
ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਅੱਜ ਪੰਜ ਜਥੇਦਾਰਾਂ ਦੀ ਹੋਈ ਬੈਠਕ ਵਿਚ ਵੱਖ-ਵੱਖ ਸਿੱਖ ਮਸਲੇ ਵਿਚਾਰੇ ਗਏ। ਬੈਠਕ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ
ਅੰਮ੍ਰਿਤਸਰ, 27 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਅੱਜ ਪੰਜ ਜਥੇਦਾਰਾਂ ਦੀ ਹੋਈ ਬੈਠਕ ਵਿਚ ਵੱਖ-ਵੱਖ ਸਿੱਖ ਮਸਲੇ ਵਿਚਾਰੇ ਗਏ। ਬੈਠਕ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਇਟਲੀ ਦੀ ਇਕ ਕੰਪਨੀ ਵਲੋਂ ਨਰਮ ਧਾਤ ਨਾਲ ਬਣਾਈ ਗਈ ਛੋਟੀ ਕ੍ਰਿਪਾਨ ਦੇ ਨਮੂਨੇ ਇਤਿਹਾਸਕ ਸਰੋਤਾਂ ਨੂੰ ਵਾਚਣ ਉਪ੍ਰੰਤ ਰੱਦ ਕਰ ਦਿਤੇ ਹਨ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਜਸਵੰਤ ਸਿੰਘ ਖੋਸਾ, ਤਖ਼ਤ ਸ੍ਰੀ ਤਲਵੰਡੀ ਸਾਬੋ ਦੇ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ, ਸ੍ਰੀ ਅਖੰਡ ਪਾਠ ਸਾਹਿਬ ਦੇ ਇੰਚਾਰਜ ਜਰਨੈਲ ਸਿੰਘ ਨੂੰ ਅਕਾਲ ਤਖਤ ਵਿਖੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ। ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਆਗਿਆ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਅਜੇ ਪੁਰਾਣੀ ਪ੍ਰਥਾ ਹੀ ਜਾਰੀ ਰਹੇਗੀ ਪਰ ਇਹ ਮਾਮਲਾ ਜਥੇਦਾਰਾਂ ਦੀ ਬੈਠਕ 'ਚ ਵਿਚਾਰਿਆ ਜਾਵੇਗਾ। ਪਾਵਨ ਸਰੂਪਾਂ ਦੀ ਬੇਅਦਬੀ ਰੋਕਣ ਲਈ ਲਈ ਗਿਆਨੀ. ਗਰੁਬਚਨ ਸਿੰਘ ਨੇ ਗੁਰਦਵਾਰਾ ਕਮੇਟੀਆਂ ਨੂੰ ਠੀਕਰੇ ਪਹਿਰੇ ਦੇਣ ਦਾ ਆਦੇਸ਼ ਦਿਤਾ ਹੈ।
ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖਤਾਂ ਪ੍ਰਤੀ ਦੇਸ਼-ਵਿਦੇਸ਼ ਦੀ ਸੰਗਤ ਵਲੋਂ ਕਈ ਇਤਰਾਜ਼ ਆਏ ਹਨ ਜਿਸ 'ਚ ਪੰਥਕ ਮਰਿਆਦਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਬੰਧੀ, ਅੰਮ੍ਰਿਤ, ਨਿਤਨੇਮ ਆਦਿ ਸਬੰਧੀ ਜੋ ਲਿਖਤਾਂ ਲਿਖੀਆਂ ਹਨ ਜਿਨ੍ਹਾਂ ਦਾ ਸਿੱਖ ਸੰਗਤ ਵਿਚ ਭਾਰੀ ਰੋਸ ਹੈ। ਇਸ ਸਬੰਧ ਵਿਚ ਅਕਾਲ ਤਖ਼ਤ ਵਲੋਂ ਲਿਖਤਾਂ ਦੀ ਪੜਤਾਲ ਕਰਨ ਲਈ ਵਿਦਵਾਨਾਂ ਦੀ ਕਮੇਟੀ ਗਠਤ ਕੀਤੀ ਸੀ। ਕਮੇਟੀ ਦੀ ਰੀਪੋਰਟ ਅਨੁਸਾਰ ਇਸ ਨੇ ਅਪਣੀਆਂ ਲਿਖਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਘਟੀਆ ਸ਼ਬਦਾਵਲੀ, ਅੰਮ੍ਰਿਤ, ਨਿਤਨੇਮ, ਅਰਦਾਸ, ਕਕਾਰ, ਦਸਮ ਬਾਣੀ ਧਾਰਮਕ ਅਸਥਾਨਾਂ ਦੀ ਪਵਿੱਤਰਤਾ ਦੀ ਸੇਵਾ ਸੰਭਾਲ ਅਤੇ ਦਮਦਮੀ ਟਕਸਾਲ ਸਬੰਧੀ ਬਹੁਤ ਨੀਵੇਂ ਪੱਧਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਦਿਲਗੀਰ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਅਪਣਾ ਸਪੱੱਸ਼ਟੀਕਰਨ ਨਹੀਂ ਦਿੰਦਾ ਤਦ ਤਕ ਸਿੱਖ ਸੰਗਤ ਉਸ ਨੂੰ ਮੂੰਹ ਨਾ ਲਾਉਣ ਅਤੇ ਕਿਸੇ ਵੀ ਧਾਰਮਕ, ਸਮਾਜਕ, ਰਾਜਨੀਤਕ ਸਟੇਜ 'ਤੋਂ ਉਸ ਨੂੰ ਨਾ ਬੋਲਣ ਦਿਤਾ ਜਾਵੇ ਅਤੇ ਇਸ ਵਲੋਂ ਲਿਖੀਆਂ ਕਿਤਾਬਾਂ 'ਤੇ ਰੋਕ ਲਾਈ ਜਾਂਦੀ ਹੈ। ਜਥੇਦਾਰ ਨੇ ਘਰਾਂ 'ਚ ਰੱਖੇ ਗਏ ਪਾਵਨ ਸਰੂਪਾਂ ਬਾਰੇ ਸਿੱਖ ਪਰਵਾਰਾਂ ਨੂੰ ਕਿਹਾ ਕਿ ਇਸ ਦੀ ਜਾਣਕਾਰੀ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਨੂੰ ਦਿਤੀ ਜਾਵੇ।
ਜਥੇਦਾਰ ਨੇ ਦਸਿਆ ਕਿ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਦਿਨੀ ਹੋਈ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਰੰਗ ਰਲੀਆਂ ਮਨਾਉਣ ਦੀ ਤਿਆਰੀ ਦੀ ਘਟਨਾ ਨਾਲ ਜਿਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧ ਦੀ ਬਦਨਾਮੀ ਹੋਈ ਹੈ, ਉਥੇ ਸੰਗਤ ਦੇ ਹਿਰਦਿਆਂ ਨੂੰ ਠੇਸ ਵੀ ਪੁੱਜੀ ਹੈ। ਸ਼੍ਰੋਮਣੀ ਕਮੇਟੀ ਅਜਿਹੇ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕਰੇ।