
ਜੰਮੂ ਦੀਆਂ ਸੰਗਤਾਂ ਨੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰੀ ਦਾ ਕਰਵਾਇਆ ਅਹਿਸਾਸ
ਕੋਟਕਪੂਰਾ (ਗੁਰਿੰਦਰ ਸਿੰਘ) : ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਅਤੇ ਸਿੱਖ ਚਿੰਤਕਾਂ ਸਮੇਤ ਪੰਥਕ ਵਿਦਵਾਨਾਂ, ਪੰਥਦਰਦੀਆਂ ਨੂੰ ਬਿਨਾਂ ਕਾਰਨ ਹੁਕਮਨਾਮੇ ਜਾਰੀ ਕਰ ਕੇ ਜ਼ਲੀਲ ਕਰਨ ਦੇ ਤਖ਼ਤਾਂ ਦੇ ਜਥੇਦਾਰਾਂ ਦੇ ਉੱਪਰ ਲੱਗਦੇ ਸੰਗੀਨ ਦੋਸ਼ਾਂ ਤੋਂ ਬਾਅਦ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਹੁਣ ਤਖਤਾਂ ਦੇ ਜਥੇਦਾਰ ਅਪਣੇ ਰੁੱਸੇ ਅਤੇ ਨਾਰਾਜ਼ ਹੋਏ ਪੰਥਕ ਵੋਟ ਬੈਂਕ ਨੂੰ ਵਾਪਸ ਲਿਆਉਣ ਲਈ ਅਜਿਹੀ ਗ਼ਲਤੀ ਭਵਿੱਖ ਵਿਚ ਕਦੇ ਵੀ ਨਹੀਂ ਦੁਹਰਾਉਣਗੇ ਪਰ ਗੁਰਦਵਾਰਾ ਸਿੰਘ ਸਭਾ ਨਾਨਕ ਨਗਰ, ਜੰਮੂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਦਸਤਖ਼ਤਾਂ ਹੇਠ ਭੇਜੇ ਪੱਤਰ-ਕਮ-ਸਪੱਸ਼ਟੀਕਰਨ ਦੇਣ ਸਬੰਧੀ ਦਿਤੇ ਨੋਟਿਸ ਤੋਂ ਇਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਤਖ਼ਤਾਂ ਦੇ ਜਥੇਦਾਰ ਹਰ ਅਜਿਹਾ ਕੰਮ ਅਪਣੇ ਸਿਆਸੀ ਆਕਾਵਾਂ ਦੀਆਂ ਹਦਾਇਤਾਂ ’ਤੇ ਕਰਦੇ ਹਨ ਸਿੱਖ ਸਿਧਾਂਤਾਂ ਅਤੇ ਪੰਥਕ ਰਹਿਤ ਮਰਿਆਦਾ ਦਾ ਭਾਵੇਂ ਜਿੰਨਾ ਮਰਜ਼ੀ ਘਾਣ ਹੋ ਜਾਵੇ।
ਮਾਘੀ ਦੇ ਦਿਹਾੜੇ ਅਰਥਾਤ 14 ਜਨਵਰੀ 2024 ਨੂੰ ਗੁਰਦਵਾਰਾ ਸਿੰਘ ਸਭਾ ਨਾਨਕ ਨਗਰ ਜੰਮੂ ਵਿਖੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪੋ੍ਰ. ਦਰਸ਼ਨ ਸਿੰਘ ਦੇ ਕਰਵਾਏ ਸਮਾਗਮ ਦਾ ਸਪੱਸ਼ਟੀਕਰਨ ਲੈਣ ਲਈ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਇਕ ਪੱਤਰ ਨੰਬਰ 298 ਮਿਤੀ 24-2-2024 ਨੂੰ ਜਾਰੀ ਕੀਤਾ ਗਿਆ ਜਿਸ ਵਿਚ ਅਕਾਲ ਤਖ਼ਤ ਸਾਹਿਬ ਦੇ 05-12-2009 ਦੇ ਆਦੇਸ਼, 24-1-2010 ਦੇ ਹੁਕਮਨਾਮੇ, 17-11-2009 ਦੇ ਮਤਾ ਨੰਬਰ 10 ਦਾ ਹਵਾਲਾ ਦੇ ਕੇ ਆਖਿਆ ਗਿਆ ਕਿ ਪੋ੍ਰ. ਦਰਸ਼ਨ ਸਿੰਘ ਜਦੋਂ ਤਕ ਅਕਾਲ ਤਖ਼ਤ ਸਾਹਿਬ ’ਤੇ ਨਿਜੀ ਰੂਪ ਵਿਚ ਪਹੁੰਚ ਕੇ ਤਨਖ਼ਾਹ ਨਹੀਂ ਲਵਾ ਲੈਂਦਾ
ਉਸ ਸਮੇਂ ਤਕ ਉਸ ਨੂੰ ਕਿਸੇ ਵੀ ਧਾਰਮਕ ਸਮਾਗਮ, ਗੁਰਦਵਾਰੇ, ਸਭਾ-ਸੁਸਾਇਟੀ ਵਿਚ ਸਮਾਂ ਅਤੇ ਸਹਿਯੋਗ ਨਾ ਦਿਤਾ ਜਾਵੇ। ਪੱਤਰ ਮੁਤਾਬਕ ਸਮਾਗਮ ਤੋਂ ਇਕ ਦਿਨ ਪਹਿਲਾਂ ਅਰਥਾਤ 13 ਜਨਵਰੀ 2024 ਨੂੰ ਜੰਮੂ ਦੇ ਨੌਜਵਾਨਾਂ ਨੇ ਪੋ੍ਰ ਦਰਸ਼ਨ ਸਿੰਘ ਦਾ ਸਮਾਗਮ ਰੱਦ ਕਰਨ ਦੀ ਬੇਨਤੀ ਕਰਨ ਦੇ ਬਾਵਜੂਦ ਵੀ ਪੋ੍ਰ. ਦਰਸ਼ਨ ਸਿੰਘ ਦਾ ਸਮਾਗਮ ਕਿਉਂ ਕਰਵਾਇਆ ਗਿਆ? ਉਕਤ ਪੱਤਰ ਰਾਹੀਂ ਗੁਰਦਵਾਰਾ ਸਿੰਘਾ ਸਭਾ ਗੁਰੂ ਨਾਨਕ ਨਗਰ ਜੰਮੂ ਦੀ ਪ੍ਰਬੰਧਕ ਕਮੇਟੀ ਨੂੰ 26-2-2024 ਤਕ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ।
ਗੁਰਦਵਾਰਾ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਦੇ ਪ੍ਰਧਾਨ ਸੋਮਨਾਥ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਜਤਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਸਮੇਤ ਹੋਰ ਅਹੁਦੇਦਾਰਾਂ ਦੇ ਦਸਤਖ਼ਤਾਂ ਹੇਠ ਭੇਜੇ ਗਏ ਸਪੱਸ਼ਟੀਕਰਨ ਵਿਚ ਉਨ੍ਹਾਂ ਪੋ੍ਰ ਦਰਸ਼ਨ ਸਿੰਘ ਦਾ ਗੁਰਦਵਾਰਾ ਸਾਹਿਬ ਵਿਖੇ ਸਮਾਗਮ ਕਰਵਾਉਣ ਸਬੰਧੀ ਸੰਗਤਾਂ ਤੋਂ ਮਿਲੇ ਪੱਤਰ ਦੀ ਸੈਂਕੜੇ ਦਸਤਖ਼ਤਾਂ ਵਾਲੀ ਕਾਪੀ ਵੀ ਨਾਲ ਨੱਥੀ ਕਰਦਿਆਂ ਆਖਿਆ ਹੈ ਕਿ ਪੋ੍ਰ ਦਰਸ਼ਨ ਸਿੰਘ ਦੁਨੀਆਂ ਭਰ ਵਿਚ ਸਿੱਖ ਧਰਮ ਦੇ ਸਿਧਾਂਤ ‘ਇਕ ਗ੍ਰੰਥ-ਇਕ ਪੰਥ’ ਅਤੇ ‘ਇਕਾ ਬਾਣੀ-ਇਕੁ ਗੁਰੂ-ਇਕੋ ਸ਼ਬਦ ਵਿਚਾਰ’ ਨਾਲ ਜੋੜਨ ਸਮਾਗਮ ਕਰ ਰਹੇ ਹਨ
ਹਰ ਸਮਾਗਮ ਵਿਚ ਸੰਗਤਾਂ ਵਿਚ ਪੂਰਨ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਸੰਗਤਾਂ ਦੀ ਇਸ ਮੰਗ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਬੰਧਕ ਕਮੇਟੀ ਨੇ ਉਕਤ ਸਮਾਗਮ ਗੁਰਦਵਾਰਾ ਸਾਹਿਬ ਵਿਖੇ ਰਖਿਆ ਸੀ। ਆਪ ਭਲੀਭਾਂਤ ਜਾਣੂ ਹੋ ਕਿ ਗੁਰੂ ਘਰ ਗੁਰੂ ਨਾਨਕ ਨਾਮਲੇਵਾ ਸੰਗਤਾਂ ਰਾਹੀਂ ਹੀ ਚਲਦੇ ਹਨ ਅਤੇ ਪ੍ਰਬੰਧਕ ਸੰਗਤਾਂ ਦੇ ਸਹਿਯੋਗ ਨਾਲ ਹੀ ਸੇਵਾ ਸੰਭਾਲ ਕਰਦੇ ਹਨ, ਇਸ ਲਈ ਸੰਗਤਾਂ ਦੀ ਇੱਛਾ ਨੂੰ ਮੁੱਖ ਰੱਖ ਕੇ ਹੀ ਇਸ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਹਨ।
ਅੰਤ ਵਿਚ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਪੱਤਰ ਕਰਨ ਸਮੇਂ ਸ਼ਬਦਾਵਲੀ ਦਾ ਖ਼ਾਸ ਧਿਆਨ ਰਖਿਆ ਜਾਣਾ ਚਾਹੀਦਾ ਹੈ ਪਰ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਹੋਏ ਪੱਤਰ ਵਿਚ ਸਭਿਅਕ ਸ਼ਬਦਾਵਲੀ ਦਾ ਧਿਆਨ ਨਹੀਂ ਰਖਿਆ ਗਿਆ ਜਿਸ ਨਾਲ ਕੌਮ ਦਾ ਬਹੁਤ ਨੁਕਸਾਨ ਹੁੰਦਾ ਹੈ। ਪ੍ਰਬੰਧਕ ਕਮੇਟੀ ਨੇ ਬੇਨਤੀ ਕੀਤੀ ਕਿ ਕਥਿਤ ਬਚਿੱਤ੍ਰ ਨਾਟਕ/ਦਸਮ ਗ੍ਰੰਥ ਬਾਰੇ ਭਖੇ ਵਾਦ ਵਿਵਾਦ ਨੂੰ ਤੁਰਤ ਨਜਿੱਠਣ ਲਈ ਨਿਰਪੱਖ ਵਿਦਵਾਨਾਂ ਦੀ ਕਮੇਟੀ ਤੋਂ ਇਹ ਮਸਲਾ ਹੱਲ ਕਰਵਾਉਣਾ ਚਾਹੀਦਾ ਹੈ।
ਇਸ ਕਮੇਟੀ ਦੀ ਇਹ ਜ਼ਿੰਮੇਵਾਰੀ ਲਾਈ ਜਾਵੇ ਕਿ ਬਚਿੱਤ੍ਰ ਨਾਟਕ/ਦਸਮ ਗ੍ਰੰਥ ਦੇ ਪੱਖ ਅਤੇ ਵਿਰੋਧ ਵਿਚ ਖੜੇ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਪੰਥਕ ਮਰਿਆਦਾ ਦੀ ਕਸਵੱਟੀ ’ਤੇ ਪਰਖ ਕੇ ਬਿਨਾਂ ਦੇਰੀ ਇਸ ਮਸਲੇ ਦਾ ਹੱਲ ਲੱਭਿਆ ਜਾਵੇ, ਤਾਂ ਜੋ ਕੌਮ ਵਿਚ ਵੰਡੀਆਂ ਨਾ ਪੈ ਸਕਣ। ਜੇਕਰ ਸਮਾਂ ਰਹਿੰਦਿਆਂ ਇਹ ਉਪਰਾਲਾ ਨਾ ਕੀਤਾ ਗਿਆ, ਤਾਂ ਸਿੱਖ ਕੌਮ ਵੰਡੀਆਂ ਪੈਣ ਦਾ ਸਖ਼ਤ ਖਦਸ਼ਾ ਹੈ ਜੋ ਕਿਸੇ ਹਦ ਤੱਕ ਪੈ ਵੀ ਚੁੱਕਾ ਹੈ ਜਿਸ ਦਾ ਲਾਭ ਪੰਥ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਲੈ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਨੂੰ ਪੰਥਕ ਵਿਦਵਾਨਾਂ, ਚਿੰਤਕਾਂ ਤੇ ਪੰਥਕ ਦਰਦੀਆਂ ਨੂੰ ਜ਼ਲੀਲ ਕਰਨ ਵਾਲੀ ਸੋਚ ਹੁਣ ਛੱਡਣ ਦੀ ਦਿਤੀ ਨਸੀਹਤ
ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਵਿਚ ਸ਼ਾਮਲ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਪੋ੍ਰ ਇੰਦਰ ਸਿੰਘ ਘੱਗਾ, ਪ੍ਰੋ. ਸਰਬਜੀਤ ਸਿੰਘ ਧੁੰਦਾ, ਭਾਈ ਹਰਜਿੰਦਰ ਸਿੰਘ ਮਾਝੀ, ਪਿ੍ਰੰਸੀਪਲ ਗੁਰਬਚਨ ਸਿੰਘ ਪੰਨਵਾਂ, ਭਾਈ ਸੁਖਜੀਤ ਸਿੰਘ ਖੋਸੇ ਆਦਿ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਸੌਦਾ ਸਾਧ ਨੂੰ ਬਿਨ ਮੰਗੀ ਦਿਤੀ ਮਾਫ਼ੀ ਦੀ ਹਰਕਤ ਤੋਂ ਬਾਅਦ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੂੰ ਜ਼ਲੀਲ ਕਰਨ ਵਾਲੀ ਸੋਚ ਹੁਣ ਬਦਲ ਲੈਣੀ ਚਾਹੀਦੀ ਹੈ ਕਿਉਂਕਿ ਬਚਿੱਤ੍ਰ ਨਾਟਕ/ਦਸਮ ਗ੍ਰੰਥ ਸਮੇਤ ਰਾਗਮਾਲਾ, ਮੂਲਮੰਤਰ, ਕੇਸਕੀ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਸੂਰਜ ਪ੍ਰਕਾਸ਼ ਗ੍ਰੰਥ, ਹਿੰਦੀ ਸਿੱਖ ਇਤਿਹਾਸ ਵਰਗੀਆਂ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀਆਂ ਪੁਸਤਕਾਂ ਵਾਲੇ ਬਹੁਤ ਸਾਰੇ ਅਜਿਹੇ ਮਾਮਲੇ ਹਨ, ਜਿਨ੍ਹਾਂ ਨੂੰ ਨਜਿੱਠਣ ਵਿਚ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਕੋਈ ਦਿਲਚਸਪੀ ਦਿਖਾਉਣ ਦੀ ਬਜਾਇ ਉਲਟਾ ਪੰਥਦਰਦੀਆਂ ਤੇ ਪ੍ਰਚਾਰਕਾਂ ਨੂੰ ਜ਼ਲੀਲ ਕਰਨ ਵਲ ਜ਼ਿਆਦਾ ਧਿਆਨ ਦਿੰਦੀ ਹੈ। ਉਨ੍ਹਾਂ ਗੁਰਦਵਾਰਾ ਸਿੰਘ ਸਭਾ ਜੰਮੂ ਦੀ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀ ਇੱਛਾ ਮੁਤਾਬਕ ਅਜਿਹੇ ਪੋ੍ਰਗਰਾਮ ਭਵਿੱਖ ਵਿਚ ਵੀ ਜਾਰੀ ਰੱਖਣ।