ਪਾਕਿਸਤਾਨੀ ਪੰਜਾਬ ਵਿਚ ਕੋਈ ਸਿੱਖ ਫ਼ਿਰਕਾ ਕਦੇ ਵੀ 'ਜਰਾਇਮ ਪੇਸ਼ਾ' ਨਹੀਂ ਸੀ ਐਲਾਨਿਆ ਗਿਆ
Published : Sep 30, 2017, 9:37 pm IST
Updated : Sep 30, 2017, 4:07 pm IST
SHARE ARTICLE

ਸਿੱਖ ਇਕ ਨਵੇਂ ਧਰਮ ਵਾਲੀ ਤੇ ਫਿਰ ਇਕ ਜੰਗਜੂ ਕੌਮ ਬਣ ਕੇ ਦੁਨੀਆਂ ਸਾਹਮਣੇ ਆਈ ਤਾਂ ਦੋਹਾਂ ਖੇਤਰਾਂ ਵਿਚ ਇਸ ਉਤੇ, ਪੁਰਾਣੀ ਸਥਾਪਤੀ ਵਲੋਂ ਕਈ ਪ੍ਰਕਾਰ ਦੇ ਦੋਸ਼ ਲਗਣੇ ਹੀ ਸਨ ਜੋ ਲੱਗੇ ਵੀ। ਪਰ ਆਜ਼ਾਦੀ ਤੋਂ ਬਾਅਦ ਜਦ ਭਾਰਤ ਸਰਕਾਰ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਸਰਕੂਲਰ ਜਾਰੀ ਕੀਤਾ ਕਿ ਪਾਕਿਸਤਾਨ ਵਾਲੇ ਪਾਸਿਉਂ ਹਿਜਰਤ ਕਰ ਕੇ ਆਉਣ ਵਾਲੇ 'ਜਰਾਇਮ ਪੇਸ਼ਾ' ਸਿੱਖਾਂ ਉਤੇ ਖ਼ਾਸ ਨਜ਼ਰ ਰੱਖੀ ਜਾਏ ਤਾਂ ਸਿੱਖ ਹੈਰਾਨ ਜ਼ਰੂਰ ਹੋਏ ਕਿ ਉਨ੍ਹਾਂ ਵਿਚ ਕਿਹੜਾ ਫ਼ਿਰਕਾ ਹੈ ਜਿਸ ਨੂੰ ਕਦੇ 'ਆਦੀ ਮੁਜਰਮ' ਜਾਂ 'ਜਰਾਇਮ ਪੇਸ਼ਾ' ਕਰਾਰ ਦਿਤਾ ਗਿਆ ਹੋਵੇ?

ਆਦਤ ਅਨੁਸਾਰ, ਸਿੱਖਾਂ ਨੇ ਜ਼ੋਰਦਾਰ ਰੋਸ ਪ੍ਰਗਟ ਕੀਤਾ। ਇਕ ਡਿਪਟੀ ਕਮਿਸ਼ਨਰ ਸ. ਕਪੂਰ ਸਿੰਘ ਨੇ ਇਸ ਸਰਕੂਲਰ ਨੂੰ ਚੁਨੌਤੀ ਦਿਤੀ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਵੀ ਬੇਦਖ਼ਲ ਕਰ ਦਿਤਾ ਗਿਆ। ਹਮੇਸ਼ਾ ਵਾਂਗ, ਰੋਸ ਪ੍ਰਗਟ ਕਰ ਕੇ ਸਿੱਖ ਚੁੱਪ ਹੋ ਗਏ ਪਰ ਕਿਸੇ ਵਿਦਵਾਨ, ਖੋਜੀ ਜਾਂ ਲੇਖਕ ਨੇ ਇਕ ਕਿਤਾਬ ਲਿਖ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਨਾ ਕੀਤੀ ਕਿ ਸਿੱਖ ਤਾਂ ਕਦੇ 'ਜਰਾਇਮ ਪੇਸ਼ਾ' ਲੋਕਾਂ ਵਿਚ ਸ਼ਾਮਲ ਹੀ ਨਹੀਂ ਸਨ ਕੀਤੇ ਗਏ ਜਦਕਿ ਕਈ ਮੁਸਲਮਾਨ ਅਤੇ ਹਿੰਦੂ ਕਬੀਲੇ, ਕਾਨੂੰਨੀ ਤੌਰ ਤੇ 'ਜਰਾਇਮ ਪੇਸ਼ਾ' ਘੋਸ਼ਿਤ ਕੀਤੇ ਗਏ ਸਨ।

ਹੁਣ ਇੰਗਲੈਂਡ ਵਿਚ ਪੀ.ਐਚ.ਡੀ. ਕਰਦੇ ਇਕ ਪੰਜਾਬੀ ਖੋਜੀ ਗ਼ੁਲਾਮ ਮੁਸਤਫ਼ਾ ਡੋਗਰ ਨੇ ਇਕ ਇਹ ਥੀਸਿਸ ਲਿਖ ਕੇ (ਜੋ ਲਾਹੌਰ ਤੋਂ ਛਪੀ ਇਕ ਕਿਤਾਬ ਵਿਚ ਵੀ ਦਰਜ ਹੈ) ਉਹ ਕੁੱਝ ਸਾਬਤ ਕੀਤਾ ਹੈ ਜੋ ਸਿੱਖ ਸਕਾਲਰਾਂ ਅਤੇ ਸਿੱਖ ਸੰਸਥਾਵਾਂ ਨੂੰ ਕਰਨਾ ਚਾਹੀਦਾ ਸੀ¸ਅਰਥਾਤ ਸਿੱਖਾਂ ਦਾ ਕੋਈ ਫ਼ਿਰਕਾ ਕਦੇ ਵੀ 'ਜਰਾਇਮ ਪੇਸ਼ਾ' ਨਹੀਂ ਰਿਹਾ। ਇਤਿਹਾਸ, ਗ਼ੁਲਾਮ ਮੁਸਤਫ਼ਾ ਜੀ ਦਾ ਵਿਸ਼ਾ ਕਦੇ ਵੀ ਨਹੀਂ ਰਿਹਾ ਤੇ ਉਹ ਆਰਥਕ ਮਾਮਲਿਆਂ ਦੇ ਵਿਦਿਆਰਥੀ ਰਹੇ ਹਨ। ਪਰ ਪੰਜਾਬ ਲਈ ਮਨ ਵਿਚ ਉਪਜੇ ਪਿਆਰ ਸਦਕਾ, ਉਨ੍ਹਾਂ ਇਹ ਖੋਜ ਕੀਤੀ ਤੇ ਇਸ ਨਤੀਜੇ ਉਤੇ ਪਹੁੰਚੇ ਕਿ ਸਿੱਖਾਂ ਦਾ ਤਾਂ ਕੋਈ ਫ਼ਿਰਕਾ ਵੀ ਕਦੇ 'ਜਰਾਇਮ ਪੇਸ਼ਾ' ਐਲਾਨਿਆ ਹੀ ਨਹੀਂ ਸੀ ਗਿਆ। ਅਸੀ ਇਸ ਲੇਖ ਨੂੰ ਕਿਸ਼ਤਵਾਰ ਛਾਪਣਾ ਸ਼ੁਰੂ ਕਰ ਰਹੇ ਹਾਂ।  -ਸੰਪਾਦਕ

ਵਿਸ਼ਵ 'ਚ ਬਹੁਤ ਸਾਰੀਆਂ ਕੌਮਾਂ ਵੱਖ-ਵੱਖ ਥਾਵਾਂ ਤੇ ਰਹਿੰਦੀਆਂ ਹਨ। ਇਨ੍ਹਾਂ 'ਚੋਂ ਪੋਟਿਆਂ ਤੇ ਗਿਣਨਯੋਗ ਕੌਮਾਂ ਹੀ ਹਨ, ਜਿਨ੍ਹਾਂ ਨੇ ਬੜੀ ਸ਼ਿੱਦਤ, ਦਲੇਰੀ ਅਤੇ ਬਹਾਦਰੀ ਨਾਲ ਅਪਣੇ ਦੇਸ਼ ਦੀ ਆਬਰੂ ਬਰਕਰਾਰ ਰੱਖਣ ਲਈ ਅਪਣਾ ਸੱਭ ਕੁੱਝ ਵਾਰ ਦਿਤਾ। ਇਨ੍ਹਾਂ ਕੌਮਾਂ 'ਚ ਸਿੱਖ ਕੌਮ ਦਾ ਸ਼ੁਮਾਰ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਚ ਸਿਖਰਲੇ ਸਥਾਨ ਤੇ ਹੈ। ਜਦੋਂ ਵੀ ਦੇਸ਼ ਨੂੰ ਕੁਰਬਾਨੀਆਂ ਦੀ ਲੋੜ ਪਈ ਹੈ, ਸਿੱਖਾਂ ਨੇ ਇਸ 'ਚ ਵੱਧ-ਚੜ੍ਹ ਕੇ ਹਿੱਸਾ ਪਾਇਆ ਹੈ, ਭਾਵੇਂ ਉਹ ਮੁਗ਼ਲ ਦੌਰ ਹੋਵੇ ਜਾਂ ਬ੍ਰਿਟਿਸ਼ ਦੌਰ। ਮੁਗ਼ਲਾਂ ਨੇ ਤਾਂ ਸਿੱਖਾਂ ਦੇ ਸਿਰਾਂ ਦੇ ਮੁਲ ਪਾ ਕੇ ਵੀ ਵੇਖ ਲਏ ਪਰ ਸਿੱਖ ਕੌਮ ਨੂੰ ਖ਼ਤਮ ਨਹੀਂ ਕਰ ਸਕੇ ਸਗੋਂ ਸਿੱਖ ਕੌਮ ਹਮੇਸ਼ਾ ਚੜਦੀ ਕਲ੍ਹਾ 'ਚ ਰਹਿ ਕੇ ਹੋਰ ਵੀ ਦੂਣ ਸਵਾਈ ਹੋਈ। ਮੀਰ ਮੰਨੂ ਦੇ ਵੇਲੇ ਤਾਂ ਇਹ ਕਹਾਵਤ ਪ੍ਰਚਲਤ ਰਹੀ ਹੈ ਕਿ:
ਮੰਨੂ ਸਾਡੀ ਦਾਤਰੀ ਅਸੀ ਮੰਨੂ ਦੇ ਸੋਏ,  
ਜਿਉਂ ਜਿਉਂ ਸਾਨੂੰ ਵਢਦਾ ਅਸੀ ਦੂਣ ਸਵਾਏ ਹੋਏ।
ਬ੍ਰਿਟਿਸ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਸੱਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੇ ਨਾਂ ਤੇ ਦਰਜ ਹਨ ਜਦਕਿ ਸਿੱਖਾਂ ਦੀ ਗਿਣਤੀ ਦੂਜੀਆਂ ਕੌਮਾਂ ਦੇ ਮੁਕਾਬਲੇ ਆਟੇ 'ਚ ਲੂਣ ਮਾਤਰ ਹੀ ਸੀ। ਸਿੱਖਾਂ ਦੀਆਂ ਕੀਤੀਆਂ ਕੁਰਬਾਨੀਆਂ ਦਾ ਅਜੇ ਤਕ ਕਿਸੇ ਵੀ ਹਕੂਮਤ ਨੇ ਮੁੱਲ ਨਹੀਂ ਪਾਇਆ, ਉਲਟਾ ਸਿੱਖ ਕੌਮ ਨੂੰ ਹਮੇਸ਼ਾ ਹਾਸ਼ੀਏ ਤੇ ਧੱਕਣ ਦੀਆਂ ਸਾਜ਼ਸ਼ਾਂ ਹੀ ਘੜੀਆਂ ਜਾਂਦੀਆਂ ਰਹੀਆਂ ਹਨ ਅਤੇ ਅਜੇ ਵੀ ਲਗਾਤਾਰ ਜਾਰੀ ਹਨ।

ਸਿੱਖ ਜਰਾਇਮ ਪੇਸ਼ਾ ਸਨ ਜਾਂ ਨਹੀਂ?
ਇੰਗਲੈਂਡ 'ਚ ਮੇਰੇ ਕੁੱਝ ਸਿੱਖ ਦੋਸਤ ਹਨ, ਜਿਨ੍ਹਾਂ ਨਾਲ ਅਕਸਰ ਹੀ ਮੇਰੀ ਇਤਿਹਾਸ ਦੇ ਹਵਾਲੇ ਨਾਲ ਚਰਚਾ ਹੁੰਦੀ ਰਹਿੰਦੀ ਹੈ। ਉਨ੍ਹਾਂ ਤੋਂ ਹੀ ਸਿੱਖ ਕੌਮ ਬਾਰੇ ਮੈਨੂੰ ਇਹ ਜਾਣਕਾਰੀ ਮਿਲੀ ਕਿ 1947 'ਚ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਭਾਰਤੀ ਹਕੂਮਤ ਵਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਵਿਰੋਧ 'ਚ ਸਿੱਖ ਨੇਤਾ ਸਰਦਾਰ ਕਪੂਰ ਸਿੰਘ ਹੋਰਾਂ ਨੇ ਇਕ ਪੈਂਫ਼ਲਿਟ ਛਾਪਿਆ, ਜਿਸ 'ਚ ਉਨ੍ਹਾਂ ਭਾਰਤੀ ਹਕੂਮਤ ਨੂੰ ਅਜਿਹਾ ਕਰਨ ਤੋਂ ਵਰਜਿਆ ਸੀ। ਮੇਰਾ ਇਸ ਲੇਖ ਨੂੰ ਲਿਖਣ ਦਾ ਮਨੋਰਥ ਇਹ ਸਾਬਤ ਕਰਨਾ ਨਹੀਂ ਕਿ ਜੋ ਸਮੇਂ ਦੀ ਸਰਕਾਰ ਕਰ ਰਹੀ ਸੀ ਉਹ ਠੀਕ ਸੀ ਜਾਂ ਗ਼ਲਤ।


ਮੇਰਾ ਮਕਸਦ ਇਹ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਅੰਗਰੇਜ਼ੀ ਰਾਜ ਦੌਰਾਨ ਕਿਸੇ ਕਬੀਲੇ ਜਾਂ ਲੋਕਾਂ ਨੂੰ ਜਰਾਇਮ ਪੇਸ਼ਾ ਕਰਾਰ ਦੇਣ ਦਾ ਮਕਸਦ ਕੀ ਸੀ? ਇਸ ਕੰਮ ਲਈ ਕਿਹੜੇ ਢੰਗ ਅਤੇ ਤਰੀਕੇ ਵਰਤੇ ਜਾਂਦੇ ਸਨ ਤੇ ਉਸ ਸਮੇਂ ਸਮਾਜ 'ਚ ਕਿਹੜੇ-ਕਿਹੜੇ ਜਰਾਇਮ ਵੱਡੀ ਮਾਤਰਾ 'ਚ ਹੋ ਰਹੇ ਸਨ। ਉੱਪਰ ਸਿੱਖਾਂ ਦੇ ਹਵਾਲੇ ਨਾਲ ਜਿਹੜੀ ਗੱਲ ਸ਼ੁਰੂ ਕੀਤੀ ਹੈ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦਿਤਾ ਗਿਆ ਸੀ ਕਿ ਨਹੀਂ, ਇਸ ਗੱਲ ਨਾਲ ਮੈਨੂੰ ਕੋਈ ਹਰਜ ਨਹੀਂ। ਪਰ ਮੈਂ ਜੋ ਤੱਥ ਅਤੇ ਅੰਕੜੇ ਜਰਾਇਮ ਪੇਸ਼ਾ ਹੋਣ ਦੇ ਹਵਾਲੇ ਨਾਲ ਸਾਂਝੇ ਕਰਨੇ ਹਨ,  ਉਨ੍ਹਾਂ ਦੇ ਆਧਾਰ ਤੇ ਤੁਸੀ ਖ਼ੁਦ ਫੈਸਲਾ ਕਰਨਾ ਹੈ ਕਿ ਬ੍ਰਿਟਿਸ਼ ਬਸਤੀਵਾਦੀਆਂ ਤੋਂ ਆਜ਼ਾਦੀ ਪ੍ਰਾਪਤ ਹੋਣ ਤੋਂ ਬਾਅਦ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕਰਾਰ ਦੇਣਾ ਕਿਤੇ ਉਨ੍ਹਾਂ ਨਾਲ ਜ਼ਿਆਦਤੀ ਤਾਂ ਨਹੀਂ ਸੀ? 

ਇਸ ਬਾਬਤ ਮੈਂ ਤੁਹਾਨੂੰ ਇਕ ਕਿੱਸਾ ਸੁਣਾਉਂਦਾ ਹਾਂ। ਕਿਸੇ ਪਿੰਡ 'ਚ ਕੋਈ ਆਦਮੀ ਰਹਿੰਦਾ ਸੀ। ਚੜ੍ਹਦੀ ਜਵਾਨੀ 'ਚ ਉਸ ਦਾ ਵਿਆਹ ਨਾ ਹੋਇਆ। ਉਸ ਦੀ ਉਮਰ ਜ਼ਿਆਦਾ ਹੋ ਗਈ। ਦਾੜ੍ਹੀ 'ਚ ਕਾਲੇ ਵਾਲਾਂ ਦੀ ਤੁਲਨਾ 'ਚ ਚਿੱਟੇ ਵਾਲਾਂ ਦੀ ਭਰਮਾਰ ਹੋ ਗਈ। ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਰਿਸ਼ਤਾ ਹੋ ਗਿਆ। ਉਸ ਨੇ ਅਪਣੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿਤੀ। ਉਸ ਨੂੰ ਖ਼ਿਆਲ ਆਇਆ ਕਿ ਉਸ ਦੀ ਦਾੜ੍ਹੀ 'ਚ ਕਾਫ਼ੀ ਵਾਲ ਚਿੱਟੇ ਹੋ ਗਏ ਨੇ, ਕਿਉਂ ਨਾ ਇਨ੍ਹਾਂ ਨੂੰ ਨਾਈ ਤੋਂ ਕਢਵਾ ਲਿਆ ਜਾਵੇ? ਉਸ ਵਕਤ ਵਾਲਾਂ ਨੂੰ ਕਾਲੇ ਕਰਨ ਦਾ ਰਿਵਾਜ ਨਹੀਂ ਸੀ ਜਾਂ ਕਹਿ ਸਕਦੇ ਹਾਂ ਕਿ ਵਾਲਾਂ ਨੂੰ ਰੰਗਣ ਲਈ ਕੋਈ ਸਮਾਨ ਨਹੀਂ ਸੀ ਹੁੰਦਾ।

ਉਹ ਮੁਹੱਲੇ ਵਿਚਲੇ ਨਾਈ ਕੋਲ ਗਿਆ ਅਤੇ ਆਖਣ ਲੱਗਾ, ''ਮੇਰਾ ਵਿਆਹ ਹੋਣ ਵਾਲਾ ਹੈ ਤੇ ਤੂੰ ਇਸ ਤਰ੍ਹਾਂ ਕਰ ਕਿ ਮੇਰੀ ਦਾੜ੍ਹੀ ਵਿਚਲੇ ਚਿੱਟੇ ਵਾਲ ਜਾਂ ਤਾਂ ਮੋਚਨੇ ਨਾਲ ਪੁੱਟ ਦੇ ਜਾਂ ਕੈਂਚੀ ਨਾਲ ਕਟ ਦੇ।'' ਅਸੀ ਜਾਣਦੇ ਹਾਂ ਕਿ ਨਾਈ ਬੜੀ ਚਲਾਕ ਕੌਮ ਹੈ ਕਿਉਂਕਿ ਇਨ੍ਹਾਂ ਕੋਲ ਵਣ-ਵਣ ਦੇ ਲੋਕ ਹਜਾਮਤ ਕਰਵਾਉਣ ਲਈ ਆਉਂਦੇ ਹਨ।  ਨਾਈ ਨੇ ਵੇਖਿਆ ਕਿ ਇਸ ਦੀ ਦਾੜ੍ਹੀ 'ਚ ਏਨੇ ਜ਼ਿਆਦਾ ਚਿੱਟੇ ਵਾਲ ਹਨ, ਜਿਸ ਨਾਲ ਉਸ ਦਾ ਕਾਫ਼ੀ ਜ਼ਿਆਦਾ ਵਕਤ ਖ਼ਰਾਬ ਹੋ ਜਾਵੇਗਾ। ਨਾਈ ਨੇ ਉਸਤਰਾ ਫੜਿਆ ਅਤੇ ਉਸ ਨੇ ਸਾਰੀ ਦਾੜ੍ਹੀ ਹੀ ਮੁੰਨ ਕੇ ਉਸ ਵਿਅਕਤੀ ਦੀ ਤਲੀ ਤੇ ਰੱਖ ਦਿਤੀ ਤੇ ਆਖਣ ਲੱਗਾ, ''ਮੇਰੇ ਕੋਲ ਏਨਾ ਸਮਾਂ ਨਹੀਂ, ਤੂੰ ਆਪ ਹੀ ਚਿੱਟੇ ਵਾਲ ਕੱਢ ਲੈ।'' ਇਸ ਤਰ੍ਹਾਂ ਹੀ ਮੈਂ ਪਾਠਕਾਂ ਸਾਹਮਣੇ ਤੱਥ ਅਤੇ ਅੰਕੜੇ ਕੱਢ ਕੇ ਧਰ ਦੇਣੇ ਹਨ ਅਤੇ ਫ਼ੈਸਲਾ ਤੁਸੀ ਖ਼ੁਦ ਕਰਨਾ ਹੈ ਕਿ ਸਿੱਖ ਜਰਾਇਮ ਪੇਸ਼ਾ ਸਨ ਕਿ ਨਹੀਂ। ਇਸ ਲੇਖ 'ਚ ਸਾਰੀ ਗੱਲ ਤਾਰੀਖ਼ (ਇਤਿਹਾਸ) ਦੇ ਹਵਾਲੇ ਨਾਲ ਹੀ ਹੋਵੇਗੀ ਜਿਹੜੀ ਬਕਾਇਦਾ ਰੀਕਾਰਡ 'ਚ ਦਰਜ ਹੈ।

ਜਰਾਇਮ ਪੇਸ਼ਾ ਕਰਾਰ ਦੇਣ ਦੇ ਨਿਯਮ
ਕਿਸੇ ਕਬੀਲੇ ਜਾਂ ਲੋਕਾਂ ਦੇ ਸਮੂਹ ਨੂੰ ਜਰਾਇਮ ਪੇਸ਼ਾ ਐਲਾਨ ਕਰਨ ਲਈ ਬਣਾਏ ਗਏ ਨਿਯਮਾਂ ਅਧੀਨ ਹੀ ਕੰਮ ਲਿਆ ਜਾਂਦਾ ਸੀ। ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਅੰਗਰੇਜ਼ ਕਿਸੇ ਕਬੀਲੇ ਨੂੰ ਕਹਿਣ ਕਿ ਤੁਸੀ ਜਰਾਇਮ ਪੇਸ਼ਾ ਹੋ ਤੇ ਉਹ ਕਬੀਲਾ ਜਰਾਇਮ ਪੇਸ਼ਾ ਹੋ ਗਿਆ ਅਤੇ ਕਿਸੇ ਕਬੀਲੇ ਨੂੰ ਕਹਿਣ ਕਿ ਤੁਸੀ ਜਰਾਇਮ ਪੇਸ਼ਾ ਨਹੀਂ ਹੋ ਤੇ ਉਹ ਕਬੀਲਾ ਜਰਾਇਮ ਪੇਸ਼ਾ ਸੂਚੀ 'ਚੋਂ ਨਿਕਲ ਗਿਆ। ਅੰਗਰੇਜ਼ ਬਾਦਸ਼ਾਹਾਂ ਵਾਂਗ ਕੰਮ ਨਹੀਂ ਸਨ ਕਰਦੇ ਜਿਨ੍ਹਾਂ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਹੀ ਕਾਨੂੰਨ ਹੋ ਜਾਇਆ ਕਰਦੇ ਸਨ। ਉਹ ਪਹਿਲਾਂ ਕਾਨੂੰਨ ਪਾਸ ਕਰਦੇ ਸਨ ਅਤੇ ਫਿਰ ਸਬੰਧਤ ਕਾਨੂੰਨ ਨੂੰ ਲਾਗੂ ਕਰਦੇ ਸਨ। ਇਨ੍ਹਾਂ ਕਾਨੂੰਨਾਂ ਕਰ ਕੇ ਹੀ ਉਹ ਏਨੀਆਂ ਸਦੀਆਂ ਹਿੰਦੋਸਤਾਨ ਉਤੇ ਹਕੂਮਤ ਕਰਨ 'ਚ ਕਾਮਯਾਬ ਰਹੇ।

ਮੈਂ ਜਰਾਇਮ ਪੇਸ਼ਾ ਐਲਾਨੇ ਜਾਣ ਦੇ ਢੰਗ ਤਰੀਕਿਆਂ ਨਾਲ ਸਬੰਧਤ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ, ਜਿਨ੍ਹਾਂ ਤੋਂ ਮੈਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਇਹ ਸੱਭ ਕੁੱਝ ਸਬੰਧਤ ਕਾਨੂੰਨ ਅਨੁਸਾਰ ਹੀ ਹੁੰਦਾ ਸੀ। ਮਿਸਟਰ ਫ਼ੈਨੀ ਪਾਰਕਸ, ਜੋ ਇਕ ਅੰਗਰੇਜ਼ ਅਧਿਕਾਰੀ ਸੀ, ਨੇ ਇਕ ਕਿਤਾਬ ਲਿਖੀ, ਜਿਸ ਦਾ ਨਾਂ ਹੈ 'ਵਾਂਡਰਿੰਗਜ਼ ਆਫ਼ ਏ ਪਿਲਗਰਿਮ ਇਨ ਸਰਚ ਆਫ਼ ਦੀ ਪਿਕਚਰਸਕਿਊ' ਜੋ 1840 ਈਸਵੀ 'ਚ ਪ੍ਰਕਾਸ਼ਤ ਹੋਈ ਅਤੇ ਇਸ ਵਿਸ਼ੇ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਅੰਗਰੇਜ਼ ਜਰਾਇਮ ਦੀਆਂ ਸਾਲਾਨਾ ਰੀਪੋਰਟਾਂ ਵੀ ਛਾਪਦੇ ਸਨ। ਉਨ੍ਹਾਂ ਕੋਲ ਇਕ ਸੂਚੀ ਹੁੰਦੀ ਸੀ ਜਿਸ 'ਚ ਇਸ਼ਤਿਹਾਰੀ ਜੁਰਮ ਕਰਨ ਵਾਲਿਆਂ ਦੇ ਨਾਂ ਦਰਜ ਹੁੰਦੇ ਸਨ। ਇਨ੍ਹਾਂ ਰੀਪੋਰਟਾਂ 'ਚੋਂ ਜੁਰਮ ਛੱਡ ਦੇਣ ਵਾਲੇ ਅਤੇ ਮਰ ਚੁੱਕੇ ਆਦਮੀਆਂ ਦੇ ਨਾਂ ਕੱਟ ਦਿਤੇ ਜਾਂਦੇ ਸਨ। ਹੁਣ ਵੀ ਭਾਰਤ ਅਤੇ ਪਾਕਿਸਤਾਨ ਦੇ ਥਾਣਿਆਂ 'ਚ ਇਵੇਂ ਹੀ ਹੁੰਦਾ ਹੈ। ਆਉ ਹੁਣ ਅਸੀ ਉਸ ਵੇਲੇ ਦੇ ਉਨ੍ਹਾਂ ਹਾਲਾਤ ਵਲ ਵੇਖਦੇ ਹਾਂ ਜਿਨ੍ਹਾਂ ਕਰ ਕੇ ਅੰਗਰੇਜ਼ਾਂ ਨੂੰ ਜਰਾਇਮ ਪੇਸ਼ਾ ਲੋਕਾਂ ਨਾਲ ਸਬੰਧਤ ਇਹ ਕਾਨੂੰਨ ਬਣਾਉਣਾ ਪਿਆ।

ਸ਼ੁਰੂਆਤ ਠੱਗ ਕਬੀਲਿਆਂ ਤੋਂ
ਅੰਗਰੇਜ਼ਾਂ ਦੇ ਇੱਥੇ ਆਉਣ ਤੇ ਜੁਰਮ ਅਪਣੀ ਸਿਖਰ ਸੀਮਾ ਉਤੇ ਸੀ।  ਇਨ੍ਹਾਂ ਜੁਰਮਾਂ 'ਚੋਂ ਠੱਗੀ ਇਕ ਵੱਡਾ ਜੁਰਮ ਸੀ। ਠੱਗ ਤਾਂ ਭਾਵੇਂ ਮੌਜੂਦਾ ਦੌਰ 'ਚ ਵੀ ਹਨ ਪਰ ਹੁਣ ਠੱਗੀ ਦਾ ਢੰਗ ਤਰੀਕਾ ਬਦਲ ਗਿਆ ਹੈ। ਪਰ ਉਸ ਵੇਲੇ ਠੱਗੀ ਦੀਆਂ ਬੜੀ ਦੂਰ-ਦੂਰ ਤਕ ਧੁੰਮਾਂ ਸਨ। ਠੱਗਾਂ ਦੇ ਵੱਡੇ-ਵੱਡੇ ਜਥੇ ਹੁੰਦੇ ਸਨ ਜਿਹੜੇ ਮਿਲ ਕੇ ਠੱਗੀ ਦੇ ਕੰਮ ਨੂੰ ਅੰਜਾਮ ਦਿੰਦੇ ਸਨ। ਠੱਗਾਂ ਦੇ ਗਰੋਹ ਦਾ ਇਕ ਮੁਖੀਆ ਹੁੰਦਾ ਸੀ ਜਿਸ ਨੂੰ ਸਰਦਾਰ ਆਖਿਆ ਜਾਂਦਾ ਸੀ। ਠੱਗੀ ਕਰਨ ਦਾ ਇਨ੍ਹਾਂ ਦਾ ਅਪਣਾ ਹੀ ਢੰਗ ਹੁੰਦਾ ਸੀ। ਇਹ ਜ਼ੋਰ ਜ਼ਬਰਦਸਤੀ ਨਾਲ ਠੱਗੀ ਨਹੀਂ ਸਨ ਮਾਰਦੇ। ਠੱਗੀ ਮਾਰਨ 'ਚ ਜ਼ਿਆਦਾ ਰੋਲ ਜ਼ੁਬਾਨ ਅਤੇ ਅਦਾਕਾਰੀ ਦਾ ਹੁੰਦਾ ਸੀ। ਇਹ ਬੰਦੇ ਦਾ ਕਤਲ ਇਸ ਤਰ੍ਹਾਂ ਕਰਦੇ ਸਨ ਕਿ ਕਿਸੇ ਸਬੂਤ ਦਾ ਨਾਮੋ-ਨਿਸ਼ਾਨ ਵੀ ਪਿੱਛੇ ਨਹੀਂ ਸੀ ਰਹਿੰਦਾ।

ਇਹ ਪਤਾ ਹੀ ਨਹੀਂ ਸੀ ਚਲਦਾ ਕਿ ਕਤਲ ਕੌਣ ਕਰ ਗਿਆ। ਠੱਗਾਂ ਦੀਆਂ ਟੋਲੀਆਂ 'ਚ ਔਰਤਾਂ ਵੀ ਹੁੰਦੀਆਂ ਸਨ। ਇਨ੍ਹਾਂ ਔਰਤਾਂ ਦਾ ਮੁੱਖ ਕੰਮ ਠੱਗਣ ਲਈ ਮਾਲਦਾਰ ਸ਼ਿਕਾਰ ਨੂੰ ਲਭਣਾ ਹੁੰਦਾ ਸੀ। ਉਸ ਵਕਤ ਲੋਕ ਕਾਫ਼ਲਿਆਂ ਦੀ ਸ਼ਕਲ 'ਚ ਸਫ਼ਰ ਕਰਦੇ ਸਨ। ਇਹ ਠੱਗ ਉਨ੍ਹਾਂ ਕਾਫ਼ਲਿਆਂ 'ਚ ਘੁਸ ਜਾਂਦੇ ਸਨ। ਇਹ ਮਾਲਦਾਰ ਸ਼ਿਕਾਰ ਨੂੰ ਘੇਰ ਕੇ ਰੁਮਾਲ ਨਾਲ ਗਲਾ ਘੁੱਟ ਕੇ ਮਾਰ ਦਿੰਦੇ ਸਨ। ਇਨ੍ਹਾਂ ਠੱਗਾਂ 'ਚ ਹਰ ਫ਼ਿਰਕੇ ਦੇ ਲੋਕ ਸ਼ਾਮਲ ਹੁੰਦੇ ਸਨ। ਅਪਣੇ ਫ਼ਿਰਕੇ ਅਨੁਸਾਰ ਹੀ ਇਨ੍ਹਾਂ ਨੇ ਠੱਗੀ ਦੇ ਅਕੀਦੇ ਬਣਾਏ ਹੋਏ ਸਨ, ਜੋ ਹਿੰਦੂ ਤੇ ਇਸਲਾਮ ਧਰਮ 'ਚੋਂ ਲਏ ਜਾਂਦੇ ਸਨ। ਇਹ ਬੁਆਣੀ ਨਾਂ ਦੀ ਦੇਵੀ ਨੂੰ ਮੰਨਦੇ ਸਨ ਅਤੇ ਉਸ ਦੇ ਨਾਂ ਦਾ ਨਾਹਰਾ ਮਾਰਦੇ ਸਨ।

ਗਵਰਨਰ ਜਨਰਲ ਲਾਰਡ ਹੇਸਟਿੰਗਜ਼ ਦੇ ਸਮੇਂ ਕਰਨਲ ਵਿਲੀਅਮ ਸਲਮਨ ਦੇ ਅਧੀਨ ਠੱਗਾਂ ਉੱਪਰ ਕਾਬੂ ਪਾਉਣ ਲਈ ਮੁਹਿੰਮ ਚਲਾਈ ਗਈ। ਉਸ ਨੇ 1840 ਈ. 'ਚ ਅਪਣੀ ਰੀਪੋਰਟ ਪੇਸ਼ ਕੀਤੀ ਜਿਸ ਦਾ ਨਾਂ ਸੀ 'ਰੀਪੋਰਟਸ ਆਨ ਦ ਠੱਗਜ਼' ਭਾਵ ਕਿ ਠੱਗਾਂ ਦੇ ਗੈਂਗਾਂ ਬਾਰੇ ਰੀਪੋਰਟ। ਇਹ ਰੀਪੋਰਟ ਕਲਕੱਤਾ ਵਿਖੇ ਪ੍ਰਕਾਸ਼ਤ ਹੋਈ। ਜਾਰਜ ਪ੍ਰਿੰਸ ਵੀ ਅਪਣੀ ਕਿਤਾਬ ਦੀ 'ਸਟਰੈਂਗਲਰਜ਼' 'ਚ ਠੱਗਾਂ ਦੇ ਕਾਰਨਾਮਿਆਂ ਦਾ ਜ਼ਿਕਰ ਕਰਦਾ ਹੈ। 'ਸਟਰੈਂਗਲਰਜ਼' ਦਾ ਮਤਲਬ ਹੁੰਦਾ ਹੈ ਗਲਾ ਘੁੱਟ ਕੇ ਮਾਰਨ ਵਾਲੇ। ਇਹ ਕਿਤਾਬ 1841 ਈ. 'ਚ ਲਿਖੀ ਗਈ। ਇਸ 'ਚ ਲਿਖਿਆ ਮਿਲਦਾ ਹੈ ਕਿ ਉਸ ਸਮੇਂ ਦੇ ਠੱਗ ਖ਼ੁਦ ਇੰਕਸ਼ਾਫ਼ ਕਰਦੇ ਸਨ ਕਿ ਉਸ ਨੇ ਕਿੰਨੇ ਬੰਦਿਆਂ ਦਾ ਕਤਲ ਕੀਤਾ ਹੈ ਜਿਵੇਂ ਕਿ ਬਹਿਰਾਮ ਠੱਗ ਆਖਦਾ ਸੀ ਕਿ ਉਸ ਨੇ 941 ਬੰਦੇ ਮਾਰੇ ਸਨ।

ਅਮੀਰ ਅਲੀ ਠੱਗ ਨੇ ਵੀ ਕਿਹਾ ਸੀ ਕਿ ਉਸ ਨੇ 900 ਤੋਂ ਉੱਪਰ ਬੰਦਿਆਂ ਦਾ ਕਤਲ ਕੀਤਾ ਹੈ। ਉਸ ਵਕਤ ਸੂਰਤ-ਏ-ਹਾਲ ਇਹ ਸੀ ਕਿ ਲੋਕ ਕੰਮਾਂ ਕਾਰਾਂ ਲਈ ਘਰਾਂ ਤੋਂ ਨਿਕਲਦੇ ਸਨ ਤੇ ਰਸਤੇ 'ਚ ਠੱਗ ਉਨ੍ਹਾਂ ਨੂੰ ਅਪਣੇ ਚੁੰਗਲ 'ਚ ਫਸਾ ਕੇ ਲੁੱਟ ਲੈਂਦੇ ਸਨ ਤੇ ਕਤਲ ਕਰ ਕੇ ਲਾਸ਼ ਰਸਤੇ 'ਚ ਹੀ ਦਫ਼ਨਾ ਦਿੰਦੇ ਸਨ।  ਕਤਲ ਹੋਏ ਆਦਮੀ ਦੇ ਘਰ ਵਾਲਿਆਂ ਨੂੰ ਕੋਈ ਖੁਰਾ-ਖੋਜ ਨਹੀਂ ਸੀ ਲਭਦਾ ਕਿ ਉਨ੍ਹਾਂ ਦਾ ਬੰਦਾ ਗਿਆ ਕਿੱਥੇ? ਠੱਗਾਂ 'ਚ ਫ਼ਰੰਗੀਆ, ਬੁਧੂ, ਖੰਬੋਲੀ,  ਜਮਾਲਦੀਨ ਤੇ ਸਾਹਬ ਖ਼ਾਂ ਮਸ਼ਹੂਰ ਠੱਗ ਸਨ। ਫ਼ਰੰਗੀਆ ਕਹਿੰਦਾ ਸੀ ਕਿ ਇਲਾਕੇ 'ਚ 100 ਤੋਂ ਵੱਧ ਠੱਗ ਅਪਣੀਆਂ ਕਾਰਵਾਈਆਂ 'ਚ ਲੱਗੇ ਹੋਏ ਹਨ।

ਉਸ ਅਨੁਸਾਰ ਅਵਧ ਰਿਆਸਤ 'ਚ 10 ਠੱਗਾਂ ਪਿੱਛੇ 9 ਮੁਸਲਮਾਨ ਠੱਗ, ਦੋਆਬੇ ਦੇ ਏਰੀਏ 'ਚ 5 ਠੱਗਾਂ ਪਿੱਛੇ 4 ਹਿੰਦੂ ਠੱਗ,  ਰਾਜਪੁਤਾਨਾ 'ਚ 4 ਮੁਸਲਮਾਨ ਠੱਗਾਂ ਪਿੱਛੇ 3 ਹਿੰਦੂ ਠੱਗ ਹੁੰਦੇ ਸਨ। ਬੰਗਾਲ,  ਬਿਹਾਰ,  ਉੜੀਸਾ 'ਚ ਮੁਸਲਮਾਨ ਅਤੇ ਹਿੰਦੂ ਠੱਗਾਂ ਦਾ ਅਨੁਪਾਤ ਬਰਾਬਰ-ਬਰਾਬਰ ਹੀ ਸੀ। ਠੱਗ ਗਰੋਹਾਂ ਦੇ ਸਰਦਾਰਾਂ ਵਲੋਂ ਅਪਣੇ ਠੱਗਾਂ ਨੂੰ ਇਹ ਹਦਾਇਤ ਸੀ ਕਿ ਸਿੱਖਾਂ ਅਤੇ ਜੋਗੀਆਂ ਦੀ ਲੁਟਮਾਰ ਨਹੀਂ ਕਰਨੀ। ਅਵਧ ਰਿਆਸਤ 'ਚ ਠੱਗਾਂ ਨੂੰ ਮਾਰਨ ਦਾ ਜਾਂ ਕਾਬੂ ਪਾਉਣ ਦਾ ਕੰਮ ਜੇਮਜ਼ ਪੈਟਨ ਨੇ ਅਪਣੇ ਹੱਥ ਲਿਆ।

ਜਦ ਅੰਗਰੇਜ਼ਾਂ ਨੇ ਪੰਜਾਬ ਨੂੰ ਵੀ ਅਪਣੇ ਅਧੀਨ ਕਰ ਲਿਆ ਤਾਂ ਉਨ੍ਹਾਂ ਨੇ ਸਮਝ ਲਿਆ ਕਿ ਜਦ ਤਕ ਇਸ ਖ਼ਿੱਤੇ 'ਚ ਜੁਰਮ ਉੱਪਰ ਕਾਬੂ ਨਾ ਪਾਇਆ ਗਿਆ, ਉਨ੍ਹਾਂ ਨੂੰ ਹਕੂਮਤ ਕਰਨ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਠੱਗੀ ਦੇ ਇਸ ਜਰਾਇਮ ਨੂੰ ਕਾਬੂ ਕਰਨ 'ਚ ਕਰਨਲ ਵਿਲੀਅਮ ਸਲਮਨ ਨੇ ਇਹ ਕੰਮ ਵਧੀਆ ਤਰੀਕੇ ਨਾਲ ਕੀਤਾ। ਸੱਭ ਤੋਂ ਪਹਿਲਾਂ ਉਸ ਨੇ ਅਪਣੇ ਠੱਗ ਤਿਆਰ ਕੀਤੇ ਤੇ ਇਨ੍ਹਾਂ ਨੂੰ ਠੱਗਾਂ ਦੇ ਗਰੋਹਾਂ 'ਚ ਵਾੜ ਦਿਤਾ। ਇਹ ਨਕਲੀ ਠੱਗ ਸਬੰਧਤ ਠੱਗ ਗਰੋਹਾਂ ਦੀ ਸਾਰੀ ਜਾਣਕਾਰੀ ਅੰਗਰੇਜ਼ ਅਧਿਕਾਰੀਆਂ ਨੂੰ ਮੁਹਈਆ ਕਰਵਾਉਣ ਲੱਗੇ।

ਇਨ੍ਹਾਂ ਜਾਅਲੀ ਠੱਗਾਂ ਨੇ ਅਪਣੇ ਕੰਮ 'ਚ ਕਾਫ਼ੀ ਹੱਦ ਤਕ ਸਫ਼ਲਤਾ ਪ੍ਰਾਪਤ ਕਰ ਲਈ। ਅਜੋਕੇ ਦੌਰ 'ਚ ਵੀ ਅਸੀ ਵੇਖਦੇ ਹਾਂ ਕਿ ਜਦੋਂ ਵੀ ਕੋਈ ਸਰਕਾਰ ਵਿਰੋਧੀ ਮੂਵਮੈਂਟ ਚਲਦੀ ਹੈ ਤਾਂ ਸਰਕਾਰਾਂ ਉਸ 'ਚ ਵੀ ਅਪਣੇ ਏਜੰਟ ਵਾੜ ਦਿੰਦੀਆਂ ਹਨ ਤਾਕਿ ਉਸ ਨੂੰ ਕਮਜ਼ੋਰ ਕੀਤਾ ਜਾ ਸਕੇ। ਵਿਲੀਅਮ ਸਲਮਨ ਨੇ ਅਪਣੇ ਇਸ ਤਜਰਬੇ ਦੇ ਆਧਾਰ ਤੇ ਹੀ ਦੋ ਕਿਤਾਬਾਂ ਲਿਖੀਆਂ ਜਿਸ 'ਚ ਪਹਿਲੀ ਸੀ 'ਰੀਪੋਰਟਸ ਐਂਡ ਰੀਕੁਲੈਕਸ਼ਨ ਆਫ਼ ਐਨ ਇੰਡੀਅਨ ਅਫ਼ਸਰ' ਜੋ 1840 'ਚ ਪ੍ਰਕਾਸ਼ਤ ਹੋਈ।

ਦੂਜੀ ਕਿਤਾਬ 'ਰੀਪੋਰਟਸ ਆਨ ਦਾ ਠੱਗਜ਼' 1841 'ਚ ਪ੍ਰਕਾਸ਼ਤ ਹੋਈ। ਠੱਗਾਂ ਦੇ ਹਵਾਲੇ ਨਾਲ ਉਪਰੋਕਤ ਕਿਤਾਬਾਂ ਸਾਡੀ ਜਾਣਕਾਰੀ 'ਚ ਭਰਪੂਰ ਵਾਧਾ ਕਰਦੀਆਂ ਹਨ। ਇਨ੍ਹਾਂ ਤੋਂ ਸਾਨੂੰ ਇਹ ਵੀ ਪਤਾ ਲਗਦਾ ਹੈ ਕਿ ਠੱਗਾਂ ਦੇ ਕਿਸੇ ਵੀ ਟੋਲੇ 'ਚ ਕਿਸੇ ਵੀ ਸਿੱਖ ਦਾ ਜ਼ਿਕਰ ਨਹੀਂ ਮਿਲਦਾ ਬਲਕਿ ਇਹ ਜਾਂ ਤਾਂ ਮੁਸਲਮਾਨ ਸਨ ਜਾਂ ਫਿਰ ਹਿੰਦੂ ਮਜ਼ਹਬ ਨਾਲ ਸਬੰਧਤ ਸਨ। ਸਿੱਖ ਕਿਉਂਕਿ ਇਕ ਦਲੇਰ ਅਤੇ ਸੂਰਬੀਰ ਕੌਮ ਹੈ, ਦਲੇਰ ਆਦਮੀ ਠੱਗੀ ਨਹੀਂ ਕਰ ਸਕਦਾ, ਲੁੱਟਮਾਰ ਭਾਵੇਂ ਕਰ ਲਵੇ।  (ਚਲਦਾ)

SHARE ARTICLE
Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement