
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 36 ਵਰ੍ਹਿਆਂ ਤੋਂ ਸੰਸਦ ਤੋਂ ਲੈ ਕੇ ਸੜਕਾਂ ਤਕ ਇਸ ਲੜਾਈ ਨੂੰ ਲੜਦਾ ਆ ਰਿਹਾ ਹੈ
ਨਵੀਂ ਦਿੱਲੀ (ਸੁਖਰਾਜ ਸਿੰਘ): 1984 ਸਿੱਖ ਕਤਲੇਆਮ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਕਰਵਾਏ ਗਏ ਅਤੇ ਸੱਚ ਦੀ ਕੰਧ 'ਤੇ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ, ਬੜੀ ਹੈਰਾਨੀ ਦੀ ਗੱਲ ਹੈ ਕਿ ਨਵੰਬਰ 1984 ਵਿਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਹੋਇਆ ਜਿਸ ਨੂੰ ਸੱਭ ਨੇ ਵੇਖਿਆ ਪਰ ਅਫ਼ਸੋਸ ਦੀ ਗੱਲ ਕਿ ਇਕ ਵੀ ਗਵਾਹ ਸਾਹਮਣੇ ਨਹੀਂ ਆਇਆ ਜੋ ਕਾਤਲਾਂ ਦੀ ਸ਼ਨਾਖਤ ਕਰਦਾ।
Manjinder Sirsa
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 36 ਵਰ੍ਹਿਆਂ ਤੋਂ ਸੰਸਦ ਤੋਂ ਲੈ ਕੇ ਸੜਕਾਂ ਤਕ ਇਸ ਲੜਾਈ ਨੂੰ ਲੜਦਾ ਆ ਰਿਹਾ ਹੈ ਅਤੇ ਉਸੇ ਦਾ ਹੀ ਨਤੀਜਾ ਹੈ ਕਿ ਅੱਜ ਸੱਜਣ ਕੁਮਾਰ ਜੇਲ ਦੀਆਂ ਸਲਾਖਾਂ ਪਿੱਛੇ ਹੈ ਅਤੇ ਜਗਦੀਸ਼ ਟਾਈਟਲਰ ਅਤੇ ਕਮਲਨਾਥ 'ਤੇ ਵੀ ਸ਼ਿਕੰਜਾ ਕਸਿਆ ਹੋਇਆ ਹੈ।
1984 Sikh Genocide
ਉਨ੍ਹਾਂ ਦਸਿਆ ਕਿ ਕਾਂਗਰਸ ਦੀ ਸਰਕਾਰ ਨੇ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਿਰੁਧ ਕੇਸ ਬੰਦ ਕਰ ਕੇ ਦੋਸ਼ ਮੁਕਤ ਕਰਾਰ ਦਿਤਾ ਸੀ ਪਰ ਅਸੀ ਗ੍ਰਹਿ ਮੰਤਰਾਲੇ ਪੁੱਜ ਕੇ ਉਨ੍ਹਾਂ ਦੇ ਕੇਸਾਂ ਨੂੰ ਮੁੜ ਖੁਲ੍ਹਵਾਇਆ ਜਿਸ ਨਾਲ ਜਗਦੀਸ਼ ਟਾਈਟਲਰ ਤੇ ਕਮਲਨਾਥ ਵੀ ਜਲਦ ਹੀ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ।
ਦਿੱਲੀ ਕਮੇਟੀ ਵਲੋਂ ਸ਼ਹੀਦਾਂ ਦੀ ਯਾਦ ਵਿਚ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਗੁਰਦਵਾਰਾ ਬੰਗਲਾ ਸਾਹਿਬ ਅਰਦਾਸ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਸਮੇਤ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਅੱਜ ਸ਼ਾਮੀ ਦਿੱਲੀ ਕਮੇਟੀ ਵਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਸਥਿਤ ਸੱਚ ਦੀ ਕੰਧ 'ਤੇ ਪੁੱਜ ਕੇ ਸ਼ਹੀਦ ਪ੍ਰਵਾਰਾਂ ਨਾਲ ਮਿਲ ਕੇ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਉਨ੍ਹਾਂ ਦੀ ਯਾਦ ਵਿਚ ਮੋਮਬੱਤੀਆਂ ਜਗਾਈਆਂ ਗਈਆਂ। ਇਸ ਮੌਕੇ ਸ਼ਹੀਦਾਂ ਦੀ ਇਕ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ।