
Panthak News: ਸਿੱਖੀ ਸਿਧਾਂਤ ਤੇ ਅਰਦਾਸ ਦਾ ਮੁੱਲ ਸ਼ਹੀਦ ਫੇਰੂਮਾਨ ਨੇ ਅਪਣੀ ਜਾਨ ਕੁਰਬਾਨ ਕਰ ਕੇ ਪਾਇਆ
Darshan Singh Feruman Panthak News: ਸ੍ਰੀ ਗੁਰੂ-ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਸਿੱਖ ਸਿਧਾਂਤ ਛਿੱਕੇ ਟੰਗਣ ਦੇ ਦੋਸ਼ ਸੁਖਬੀਰ ਸਿੰਘ ਬਾਦਲ ’ਤੇ ਲੱਗਣ ਕਾਰਨ, ਅਕਾਲ ਤਖ਼ਤ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਤਨਖ਼ਾਹੀਆ ਕਰਾਰ 30 ਅਗੱਸਤ ਨੂੰ ਦਿਤਾ ਹੈ। ਸੁਖਬੀਰ ਸਿੰਘ ਬਾਦਲ ਨੇ ਬੜੀ ਫੁਰਤੀ ਵਿਖਾਉਂਦਿਆਂ, ਅਗਲੇ ਦਿਨ 31 ਅਗੱਸਤ ਨੂੰ ਜਥੇਦਾਰ ਦੀ ਗ਼ੈਰ ਮੌਜੂਦਗੀ ਵਿਚ ਲਿਖਤੀ ਮਾਫ਼ੀਨਾਮਾ ਭੇਜ ਦਿਤਾ। ਇਸ ਦੀ ਵੀ ਕਾਫ਼ੀ ਚਰਚਾ ਹੈ। ਜੇ ਸਿੱਖ ਇਤਿਹਾਸਕਾਰਾਂ ਦੀ ਮੰਨੀਏ ਤਾਂ ਸੁਖਬੀਰ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਦੀ ਸਮਝ ਆ ਜਾਵੇਗੀ ਕਿ ਉਨ੍ਹਾਂ ਸਿੱਖੀ ਸਿਧਾਂਤ ਅਤੇ ਅਰਦਾਸ ਦਾ ਮੁੱਲ ਅਪਣੀ ਜਾਨ ਵਾਰ ਕੇ ਪਾਇਆ, ਜਿਸ ਨਾਲ ਫੇਰੂਮਾਨ ਨੇ ਕੌਮ ਦੀ ਲਾਜ ਰੱਖੀ ਸੀ।
ਸਿੱਖ ਵਿਦਵਾਨਾਂ ਤੇ ਇਤਿਹਾਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਲਾਹੁਣ ਆਮ ਗੱਲ ਹੈ। ਸੱਭ ਤੋਂ ਅਹਿਮ ਸਿੱਖ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਣ ਦਾ ਹੈ ਜੋ ਗੁਰੂ ਸਾਹਿਬ ਨੇ ਬਖ਼ਸ਼ੀਆਂ ਹਨ। ਸਿੱਖ ਅਸੂਲਾਂ ਤੇ ਅਰਦਾਸ ਦਾ ਮੁੱਲ ਉੱਘੇ ਸਿੱਖ ਲੀਡਰ ਦਰਸ਼ਨ ਸਿੰਘ ਫੇਰੂਮਾਨ ਨੇ ਪਾਇਆ ਜਦ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਇਕ ਵਾਰ ਤੇ ਸੰਤ ਫ਼ਤਿਹ ਸਿੰਘ ਸਿੰਘ ਨੇ ਤਿੰਨ ਵਾਰ, ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗਦਿਆਂ, ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ’ਤੇ ਅਰਦਾਸ ਕਰ ਕੇ ਪ੍ਰਣ ਤੋੜਿਆ ਜਿਸ ਨਾਲ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ।
ਸਿੱਖਾਂ ਤੇ ਗ਼ੈਰ ਸਿੱਖਾਂ ਵਿਚ ਇਹ ਅਹਿਸਾਸ ਭਾਰੂ ਸੀ ਕਿ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵਾ, ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ ਸ਼ਹੀਦਾਂ ਵਾਂਗ ਅਰਦਾਸ ਕਰ ਕੇ ਪਿੱਠ ਨਾ ਵਿਖਾਉਣ ਵਾਲੇ ਹੁਣ ਨਹੀਂ ਰਹੇ।ਸਿੱਖੀ ਸਿਧਾਂਤਾਂ ’ਤੇ ਕੀਤੀ ਗਈ ਅਰਦਾਸ ਦੇ ਵੱਕਾਰ ਅਤੇ ਪੰਥ ਦੀ ਆਨ ਤੇ ਸ਼ਾਨ ਬਰਕਰਾਰ ਰੱਖਣ ਲਈ ਦਰਸ਼ਨ ਸਿੰਘ ਫੇਰੂਮਾਨ ਨੇ ਇਹ ਕਲੰਕ ਲਾਹੁਣ ਵਾਸਤੇ 15 ਅਗੱਸਤ ਸੰਨ 1969 ਨੂੰ ਅਕਾਲ ਤਖ਼ਤ ’ਤੇ ਅਰਦਾਸ ਕਰ ਕੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿਤਾ ਪਰ ਉਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਵੀ ਪੰਥ ਦੀ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਸੀਂ ਪਰ ਦਰਸ਼ਨ ਸਿੰਘ ਫੇਰੂਮਾਨ ਨੇ ਜੇਲ ਵਿਚ ਹੀ ਅਰਦਾਸ ਕਰ ਕੇ ਮਰਨ ਵਰਤ ਰੱਖ ਲਿਆ। ਇਹ ਪਾਪ ਧੋਣ ਲਈ ਮਰਨ ਵਰਤ ਰਖਿਆ ਗਿਆ।
ਵਰਤ ਛੱਡਣ ਲਈ ਫੇਰੂਮਾਨ ’ਤੇ ਬੇਹੱਦ ਦਬਾਅ ਪਾਇਆ ਗਿਆ ਪਰ ਉਸ ਸੂਰਮੇ ਨੇ ਕਿਸੇ ਵੀ ਨਾਢੂ ਖਾਂ ਦੀ ਨਾ ਮੰਨੀ ਅਤੇ ਸਿੱਖ ਪੰਥ ਦੇ ਸਿਧਾਂਤਾਂ ਦਾ ਮੁੱਲ ਤਾਰਦਿਆਂ 27 ਅਕਤੂਬਰ 1969 ਵਿਚ ਮਰਨ ਵਰਤ ਦੇ 74ਵੇਂ ਦਿਨ ਸਦੀਵੀ ਵਿਛੋੜਾ ਦੇ ਦਿਤਾ। ਇਹ ਹਨ, ਸਿੱਖੀ ਸਿਧਾਂਤ, ਅਸੂਲ ਜੋ ਨਿਭਾਉਣ ਨਾਲ ਹੀ ਲੀਡਰਸ਼ਿਪ ਦਾ ਮੁੱਲ ਪੈਂਦਾ ਹੈ। ਦੂਸਰਾ, ਅਕਾਲੀ ਲੀਡਰਸ਼ਿਪ ਵਿਚ ਮਾਸਟਰ ਤਾਰਾ ਸਿੰਘ, ਫ਼ਤਿਹ ਸਿੰਘ, ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਮੋਹਨ ਸਿੰਘ ਤੁੜ, ਸੰਤ ਲੌਂਗੋਵਾਲ ਆਦਿ ਦਰਮਿਆਨ ਪ੍ਰਧਾਨਗੀਆਂ ਦੇ ਝਗੜੇ ਚਲਦੇ ਰਹੇ ਜੋ ਸਿਆਸਤ ਵਿਚ ਆਮ ਹੈ ਪਰ ਅਸੂਲ ਵੱਖ ਹਨ।