ਧਰਮ ਦੀ ਪ੍ਰੰਪਰਾ ਤੇ ਗੁਰ-ਮਰਯਾਦਾ ਨੂੰ ਕਾਇਮ ਰੱਖਣ ਤੇ ਗੁਰਧਾਮਾਂ ਦੀ ਸੇਵਾ-ਸੰਭਾਲ ਹਿੱਤ ਨਿਹੰਗ ਸਿੰਘਾਂ ਨੇ ਅਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਲੋੜ ਪੈਣ ਉਤੇ ਕੁਰਬਾਨੀਆਂ ਵੀ ਕੀਤੀਆਂ। ਨਿਹੰਗ ਸਿੰਘਾਂ ਵਿਚ ਉਹ ਸਾਰੀਆਂ ਖ਼ੂਬੀਆਂ ਮਿਲਦੀਆਂ ਸਨ, ਜਿਨ੍ਹਾਂ ਨੂੰ ਕਲਗੀਧਰ ਪਿਤਾ ਪਿਆਰਦੇ ਤੇ ਸਤਿਕਾਰਦੇ ਸਨ। ਇਨ੍ਹਾਂ ਖ਼ੂਬੀਆਂ ਕਾਰਨ ਹੀ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਦਾ ਖ਼ਿਤਾਬ ਮਿਲਿਆ ਹੋਇਆ ਹੈ। ਪੰਜ ਸ਼ਸਤਰ ਨਿਹੰਗ ਸਿੰਘਾਂ ਨੂੰ ਜਾਨ ਤੋਂ ਵੀ ਵੱਧ ਪਿਆਰੇ ਹਨ ਜਿਨ੍ਹਾਂ ਵਿਚ ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਤੇ ਚੱਕਰ। ਇਹ ਸਾਰੇ ਨਿੱਕੇ ਅਕਾਰ ਦੇ ਹੁੰਦੇ ਹਨ ਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੁਮਾਲੇ ਵਿਚ ਸਜਾ ਕੇ ਰਖਦੇ ਹਨ।

ਸਿੱਖ ਫ਼ੌਜਾਂ ਵਿਚ ਵੱਡੀ ਤਦਾਦ ਨਿਹੰਗ ਸਿੰਘਾਂ ਦੀ ਹੀ ਹੁੰਦੀ ਸੀ। ਇਨ੍ਹਾਂ ਦੇ ਕਿਰਦਾਰ ਦਾ ਇਕ ਤਸੱਲੀਬਖ਼ਸ਼ ਪੱਖ ਇਹ ਵੀ ਰਿਹਾ ਹੈ ਕਿ ਜਦੋਂ ਇਹ ਜੈਕਾਰੇ ਗਜਾਉਂਦੇ ਕਿਸੇ ਨਗਰ-ਖੇੜੇ ਵਿਚ ਪੈਰ ਪਾਉਂਦੇ ਤਾਂ ਲੋਕ ਆਪ ਮੁਹਾਰੇ ਹੀ ਅਪਣੀਆਂ ਨੂੰਹਾਂ-ਧੀਆਂ ਨੂੰ ਕਹਿ ਦਿੰਦੇ ਸਨ:-
‘ਆਏ ਨੀ ਨਿਹੰਗ, ਬੂਹੇ ਖੋਲ੍ਹ ਦੇ ਨਿਸੰਗ।’ ਉੱਚੇ ਤੇ ਸੁੱਚੇ ਕਿਰਦਾਰ ਦੇ ਮਾਲਕ ਨਿਹੰਗ ਸਿੰਘ ਬਹੁਤ ਹੀ ਭਜਨੀਕ, ਸੂਰਬੀਰ, ਨਿਰਭੈ, ਨਿਰਵੈਰ ਤੇ ਕਹਿਣੀ-ਕਰਨੀ ਦੇ ਧਨੀ ਹੋਏ ਹਨ। ਸਿੱਖ ਵਿਸ਼ਵਾਸ ਤੇ ਇਤਿਹਾਸ ਨੂੰ ਮਾਣ-ਮੱਤਾ ਬਣਾਉਣ ਵਿਚ ਇਨ੍ਹਾਂ ਦੀ ਭੂਮਿਕਾ ਹਾਂਪੱਖੀ ਰਹੀ ਹੈ। ਲੰਮੇ ਸਮੇਂ ਤੋਂ ਕਈ ਸ਼ਹੀਦੀ ਅਸਥਾਨਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਹੰਗ ਸਿੰਘਾਂ ਵਲੋਂ ਨਿਭਾਈ ਜਾ ਰਹੀ ਹੈ ਜਿਨ੍ਹਾਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ਤੇ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਨਿਹੰਗ ਸਿੰਘਾਂ ਦੀ ਭਰਪੂਰ ਤੇ ਮਸ਼ਹੂਰ ਹਾਜ਼ਰੀ ਵਾਲੇ ਤਿਉਹਾਰ ਹਨ। ਹੋਲੇ-ਮਹੱਲੇ ਦੇ ਰੰਗ ਤਾਂ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਿਨਾਂ ਉੱਘੜਦੇ ਹੀ ਨਹੀਂ ਹਨ। ਸਰਬ-ਲੋਹ ਦੇ ਭਾਂਡਿਆਂ ਤੇ ਘੋੜਿਆਂ ਨਾਲ ਨਿਹੰਗ ਸਿੰਘਾਂ ਨੂੰ ਵਿਸ਼ੇਸ਼ ਪ੍ਰੇਮ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸ਼ਸਤਰਾਂ ਨੂੰ ਵੀ ਅੰਗ ਲਗਾ ਕੇ ਰਖਦੇ ਹਨ।

ਨਿਹੰਗ ਸਿੰਘਾਂ ਦੀ ਬੋਲ-ਬਾਣੀ ਵੀ ਵਿਲੱਖਣ ਤੇ ਰੋਚਿਕਤਾ ਭਰਪੂਰ ਹੁੰਦੀ ਹੈ। ਘਾਟੇਵੰਦੀ ਸਥਿਤੀ ਨੂੰ ਲਾਹੇਵੰਦੀ ਨਜ਼ਰ ਨਾਲ ਵੇਖਣਾ ਇਸ ਬੋਲ-ਬਾਣੀ ਦਾ ਅਹਿਮ ਪੱਖ ਰਿਹਾ ਹੈ। ਇਸੇ ਕਰ ਕੇ ਹੀ ਇਸ ਬੋਲ-ਬਾਣੀ ਨੂੰ ‘ਗੜਗੱਜ ਬੋਲਿਆਂ’ ਦਾ ਨਾਮ ਦਿਤਾ ਜਾਂਦਾ ਹੈ। ਇਨ੍ਹਾਂ ਬੋਲਿਆਂ ਤਹਿਤ ਇਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣ ਦੰਗ ਰਹਿ ਜਾਂਦੇ ਸਨ ਤੇ ਮੈਦਾਨ ਛੱਡ ਜਾਂਦੇ ਸਨ। ਅਜੋਕੇ ਸਮੇਂ ਵੀ ਨਿਹੰਗ ਸਿੰਘਾਂ ਦੇ ਕਈ ਦਲ ਮੌਜੂਦ ਹਨ, ਜੋ ਵੱਖਰਾਤਮਕ ਲੀਹਾਂ ਦੇ ਪਾਂਧੀ ਹੋਣ ਕਰ ਕੇ ਕਈ ਤਰ੍ਹਾਂ ਦੀ ਅਲੋਚਨਾਵਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।
ਸੰਪਰਕ : 94631-32719

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement