
1984 ਦੇ ਸਿੱਖ ਕਤਲੇਆਮ ਵਿਚ ਅਪਣਾ ਪਤੀ, ਪੁੱਤਰ ਅਤੇ ਤਿੰਨ ਭਰਾ ਗਵਾ ਚੁਕੀ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ.....
ਤਰਨਤਾਰਨ : 1984 ਦੇ ਸਿੱਖ ਕਤਲੇਆਮ ਵਿਚ ਅਪਣਾ ਪਤੀ, ਪੁੱਤਰ ਅਤੇ ਤਿੰਨ ਭਰਾ ਗਵਾ ਚੁਕੀ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਅੱਜ ਮੇਰੇ ਪ੍ਰਵਾਰ ਦੇ ਜੀਆਂ ਦੀ ਆਤਮਾ ਨੂੰ ਕੁੱਝ ਸਕੂਨ ਮਿਲਿਆ ਹੋਵੇਗਾ। ਅੱਜ ਸਪੋਕਸਮੇਨ ਟੀਵੀ ਨਾਲ ਗੱਲ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਸ਼ਰੇਆਮ ਸਿੱਖਾਂ ਦਾ ਕਤਲ ਕੀਤਾ। ਅਸੀ ਕਾਨੂੰਨ ਦੀ ਲੰਮੀ ਲੜਾਈ ਲੜੀ ਜਿਸ ਦਾ ਸਿੱਟਾ ਹੈ ਕਿ ਅੱਜ ਸੱਜਣ ਕੁਮਾਰ ਸਲਾਖਾਂ ਪਿੱਛੇ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਵੀ ਰਹੀ ਕਿ ਪੂਰੇ ਤਿੰਨ ਦਿਨ ਤਕ ਦਿੱਲੀ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਸੀ।
ਗੁੰਡਾ ਅਨਸਰ ਦਿਨ ਦਿਹਾੜੇ ਦਨਦਨਾਉਂਦੇ ਫਿਰਦੇ ਸਨ ਤੇ ਸਿੱਖਾਂ ਦਾ ਖ਼ੂਨ ਪਾਣੀ ਤੋਂ ਵੀ ਸਸਤਾ ਮੰਨਿਆ ਜਾ ਰਿਹਾ ਸੀ। ਉਨ੍ਹਾਂ ਕਿਹਾ,''ਮੈਂ 34 ਸਾਲ ਤਕ ਇਨਸਾਫ਼ ਲਈ ਲੜਾਈ ਲੜੀ। ਇਸ ਦੌਰਾਨ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਤੇ ਲਾਲਚ ਦਿਤੇ ਗਏ। ਮੇਰੀਆਂ ਅੱਖਾਂ ਅੱਗੇ ਹਰ ਸਮੇਂ ਉਹ ਲਾਸ਼ਾਂ ਤੇ ਦ੍ਰਿਸ਼ ਆ ਰਹੇ ਸਨ।'' ਉਨ੍ਹਾਂ ਕਿਹਾ,''ਜਿਥੇ ਅੱਜ ਸੱਜਣ ਕੁਮਾਰ ਤਿਹਾੜ ਜੇਲ ਵਿਚ ਰਾਤ ਕਟੇਗਾ ਉਥੇ ਮੈਂ ਵੀ 34 ਸਾਲ ਬਾਅਦ ਚੈਨ ਦੀ ਨੀਂਦ ਸੋਵਾਂਗੀ।''
ਉਨ੍ਹਾਂ ਕਿਹਾ,''1947 ਵਿਚ ਮੇਰੇ ਮਾਂ ਬਾਪ ਦਾ ਘਰ ਜਦ ਪਾਕਿਸਤਾਨ ਬਣਿਆ ਸੀ ਉਜੜਿਆ ਸੀ, ਜਵਾਨੀ ਵਿਚ ਮੇਰਾ ਘਰ ਦਿੱਲੀ ਵਿਚਲਾ ਉਜੜ ਗਿਆ।'' ਉਨ੍ਹਾਂ ਕਿਹਾ ਕਿ 9 ਜਾਂਚ ਕਮਿਸ਼ਨ ਬਣੇ ਸਨ ਪਰ ਪੁਲਿਸ ਨੇ ਰੀਕਾਰਡ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਮੇਰੇ ਕੋਲ ਪੁਲਿਸ ਦੀ ਐਫ਼ ਆਈ ਆਰ ਜੋ 3 ਨਵੰਬਰ 1984 ਨੂੰ ਦਰਜ ਕੀਤੀ ਸੀ, ਦੀ ਕਾਪੀ ਮੌਜੂਦ ਸੀ, ਇਨ੍ਹਾਂ ਕੁੱਝ ਕਰ ਕੇ ਇਨਸਾਫ਼ ਮਿਲਿਆ।