ਸਾਦੇ ਲਿਬਾਸ ’ਚ ਇਕ ਅਮੀਰ ਰੂਹ, ਜੋ ਸਦਾ ਕੌਮ ਦੇ ਅਪਣੇ ਘਰ ਦੀ ਕਲਪਨਾ ਲਈ ਵਿਉਂਤਬੰਦੀਆਂ ਵਿਚ ਮਸ਼ਰੂਫ਼ ਰਹੀ
ਸਿਰੜੀ ਯੋਧੇ ਸ. ਜੋਗਿੰਦਰ ਸਿੰਘ ਸਪੋਕਸਮੈਨ ਦੇ ਵਿਛੋੜੇ ’ਤੇ ਪੰਥਕ ਹਲਕਿਆਂ ’ਚ ਸੋਗ ਦੀ ਲਹਿਰ
ਕੋਟਕਪੂਰਾ, 4 ਅਗੱਸਤ (ਗੁਰਿੰਦਰ ਸਿੰਘ) : ਕਲਮ ਦੇ ਧਨੀ, ਦੂਰਅੰਦੇਸ਼ੀ ਅਤੇ ਕੌਮ ਦੇ ਨਿਧੜਕ ਜਰਨੈਲ ‘ਸ. ਜੋਗਿੰਦਰ ਸਿੰਘ ਸਪੋਕਸਮੈਨ’ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪੰਥਕ ਹਲਕਿਆਂ ਵਿਚ ਸੋਗ ਅਤੇ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਉਹ 83 ਵਰਿ੍ਹਆਂ ਦੇ ਸਨ ਤੇ ਪਿਛਲੇ ਕੁੱਝ ਦਿਨਾਂ ਤੋਂ ਇਕ ਨਿਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਪੰਥਕ ਹਲਕੇ ਉਨ੍ਹਾਂ ਨੂੰ ਇਕ ਜਾਗਦੀ ਜ਼ਮੀਰ ਵਾਲਾ ਸਿਰੜੀ ਯੋਧਾ, ਹਿੰਮਤੀ ਪੱਤਰਕਾਰ ਅਤੇ ਅਤਿ ਸੰਕਟ ਦੀਆਂ ਮਾਲੀ ਹਾਲਾਤ ਵਿਚ ਵੀ ਅਪਣੇ ਨਿਸ਼ਾਨੇ ਪ੍ਰਤੀ ਦਿ੍ਰੜ੍ਹ ਰਹਿ ਕੇ ਅਖ਼ਬਾਰ ਨੂੰ ਸਫ਼ਲਤਾ ਪੂਰਵਕ ਚਲਦਾ ਰੱਖਣ ਵਾਲਾ ਇਨਸਾਨ ਮੰਨਦੇ ਸਨ। ਸ. ਜੋਗਿੰਦਰ ਸਿੰਘ ਜੀ ਦੇ ਅਚਾਨਕ ਵਿਛੋੜੇ ਦੀ ਖ਼ਬਰ ਅਤਿ ਦੁਖਦਾਈ ਮੰਨੀ ਜਾ ਰਹੀ ਹੈ।
ਜਨਵਰੀ 1994 ਵਿਚ ਮਹੀਨਾਵਾਰੀ ‘ਸਪੋਕਸਮੈਨ’ (ਮਾਸਿਕ ਰਸਾਲਾ) ਅਤੇ ਦਸੰਬਰ 2005 ਵਿਚ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਦੀ ਸ਼ੁਰੂਆਤ ਕਰਨ ਮੌਕੇ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੀ ਕਲਮ ਨੇ ਫਿਰ ਵੀ ਵਿਰੋਧੀਆਂ ਨੂੰ ਨਸੀਹਤਾਂ ਦੇਣ ਅਤੇ ਸਮਝਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ। ਸ. ਜੋਗਿੰਦਰ ਸਿੰਘ ਦਾ ਹਫ਼ਤਾਵਾਰੀ ਕਾਲਮ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਅਤੇ ‘ਸੰਪਾਦਕੀਆਂ’ ਨੂੰ ਰਹਿੰਦੀਆਂ ਦੁਨੀਆਂ ਤਕ ਹਮੇਸ਼ਾ ਯਾਦ ਰਖਿਆ ਜਾਵੇਗਾ ਕਿਉਂਕਿ ਉਨ੍ਹਾਂ ਹਮੇਸ਼ਾ ਪੰਜਾਬ, ਪੰਜਾਬੀ, ਪੰਜਾਬੀਅਤ, ਪੰਥ, ਭਾਈਚਾਰਕ ਸਾਂਝ ਅਤੇ ਇਨਸਾਨੀਅਤ ਦੀ ਗੱਲ ਕੀਤੀ, ਉਨ੍ਹਾਂ ਦੀ ਸੋਚ ਅਤੇ ਕੌਮ ਦੀ ਚੜ੍ਹਦੀ ਕਲਾ ਸਮੇਤ ਪੰਜਾਬ ਦੀ ਖ਼ੁਸ਼ਹਾਲੀ ਲਈ ਚਲਾਈ ਕਲਮ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਮੰਨੀ ਜਾਵੇਗੀ। ਸ. ਜੋਗਿੰਦਰ ਸਿੰਘ ਜੀ ਦਾ ਬੇਦਾਗ਼ ਜੀਵਨ ਅਤੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਦੀ ਸਖ਼ਤ ਮਿਹਨਤ, ਹਾਕਮਾਂ ਦੀਆਂ ਚੁਨੌਤੀਆਂ, ਪੁਜਾਰੀਵਾਦ ਦਾ ਕੁਹਾੜਾ, ਲਾਲਚ ਅਤੇ ਡਰਾਵੇ ਨਾਲ ਉਨ੍ਹਾਂ ਦੀ ਕਲਮ ਨੂੰ ਝੁਕਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਵੀ ਹਮੇਸ਼ਾ ਯਾਦ ਰਹਿਣਗੀਆਂ।
ਨਾਕਾਮ ਰਹੀਆਂ ‘ਰੋਜ਼ਾਨਾ ਸਪੋਕਸਮੈਨ’ ਵਿਰੁਧ ਸਾਰੀਆਂ ਸਾਜ਼ਸ਼ਾਂ
1 ਦਸੰਬਰ 2005 ਨੂੰ ਸ਼ੁਰੂ ਹੋਏ ‘ਰੋਜ਼ਾਨਾ ਸਪੋਕਸਮੈਨ’ ਦਾ 20 ਪੰਨਿਆਂ ਵਾਲਾ ਨਿਕਲਿਆ ਪਹਿਲਾ ਅਖ਼ਬਾਰ ਹੀ ਪੰਥ ਵਿਰੋਧੀ ਤਾਕਤਾਂ ਲਈ ਅਜਿਹੀ ਚੁਨੌਤੀ ਬਣਿਆ ਕਿ ਉਨ੍ਹਾਂ ਪੁਜਾਰੀਵਾਦ ਦਾ ਕੁਹਾੜਾ ਚਲਾਉਂਦਿਆਂ ਅਖ਼ਬਾਰ ਵਿਰੁਧ ਹੀ ਹੁਕਮਨਾਮਾ ਜਾਰੀ ਕਰ ਦਿਤਾ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਇਸ ਨੂੰ ਕੋਈ ਇਸ਼ਤਿਹਾਰ ਨਾ ਦੇਵੇ, ਇਸ ਵਿਚ ਕੋਈ ਪੱਤਰਕਾਰੀ ਨਾ ਕਰੇ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੀਟਿੰਗਾਂ ਕਰ ਕੇ ਅਖ਼ਬਾਰ ਨੂੰ ਬੰਦ ਕਰਾਉਣ ਦੀਆਂ ਸਾਜ਼ਸ਼ਾਂ ਤੇ ਸ. ਜੋਗਿੰਦਰ ਸਿੰਘ ਦਾ ਸਿਰ ਕਲਮ ਕਰਨ ਦੀਆਂ ਖ਼ਬਰਾਂ ਨੇ ਪੰਥਕ ਹਲਕਿਆਂ ਨੂੰ ਕੁੱਝ ਹਦ ਤਕ ਮਾਯੂਸ ਕਰ ਦਿਤਾ, ਅਖ਼ਬਾਰ ਵਿਰੁਧ ਕੂੜ ਪ੍ਰਚਾਰ ਕਰਦਿਆਂ ਇਸ ਨੂੰ 6 ਮਹੀਨੇ ਤਕ ਵੀ ਨਾ ਚਲਣ ਦੇਣ ਦੀਆਂ ਦਲੀਲਾਂ ਦਿਤੀਆਂ ਜਾਣ ਲੱਗੀਆਂ ਪਰ ਇਤਿਹਾਸ ਦੇ ਪੰਨਿਆਂ ਦੀ ਬੁਕਲ ਵਿਚਲੇ ਬਿਰਤਾਂਤਾਂ ਦਾ ਵਰਤਮਾਨ ਸਮੇਂ ਨਾਲ ਸੰਤੁਲਨ ਅਤੇ ਸੁਮੇਲ ਬਣਾ ਕੇ ਕੌਮ ਨੂੰ ਖ਼ਾਲਸਾ ਰਾਜ ਦੀ ਪੁਨਰ ਸੁਰਜੀਤੀ ਲਈ ਜਾਗਰੂਕ ਕਰਨਾ ਹੀ ਸ. ਜੋਗਿੰਦਰ ਸਿੰਘ ਜੀ ਦਾ ਇਕੋ ਇਕ ਟੀਚਾ ਅਤੇ ਮਕਸਦ ਸੀ।
ਸਾਦੇ ਲਿਬਾਸ ਵਿਚ ਇਕ ਅਮੀਰ ਰੂਹ, ਜੋ ਸਦਾ ਕੌਮ ਦੇ ਅਪਣੇ ਘਰ ਦੀ ਕਲਪਨਾ ਲਈ ਵਿਉਂਤਬੰਦੀਆਂ ਵਿਚ ਮਸਰੂਫ਼ ਰਹੀ। ਸ. ਜੋਗਿੰਦਰ ਸਿੰਘ ਦੀਆਂ ਅਖ਼ਬਾਰ ਵਿਚ ਲਿਖੀਆਂ ਲਿਖਤਾਂ ਤੋਂ ਇਲਾਵਾ ਉਨ੍ਹਾਂ ਦੀ ਪੁਸਤਕ ‘ਸੋ ਦਰੁ ਤੇਹਾ ਕੇਹਾ’ ਵੀ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਲੋਂ ਭਰਪੂਰ ਸਲਾਹੀ ਗਈ। ਪੁਜਾਰੀਵਾਦ ਦੇ ਕੁਹਾੜੇ ਦੇ ਬਾਵਜੂਦ ‘ਰੋਜ਼ਾਨਾ ਸਪੋਕਸਮੈਨ’ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਿਆ। ਅਜਿਹਾ ਕੋਈ ਦਿਨ ਵੀ ਖ਼ਾਲੀ ਨਹੀਂ ਲੰਘਿਆ, ਜਦੋਂ ਪੰਥਕ ਮਸਲਿਆਂ ਦੇ ਹੱਲ ਸਬੰਧੀ ਬੇਬਾਕ ਤੇ ਨਿਰਪੱਖ ਰੂਪ ਵਿਚ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਰਾਹੀਂ ਨਸੀਹਤਾਂ ਅਤੇ ਸੁਝਾਅ ਨਾ ਦਿਤੇ ਗਏ ਹੋਣ। ਅਫ਼ਸੋਸ ਉਹ ਨਿਰਪੱਖ, ਨਿਧੜਕ ਅਤੇ ਪੰਥ ਦਾ ਬੁਲਾਰਾ ਅਖਵਾਉਣ ਵਾਲੀ ਸ. ਜੋਗਿੰਦਰ ਸਿੰਘ ਦੀ ਕਲਮ ਅੱਜ ਸਦਾ ਲਈ ਖਾਮੋਸ਼ ਹੋ ਗਈ।