
Panthak News: ਬੀਬੀ ਜਗੀਰ ਕੌਰ ਕੋਲ ਜਥੇਦਾਰਾਂ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕਰਨ ਦਾ ਅਧਿਕਾਰ : ਡਾ. ਹਰਮੰਦਰ ਸਿੰਘ
Panthak News: ਅਪਣੇ ਵਿਰੋਧੀਆਂ ਨੂੰ ਪੰਥ ਵਿਚੋਂ ਛੇਕਣ ਦਾ ਡਰਾਵਾ ਦੇ ਕੇ ਲੰਮਾ ਸਮਾਂ ਸੱਤਾ ਦਾ ਆਨੰਦ ਭੋਗਣ ਵਾਲੇ ਬਾਦਲ ਪ੍ਰਵਾਰ ਦੇ ਸਿਆਸੀ ਭਵਿੱਖ ਉਪਰ ਇਸ ਵੇਲੇ ਸੰਕਟ ਦੇ ਬੱਦਲ ਛਾਏ ਹੋਏ ਹਨ ਪਰ ਬਾਦਲਾਂ ਦੀਆਂ ਕੀਤੀਆਂ ਮਨਮਾਨੀਆਂ ਅਤੇ ਜ਼ਿਆਦਤੀਆਂ ਤਖ਼ਤਾਂ ਦੇ ਜਥੇਦਾਰਾਂ ਲਈ ਵੀ ਮੁਸੀਬਤ ਦਾ ਸਬੱਬ ਬਣ ਗਈਆਂ ਹਨ।
ਖ਼ਾਲਸਾ ਬੁਲੇਟਨ ਬੰਗਲੌਰ ਦੇ ਐਡੀਟਰ ਡਾ. ਹਰਮੰਦਰ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਤਵੇਦਾਰ ਆਖਦਿਆਂ ਕਿਹਾ ਕਿ ਫ਼ਤਵੇਦਾਰਾਂ ਨੇ ਬੀਬੀ ਜਗੀਰ ਕੌਰ ਨੂੰ ਤਲਬ ਕਰਨ ਦਾ ਨੋਟਿਸ ਦੇ ਕੇ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੀ ਨਹੀਂ, ਬਲਕਿ ਤੌਹੀਨ ਕੀਤੀ ਹੈ। ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਸਥਾਪਕ ਸਵ. ਸ. ਜੋਗਿੰਦਰ ਸਿੰਘ ਦੀਆਂ ਦਲੀਲਾਂ ਅਤੇ ਲਿਖਤਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਡਾ. ਹਰਮੰਦਰ ਸਿੰਘ ਨੇ ਆਖਿਆ ਕਿ ਸਿੱਖ ਗੁਰਦੁਆਰਾ ਐਕਟ 1925-ਚੈਪਟਰ viii ਮੁਤਾਬਕ ਅਕਾਲ ਤਖ਼ਤ (ਅਕਾਲ ਬੁੰਗਾ) ਅੰਮ੍ਰਿਤਸਰ ਵੀ ਇਕ ਗੁਰਦਵਾਰਾ ਹੈ ਅਤੇ ਇਹ ਫ਼ਤਵੇਦਾਰ ਸਿਰਫ਼ ਤੇ ਸਿਰਫ਼ ਸ਼੍ਰੋ੍ਰਮਣੀ ਕਮੇਟੀ ਦੇ ਸੇਵਾਦਾਰ, ਗ੍ਰੰਥੀ ਅਤੇ ਪੁਜਾਰੀ ਹਨ, ਸਿੱਖ ਗੁਰਦੁਆਰਾ ਐਕਟ ਵਿਚ ਜਥੇਦਾਰ ਨਾਮਕ ਕੋਈ ਵੀ ਪੋਸਟ ਨਹੀਂ ਹੈ, ਸੁਪਰੀਮ ਕੋਰਟ ਦੇ 2014 ਦੇ ਹੁਕਮਾਂ ਅਤੇ ਕਾਨੂੰਨ ਮੁਤਾਬਕ ਇਹ ਨਾ ਤਾਂ ਕਿਸੇ ਨੂੰ ਬੁਲਾ ਸਕਦੇ ਹਨ ਤੇ ਨਾ ਹੀ ਕਿਸੇ ਨੂੰ ਕੋਈ ਸਜ਼ਾ ਲਾ ਸਕਦੇ ਹਨ।
ਡਾ. ਹਰਮੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਬਾਦਲਾਂ ਵਲੋਂ ਅਕਾਲ ਤਖ਼ਤ ਨੂੰ ਕਚਹਿਰੀ ਬਣਾ ਕੇ ਆਪੂੰ ਬਣੇ ਜਥੇਦਾਰਾਂ ਤੋਂ ਸ. ਜੋਗਿੰਦਰ ਸਿੰਘ ਸਪੋਕਸਮੈਨ, ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਪੋ੍ਰ ਦਰਸ਼ਨ ਸਿੰਘ ਖ਼ਾਲਸਾ ਅਤੇ ਪ੍ਰੋ. ਇੰਦਰ ਸਿੰਘ ਘੱਗਾ ਵਰਗੇ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੂੰ ਪੰਥ ਵਿਚੋਂ ਛੇਕਣ ਦੇ ਫ਼ਤਵੇ ਸੁਣਾ ਕੇ ਜਿਸ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੀ ਅਹਿਮੀਅਤ ਦਾਅ ’ਤੇ ਲਾ ਦਿਤੀ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਰਤਮਾਨ ਸਮੇਂ ’ਚ ਤਖ਼ਤਾਂ ’ਤੇ ਬੈਠੇ ਜਥੇਦਾਰ ਸਿਰਫ਼ ਬਾਦਲ ਪ੍ਰਵਾਰ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਹਨ ਪਰ ਸਿੱਖ ਪੰਥ ਦੇ ਜਥੇਦਾਰ ਨਹੀਂ।