
'ਜਾਗੋ' ਪਾਰਟੀ ਦੇ ਮੁੜ ਪ੍ਰਧਾਨ ਬਣੇ ਜੀਕੇ, ਪੰਥ ਤੇ ਕੌਮ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਨੂੰ ਦਸਿਆ ਟੀਚਾ
ਨਵੀਂ ਦਿੱਲੀ, 2 ਅਕਤੂਬਰ (ਅਮਨਦੀਪ ਸਿੰਘ) : 'ਜਾਗੋ' ਪਾਰਟੀ ਦੇ 6 ਵੇਂ ਸਥਾਪਨਾ ਦਿਹਾੜੇ ਮੌਕੇ 'ਜਾਗੋ' ਦੇ ਮੋਢੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਪੰਥ ਤੇ ਕੌਮ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਨੂੰ ਪਾਰਟੀ ਦਾ ਟੀਚਾ ਦਸਿਆ ਹੈ | ਅੱਜ ਇਥੋਂ ਦੇ ਦੱਖਣ ਦਿੱਲੀ ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼-1, ਪਹਾੜੀ ਵਾਲਾ ਵਿਖੇ ਪਾਰਟੀ ਦੀ 6 ਵੀਂ ਵਰ੍ਹੇਗੰਢ ਮਨਾਉਂਦੇ ਹੋਏ ਗੁਰਬਾਣੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਦਿੱਲੀ ਕਮੇਟੀ ਮੈਂਬਰਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਸਨਮੁੱਖ ਪਾਰਟੀ ਦੇ ਜਨਰਲ ਸਕੱਤਰ ਡਾ.ਪਰਮਿੰਦਰਪਾਲ ਸਿੰਘ ਨੇ ਜੀ ਕੇ ਨੂੰ ਮੁੜ ਪ੍ਰਧਾਨ ਥਾਪਣ ਦਾ ਮਤਾ ਪੇਸ਼ ਕੀਤਾ, ਜਿਸਨੂੰ 'ਬੋਲੇ ਸੋ ਨਿਹਾਲ ' ਦੇ ਜੈਕਾਰਿਆਂ ਨਾਲ ਪ੍ਰਵਾਨਗੀ ਦੇ ਕੇ, ਸ.ਮਨਜੀਤ ਸਿੰਘ ਜੀ.ਕੇ. ਮੁੜ ਪ੍ਰਧਾਨ ਥਾਪ ਦਿਤਾ ਗਿਆ | ਮੌਕੇ 'ਤੇ ਗੁਰਦਵਾਰੇ ਦੇ ਕੰਪਲੈਕਸ ਵਿਖੇ ਸਿੱਖਾਂ ਨੇ ਮਨੁੱਖੀ ਲੜੀ ਬਣਾ ਕੇ, ਤੇ ਹੱਥਾਂ ਵਿਚ 'ਸਿੱਖ ਰਾਸ਼ਟਰਵਾਦੀ ਹਨ' ਦੀਆਂ ਤਖ਼ਤੀਆਂ ਲੈ ਕੇ, ਮੀਡੀਆ ਵਿਚ ਸਿੱਖਾਂ ਦੇ ਅਤਿਵਾਦੀ ਹੋਣ ਦੇ ਪ੍ਰਾਪੇਗੰਡੇ ਨੂੰ ਨੱਥ ਪਾਉਣ ਲਈ ਆਵਾਜ਼ ਚੁਕੀ |
ਮੁੜ ਪ੍ਰਧਾਨ ਬਣਨ ਪਿਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਸ.ਜੀ.ਕੇ. ਨੇ ਕੈਨੇਡਾ ਭਾਰਤ ਵਿਵਾਦ ਦਾ ਹਵਾਲਾ ਦੇ ਕੇ ਕਿਹਾ, Tਹਿੰਦੋਸਤਾਨ ਨੂੰ ਨੀਵਾਂ ਵਿਖਾਉਣ ਲਈ ਸਾਨੂੰ ਮੋਹਰਾ ਬਣਾਇਆ ਜਾ ਰਿਹਾ ਹੈ, ਸਾਡਾ ਸਰਕਾਰਾਂ ਨਾਲ ਰੌਲਾ ਹੈ, ਪਰ ਅਸੀਂ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ, ਲੜਾਈ ਲੜਦੇ ਆ ਰਹੇ ਹਾਂ | ਬਾਹਰਲੇ ਮੁਲਕਾਂ ਵਿਚ ਕੁਝ ਲੋਕੀ ਹਿੰਦੋਸਤਾਨ ਦੀਆਂ ਅੰਬੈਸੀਆਂ 'ਤੇ ਤਿਰੰਗੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਮੁਲਕ ਦੀ ਆਜ਼ਾਦੀ ਵਿਚ ਪੰਜਾਬ ਦਾ ਖ਼ੂਨ ਡੁਲਿ੍ਹਆ ਹੈ |U ਉਨ੍ਹਾਂ ਪੰਥ ਰਤਨ ਮਾਸਟਰ ਤਾਰਾ ਸਿੰਘ ਵਲੋਂ ਜੱਥੇ:ਸੰਤੋਖ ਸਿੰਘ ਨੂੰ ਦਿੱਲੀ ਵਿਚ ਅਕਾਲੀ ਦਲ ਦਾ ਪ੍ਰਧਾਨ ਥਾਪਣ ਬਾਰੇ ਦੱਸਦੇ ਹੋਏ ਜਥੇਦਾਰ ਦੀ ਵਿਰਾਸਤ 'ਤੇ ਪਹਿਰਾ ਦੇਣ ਦਾ ਪ੍ਰਣ ਦੁਹਰਾਇਆ |
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਨੇ ਕਿਹਾ, 1984 ਵਿਚ ਜੋ ਵਾਪਰਿਆ, ਉਸ ਲਈ ਕੈਨੇਡਾ ਤੇ ਅਮਰੀਕਾ ਸਾਡੇ ਲਈ ਹਾਅ ਦਾ ਨਾਹਰਾ ਮਾਰਦੇ ਹਨ | ਭਾਰਤ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਾਨੂੰ 40 ਸਾਲ ਹੋ ਗਏ ਇਨਸਾਫ਼ ਮੰਗਦੇ ਹੋਏ |U