
Sukhbir Singh Badal: ਨਿਰਪੱਖ ਰਾਇ ਰੱਖਣ ਵਾਲੇ ਪੰਥਕ ਵਿਦਵਾਨਾਂ ਅਤੇ ਵਿਰੋਧੀਆਂ ਵਲੋਂ ਅਸਤੀਫ਼ੇ ਦੀ ਮੰਗ
Sukhbir Singh Badal: ਬਾਦਲ ਦਲ ਤੋਂ ਨਰਾਜ਼ ਹੋਏ ਧੜੇ ਵਲੋਂ ਅਕਾਲ ਤਖ਼ਤ ਸਾਹਿਬ ਉਪਰ ਕੀਤੀ ਸ਼ਿਕਾਇਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਲੋਂ ਖ਼ੁਦ ਨੂੰ ਨਿਮਾਣਾ ਸਿੱਖ ਦਰਸਾਉਣ ਅਤੇ ‘ਨਿਮਾਣੇ’ ਸ਼ਬਦ ਉਪਰ ਦਿਤੇ ਜਾਂਦੇ ਜ਼ੋਰ ਸਬੰਧੀ ਪ੍ਰਤੀਕਰਮ ਕਰਦਿਆਂ ਬਾਦਲ ਦਲ ਦੇ ਵਿਰੋਧੀਆਂ ਅਤੇ ਨਿਰਪੱਖ ਰਾਇ ਰੱਖਣ ਵਾਲੇ ਪੰਥਕ ਵਿਦਵਾਨਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਨਿਮਾਣਾਪਣ ਕੋਈ ਵਡਿਆਈ ਜਾਂ ਐਵਾਰਡ ਨਹੀਂ ਹੁੰਦਾ ਕਿਉਂਕਿ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਵੀ ਗੁਰਦਵਾਰੇ ਵਿਚ ਜਾਣ ਮੌਕੇ ਹਰ ਵਿਅਕਤੀ ਨਿਮਾਣਾ ਹੀ ਹੁੰਦਾ ਹੈ, ਉਹ ਭਾਵੇਂ ਕਿੰਨੇ ਵੀ ਉਚੇ ਅਹੁਦੇ ’ਤੇ ਬਿਰਾਜਮਾਨ ਕਿਉਂ ਨਾ ਹੋਵੇ।
ਮਹਿਜ 24 ਘੰਟਿਆਂ ਦੇ ਅੰਦਰ-ਅੰਦਰ ਸੁਖਬੀਰ ਸਿੰਘ ਬਾਦਲ ਵਲੋਂ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਹੋ ਕੇ ਅਪਣੇ ਚਾਰ ਹੋਰ ਮੰਤਰੀਆਂ ਸਮੇਤ ਸਪੱਸ਼ਟੀਕਰਨ ਦੇਣ ਅਤੇ ਸੁਖਬੀਰ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਜਲਦ ਸਜ਼ਾ ਸੁਣਾਉਣ ਦੀ ਕੀਤੀ ਅਪੀਲ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਦੀ ਉਕਤ ਪੇਸ਼ੀ ਨੂੰ ਹਊਮੈ ਤੇ ਹੰਕਾਰ ਕਰਾਰ ਦਿੰਦਿਆਂ ਆਖਿਆ ਹੈ ਕਿ ਅਪਣੇ ਗੰਨਮੈਨਾਂ ਸਮੇਤ ਲਾਮਲਸ਼ਕਰ ਲੈ ਕੇ ਅਕਾਲੀ ਦਲ ਦੀ ਲੈਟਰ ਪੈਡ ’ਤੇ ਸਪੱਸ਼ਟੀਕਰਨ ਦੇਣ ਵਾਲੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਨੂੰ ਸ਼ੋਭਾ ਨਹੀਂ ਦਿੰਦੀਆਂ।
ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸੰਗਤ ਦੀਆਂ ਲਗਭਗ ਸਾਰੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਬਾਦਲ ਪ੍ਰਵਾਰ ਤੋਂ ਆਜ਼ਾਦ ਕਰਵਾਉਣ ਦੀ ਮੰਗ ਕੀਤੀ ਹੈ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਉਸ ਸਮੇਂ ਦੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਬਰਾਬਰ ਕਸੂਰਵਾਰ ਮੰਨਦਿਆਂ ਤਖ਼ਤਾਂ ਦੇ ਉਨ੍ਹਾਂ ਸਾਬਕਾ ਜਥੇਦਾਰਾਂ ਨੂੰ ਵੀ ਤਨਖ਼ਾਹੀਆ ਕਰਾਰ ਦੇਣ ਦੀ ਮੰਗ ਕੀਤੀ ਹੈ।
20 ਫ਼ਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ, ਹਾਰ ਦੇ ਕਾਰਨਾਂ ਲਈ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਗਿਆ, ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਪਰ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਨਾ ਛੱਡਣ ਦੀ ਜ਼ਿੱਦ ਕਾਰਨ ਮਾਲਵੇ ਦੇ ਇਕੋ ਇਕ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਪਣੀਆਂ ਸਰਗਰਮੀਆਂ ਠੱਪ ਕਰਦਿਆਂ ਸ਼ਰਤ ਰੱਖ ਦਿਤੀ ਕਿ ਜਦੋਂ ਤਕ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਅਤੇ ਸ਼ਰਤਾਂ ਲਾਗੂ ਨਹੀਂ ਹੁੰਦੀਆਂ, ਉਦੋਂ ਤਕ ਉਹ ਸਰਗਰਮ ਸਿਆਸਤ ਤੋਂ ਲਾਂਭੇ ਰਹਿਣਗੇ।
ਦੁਆਬੇ ਦੇ ਇਕੋ ਇਕ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਬਾਦਲ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿਤਾ ਅਤੇ ਮਾਝੇ ਤੋਂ ਇਕੋ ਇਕ ਵਿਧਾਇਕ ਬੀਬਾ ਗੁਨੀਵ ਕੌਰ ਮਜੀਠੀਆ ਵੀ ਬਿਕਰਮ ਸਿੰਘ ਮਜੀਠੀਆ ਦੀਆਂ ਅਕਾਲੀ ਦਲ ਤੋਂ ਦੂਰੀਆਂ ਕਰ ਕੇ ਸ਼ਾਂਤ ਅਤੇ ਚੁੱਪ ਹਨ। ਕੁਲ ਮਿਲਾ ਕੇ ਬਾਦਲ ਦਲ ਦਾ ਕੋਈ ਵੀ ਵਿਧਾਇਕ ਅਕਾਲੀ ਦਲ ਬਾਦਲ ਦੀਆਂ ਕਾਰਵਾਈਆਂ ਤੋਂ ਖ਼ੁਸ਼ ਨਹੀਂ। ਭਾਵੇਂ ਬਾਦਲ ਦਲ ਵਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ ਗਿਆ ਪਰ ਬਿਨਾਂ ਸ਼ੱਕ ਸੁਖਬੀਰ ਬਾਦਲ ਦੀ ਪ੍ਰਧਾਨਗੀ ਉਪਰ ਸੰਕਟ ਦੇ ਬੱਦਲ ਛਾ ਗਏ ਹਨ।