
ਨਾਟਕ ਛੋਟੀ ਸਰਦਾਰਨੀ ਚ ਪਾਤਰ ਲੜਕੀ ਨੇ ਅਪਣੇ ਪੰਜ ਸਿਧਾਂਤ, ਪੰਜ ਕਕਾਰਾਂ ਨਾਲ ਜੋੜ ਕੇ ਬਣਾਏ ਸਨ
ਨਵੀਂ ਦਿੱਲੀ : ਇਕ ਨਿਜੀ ਚੈਨਲ ਉਪਰ ਛੋਟੀ ਸਰਦਾਰਨੀ ਨਾਂਅ ਦੇ ਲੜੀਵਾਰ ਵਿਚ ਸਿੱਖੀ 'ਤੇ ਹਮਲਾ ਕਰਦੇ ਕਈ ਦ੍ਰਿਸ਼ ਹਟਾ ਲਏ ਗਏ ਹਨ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਚੈਨਲ ਕੋਲ ਵਿਵਾਦਤ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਗਿਆ ਸੀ।
Choti Sardarni
ਦਿੱਲੀ ਕਮੇਟੀ ਵਲੋਂ ਜਾਰੀ ਬਿਆਨ ਵਿਚ ਕਮੇਟੀ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲਗਾ ਸੀ ਕਿ ਕਲਰ ਟੀ.ਵੀ ਵਲੋਂ ਇਕ ਲੜੀਵਾਰ ਨਾਟਕ ਛੋਟੀ ਸਰਦਾਰਨੀ ਬਣਾਇਆ ਜਾ ਰਿਹਾ ਹੈ ਜਿਸ ਵਿਚ ਪਾਤਰ ਲੜਕੀ ਨੇ ਅਪਣੇ ਪੰਜ ਸਿਧਾਂਤ, ਪੰਜ ਕਕਾਰਾਂ ਨਾਲ ਜੋੜ ਕੇ ਬਣਾਏ ਸਨ ਤਾਂ ਅਸੀ 4 ਜੂਨ ਨੂੰ ਕਲਰ ਟੀ.ਵੀ ਚੈਨਲ ਨੂੰ ਲੀਗਲ ਨੋਟਿਸ ਭੇਜਿਆ ਸੀ ਤੇ 24 ਜੂਨ ਨੂੰ ਚੈਨਲ ਨੇ ਜਵਾਬ ਦਿਤਾ ਸੀ ਕਿ ਉਨ੍ਹਾਂ ਨੇ ਅਜਿਹੇ ਦ੍ਰਿਸ਼ ਹਟਾ ਲਏ ਹਨ ਜਿਨ੍ਹਾਂ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ ਪਰ ਉਨ੍ਹਾਂ ਨੇ ਯੂ ਟਿਊਬ ਤੋਂ ਵਾਵਦਤ ਦ੍ਰਿਸ਼ ਨਹੀਂ ਸਨ ਹਟਾਏ।
Choti Sardarni
ਅਸੀ 25 ਜੂਨ ਨੂੰ ਮੁੜ ਚੈਨਲ ਨੂੰ ਯਾਦ ਦਿਵਾਉਂਦਿਆਂ ਲਿਖਿਆ ਸੀ ਕਿ ਯੂ-ਟਿਊਬ ਤੋਂ ਵੀ ਵੀਡੀਉ ਹਟਾਈਆਂ ਜਾਣ ਤਾਂ ਚੈਨਲ ਦੇ ਵਕੀਲ ਅਨਿਲ ਲੇਲੇ ਨੇ ਯੂ-ਟਿਊਬ ਤੋਂ ਵੀਡੀਉ ਹਟਾਉਣ ਪਿੱਛੋਂ ਦਿੱਲੀ ਕਮੇਟੀ ਨੂੰ ਭਰੋਸਾ ਦਿਤਾ ਕਿ ਕਿਸੇ ਭਾਈਚਾਰੇ ਜਾਂ ਧਰਮ ਦੇ ਜਜ਼ਬਾਤਾਂ ਨੂੰ ਸੱਟ ਵੱਜਣ ਵਾਲੇ ਦ੍ਰਿਸ਼ ਲੜੀਵਾਰ ਵਿਚ ਨਹੀਂ ਵਿਖਾਇਆ ਜਾਵੇਗਾ।