
ਸਾਡੇ ਦੇਸ਼ ਦੀ 70 ਤੋਂ 80 ਫ਼ੀ ਸਦੀ ਅਬਾਦੀ ਖੇਤੀ ਨਾਲ ਸਬੰਧਤ ਰੁਜ਼ਗਾਰ ਤੇ ਨਿਰਭਰ ਹੈ।
ਮੋਦੀ ਸਰਕਾਰ ਦੇ ਕਰਤਾ-ਧਰਤਾ ਜਿਸ ਪਾਠਸ਼ਾਲਾ ਤੋਂ ਸਬਕ ਪੜ੍ਹ ਕੇ ਆਏ ਹਨ, ਉਸ ਪਾਠਸ਼ਾਲਾ ਨੂੰ ਚਲਾਉਣ ਵਾਲੇ, ਗੁਰੂਘਰਾਂ ਅੰਦਰ ਚੱਲ ਰਹੇ ‘ਲੰਗਰ’ ਤੋਂ ਡਾਢੇ ਦੁਖੀ ਹਨ, ਬਾਬੇ ਨਾਨਕ ਵਲੋਂ ਲੋਕਾਈ ਦੀ ਖ਼ਿਦਮਤ ਲਈ ਲੰਗਰ ਦੀ ਪ੍ਰਥਾ ਨਾਲ ਜੋ ਸਿੱਖਾਂ ਨੂੰ ਪੂਰੇ ਵਿਸ਼ਵ ਵਿਚ ਸਲਾਹੁਤਾ/ਮਾਣ/ਵਡਿਆਈ ਮਿਲਦੀ ਹੈ, ਪਾਠਸ਼ਾਲਾ ਵਾਲਿਆਂ ਦੇ ਢਿੱਡੀਂ ਬੜੀ ਦਰਦ ਉਠਦੀ ਹੈ। ਭਾਵੇਂ ਕਿ ਸਿੱਖ ਇਸ ਮਾਣ/ਵਡਿਆਈ ਦੀ ਭੁੱਖ ਨਹੀਂ ਰਖਦੇ ਪਰ ਜਿਵੇਂ ਕਿ ਕੁਦਰਤ ਦਾ ਗੁਣ ਹੈ, ਫੁੱਲ ਵਿਚੋਂ ਖ਼ੁਸ਼ਬੂ ਸਾਰੇ ਪਾਸੇ ਮਹਿਕ ਵੰਡਦੀ ਹੈ, ਇਵੇਂ ਹੀ ਲੰਗਰ ਛਕਾਉਣ ਦਾ ਗੁਣ ‘ਸਿੱਖੀ’ ਦੀ ਖ਼ੁਸ਼ਬੂ ਫੈਲਾ ਦਿੰਦਾ ਹੈ। ਮੋਦੀ ਸਰਕਾਰ ਨੇ ਸੱਭ ਤੋਂ ਵੱਡੀ ਸੱਟ ਮਾਰੀ ਲੰਗਰ ਉਪਰ ਟੈਕਸ ਲਗਾ ਦਿਤਾ, ਹਰ ਜਾਤ, ਧਰਮ, ਦੇਸ਼ ਦੇ ਲੋਕਾਂ ਨੇ ਮੋਦੀ ਦੀ ਇਸ ਟੈਕਸ ਨੀਤੀ ਦਾ ਵਿਰੋਧ ਕੀਤਾ ਤੇ ਅੰਤ ਬਾਦਲਾਂ ਨੇ ਮੋਦੀ ਦੇ ਲੇਲੜੀਆਂ ਕੱਢ-ਕੱਢ ਕੇ ਟੇਢੇ ਢੰਗ ਨਾਲ ਟੈਕਸ ਦੀ ਵਾਪਸੀ ਕਰਵਾਈ।
PM Modi
ਜਿਵੇਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲੈਣ ਤੇ ਖੋਜ ਕੀਤੀ ਕਿ ਇਥੋਂ ਦੇ ਲੋਕਾਂ ਵਿਚ ਏਕਤਾ ਤੇ ਜੂਝਣ ਦੀ ਸਮਰੱਥਾ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ? ਤੱਤ ਕਢਿਆ ਕਿ ਇਸ ਖ਼ਿੱਤੇ ਲੋਕ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ/ਓਟ/ਆਸਰਾ ਹੀ ਲੈਂਦੇ ਹਨ ਜਿਸ ਕਰ ਕੇ ਇਥੋਂ ਦੇ ਲੋਕਾਂ ’ਚ ਪੂਰਨ ਏਕਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਟੁਕੜਿਆਂ ਵਿਚ ਵੰਡਣ ਲਈ ਇਥੇ ਇਲਾਕੇ ਵਿਚ ਰਾਧਾ-ਸਵਾਮੀ, ਨਾਮਧਾਰੀ, ਨਿਰੰਕਾਰੀਆਂ ਦੀਆਂ ਗੱਦੀਆਂ ਚਲਵਾਈਆਂ ਤਾਕਿ ਹੌਲੀ-ਹੌਲੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਛੱਡ ਕੇ ਅਖੌਤੀ ਦੇਹਧਾਰੀ ਗੁਰੂਆਂ ਦੇ ਧੜਿਆਂ ’ਚ ਆਖ਼ਰ ਵੰਡੇ ਜਾਣਗੇ ਤੇ ਹੋਇਆ ਵੀ ਇੰਜ ਹੀ। ਅੱਜ ਰਾਧਾ ਸੁਆਮੀਆਂ ਦੀਆਂ ਹੀ ਅਨੇਕਾਂ ਗੱਦੀਆਂ ਆਪੋ ਅਪਣੀ ਸੰਗਤ ਬਣਾ ਕੇ ਬੈਠੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ ਸੈਦਪੁਰ ’ਚ ਦੋ ਸਤਿਗੁਰੂ, ਤਰਨ ਤਾਰਨ ’ਚ ਇਕ ਹੋਰ ਧੜੇ ਦਾ ਸਤਿਗੁਰੂ, ਫ਼ਿਰੋਜ਼ਪੁਰ ’ਚ ਇਕ ਵਖਰਾ ਗੁਰੂ ਹੈ। ਸਿਰਸੇ ਵਾਲੇ ਦੇ ਅੱਗੇ ਤਿੰਨ ਧੜੇ ਗੁਰੂ ਬਣੇ ਬੈਠੇ ਹਨ।
Langar
ਬਿਆਸ ਤੋਂ ਅਲੱਗ ਹੋ ਕੇ ਦਿੱਲੀ ਜਾ ਬੈਠੇ ਕ੍ਰਿਪਾਲ ਸਿੰਘ ਦੀ ਸੰਗਤ ਵੀ ਤਿੰਨ ਧੜਿਆਂ ’ਚ ਵੰਡੀਆਂ ਪਾ ਕੇ ਅਪਣੇ-ਅਪਣੇ ਗੁਰੂ ਦੇ ਗੀਤ ਗਾਉਂਦੇ ਹਨ ਤੇ ਹਰ ਧੜਾ ਅਪਣੇ ਆਪ ’ਚ ਅਸਲੀ ਤੇ ਦੂਜੇ ਧੜੇ ਨੂੰ ਨਕਲੀ ਬਿਆਨਦਾ ਹੈ। ਇਵੇਂ ਹੀ ਨਾਮਧਾਰੀ ਦੋ ਧੜਿਆਂ ਵਿਚ ਪਾਟੇ ਹੋਏ ਨੇ। ਮੁਸਲਮਾਨਾਂ ਵਿਚ ਫੁੱਟ ਪਾਉਣ ਲਈ ਕਾਦੀਆਨੀ ਪੈਦਾ ਕੀਤੇ ਗਏ, ਉਨ੍ਹਾਂ ਦਾ ਅਪਣਾ ਹੀ ਇਕ ਵਖਰਾ ਧੜਾ ਹੈ। ਇਵੇਂ ਹੀ ਮੋਦੀ ਸਰਕਾਰ ਤੇ ਉਨ੍ਹਾਂ ਦੇ ਅਧਿਆਪਕਾਂ ਨੇ ਖੋਜ ਕਰ ਕੇ ਤੱਤ ਕੱਢਿਆ ਕਿ ਜੇਕਰ ਸਿੱਖਾਂ ਨੂੰ ਆਰਥਕ ਤੌਰ ’ਤੇ ਕੰਗਾਲ ਕੀਤਾ ਜਾਵੇ ਤਾਂ ਗੁਰਦਵਾਰਿਆਂ ਵਿਚੋਂ ਲੰਗਰ ਚਲਣੇ ਅਪਣੇ ਆਪ ਹੀ ਬੰਦ ਹੋ ਜਾਣਗੇ। ਸਿੱਖਾਂ ਵਿਚੋਂ ਕਿਉਂਕਿ 90 ਫ਼ੀ ਸਦੀ ਅਬਾਦੀ ਖੇਤੀ ਕਰਦੀ ਹੈ, ਜੋ ਲੰਗਰਾਂ ਵਿਚ ਆਪ-ਮੁਹਾਰੇ ਅਨਾਜ ਪਹੁੰਚਾ ਦੇਂਦੀ ਹੈ, ਗੁਰੂ ਦੀ ਖ਼ੁਸ਼ੀ ਹਾਸਲ ਕਰਨ ਹਿੱਤ। ਮੋਦੀ ਸਰਕਾਰ ਨੇ ਤਿੰਨ ਅਜਿਹੇ ਕਾਨੂੰਨ ਬਣਾਏ ਜਿਨ੍ਹਾਂ ਨਾਲ ਅਗਲੇ ਪੰਜ ਤੋਂ 10 ਸਾਲਾਂ ਵਿਚ ਕਿਰਸਾਨ ਘਾਟੇ ਖਾ ਕੇ, ਦੁਖੀ ਹੋ ਕੇ ਆਪ ਹੀ ਅਪਣੀਆਂ ਜ਼ਮੀਨਾਂ ਵੇਚਣ ਲੱਗ ਜਾਣਗੇ ਤੇ ਕਾਰਪੋਰੇਟ ਘਰਾਣੇ ਉਹ ਜ਼ਮੀਨਾਂ ਫਿਰ ਅਸਾਨੀ ਨਾਲ ਖ਼ਰੀਦ ਲੈਣਗੇ। ਉਹੀ ਕਿਸਾਨ ਜੋ ਜ਼ਮੀਨਾਂ ਦਾ ਮਾਲਕ ਸੀ ਫਿਰ ਕੰਪਨੀਆਂ ਦਾ ਕੇਵਲ ਮੁਜਾਰਾ ਜਿਹਾ ਬਣ ਕੇ ਜੀਵਨ ਬਤੀਤ ਕਰਨ ਲੱਗ ਪਵੇਂਗਾ, ਜਿਥੋਂ ਉਹ ਕੇਵਲ ਰੋਟੀ-ਪਾਣੀ ਦਾ ਜੁਗਾੜ ਹੀ ਮਸਾਂ ਕਰ ਸਕੇਗਾ।
Langar
ਆਰਥਕ ਤੌਰ ਤੇ ਬਰਬਾਦ ਹੋ ਚੁਕਿਆ ਕਿਸਾਨ ਫਿਰ ਲੰਗਰਾਂ ਵਿਚ ਕੁੱਝ ਭੇਜਣ ਦੇ ਸਮਰੱਥ ਨਹੀਂ ਰਹੇਗਾ ਤੇ ਆਪੇ ਗੁਰਦਵਾਰਿਆਂ ਵਿਚ ਲੰਗਰ ਬੰਦ ਹੋ ਜਾਣਗੇ। ਦੇਹਧਾਰੀ ਗੁਰੂਆਂ ਦੇ ਚੁੰਗਲ ਵਿਚ ਫਸੇ ਲੋਕ ਅਪਣੇ-ਅਪਣੇ ਧੜੇ ਦੇ ਗੁਰੂ ਪ੍ਰਤੀ ਨਿਸ਼ਠਾਵਾਨ ਹੀ ਰਹਿਣਗੇ ਤੇ ਉਨ੍ਹਾਂ ਦੇ ਗੁਰੂ ਸਰਕਾਰੀ ਅਸ਼ੀਰਵਾਦ ਲਈ ਰੱਖਣ ਖ਼ਾਤਰ ਸਰਕਾਰ ਵਿਰੁਧ ਕੁਸਕਣੇ ਹੀ ਨਹੀਂ, ਸਗੋਂ ਸੰਭਵ ਹੈ ਚੇਲਿਆਂ ਨੂੰ ਇਹ ਉਪਦੇਸ਼ ਦੇਣ ਕਿ ਹੁਣ ਤੁਸੀ ਭਜਨ ਦਾ ਟਾਈਮ ਢਾਈ ਘੰਟੇ ਤੋਂ ਵਧਾ ਕੇ ਪੰਜ ਘੰਟੇ ਕਰ ਦਿਉ। ਚਿੜੀਆਂ ਦੀ ਚੂੰ-ਚੂੰ/ਝਰਨੇ ਦੀ ਆਵਾਜ਼ ਨੂੰ ਵੱਧ ਤੋਂ ਵੱਧ ਸੁਣਨ ਦਾ ਯਤਨ ਕਰੋ, ਬਸ ਜਲਦੀ ਹੀ ਤੁਸੀ ਸਚਖੰਡ ਪਹੁੰਚੇ ਸਮਝੋ ਜਿਥੇ ਕੋਈ ਦੁਖ ਤੁਹਾਨੂੰ ਨਹੀਂ ਸਤਾਵੇਗਾ। ਧੜਿਆਂ ’ਚ ਵੰਡੇ ਚੇਲੇ ਅਗਿਆਨਤਾ ਵਸ ਅਪਣੇ-ਅਪਣੇ ਗੁਰੂ ਦੀ ਜਲਦੀ ਮਿਹਰ ਹਾਸਲ ਕਰਨ ਵਲ ਤੁਰ ਪੈਣਗੇ, ਗੁਰੂ ਵੀ ਅਪਣੀ ਇਸ ਮਹਾਨ ਕਲਾ ਦੇ ਆਸਰੇ ਭਗਤਾਂ ਨੂੰ ਲਾਰਿਆਂ ’ਚ ਫਸਾ ਕੇ ਖ਼ੁਸ਼ੀ ਮਹਿਸੂਸ ਕਰਦੇ ਰਹਿਣਗੇ।
ਇਸੇ ਲਈ ਮੋਦੀ ਸਰਕਾਰ ਨੇ ਅਨਾਜ ਦੀ ਭੰਡਾਰਨ ਸਮਰੱਥਾ ਤੋਂ ਵੀ ਰੋਕ ਹਟਾ ਦਿਤੀ ਹੈ ਤਾਕਿ ਕਾਰਪੋਰੇਟ ਘਰਾਣੇ ਵੱਧ ਤੋਂ ਵੱਧ ਸਟਾਕ ਕਰ ਸਕਣ ਤੇ ਫਿਰ ਸਸਤੇ ਖ਼ਰੀਦੇ ਅਨਾਜ/ਵਸਤਾਂ ਦੀ ਸਪਲਾਈ ਘਟਾ ਕੇ ਰਜਵੀਂ ਮੁਨਾਫ਼ਾਖੋਰੀ ਕੀਤੀ ਜਾਵੇ। ਅਜਿਹਾ ਉਹ ਪਹਿਲਾਂ ਹੀ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਹੋਰਨਾਂ ਸੂਬਿਆਂ ਵਿਚ ਐਮ.ਐਸ.ਪੀ. ਤੋਂ ਅੱਧੇ ਭਾਅ ਤੇ ਫ਼ਸਲਾਂ ਵਿਕਵਾ ਕੇ ਕਰ ਚੁੱਕੀ ਹੈ। ਜਿਥੋਂ ਦੇ ਕਿਸਾਨ ਆਪੋ ਅਪਣੇ ਸੂਬੇ ਛੱਡ ਕੇ ਪੰਜਾਬ ’ਚ ਮਜ਼ਦੂਰੀ ਕਰਨ ਪਹੁੰਚਦੇ ਹਨ ਤੇ ਮਸਾਂ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਲਈ ਕਿਸੇ ਸਰਕਾਰ ਵਿਰੁਧ ਸੰਘਰਸ਼ ਕਰਨ ਦੀ ਸਮਰੱਥਾ ਨੂੰ ਜ਼ੀਰੋ ਕਰ ਦਿਤਾ ਗਿਆ ਹੈ ਤੇ ਕੇਵਲ ਸਰਕਾਰੀ ਤਰਸ ਤੇ ਨਿਰਭਰ ਹੋ ਕੇ ਰਹਿ ਗਏ ਹਨ।
farmer
ਇਸ ਵਕਤ ਕਿਸਾਨ ਅੰਦੋਲਨ ਪੂਰੇ ਜੋਬਨ ਤੇ ਮੋਦੀ ਸਰਕਾਰ ਨੂੰ ਘੇਰੀ ਬੈਠਾ ਹੈ, ਪੂਰੇ ਦੇਸ਼ ਦੇ ਕਿਸਾਨ ਨੂੰ ਤੇ ਬਾਕੀ ਵਰਗਾਂ ਨੂੰ ਇਕਜੁਟ ਹੋ ਕੇ ਪੂਰੇ ਦੇਸ਼ ’ਚ ਐਮ.ਐਸ.ਪੀ. ਲਾਗੂ ਕਰਵਾ ਕੇ ਹੀ ਘਰੀਂ ਮੁੜਨਾ ਚਾਹੀਦਾ ਹੈ ਕਿਉਂਕਿ ਸਾਡੇ ਦੇਸ਼ ਦੀ 70 ਤੋਂ 80 ਫ਼ੀ ਸਦੀ ਅਬਾਦੀ ਖੇਤੀ ਨਾਲ ਸਬੰਧਤ ਰੁਜ਼ਗਾਰ ਤੇ ਨਿਰਭਰ ਹੈ। ਜੇ ਇਹ ਅਬਾਦੀ ਖ਼ੁਸ਼ਹਾਲ ਹੋਵੇਗੀ ਤਾਂ ਦੇਸ਼ ਆਪੇ ਹੀ ਖੁਸ਼ਹਾਲ ਹੋ ਜਾਵੇਗਾ ਤੇ ਬਾਕੀ ਦੇ ਵਰਗ ਵੀ ਖ਼ੁਸ਼ਹਾਲੀ ਦਾ ਅਨੰਦ ਲੈ ਸਕਣਗੇ। ਜਿਥੇ ਇਸ ਵੇਲੇ ਕਿਸਾਨ ਜਥੇਬੰਦੀਆਂ ’ਚ ਪੂਰਨ ਏਕਤਾ ਤੇ ਦ੍ਰਿੜਤਾ ਦੀ ਸਖ਼ਤ ਲੋੜ ਹੈ, ਉਥੇ ਹੀ ਬਾਕੀ ਦੇ ਵਰਗਾਂ ਦੇ ਲੋਕਾਂ ਨੂੰ ਸੰਗਠਤ ਰੂਪ ਵਿਚ ਅੱਗੇ ਆ ਕੇ ਕਿਸਾਨਾਂ ਦੇ ਇਸ ਵਿਲੱਖਣ ਸੰਘਰਸ਼ ’ਚ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ ਤਾਕਿ ਪੂਰੇ ਭਾਰਤ ਦੇ ਲੋਕ ਗ਼ਰੀਬੀ (ਜੋ ਕਿ ਇਕ ਸ਼ਰਾਪ ਬਣੀ ਹੋਈ ਹੈ) ਵਿਚੋਂ ਸਫ਼ਲਤਾ ਪੂਰਵਕ ਬਾਹਰ ਨਿਕਲ ਸਕਣ ਤੇ ਖ਼ੁਸ਼ਹਾਲੀ ਭਰਿਆ ਜੀਵਨ ਜੀਅ ਸਕਣ। ਬਾਬਾ ਨਾਨਕ ਅਪਣੇ ਕਿਸਾਨੀ ਭਾਈਚਾਰੇ ਦੀ ਖ਼ੁਦ ਬਾਂਹ ਫੜ ਕੇ ਕਿਸਾਨੀ ਨੂੰ ਬਚਾਅ ਲਵੇ।
(ਕੁਲਦੀਪ ਸਿੰਘ
ਸੰਪਰਕ : 94630-59296)