
ਉਨ੍ਹਾਂ ਦਸਿਆ ਕਿ ਗੁਰਦਵਾਰੇ ਦੀ ਹੋਂਦ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ PM ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿੱਖੀ ਹੈ।
ਨਵੀਂ ਦਿੱਲੀ: 2 ਮਈ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਇਆ ਹੈ ਕਿ ਸਿੱਕਮ ਸਰਕਾਰ ਦੀ ਸ਼ਹਿ 'ਤੇ ਇਤਿਹਾਸਕ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਕਾਨੂੰਨੀ ਹੋਂਦ ਮਿਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸਿੱਖਾਂ ਦੀ ਇਹ ਥਾਂ ਬੋਧੀਆਂ ਨੂੰ ਦੇਣ ਲਈ ਸਰਕਾਰ ਬਜ਼ਿਦ ਹੈ।ਉਨ੍ਹਾਂ ਦਸਿਆ ਕਿ ਗੁਰਦਵਾਰੇ ਦੀ ਹੋਂਦ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿੱਖੀ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵੇਂ ਅਹੁਦੇਦਾਰਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ਵਿਚ ਜਿਉਂ ਦੇ ਤਿਉਂ ਹਾਲਾਤ ਬਣਾਈ ਰੱਖਣ ਦੇ ਹੁਕਮ ਦੇ ਚੁਕਾ ਹੈ, ਬਾਵਜੂਦ ਇਸਦੇ ਸਿੱਕਮ ਸਰਕਾਰ ਅਪਣੀ ਅੜੀ ਤੇ ਬਜ਼ਿਦ ਹੈ ਅਤੇ ਬੋਧੀ 3 ਮਈ ਨੂੰ ਸਿੱਕਮ ਹਾਈਕੋਰਟ ਵਿਚ ਹੋਣ ਵਾਲੀ ਸੁਣਵਾਈ ਲਈ ਅਪਣੇ ਭਾਈਚਾਰੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਦੀਆਂ ਸੋਸ਼ਲ ਮੀਡੀਆ ਰਾਹੀਂ ਅਪੀਲਾਂ ਕਰ ਰਹੇ ਹਨ। ਬੋਧ ਲਾਮਾਵਾਂ ਦਾ ਇਹ ਵਤੀਰਾ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੰਵਿਧਾਨਕ ਦੇ ਵਿਰੁਧ ਹੈ।
Mangit Singh GK
ਸ.ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸੰਨ 1516-17 ਨੂੰ ਅਪਣੀ 6 ਮਹੀਨੇ ਦੀ ਤਿਬਤ ਫੇਰੀ ਦੌਰਾਨ ਗੁਰੂ ਡਾਂਗਮਾਰ ਝੀਲ ਦੇ 30 ਡਿਗਰੀ ਤੋਂ ਹੇਠਾਂ ਦੇ ਤਾਪਮਾਨ ਵਿਚ ਝੀਲ ਦੇ ਜਮੇ ਹੋਏ ਪਾਣੀ ਨੂੰ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਡਾਂਗ ਮਾਰ ਕੇ, ਪਿਘਲਾ ਦਿਤਾ ਸੀ, ਉਦੋਂ ਤੋਂ ਹੁਣ ਤੱਕ ਇਲਾਕੇ ਵਿਚ ਲੋਕ ਇਸੇ ਝੀਲ ਤੋਂ ਪਾਣੀ ਲੈਂਦੇ ਆ ਰਹੇ ਹਨ, ਜਦੋਂਕਿ ਸਿੱਕਮ ਸਰਕਾਰ ਇਸ ਅਸਥਾਨ ਨੂੰ ਅੱਠਵੀਂ ਸੱਦੀ ਦੇ ਤਾਂਤ੍ਰਿਕ ਬੋਧ ਬਿਕਸ਼ੂ ਪਦਮਸੰਭਵ ਜਿਨ੍ਹਾਂ ਨੂੰ ਰਿਨਪੋਛੇ ਗੁਰੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਦਾ ਮੱਠ ਬਣਾਉਣ ਲਈ ਬਜ਼ਿਦ ਹੈ। ਹੈਰਾਨੀ ਦੀ ਗੱਲ ਹੈ ਕਿ ਬੋਧ ਧਰਮ ਦੀਆਂ ਕਿਤਾਬਾਂ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਰਿਨਪੋਛੇ ਸਿੱਕਮ ਵਿਚ ਕਦੇ ਆਏ ਹੀ ਨਹੀਂ, ਵਿਕੀਪੀਡੀਆ ਮੁਤਾਬਕ ਵੀ ਉਨ੍ਹਾਂ ਦੇ ਨਾਲ ਸਬੰਧਤ ਹਿਮਾਚਲ ਦੇ ਮੰਡੀ ਜ਼ਿਲੇ ਦੇ ਰਿਵਾਲਸਰ ਸ਼ਹਿਰ ਵਿਚ ਇਕ ਝੀਲ ਹੋਣ ਬਾਰੇ ਪਤਾ ਲੱਗਦਾ ਹੈ, ਇਥੇ ਹੀ ਰਿਨਪੋਛੇ ਦੀ ਵੱਡ ਅਕਾਰੀ ਮੂਰਤੀ ਸਥਾਪਤ ਹੈ। ਇਸਦੇ ਉਲਟ ਸਰਵੇ ਜਨਰਲ ਆਫ ਇੰਡੀਆ ਦੇ 1981 ਵਿਚ ਬਣੇ ਹੋਏ ਨਕਸ਼ੇ ਵਿਚ ਸਪਸ਼ਟ ਤੌਰ 'ਤੇ ਇਹ ਹਵਾਲਾ ਮਿਲਦਾ ਹੈ ਕਿ ਪੰਜ ਸੋ ਸਾਲ ਪਹਿਲਾਂ ਸਿੱਕਮ ਦੇ ਗੁਰੂ ਡਾਂਗਮਾਰ ਵਿਚ ਗੁਰੂ ਨਾਨਕ ਸਾਹਿਬ ਪੁੱਜੇ ਸਨ। ਇਹੀ ਨਹੀਂ, ਐਵਰੇਸਟ ਹੀਰੋ ਸ਼ਿਆਮ ਗੇਸਟੋ ਨੇ 1965 ਵਿਚ ਇਸ ਇਤਿਹਾਸਕ ਥਾਂ ਦੀ ਖੋਜ ਕੀਤੀ ਸੀ। ਇਸ ਮੌਕੇ ਕਮੇਟੀ ਦੇ ਬੁਲਾਰੇ ਤੇ ਮੀਡੀਆ ਸਲਾਹਕਾਰ ਸ.ਪਰਮਿੰਦਰਪਾਲ ਸਿੰਘ, ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ.ਜਸਵਿੰਦਰ ਸਿੰਘ ਜੌਲੀ ਸਣੇ ਹੋਰ ਅਹੁਦੇਦਾਰ ਹਾਜ਼ਰ ਸਨ।