
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਗੁਰੂ ਦੀ ਗੋਲਕ ਨੂੰ ਸੰਨ੍ਹ ਲਗਾਉਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਗੁਰੂ ਦੀ ਗੋਲਕ ਨੂੰ ਸੰਨ੍ਹ ਲਗਾਉਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ। ਇਸ ਦੋਸ਼ ਨੂੰ ਪੁਖ਼ਤਾ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਕਮੇਟੀ ਮੈਂਬਰ ਅਤੇ ਸਾਬਕਾ ਜਰਨਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਬਜਟ ਇਜਲਾਸ ਵਿਚ ਪੂਰੇ ਵੇਰਵੇ ਦੇ ਕੇ ਖ਼ਰਚਿਆਂ ਦੇ ਨਾਮ 'ਤੇ ਕੀਤੇ ਜਾ ਰਹੇ ਘਪਲਿਆਂ ਦੀ ਪੋਲ ਖੋਲ੍ਹ ਦਿਤੀ। ਇਨ੍ਹਾਂ ਨੂੰ ਸੁਣ ਕੇ ਅਧਿਕਾਰੀਆਂ ਦੇ ਬੁਲ੍ਹਾਂ 'ਤੇ ਸਿਕਰੀ ਆ ਗਈ ਤੇ ਮੈਂਬਰ ਪਾਰਟੀ ਦੀ ਗਾਇਡ ਲਾਈਨ ਨੂੰ ਨਾ ਛਡ ਕੇ ਸੱਚ ਦਾ ਸਾਹਮਣਾ ਕਰਨ ਵਿਚ ਅਸਮਰਥ ਰਹੇ।
ਦਰਅਸਲ ਸ਼੍ਰੋਮਣੀ ਕਮੇਟੀ ਦਾ ਬਜਟ ਭੁਲ ਭੁਲਈਆਂ ਵਾਲਾ ਤੇ ਭੁਲੇਖੇ ਪਾਊਂ ਬਜਟ ਸੀ। ਪਹਿਲੀ ਵਾਰ ਅਜਿਹਾ ਹੋਇਆ ਕਿ ਬਜਟ ਪੇਸ਼ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰਾਂ ਨੂੰ ਇਹ ਦਸਣ ਵਿਚ ਅਸਫ਼ਲ ਰਹੇ ਕਿ ਉਨ੍ਹਾਂ ਕੁਲ ਕਿੰਨੀ ਰਾਸ਼ੀ ਦਾ ਬਜਟ ਪੇਸ਼ ਕੀਤਾ। ਉਨ੍ਹਾਂ ਸਿਰਫ਼ ਅੰਕੜੇ ਹੀ ਦਿਤੇ। ਕੁਲ ਰਾਸ਼ੀ ਕਿੰਨੀ ਹੈ ਇਹ ਸ਼ਾਇਦ ਕਰਮੂੰਵਾਲਾ ਨੂੰ ਵੀ ਨਹੀਂ ਸੀ ਪਤਾ। ਜਦ ਬਜਟ ਤੋਂ ਬਾਅਦ ਬੀਬੀ ਕਿਰਨਜੋਤ ਕੌਰ ਬੋਲਣ ਲਈ ਮਾਈਕ 'ਤੇ ਆਈ ਤਾਂ ਅਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਤੇ ਬੀਬੀ ਦੀ ਗੱਲ ਅਣਸੁਣੀ ਹੋ ਗਈ।
ਬੀਬੀ ਨੇ ਬਜਟ ਦੌਰਾਨ ਸਵਾਲ ਕੀਤਾ ਕਿ ਬਜਟ ਵਿਚ ਜਰਨਲ ਫ਼ੰਡ ਦੇ ਪੰਨਾ ਨੰਬਰ 5 'ਤੇ ਆਈਟਮ ਨੰਬਰ 17 ਵਿਚ ''ਸਫ਼ਰ ਖ਼ਰਚ ਮੈਂਬਰ ਸਾਹਿਬਾਨ ਅਤੇ ਪ੍ਰਧਾਨ ਜੀ'' ਦੇ ਨਾਮ 'ਤੇ 85 ਲੱਖ ਰੁਪਏ ਦੀ ਪ੍ਰਵਾਨਗੀ ਮੰਗੀ ਹੈ। ਬੀਤੇ ਸਾਲ ਵਿਚ 10 ਲੱਖ ਰੁਪਏ ਪ੍ਰਵਾਨ ਸੀ, ਪਰ 9 ਮਹੀਨਿਆਂ ਵਿਚ 50 ਲੱਖ 27 ਹਜ਼ਾਰ 2 ਸੌ ਰੁਪਏ ਖ਼ਰਚ ਦਿਖਾਏ ਗਏ। ਅਗਲੇ ਤਿੰਨ ਮਹੀਨੇ ਵਿਚ 19 ਲੱਖ 62 ਹਜ਼ਾਰ 800 ਰੁਪਏ ਦਾ ਖ਼ਰਚ ਦਿਖਾਇਆ ਗਿਆ ਹੈ। ਬੀਤੇ ਸਾਲ ਵਿਚ ਇਹ ਖ਼ਰਚ 70 ਲੱਖ ਰੁਪਏ ਕਿਵੇਂ ਹੋ ਗਿਆ। ਜਦਕਿ 2 ਸਾਲ ਤੋਂ ਕਿਸੇ ਵੀ ਮੈਂਬਰ ਨੇ ਸਫ਼ਰ ਖ਼ਰਚ ਨਹੀਂ ਲਿਆ।
ਬੀਬੀ ਕਿਰਨਜੋਤ ਕੌਰ ਨੇ ਵੇਰਵੇ ਦਿੰਦੇ ਦਸਿਆ ਕਿ ਸਾਲ 2016-17 ਵਿਚ 81 ਹਜ਼ਾਰ 9 ਸੌ 35 ਰੁਪਏ ਤੇ ਸਾਲ 2017-18 ਵਿਚ 87 ਹਜ਼ਾਰ 510 ਰੁਪਏ ਸਫ਼ਰ ਖ਼ਰਚ ਦਿਖਾਇਆ ਗਿਆ, ਇਹ ਰਾਸ਼ੀ ਕਿਥੇ ਜਾ ਰਹੀ ਹੈ ਸਪਸ਼ਟ ਕੀਤਾ ਜਾਵੇ। ਬੀਬੀ ਕਿਰਨਜੋਤ ਕੌਰ ਦੁਆਰਾ ਖੋਲ੍ਹੀ ਪੋਲ ਤੋਂ ਬਾਅਦ ਕਮੇਟੀ ਮੈਂਬਰ ਅਤੇ ਅਧਿਕਾਰੀ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ ਤੇ ਹੁਣ ਸੰਗਤਾਂ ਵਿਚ ਚਰਚਾ ਹੈ ਕਿ ਇਹ ਰਾਸ਼ੀ ਤਾਂ ਸਾਹਮਣੇ ਆ ਗਈ, ਜੇਕਰ ਸਾਰੇ ਬਜਟ ਨੂੰ ਚੰਗੀ ਤਰ੍ਹਾਂ ਨਾਲ ਖੰਗਾਲਿਆ ਜਾਵੇ ਤਾਂ ਅਜਿਹੀਆਂ ਹੋਰ ਵੀ ਕਈ ਆਇਟਮਾਂ ਖ਼ਰਚ ਦੇ ਨਾਮ 'ਤੇ ਸਾਹਮਣੇ ਆ ਸਕਦੀਆਂ ਹਨ। ਕਿਧਰੇ ਪਾਰਟੀ ਨੂੰ ਫ਼ੰਡ ਦੇਣ ਦੇ ਨਾਮ 'ਤੇ ਰਕਮ ਖ਼ੁਰਦ ਬੁਰਦ ਤਾਂ ਨਹੀਂ ਕੀਤੀ ਜਾ ਰਹੀ।