
ਇੰਟਰਨੈਸ਼ਨਲ ਪੰਥਕ ਦਲ ਨੇ ਜਥੇਦਾਰ ਨੂੰ ਦਿਤਾ ਮੰਗ ਪੱਤਰ
ਅੰਮ੍ਰਿਤਸਰ ,3 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ): ਨਿਊਜ਼ੀਲੈਂਡ ਤੋਂ ਰੇਡੀਉ ਰਾਹੀਂ ਗੁਰੂ ਸਾਹਿਬਾਨ ਅਤੇ ਸਿਖੀ ਸਿਧਾਂਤਾਂ ਪ੍ਰਤੀ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਪ੍ਰਤੀ ਸਿੱਖ ਸੰਗਤਾਂ ਵਿਚ ਰੋਸ ਵਧ ਰਿਹਾ ਹੈ। ਸਿਖ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਨੇ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਮੰਗ ਪੱਤਰ ਦਿੰਦਿਆਂ ਹਰਨੇਕ ਸਿੰਘ ਨੇਕੀ ਨੂੰ ਪੰਥ ਵਿਚੋਂ ਖ਼ਾਰਜ ਕਰਨ ਦੀ ਮੰਗ ਕੀਤੀ ਹੈ। ਇੰਟਰਨੈਸ਼ਨਲ ਪੰਥਕ ਦਲ ਦੀ ਇੱਕ ਵਿਸ਼ੇਸ਼ ਡੈਪੂਟੇਸ਼ਨ ਨੇ ਧਾਰਮਿਕ ਵਿੰਗ ਦੇ ਮੁਖੀ ਬਾਬਾ ਸਤਨਾਮ ਸਿੰਘ ਦੀ ਅਗਵਾਈ 'ਚ ਸਿੰਘ ਸਾਹਿਬ ਨੂੰ ਮਿਲ ਕੇ ਦੱਸਿਆ ਕਿ ਹਰਨੇਕ ਸਿੰਘ ਨੇਕੀ ਵੱਲੋਂ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਸਿੱਖ ਪੰਥ ਦੇ ਖ਼ਿਲਾਫ਼ ਵਿਰਸਾ ਰੇਡੀਉ ਚੈਨਲ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਕਈ ਤਰੀਕਿਆਂ ਨਾਲ ਗਲਤ ਪ੍ਰਚਾਰ ਦੁਆਰਾ ਸਿੱਖੀ ਦੇ ਮੂਲ ਸਿਧਾਂਤਾਂ, ਸਰੋਤਾਂ ਉੱਪਰ ਬੇਲੋੜੀ ਅਤੇ ਝੂਠੀ ਟੀਕਾ-ਟਿੱਪਣੀ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਿਹੈ। ਉਸ ਵੱਲੋਂ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਸ਼ਖ਼ਸੀਅਤਾਂ, ਸਿੱਖ ਜਰਨੈਲਾਂ, ਖ਼ਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵਿਰੁੱਧ ਬਹੁਤ ਹੀ ਅਪਮਾਨਜਨਕ ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਨਿ ਕਾਰਨ ਸਿਖ ਸੰਗਤਾਂ ਵਿਚ ਉਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਪਰੋਕਤ ਵਿਸ਼ਿਆਂ ਤੇ ਏਨੀ ਅਪਮਾਨਜਨਕ ਸ਼ਬਦਾਵਲੀ ਵਰਤਦਾ ਹੈ, ਜਿਸ ਨੂੰ ਸਧਾਰਨ ਸਿੱਖ ਨਾ ਤੇ ਸੁਣ ਸਕਦਾ ਹੈ ਅਤੇ ਨਾ ਹੀ ਪੜ੍ਹ ਸਕਦਾ ਹੈ, ਬਲਕਿ ਇਸ ਦੀਆਂ ਉਪਰੋਕਤ ਗਤੀਵਿਧੀਆਂ ਸਦਕਾ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਦਸਿਆ ਕਿ ਨਿੰਦਕ ਨੇਕੀ ਨਾ ਕੇਵਲ ਕੂੜ ਪ੍ਰਚਾਰ ਕਰ ਰਿਹਾ ਹੈ ਸਗੋਂ ਉਸ ਵਿਰੁੱਧ ਕਾਰਵਾਈ ਨੂੰ ਅੰਜਾਮ ਦੇ ਕੇ ਦੇਖਣ ਦੀ ਵੀ ਕੌਮ ਨੂੰ ਚੁਨੌਤੀ ਦੇ ਰਿਹਾ ਹੈ।
Harnek Singh
ਸੋ ਅਜਿਹੇ ਗੁਰੂ ਨਿੰਦਕ ਬੰਦੇ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਨੂੰ ਸਮੇਂ ਸਿਰ ਨੱਥ ਨਾ ਪਾਈ ਗਈ ਤਾਂ ਦੇਸ਼ ਵਿਦੇਸ਼ ਅੰਦਰ ਸਿੱਖਾਂ ਅੰਦਰ ਖ਼ਾਨਾ-ਜੰਗੀ ਵਰਗਾ ਮਾਹੌਲ ਪੈਦਾ ਹੋ ਸਕਦਾ ਹੈ। ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਪ੍ਰਤੀ ਕਹਿ ਦੇਣਾ ਹੀ ਕਾਫੀ ਨਹੀਂ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਗੁਰੂ ਨਿੰਦਕ ਵਿਅਕਤੀ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਨੂੰ ਤੁਰੰਤ ਰੋਕਣ ਲਈ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਵੇ ਅਤੇ ਪੰਥਕ ਮਰਯਾਦਾ ਅਤੇ ਰਵਾਇਤਾਂ ਅਨੁਸਾਰ ਢੁਕਵੀਂ ਕਾਰਵਾਈ ਕਰਦਿਆਂ ਪੰਥ ਵਿਚੋਂ ਛੇਕਿਆ ਜਾਵੇ, ਤਾਂ ਕਿ ਅਗੇ ਤੋਂ ਕੋਈ ਵੀ ਸਿਖ ਪੰਥ ਨੂੰ ਚੁਨੌਤੀ ਦੇਣ ਬਾਰੇ ਨਾ ਸੋਚ ਸਕੇ।ਇਸ ਮੌਕੇ ਬਾਬਾ ਸਤਨਾਮ ਸਿੰਘ ਵਲਿਆਂ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਮੰਗ ਪੱਤਰ ਉੱਪਰ ਸਿਖ ਰਵਾਇਤ ਅਨੁਸਾਰ ਜ਼ਰੂਰ ਢੁਕਵੀਂ ਕਾਰਵਾਈ ਕਰਨ ਬਾਰੇ ਭਰੋਸਾ ਦਿਤਾ ਹੈ। ਇਸ ਮੌਕੇ ਦਲ ਦੇ ਜਨਰਲ ਸਕੱਤਰ ਸੁਖਾ ਸਿੰਘ, ਰਾਮ ਸ਼ਰਨਜੀਤ ਸਿੰਘ, ਕੰਵਲਜੀਤ ਸਿੰਘ, ਮਲਕੀਤ ਸਿੰਘ, ਗੁਰਚਰਨ ਸਿੰਘ, ਪਵਨਦੀਪ ਸਿੰਘ ਲੁਧਿਆਣਾ, ਦਲੀਪ ਸਿੰਘ ਚੱਕਰ ਅਤੇ ਹਰਚੰਦ ਸਿੰਘ ਚੱਕਰ ਆਦਿ ਮੌਜੂਦ ਸਨ।