
ਨਾਂਦੇੜ ਸਿੱਖ ਗੁਰਦਵਾਰਾ ਬੋਰਡ ਦਾ ਮਸਲਾ: ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਹੋਣਗੇ ਹਾਜ਼ਰ......
ਚੰਡੀਗੜ੍ਹ : ਪਿਛਲੇ 19 ਸਾਲਾਂ ਤੋਂ ਨਾਂਦੇੜ-ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸਿੱਖ ਗੁਰਦਵਾਰਾ ਬੋਰਡ ਵਿਚ ਚਲੇ ਆ ਰਹੇ ਉਥੋਂ ਦੀਆਂ ਸਰਕਾਰਾਂ ਦੀ ਦਖ਼ਲਅੰਦਾਜ਼ੀ ਦੇ ਮਾਮਲਿਆਂ ਨੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਅਦਾਰਿਆਂ ਵਿਚ ਅਜਿਹੀ ਸਿਆਸੀ ਤੇ ਧਾਰਮਕ ਬੇਲੋੜੀ ਹਲਚਲ ਛੇੜ ਦਿਤੀ ਹੈ ਜਿਸ ਨਾਲ ਅਕਾਲੀ ਨੇਤਾਵਾਂ ਨੂੰ ਬੀਜੇਪੀ 'ਤੇ ਹਮਲਾ ਕਰਨ ਦਾ ਮੌਕਾ ਦੇ ਦਿਤਾ ਹੈ। ਦੂਜੇ ਪਾਸੇ ਆਰ.ਐਸ.ਐਸ. ਨੂੰ ਇਹ ਕਹਿਣ ਲਈ ਤਿਆਰ ਕਰ ਦਿਤਾ ਹੈ ਕਿ ਗੁਰਦਵਾਰਿਆਂ ਦਾ ਕੰਟਰੋਲ ਕਿਸੇ ਵੀ ਸਿੱਖ ਕੋਲ ਹੋ ਸਕਦਾ ਹੈ। ਜ਼ਰੂਰੀ ਨਹੀਂ ਅਕਾਲੀ ਦਲ ਕੋਲ ਹੋਵੇ।
ਦੋ ਦਿਨ ਪਹਿਲਾਂ ਦਿੱਲੀ ਵਿਧਾਨ ਸਭਾ ਵਿਚ ਬੀਜੇਪੀ ਦੇ ਟਿਕਟ 'ਤੇ ਜਿੱਤੇ ਮਨਜਿੰਦਰ ਸਿੰਘ ਸਿਰਸਾ ਨੇ ਨਾਂਦੇੜ ਸਾਹਿਬ ਗੁਰਦਵਾਰਾ ਬੋਰਡ ਦਾ ਪ੍ਰਧਾਨ ਮਹਾਂਰਾਸ਼ਅਰ ਵਿਧਾਨ ਸਭਾ ਦੇ ਚੌਥੀ ਵਾਰ ਚੁਣੇ ਗਏ ਬੀਜੇਪੀ ਵਿਧਾਇਕ ਸ. ਤਾਰਾ ਸਿੰਘ ਨੂੰ ਲਾਉਣ 'ਤੇ ਸਖ਼ਤ ਟਿਪਣੀ ਕਰ ਦਿਤੀ। ਉਨ੍ਹਾਂ ਕਿਹਾ ਕਿ ਸਿੱਖ ਗੁਰਦਵਾਰਿਆਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਸਿੱਖਾਂ ਨੂੰ ਪਸੰਦ ਨਹੀਂ ਅਤੇ ਸਿੱਖ ਜਗਤ ਵਿਚ ਭਾਰੀ ਰੋਸ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਨ ਤੇ ਬੀਜੇਪੀ ਦੇ ਦਿੱਲੀ ਤੋਂ ਵਿਧਾਇਕ ਹਨ
ਅਤੇ ਹੁਣ ਦਿੱਲੀ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣਨ ਦੀ ਦੌੜ ਵਿਚ ਸੱਭ ਤੋਂ ਅੱਗੇ ਹਨ। ਹਫ਼ਤਾ ਪਹਿਲਾਂ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਸੇਵਾ ਮੁਕਤ ਜੱਜ ਸ. ਪਰਮਜੋਤ ਸਿੰਘ ਚਾਹਲ ਜੋ ਉਥੇ ਦੇ ਗੁਰਦਵਾਰਾ ਬੋਰਡ ਦੇ ਮੌਜੂਦਾ ਮੈਂਬਰ ਸਕੱਤਰ ਵੀ ਹਨ, ਚੰਡੀਗੜ੍ਹ ਆ ਕੇ ਅਕਾਲੀ ਦਲ ਦਫ਼ਤਰ ਵਿਚ ਐਮ.ਪੀ. ਸ. ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ ਤੇ ਹੋਰ ਸਿਰਕੱਢ ਅਕਾਲੀ ਨੇਤਾਵਾਂ ਨੂੰ ਮਿਲ ਕੇ ਗਏ ਸਨ। ਜੱਜ ਸਾਹਿਬ ਦਾ ਵੀ ਇਹੋ ਵਿਚਾਰ ਸੀ ਕਿ ਪਿਛਲੀਆਂ ਸਰਕਾਰਾਂ ਨੇ 1956 ਦੇ ਨਿਜ਼ਾਮ ਹੈਦਰਾਬਾਦ ਦੇ ਅਬਚਲ ਨਗਰ ਸਾਹਿਬ ਐਕਟ ਵਿਚ ਜ਼ਰੂਰਤ ਮੁਤਾਬਕ
ਅਤੇ ਸਿੱਖਾਂ ਦੀ ਭਲਾਈ ਵਾਸਤੇ ਤਰਮੀਮਾਂ ਕੀਤੀਆਂ ਹਨ। ਇਸ ਐਕਟ 1956 ਤਹਿਤ ਗੁਰਦਵਾਰੇ ਦਾ ਪ੍ਰਬੰਧ ਤਿੰਨ ਪੜਾਵਾਂ ਵਿਚ ਹੈ। ਪਹਿਲਾ 17 ਮੈਂਬਰੀ ਬੋਰਡ, ਦੂਜਾ ਇਸ ਵਿਚੋਂ ਬਣੀ ਕਮੇਟੀ ਤੇ ਫਿਰ ਤੀਜਾ ਸੁਪਰਟੈਂਡੈਂਟ। ਉਸ ਵੇਲੇ ਦੀ ਹੈਦਰਾਬਾਦ ਵਿਧਾਨ ਸਭਾ ਨੇ 1956 ਵਿਚ ਐਕਟ ਨੰ. 37 ਬਣਾ ਕੇ ਬੋਰਡ ਦੇ 17 ਸਿੱਖ ਮੈਂਬਰ ਥਾਪ ਦਿਤੇ। ਇਨ੍ਹਾਂ ਵਿਚ 2 ਸਰਕਾਰ ਵਲੋਂ, 3 ਮੈਂਬਰ ਨੇੜਲੇ ਸੂਬਿਆਂ ਵਿਚੋਂ, ਇਕ ਮੈਂਬਰ ਹੈਦਰਾਬਾਦ ਤੇ ਸਿਕੰਦਰਾਬਾਦ ਤੋਂ, ਇਕ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਾ ਮੱਧ ਪ੍ਰਦੇਸ਼ ਵਿਚੋਂ ਨੁਮਾਇੰਦਾ, 3 ਮੈਂਬਰ ਹੋਰ ਸ਼੍ਰੋਮਣੀ ਕਮੇਟੀ ਦੇ, 2 ਸਿੱਖ ਮੈਂਬਰ ਪਾਰਲੀਮੈਂਟ ਵਿਚੋਂ,
ਇਕ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਤੋਂ ਅਤੇ ਬਾਕੀ 4 ਹਜ਼ੂਰੀ ਖ਼ਾਲਸਾ ਦੀਵਾਨ ਨਾਂਦੇੜ ਤੋਂ ਹੋਣਗੇ। ਸ਼ਰਤ ਇਹੀ ਸੀ ਕਿ ਸਾਰੇ ਮੈਂਬਰ ਸਿੱਖ ਹੋਣ, ਪਾਰਟੀ ਜਾਂ ਜਥੇਬੰਦੀ ਕੋਈ ਵੀ ਹੋਵੇ। ਪੰਜਾਬ ਵਿਚ ਬੁਰੀ ਤਰ੍ਹਾਂ ਨੁਕਰੇ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਖ਼ਾਸ ਕਰ ਸਰਪ੍ਰਸਤ ਵੱਡੇ ਬਾਦਲ, ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਜ਼ੂਰ ਸਾਹਿਬ ਬੋਰਡ ਵਿਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਲੈ ਕੇ ਸਿੱਖਾਂ 'ਚ ਅਪਣੀ ਸਾਖ ਨੂੰ ਮੁੜ ਤੋਂ ਕਾਇਮ ਕਰਨ ਦਾ ਕਦਮ ਚੁਕਿਆ ਹੈ। ਆਲੋਚਕ ਮੰਨਦੇ ਹਨ ਕਿ ਅਕਾਲੀ ਦਲ ਅਪਣੀ ਸਿਆਸੀ ਸਾਂਝ ਬੀਜੇਪੀ ਨਾਲੋਂ ਤੋੜਨ ਦੇ ਡਰਾਮੇ ਕਰ ਰਿਹਾ ਹੈ
Gobind Singh Longowal
ਅਤੇ ਭਲਕੇ ਇਸੇ ਹੀ ਮੁੱਦੇ 'ਤੇ ਅਪਣੀ ਕੋਰ ਕਮੇਟੀ ਦੀ ਬੈਠਕ ਦੁਪਹਿਰ 2 ਵਜੇ ਰੱਖ ਲਈ ਹੈ। ਇਸ ਵਿਚ ਵੱਡੇ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਚੇਚੇ ਤੌਰ 'ਤੇ ਹਿੱਸਾ ਲੈ ਰਹੇ ਹਨ। ਕੋਰ ਕਮੇਟੀ ਦੇ ਬਾਕੀ ਮੈਂਬਰਾਂ ਵਿਚ ਜਥੇਦਾਰ ਤੋਤਾ ਸਿੰਘ, ਬਲਵਿੰਦਰ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਅਟਵਾਲ, ਮਹੇਸ਼ਇੰਦਰ ਗਰੇਵਾਲ, ਬੀਬੀ ਜਗੀਰ ਕੌਰ, ਡਾ.ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਮੈਂਬਰ ਹਿੱਸਾ ਲੈ ਰਹੇ ਹਨ।
ਉਂਜ ਤਾਂ ਇਹ ਮਹੱਤਵਪੂਰਨ ਬੈਠਕ ਵਿਚ ਲੋਕ ਸਭਾ ਚੋਣਾਂ ਲਈ ਚੋਣ ਮੈਨੀਫ਼ੈਸਟੋ ਬਾਰੇ ਵਿਚਾਰ ਵੀ ਹੋਵੇਗਾ ਪਰ ਗੰਭੀਰ ਮੁੱਦਾ ਤਾਂ ਮਹਾਂਰਾਸ਼ਟਰ ਦੀ ਬੀਜੇਪੀ ਸਰਕਾਰ ਵਲੋਂ ਨਾਂਦੇੜ ਸਾਹਿਬ ਗੁਰਦਵਾਰਾ ਬੋਰਡ ਦਾ ਪ੍ਰਧਾਨ ਥਾਪੇ ਜਾਣ ਦਾ ਹੈ। ਉਂਜ ਤਾਂ ਇਹ ਪ੍ਰਧਾਨ 2015 ਤੋਂ ਨਿਯੁਕਤ ਹੈ, ਉਸ ਦੀ ਮਿਆਦ 2018 ਵਿਚ ਖ਼ਤਮ ਹੋ ਗਈ ਅਤੇ ਕਈ ਹੋਰ ਸਿੱਖ ਨੇਤਾ, ਇਸ ਪ੍ਰਧਾਨਗੀ ਦੀ ਦੌੜ ਵਿਚ ਹਨ। ਦੂਜੇ ਪੰਜਾਬ ਬੀਜੇਪੀ ਵਿਚ ਵੀ ਅੰਦਰ ਖਾਤੇ ਗੁੱਸਾ ਤੇ ਰੋਸ ਹੈ ਕਿ ਅਕਾਲੀ ਦਲ ਦੇ ਨੁਕਰੇ ਲੱਗਣ 'ਤੇ ਉਨ੍ਹਾਂ ਦੀ ਸਾਖ ਨੂੰ ਵੀ ਧੱਬਾ ਲੱਗਾ ਹੈ ਅਤੇ ਲੋਕ ਸਭਾ ਚੋਣਾਂ ਵਿਚ ਤੈਅ ਸ਼ੁਦਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿਚ ਮਾੜਾ
ਨਤੀਜਾ ਭੁਗਤਣਾ ਪੈ ਸਕਦਾ ਹੈ। ਬੀਜੇਪੀ ਇਸ ਕਰ ਕੇ ਵੀ ਦੁਖੀ ਹੈ ਕਿ ਉਨ੍ਹਾਂ ਦੀ ਕੇਂਦਰੀ ਹਾਈ ਕਮਾਂਡ ਅਕਾਲੀ ਦਲ ਨਾਲ ਸਾਂਝ ਤੋੜਨ ਨੂੰ ਰਾਜੀ ਨਹੀਂ ਹੈ ਕਿਉਂਕਿ ਘੱਟ ਗਿਣਤੀ ਕੌਮਾਂ ਵਿਚੋਂ ਸਿਰਫ਼ ਸਿੱਖ ਹੀ ਤਾਂ ਅਕਾਲੀ ਦਲ ਦੇ ਰੂਪ ਵਿਚ ਬੀਜੇਪੀ ਦੇ ਨਾਲ ਹਨ ਜੋ ਸਿਆਸੀ ਪਿੜ ਵਿਚ ਦੋਹਾਂ ਸਰਕਾਰਾਂ, ਕੇਂਦਰੀ ਤੇ ਪੰਜਾਬ ਵਿਚ ਨਾਲ ਚਲੇ ਆਏ ਹਨ। ਭਲਕੇ ਦੀ ਕੋਰ ਕਮੇਟੀ ਬੈਠਕ ਵਿਚ ਉਪਰੋਂ ਉਪਰੋਂ ਅਕਾਲੀ ਲੀਡਰਾਂ ਵਲੋਂ ਬੀਜੇਪੀ ਨਾਲ ਸਾਂਝ ਤੋੜਨ ਦੇ ਕੌੜੇ ਸਖ਼ਤ ਤੇ ਉਚੇ ਬਿਆਨ ਦਿਤੇ
ਜਾਣਗੇ ਪਰ ਦਲ ਦੇ ਸਰਪ੍ਰਸਤ ਤੇ ਪ੍ਰਧਾਨ, ਦਿੱਲੀ ਜਾ ਕੇ ਅਮਿਤ ਸ਼ਾਹ, ਮੋਦੀ, ਰਾਜਨਾਥ ਸਿੰਘ ਅਤੇ ਹੋਰਨਾਂ ਨਾਲ ਨੇੜਤਾ ਵਧਾਉਣ ਦੀਆਂ ਗੱਲਾਂ ਜਾਰੀ ਰੱਖਣਗੇ। ਤਿੰਨ ਦਿਨ ਪਹਿਲਾਂ ਬੀਬੀ ਹਰਸਿਮਰਤ ਕੌਰ ਤੇ ਸੁਖਬੀਰ ਬਾਦਲ ਨੇ ਅਪਣੀ ਦਿੱਲੀ ਦੀ ਰਿਹਾਇਸ਼ 'ਤੇ ਬੀਜੇਪੀ ਨੇਤਾਵਾਂ ਨੂੰ ਖਾਣੇ 'ਤੇ ਸੱਦਿਆ ਸੀ, ਜਿਥੇ ਰਾਜਨਾਥ ਸਿੰਘ, ਸਮ੍ਰਿਤੀ ਰਾਣੀ, ਸਪੀਕਰ ਸੁਮਿੱਤਰਾ ਮਹਾਜਨ, ਸੁਸ਼ਮਾ ਸਵਰਾਜ ਤੇ ਹੋਰ ਬੀਜੇਪੀ ਚੋਟੀ ਦੇ ਨੇਤਾ ਪਹੁੰਚੇ ਸਨ।