
ਬੀਬੀਆਂ ਦੇ ਜਥੇ ਨੇ ਗੁਰੂ ਘਰ ਸਾਹਮਣੇ ਬੈਠ ਕੇ ਕੀਤਾ ਪਾਠ ਸ਼ੁਰੂ
ਫ਼ਤਿਹਗੜ੍ਹ ਸਾਹਿਬ, 1 ਮਈ (ਇੰਦਰਪ੍ਰੀਤ ਬਖ਼ਸ਼ੀ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਪਿੰਡ ਸਲੇਮਪੁਰ ਦੇ ਗੁਰਦਵਾਰੇ ਨੂੰ ਸਵੇਰ 9 ਤੋਂ ਸ਼ਾਮ ਸਾਢੇ 5 ਵਜੇ ਤਕ ਬੰਦ ਰੱਖਣ ਦੇ ਮਤੇ ਤੋਂ ਬਾਅਦ ਗੁਰੂ ਘਰ ਨੂੰ ਤਾਲਾ ਲਗਾਉਣ 'ਤੇ ਮਾਮਲਾ ਉਸ ਸਮੇਂ ਤਣਾਅ ਪੂਰਨ ਹੋ ਗਿਆ ਜਦ ਪਾਠ ਕਰਨ ਵਾਲੀਆਂ ਬੀਬੀਆਂ ਦੇ ਜਥੇ ਨੇ ਗੁਰੂ ਘਰ ਦੇ ਸਾਹਮਣੇ ਗਲੀ ਵਿਚ ਬੈਠ ਕੇ ਪਾਠ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਪੁੱਜੇ ਪੰਜ ਪਿਆਰਿਆਂ ਨੇ ਮਾਮਲਾ ਠੰਡਾ ਕਰਵਾਇਆ। ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਅਤੇ ਸਥਾਨਕ ਨਿਵਾਸੀ ਨੈਬ ਸਿੰਘ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿਚ ਕਮੇਟੀ ਮੈਂਬਰਾਂ ਨੇ ਇਹ ਮਤਾ ਪਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤਕ ਗੁਰਦੁਆਰਾ ਸਾਹਿਬ ਬੰਦ ਰਹੇਗਾ।
The matter of keeping Gurudwara closed in day
ਉਨ੍ਹਾਂ ਦਸਿਆ ਕਿ ਲਗਭਗ ਪਿਛਲੇ ਸਾਢੇ 3 ਸਾਲਾਂ ਤੋਂ ਬੀਬੀਆਂ ਦਾ ਜਥਾ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚਲਾ ਰਿਹਾ ਹੈ ਪਰ ਕਮੇਟੀ ਵਲੋਂ ਗੁਰੂ ਘਰ ਨੂੰ ਜਿੰਦਰਾ ਲਗਾ ਦਿਤਾ ਗਿਆ ਜਿਸ ਕਾਰਨ ਬੀਬੀਆਂ ਪਾਠ ਜਾਰੀ ਰੱਖਣ ਲਈ ਰਸਤੇ ਵਿਚ ਹੀ ਬੈਠ ਗਈਆਂ। ਪੁਲਿਸ ਪ੍ਰਸ਼ਾਸਨ ਅਤੇ ਪੰਜ ਸਿੰਘ ਸਹਿਬਾਨਾਂ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।ਇਸ ਸਬੰਧੀ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਕਿ ਇਥੇ ਕੋਈ ਪਾਰਟੀਬਾਜ਼ੀ ਵਾਲੀ ਗੱਲ ਨਹੀਂ ਅਤੇ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਵੇਖਦੇ ਹੋਏ ਅਜਿਹਾ ਕੀਤਾ ਗਿਆ ਸੀ। ਜੇ ਸੰਗਤ ਨੂੰ ਇਹ ਬੁਰਾ ਲਗਿਆ ਤਾਂ ਇਸ ਵਿਚ ਸੁਧਾਰ ਕੀਤਾ ਜਾਵੇਗਾ। ਇਸ ਸਬੰਧੀ ਭਾਈ ਬਚਿੱਤਰ ਸਿੰਘ ਨੇ ਦਸਿਆ ਕਿ ਹੁਣ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਰੋਜ਼ ਬੀਬੀਆਂ ਦੇ ਜਥੇ ਲਈ 2 ਘੰਟੇ ਗੁਰੂ ਘਰ ਖੁੱਲ੍ਹੇਗਾ ਪਰ ਉਸ ਸਮੇਂ ਗੁਰੂ ਘਰ ਦੀ ਪੂਰੀ ਜ਼ਿੰਮੇਵਾਰੀ ਬੀਬੀਆਂ ਦੇ ਜਥੇ ਦੀ ਹੋਵੇਗੀ।