
ਗੁਰਮਤਿ ਪ੍ਰੰਪਰਾਵਾਂ ਦੇ ਮਸਲੇ ਸ਼੍ਰੋਮਣੀ ਕਮੇਟੀ ਦੇ ਅੱਗੇ ਰੱਖਣਾ ਮੇਰਾ ਫ਼ਰਜ਼ ਬਣਦੈ : ਭਾਈ ਰੰਧਾਵਾ
ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਰਾਜਿੰਦਰ ਸਿੰਘ ਭੱਟ): ਸ਼੍ਰੋਮਣੀ ਕਮੇਟੀ ਵਿਰੋਧੀ ਧਿਰ ਆਗੂ ਮੈਂਬਰ ਅੰਤਿ੍ਗ ਕਮੇਟੀ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਿਆ ਤੇ ਕਿਹਾ ਹੈ ਕਿ ਪਿਛਲੇ 2 ਸਾਲਾਂ ਤੋਂ ਗੁਰਮਰਿਆਦਾ ਤੇ ਪ੍ਰਬੰਧ ਨੂੰ ਲੈ ਕੇ ਬਹੁਤ ਵੱਡੇ-ਵੱਡੇ ਮੁੱਦੇ ਚੁੱਕੇ ਗਏ ਜਿਨ੍ਹਾਂ ਵਿਚ ਬਹੁਤ ਸਾਰੇ ਹੱਲ ਵੀ ਹੋਏ ਜਿਹੜੇ ਗੁਰਮਤਿ ਮਰਿਆਦਾ ਪ੍ਰੰਪਰਾਵਾਂ ਨਾਲ ਸਬੰਧਤ ਜਾਂ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨਾਲ ਜੁੜੇ ਹੋਏ ਹਨ
ਪਿਛਲੀ ਅੰਤਿ੍ੰਗ ਮੀਟਿੰਗ ਵਿਚ ਜਿਥੇ ਭਾਈ ਰੰਧਾਵਾ ਵਲੋਂ ਕਈ ਮਸਲੇ ਚੁੱਕੇ ਗਏ ਉਨ੍ਹਾਂ ਵਿਚ ਇਕ ਮਾਮਲਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਵਲੋਂ ਗੰਭੀਰ ਨੋਟਿਸ ਲੈਂਦਿਆ ਸਮੁੱਚੇ ਗੁ: ਪ੍ਰਬੰਧ (ਸ਼੍ਰੋਮਣੀ ਕਮੇਟੀ) ਨੂੰ ਬਕਾਇਦਾ ਲਿਖਤੀ ਨੋਟਿਸ ਕੱਢ ਕੇ ਤੁਰਤ ਪ੍ਰਭਾਵ ਨਾਲ ਐਕਸ਼ਨ ਲਿਆ ਗਿਆ |
ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਸ਼੍ਰੋਮਣੀ ਕਮੇਟੀ ਸਾਹਮਣੇ ਮਾਮਲਾ ਰਖਿਆ ਕਿ ਜਿਹੜੇ ਪ੍ਰਫ਼ਿਊਮ ਛਿੜਕਾਅ ਗੁਰੂ ਘਰਾਂ ਵਿਚ ਸੰਗਤਾਂ ਵਲੋਂ ਸ਼ਰਧਾ ਵਸ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਕੈਮੀਕਲ ਅਤੇ ਅਲਕੋਹਲ ਯੁਕਤ ਹੁੰਦੇ ਹਨ, ਅਲਕੋਹਲ ਇਕ ਨਸ਼ੀਲਾ ਪਦਾਰਥ ਹੈ ਜਿਸ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਵਰਤਣ ਦੀ ਮਨਾਹੀ ਹੈ | ਦੂਜਾ ਕੈਮੀਕਲ ਜੋ ਕਿ ਸਿੱਧੇ ਰੂਪ ਵਿਚ ਜ਼ਹਿਰ ਹਨ ਇਹੋ ਜਿਹੇ ਅਲਕੋਹਲ ਅਤੇ ਕੈਮੀਕਲ ਯੁਕਤ ਛਿੜਕਾਅ ਵਿਗਿਆਨ ਅਤੇ ਧਰਮ ਦੇ ਨਜ਼ਰੀਏ ਤੋਂ ਕਿਸੇ ਵੀ ਤਰ੍ਹਾਂ ਗੁਰੂ ਘਰ ਲਈ ਨਹੀਂ ਵਰਤੋਂ ਵਿਚ ਲਿਆਂਦੇ ਜਾ ਸਕਦੇ |
ਸੋ ਇਨ੍ਹਾਂ ਤੇ ਤੁਰਤ ਪਾਬੰਦੀ ਲਗਾਈ ਜਾਵੇ | ਇਨ੍ਹਾਂ ਦੀ ਥਾਂ ਸ਼ੁਧ ਅਤਰ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ | ਇਸ ਸਬੰਧੀ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰਖਦੇ ਹੋਏ ਪ੍ਰੇਰਨਾ ਕੀਤੀ ਜਾਵੇ | ਇਸ 'ਤੇ ਸ਼੍ਰੋਮਣੀ ਕਮੇਟੀ ਨੇ ਤੁਰਤ ਨੋਟਿਸ ਲੈਂਦਿਆਂ ਬਕਾਇਦਾ ਆਫ਼ਿਸ ਨੋਟ 28-ਸਤੰਬਰ ਨੂੰ ਸਕੱਤਰ ਪ੍ਰਤਾਪ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਕਰ ਕੇ ਹੋਏ ਸਮੁੱਚੇ ਪ੍ਰਬੰਧ ਨੂੰ ਤੁਰਤ ਅਮਲ ਵਿਚ ਲਿਆਉਣ ਲਈ ਹੁਕਮ ਜਾਰੀ ਕੀਤੇ ਗਏ | ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰੀ ਗੁਰਪ੍ਰੀਤ ਸਿੰਘ ਰੰਧਾਵਾ ਨੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਦਾ ਬਕਾਇਦਾ ਪੱਤਰ ਲਿਖ ਕੇ ਧਨਵਾਦ ਕੀਤਾ ਅਤੇ ਕਿਹਾ ਅਸੀ ਇਕ ਕਲਗੀਧਰ ਪਾਤਸ਼ਾਹ ਦੇ ਸਿੱਖ ਇਸੇ ਤਰ੍ਹਾਂ ਅਪਣੀਆਂ ਜ਼ੁੰਮੇਵਾਰੀਆਂ ਸਮਝਦੇ ਹੋਏ ਰਲ ਮਿਲ ਇਹੋ ਜਿਹੇ ਗੰਭੀਰ ਅਤੇ ਪ੍ਰਬੰਧ ਨਾਲ ਜੁੜੇ ਮਾਮਲੇ ਵਲ ਧਿਆਨ ਦੇਈਏ |