'ਹਮ ਹਿੰਦੂ ਨਹੀਂ'
Published : Aug 5, 2020, 4:24 pm IST
Updated : Jan 23, 2021, 5:08 pm IST
SHARE ARTICLE
Kahn Singh Nabha
Kahn Singh Nabha

ਇਕ ਅਧਿਐਨ (ਭਾਗ-1)

ਅਪਣੇ ਬਜ਼ੁਰਗਾਂ ਦੀ ਕੀਤੀ ਬਾ-ਕਮਾਲ ਮਿਹਨਤ ਨੂੰ ਵੇਖ ਕੇ ਅਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਪਰ ਉਨ੍ਹਾਂ ਦੇ ਵਾਰਸਾਂ (ਸਾਰੇ ਨਹੀ) ਵਲੋਂ ਹੀ ਕੀਤੀ ਉਨ੍ਹਾਂ ਦੀ ਇਸ ਮਿਹਨਤ ਦੀ ਬੇਕਦਰੀ ਨੂੰ ਵੇਖ ਕੇ ਧਾਹਾਂ ਵੀ ਨਿਕਲ ਆਉਂਦੀਆਂ ਹਨ। ਮੈਂ ਅਪਣੀਆਂ ਸਾਰੀਆਂ ਲਿਖਤਾਂ ਵਿਚ ਚੰਗੀਆਂ ਇਤਿਹਾਸਕ ਪੁਸਤਕਾਂ ਤੇ ਉਨ੍ਹਾਂ ਦੇ ਲੇਖਕਾਂ ਦਾ ਜ਼ਿਕਰ ਜ਼ਰੂਰ ਕਰਦਾ ਆਇਆ ਹਾਂ।

ਪਰ ਅੱਜ ਆਪਾਂ ਇਕ ਅਜਿਹੀ ਪੁਸਤਕ ਤੇ ਉਸ ਦੇ ਲੇਖਕ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਅਪਣੇ ਸਮੇਂ ਵਿਚ ਇਤਿਹਾਸ ਹੀ ਸਿਰਜ ਦਿਤਾ ਸੀ ਜਿਸ ਤਰ੍ਹਾਂ ਸ. ਜੋਗਿੰਦਰ ਸਿੰਘ ਜੀ (ਬਾਨੀ ਸੰਪਾਦਕ ਰੋਜ਼ਾਨਾ ਸਪੋਕਸਮੈਨ) ਦੀ ਲਿਖੀ ਪੁਸਤਕ “ਸੋ ਦਰੁ ਤੇਰਾ ਕੇਹਾ” ਸਾਡੇ ਲਈ ਬੇਸ਼ਕੀਮਤੀ ਖ਼ਜ਼ਾਨਾ ਹੈ, ਇਸੇ ਤਰ੍ਹਾਂ ਇਹ ਪੁਸਤਕ ਵੀ ਸਾਡੇ ਲਈ ਕਿਸੇ ਬੇਸ਼ਕੀਮਤੀ ਖ਼ਜ਼ਾਨੇ ਤੋਂ ਘੱਟ ਨਹੀਂ।

File Photo File Photo

ਜੀ ਹਾਂ ਚੰਗੀਆਂ ਪੁਸਤਕਾਂ ਦਾ ਘਰ ਵਿਚ ਹੋਣਾ ਵੀ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ। ਇਸ ਬੇਸ਼ਕੀਮਤੀ ਇਤਿਹਾਸਕ ਪੁਸਤਕ ਦਾ ਨਾਮ ਹੈ “ਹਮ ਹਿੰਦੂ ਨਹੀਂ” ਤੇ ਇਸ ਦੇ ਲੇਖਕ ਦਾ ਨਾਮ ਹੈ ਭਾਈ ਕਾਨ੍ਹ ਸਿੰਘ ਨਾਭਾ ਤੇ ਇਹ ਪੁਸਤਕ ਸੰਨ 1898 ਵਿਚ ਅੱਜ ਤੋਂ 122 ਸਾਲ ਪਹਿਲਾਂ ਲਿਖੀ ਗਈ ਸੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 122 ਸਾਲ ਪਹਿਲਾਂ ਲਿਖੀ 141 ਪੰਨਿਆਂ ਦੀ ਇਸ ਪੁਸਤਕ ਵਿਚ ਜ਼ਰੂਰ ਕੁੱਝ ਖ਼ਾਸ ਤਾਂ ਹੋਵੇਗਾ ਹੀ।

ਮੇਰੀ ਵੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੇਗੀ ਕਿ ਮੈਂ ਆਪ ਜੀ ਨਾਲ ਉਨ੍ਹਾਂ ਪੁਸਤਕਾਂ ਦਾ ਹੀ ਜ਼ਿਕਰ ਕਰਾਂ ਜੋ ਬਹੁਤ ਹੀ ਅਹਿਮ ਹੋਣ। ਮੈਂ ਅਪਣੇ ਮਾਤਾ ਜੀ ਨੂੰ ਜਦੋਂ “ਸੋ ਦਰੁ ਤੇਰਾ ਕੇਹਾ” ਪੁਸਤਕ ਪੜ੍ਹਨ ਨੂੰ ਦਿਤੀ ਤਾਂ ਵੀਹ ਕੁ ਦਿਨਾਂ ਬਾਅਦ ਜਦੋਂ ਉਨ੍ਹਾਂ ਨੇ ਇਹ ਕਿਤਾਬ ਸਾਰੀ ਪੜ੍ਹ ਲਈ ਤਾਂ ਮੈਨੂੰ ਆਖਿਆ ਕਿ ਇਸ ਤਰ੍ਹਾਂ ਦੀ ਪੁਸਤਕ ਮੈਂ ਅਪਣੇ ਪੂਰੇ ਜੀਵਨ ਵਿਚ ਪਹਿਲੀ ਵਾਰ ਪੜ੍ਹੀ ਹੈ।

File Photo File Photo

ਸੋ “ਹਮ ਹਿੰਦੂ ਨਹੀਂ” ਪੁਸਤਕ ਇਕ ਅਜਿਹਾ ਦਸਤਾਵੇਜ਼ ਹੈ ਜੋ ਸਾਡੇ ਜੀਵਨ ਨੂੰ ਬਦਲ ਸਕਦਾ ਹੈ। ਇਕ ਹੋਰ ਅਹਿਮ ਜਾਣਕਾਰੀ ਵੀ ਆਪ ਜੀ ਨਾਲ ਲੇਖ ਦੇ ਸ਼ੁਰੂ ਵਿਚ ਹੀ ਸਾਝੀ ਕਰਨੀ ਬਹੁਤ ਜ਼ਰੂਰੀ ਹੈ। ਬਾਜ਼ਾਰ ਵਿਚ ਆਪ ਜੀ ਨੂੰ 'ਹਮ ਹਿੰਦੂ ਨਹੀਂ' ਪੁਸਤਕ ਦੋ ਲੇਖਕਾਂ ਦੁਆਰਾ ਲਿਖੀ ਹੋਈ ਮਿਲੇਗੀ। ਇਕ ਦੇ ਲੇਖਕ ਤਾਂ ਭਾਈ ਕਾਨ੍ਹ ਸਿੰਘ ਨਾਭਾ ਹਨ ਤੇ ਦੂਜੀ ਦੇ ਲੇਖਕ ਹਨ ਪ੍ਰਿੰ. ਲਾਭ ਸਿੰਘ ਹਨ।

ਇਹ ਦੂਜੀ ਪੁਸਤਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 2007 ਵਿਚ ਛਾਪੀ ਗਈ ਸੀ। ਇਸ ਦੂਜੀ ਪੁਸਤਕ ਦਾ ਛਪਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਜਿਹੜੀ ਪੁਸਤਕ ਭਾਈ ਕਾਨ੍ਹ ਸਿੰਘ ਜੀ ਨਾਭਾ ਦੁਆਰਾ ਲਿਖੀ ਗਈ ਸੀ, ਉਸ ਦੇ ਵਿਰੋਧ ਵਿਚ ਹਿੰਦੂ ਵੀਰਾਂ ਨੇ ਵੀ ਇਕ ਪੁਸਤਕ ਲਿਖਵਾਈ ਸੀ ਜਿਸ ਦਾ ਨਾਮ ਸੀ 'ਹਮ ਹਿੰਦੂ ਹੈਂ' ਇਸ ਪੁਸਤਕ ਦਾ ਲੇਖਕ ਸੀ 'ਰਾਜੇਂਦਰ ਸਿੰਹੁ ਨਿਰਾਲਾ' ਇਸ ਕਿਤਾਬ ਦਾ ਜਵਾਬ ਦੇਣ ਲਈ ਹੀ ਪ੍ਰਿੰ. ਲਾਭ ਸਿੰਘ ਜੀ ਨੇ ਦੁਜੀ 'ਹਮ ਹਿੰਦੂ ਨਹੀਂ' ਪੁਸਤਕ ਲਿਖੀ ਸੀ।

Bhai Kahn Singh NabhaBhai Kahn Singh Nabha

ਇਨ੍ਹਾਂ ਦੋਵੇਂ ਹੀ ਪੁਸਤਕਾਂ ਦਾ ਆਪਸ ਵਿਚ ਗੁੜ੍ਹਾ ਸਬੰਧ ਹੈ। ਆਉ ਹੁਣ 'ਹਮ ਹਿੰਦੂ ਨਹੀਂ' ਬਾਰੇ ਖੁੱਲ੍ਹ ਕੇ ਜਾਣਕਾਰੀ ਹਾਸਲ ਕਰਦੇ ਹਾਂ। ਇਹ ਕਿਤਾਬ ਭਾਈ ਕਾਨ੍ਹ ਸਿੰਘ ਨਾਭਾ ਨੇ ਕਿਉਂ ਲਿਖੀ ਸੀ? :- ਇਸ ਦਾ ਸਿੱਧਾ ਅਤੇ ਸੌਖਾ ਜਿਹਾ ਜਵਾਬ ਹੈ ਕਿ ਸਿੱਖ ਇਕ ਵਖਰੀ ਕੌਮ ਹੈ, ਇਨ੍ਹਾਂ ਦੇ ਧਾਰਮਕ ਤੇ ਸਮਾਜਕ ਕਾਰ ਵਿਹਾਰ ਹਿੰਦੂ ਵੀਰਾਂ ਤੋਂ ਵਖਰੇ ਹਨ।

ਭਾਈ ਸਾਹਬ ਜੀ ਅਪਣੀ ਪੁਸਤਕ ਦੇ ਸ਼ੁਰੂ ਵਿਚ ਹੀ ਸਾਨੂੰ ਦੱਸ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜ਼ਾ ਦਿਤਾ ਸੀ, ਉਸ ਦਿਨ ਤੋਂ ਹੀ ਸਿੱਖ ਪੰਥ ਇਕ ਵਖਰੀ ਕੌਮ ਵਜੋਂ ਉਭਰ ਕੇ ਸਾਹਮਣੇ ਆ ਗਿਆ ਸੀ। ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਇਕ ਵਖਰਾ ਭੇਸ ਦਿਤਾ ਸੀ, ਇਕ ਵਖਰੀ ਰਹਿਤ ਮਰਿਯਾਦਾ ਬਖ਼ਸ਼ੀ ਸੀ।

File Photo File Photo

ਗੁਰੂ ਜੀ ਦੀ ਇਸ ਗੱਲ ਵਿਚ ਵੀ ਇਕ ਗੁੱਝਾ ਭੇਦ ਸੀ ਕਿ ਤੁਹਾਡੀ ਪਿਛਲੀ ਜਾਤ ਪਾਤ, ਵਰਣ ਗੋਤ, ਮਜ਼ਹਬ ਆਦਿ ਸਾਰੇ ਮਿਟ ਗਏ ਹਨ। ਪਰ ਇਨ੍ਹਾਂ ਡੂੰਘੀਆਂ ਰਮਜਾਂ ਵਲ ਅਸੀ ਅਪਣੀ ਸੋਚ ਦੇ ਘੋੜੇ ਕਦੇ ਨਹੀਂ ਭਜਾਏ। ਸਾਨੂੰ ਅਹਿਸਾਸ ਹੀ ਨਹੀਂ ਹੈ ਕਿ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਭਾਈ ਸਾਹਿਬ ਜੀ ਇਸ ਪੁਸਤਕ ਵਿਚ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ''ਪਿਆਰੇ ਖ਼ਾਲਸਾ ਜੀ ਆਪ ਮੇਰੇ ਇਸ ਲੇਖ ਨੂੰ ਵੇਖ ਕਿ ਹੈਰਾਨੀ ਹੋਵੋਗੇ ਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ੍ਹ ਹੈ, ਫਿਰ ਇਹ ਲਿਖਣ  ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'।

ਔਰ ਜੇ ਐਸਾ ਲਿਖਿਆ ਹੈ ਤਾਂ ਨਾਲ ਹੀ ਇਹ ਕਿਉਂ ਨਹੀਂ ਲਿਖਿਆ ਕਿ ਅਸੀ ਮੁਸਲਮਾਨ, ਈਸਾਈ ਔਰ ਬੋਧ ਆਦਿ ਭੀ ਨਹੀਂ ਹਾਂ। ਇਸ ਸ਼ੰਕੇ ਦੇ ਉਤਰ ਵਿਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੁਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚਲਦੇ ਹਨ ਅਤੇ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ, ਇਹ ਗ੍ਰੰਥ ਉਨ੍ਹਾਂ ਭਾਈਆਂ ਨੂੰ ਸਮਝਾਉਣ ਲਈ ਹੈ ਜਿਨ੍ਹਾਂ ਪਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ।'' ਹੁਣ ਅੱਗੇ ਦਿਤੀ ਘਟਨਾ ਨੂੰ ਹਰ ਸਿੱਖ ਵੀਰ ਭੈਣ ਨੂੰ ਅਪਣੇ ਮਨ ਵਿਚ ਵਸਾ ਲੈਣਾ ਚਾਹੀਦਾ ਹੈ ਜੋ ਕਿ ਬਹੁਤ ਅਹਿਮ ਵੀ ਹੈ।

Mata Sahib Kaur Mata Sahib Kaur

''ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਗਧੇ ਨੂੰ ਸ਼ੇਰ ਦੀ ਖੱਲ ਪਹਿਨਾ ਕੇ ਜੰਗਲ ਵਿਚ ਛੱਡ ਦਿਤਾ। ਸਾਰੇ ਆਦਮੀ ਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ  ਏਨਾ ਡਰਨ ਕਿ ਕੋਈ ਉਸ ਦੇ ਪਾਸ ਨਾ ਜਾਵੇ ਔਰ ਉਹ ਅਨੰਦਪੁਰ ਦੇ ਆਸ-ਪਾਸ ਫਿਰ ਕੇ ਅਨੰਦ ਵਿਚ ਖਾਂਦਾ ਪੀਂਦਾ, ਦਿਨ ਬਿਤਾਉਂਦਾ। ਪਰ ਇਕ ਦਿਨ ਅਪਣੇ ਸਾਥੀਆਂ ਦੀ ਮਨੋਹਰ ਧੁਨੀ (ਹੀਗਂਣਾ)  ਸੁਣ ਕੇ ਘੁਮਿਆਰ ਦੇ ਘਰ ਨੂੰ ਉੱਠ ਨੱਠਾ, ਔਰ ਖੁਰਲੀ ਪਰ ਜਾ ਖਲੋਤਾ। ਘੁਮਿਆਰ ਨੇ ਉਸ ਨੂੰ ਅਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉਤੋ ਉਤਾਰ ਦਿਤੀ ਤੇ ਭਾਰ ਲੱਦ ਕੇ ਸੋਟੇ ਨਾਲ ਅੱਗੇ ਕਰ ਲਿਆ।''

ਹੁਣ ਇਸ ਘਟਨਾ ਤੋਂ ਸਾਨੂੰ ਬਹੁਤ ਕੁੱਝ ਸਿਖਣ ਨੂੰ ਮਿਲਦਾ ਹੈ। ਜ਼ਰੂਰਤ ਹੈ ਅਪਣੇ ਦਿਮਾਗ਼ ਦੇ ਬੱਲਬ ਨੂੰ ਜਗਦਾ ਰੱਖਣ ਦੀ ਤੇ ਅਪਣੀ ਉੱਚੀ ਮਤ ਨੂੰ ਵਰਤਣ ਦੀ। ਇਸ ਘਟਨਾ ਤੋਂ ਕਲਗੀਧਰ ਮਹਾਰਾਜ ਜੀ ਨੇ ਅਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿਤਾ ਕਿ, ''ਹੇ ਮੇਰੇ ਪੁਤਰੋ ਤੇ ਮੇਰੀਆਂ ਧੀਆਂ, ਮੈਂ ਤੁਹਾਨੂੰ ਇਸ ਗਧੇ ਦੀ ਤਰ੍ਹਾਂ ਕੇਵਲ ਚਿੰਨ੍ਹ ਮਾਤਰ ਸ਼ੇਰ ਨਹੀਂ ਬਣਾਇਆ, ਸਗੋਂ ਸਰਬ ਗੁਣ ਭਰਪੂਰ, ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਅਪਣੀ ਸੰਤਾਨ ਬਣਾ ਕੇ ਸਾਹਿਬ ਕੌਰ ਦੀ ਗੋਦੀ ਪਾਇਆ ਹੈ।

Hindu RashtraHindu Rashtra

ਹੁਣ ਤੁਸੀ ਅਗਿਆਨਤਾ ਦੇ ਵੱਸ ਹੋ ਕੇ ਇਸ ਗਧੇ ਦੀ ਤਰ੍ਹਾਂ ਪੁਰਾਣੀ ਜਾਤ-ਪਾਤ ਵਿਚ ਨਾ ਵੜ ਜਾਣਾ। ਜੇ ਮੇਰੀ ਸਿਖਿਆ ਨੂੰ ਭੁਲਾ ਕੇ ਵਿਲੱਖਣ ਖ਼ਾਲਸਾ ਧਰਮ ਤਿਆਗ ਕੇ ਉਨ੍ਹਾਂ ਜਾਤਾਂ ਵਿਚ ਹੀ ਜਾ ਵੜੋਗੇ ਜਿਨ੍ਹਾਂ ਤੋਂ ਮੈਂ ਤੁਹਾਨੂੰ ਕਢਿਆ ਹੈ ਤਾਂ ਇਸ ਗਧੇ ਜਹੀ ਦਸ਼ਾ ਹੋ ਜਾਵੇਗੀ।'' ਸਿਰ ਝੁਕਦਾ ਹੈ ਗੁਰੂ ਸਾਹਿਬ ਜੀ ਦੀ ਇਸ ਬਾ ਕਮਾਲ ਸਿਖਿਆ ਅੱਗੇ। ਗੁਰੂ ਗੋਬਿੰਦ ਸਿੰਘ ਜੀ ਅਪਣੇ ਪਿਆਰੇ ਖ਼ਾਲਸਾ ਜੀ ਨੂੰ ਕਿੰਨਾ ਵੱਡਮੁਲਾ ਖ਼ਜ਼ਾਨਾ ਦੇ ਕੇ ਗਏ ਹਨ ਪਰ ਇਕ ਅਸੀ ਹਾਂ ਕਿ ਨਾ ਸ਼ੁਕਰੇ ਬਣ ਕੇ ਜੀਵਨ ਗੁਜਾਰੀ ਜਾ ਰਹੇ ਹਾਂ ਸੋ ਕਹਿਣ ਤੋਂ ਭਾਵ ਇਹ ਪੁਸਤਕ ਸਿੱਖਾਂ ਨੂੰ ਨੀਂਦ ਤੋਂ ਜਗਾਉਣ ਲਈ ਵੀ ਲਿਖੀ ਗਈ ਸੀ।

ਕੀ ਇਹ ਪੁਸਤਕ ਹਿਦੂਆਂ ਜਾਂ ਹਿੰਦੂ ਧਰਮ ਵਿਰੁਧ ਲਿਖੀ ਗਈ ਸੀ? :- ਇਸ ਕਿਤਾਬ ਦਾ ਨਾਮ ਹੈ, 'ਹਮ ਹਿੰਦੂ ਨਹੀਂ' ਕਈ ਹਿੰਦੂ ਵੀਰ ਸੋਚਦੇ ਹੋਣਗੇ ਕਿ ਇਹ ਪੁਸਤਕ ਸਾਡੇ ਧਰਮ ਦੇ ਵਿਰੁਧ ਲਿਖੀ ਹੋਵੇਗੀ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਇਸ ਬਾਰੇ ਭਾਈ ਸਾਹਿਬ ਜੀ ਲਿਖਦੇ ਹਨ ਕਿ ''ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ, ਸਗੋਂ ਪ੍ਰੇਮ ਹੈ ਤੇ ਉਹ ਸਤਿਗੁਰਾਂ ਦੇ ਪਰਉਪਕਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਅਸੀ ਵੀ ਉਨ੍ਹਾਂ ਦਾ ਸਦਾ ਭਲਾ ਚਾਹੁੰਦੇ ਹਾਂ ਵਿਰੋਧ ਦਾ ਕਾਰਨ ਸਿਰਫ਼ ਉਹ ਆਦਮੀ ਹਨ,

Bhai Kahn Singh NabhaBhai Kahn Singh Nabha

ਜਿਨ੍ਹਾਂ ਨੂੰ ਖ਼ੁਦਗਰਜ਼ੀ ਰੂਪ ਭੂਤ ਲਗਿਆ ਹੋਇਆ ਹੈ ਤੇ ਜਿਹੜੇ ਸਿੱਖ ਕੌਮ ਨੂੰ ਅਪਣਾ ਦਾਸ ਬਣਾ ਕੇ ਖ਼ੀਸੇ ਭਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਭਰੋਸਾ ਹੋ ਗਿਆ ਹੈ ਕਿ ਜੇਕਰ ਸਿੱਖ ਕੌਮ ਸਾਡੇ ਹੱਥੋਂ ਜਾਂਦੀ ਰਹੀ ਤਾਂ ਆਮਦਨ ਦਾ ਭਾਰੀ ਹਿੱਸਾ ਮਾਰਿਆ ਜਾਵੇਗਾ।'' ਅੱਗੇ ਭਾਈ ਸਾਹਿਬ ਵਿਰੋਧੀਆਂ ਬਾਰੇ ਦਸਦੇ ਹਨ ਕਿ ''ਜੇਕਰ ਵਾਹਿਗੁਰੂ ਇਨ੍ਹਾਂ ਨੂੰ ਸ਼ੁਮੱਤ ਦੇਵੇ ਤਾਂ ਕਮਾਈ ਕਰ ਕੇ ਖਾਣ ਨੂੰ ਇਹ ਚੰਗਾ ਸਮਝਣ ਤੇ ਬਿਗਾਨੇ ਹੱਕ ਨੂੰ ਹਰਾਮ ਸਮਝਣ। ਇਨ੍ਹਾਂ ਸਵਾਰਥੀ ਲੋਕਾਂ ਨੇ ਹੀ ਪੋਥੀਆਂ ਛਾਪ ਕੇ ਤੇ ਅਖ਼ਬਾਰਾਂ ਵਿਚ ਮਜ਼ਮੂਨ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਸਿੱਖ ਹਿੰਦੂ ਹਨ।''

ਭਾਈ ਸਾਹਿਬ ਜੀ ਦੀ ਉਪਰੋਕਤ ਵਿਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖ ਉਸ ਸਮੇਂ ਪੁਰੇ ਭਾਰਤ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਨਾਲ ਚਲਾਉਂਦੇ ਹੋਣਗੇ। ਅੱਗੇ ਜਾਂ ਕੇ ਭਾਈ ਸਾਹਿਬ ਜੀ ਲਿਖਦੇ ਹਨ ਕਿ ''ਪਿਆਰੇ ਪਾਠਕ ਜੀ, ਹਮ ਹਿੰਦੂ ਨਹੀਂ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਯੋਗ ਹੈ ਕਿ ਸਿੱਖ ਧਰਮ ਹਿੰਦੂ ਆਦਿ ਧਰਮਾਂ ਤੋ ਭਿੰਨ ਹੈ ਅਰ ਸਿੱਖ ਕੌਮ ਹੋਰ ਕੌਮ ਦੀ ਤਰ੍ਹਾਂ ਇਕ ਜੁਦੀ ਕੌਮ ਹੈ। ਪਰ ਇਹ ਕਦੇ ਖਿਆਲ ਨਹੀਂ ਹੋਣਾ ਚਾਹੀਦਾ ਕਿ ਆਪ ਹਿੰਦੂ ਜਾਂ ਧਰਮੀਆਂ ਨਾਲ ਵਿਰੋਧ ਕਰੋ ਅਰ ਉਨ੍ਹਾਂ ਦੇ ਧਰਮ ਉਪਰ ਕੁਤਰਕ ਕਰੋ। ਅਥਵਾ ਦੇਸ਼ ਭਾਈਆਂ ਨੂੰ ਅਪਣਾ ਅੰਗ ਨਾ ਮੰਨ ਕੇ ਜਨਮ ਭੂਮੀ ਤੋਂ ਸ਼ਰਾਪ ਲਉ।

Kahn Singh NabhaKahn Singh Nabha

ਗੁਰੂ ਸਾਹਿਬ ਜੀ ਦੇ ਬਚਨ ਹਨ, ਏਕ ਪਿਤਾ ਏਕਸ ਕੇ ਹਮ ਬਾਰਿਕ (ਪੰਨਾ-611) ਤੇ ਸਭੁ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ (ਪੰਨਾ 671) ਸਭਸ ਨਾਲ ਪੂਰਨ ਪਿਆਰ ਕਰੋ ਅਰ ਹਰ ਵੇਲੇ ਸੱਭ ਦਾ ਹਿਤ ਚਾਹੋ।'' ਇਸ ਕਿਤਾਬ ਦੇ ਛਪਣ ਤੋਂ ਬਾਅਦ ਕਈ ਅਗਿਆਨੀ ਸਿੱਖਾਂ ਤੇ ਸਵਾਰਥੀ ਹਿੰਦੂ ਭਾਈਆਂ ਨੇ ਬੜਾ ਰੌਲਾ ਪਾਇਆ। ਇਕ ਦੋ ਸ਼ਰਾਰਤੀਆਂ ਨੇ ਅਪਣੇ ਆਪ ਨੂੰ ਖ਼ੁਫ਼ੀਆ ਪੁਲਿਸ ਦਾ ਅਫ਼ਸਰ ਪ੍ਰਸਿੱਧ ਕਰ ਮਹਾਰਾਜਾ ਨਾਭਾ ਪਾਸ ਵੀ ਸ਼ਿਕਾਇਤ ਕੀਤੀ। ਕਈ ਵਿਰੋਧੀਆਂ ਨੇ ਤਾਂ 'ਹਮ ਹਿੰਦੂ ਨਹੀਂ' ਕਿਤਾਬ ਨੂੰ ਕਾਨੂੰਨ ਵਿਰੁਧ ਦਿਲ ਦੁਖਾਣ ਵਾਲੇ ਲੇਖਾਂ ਨਾਲ ਭਰਪੂਰ ਵੀ ਦਸਿਆ।

ਪਰ ਉਸ ਸਮੇਂ ਦੇ ਕਾਨੂੰਨੀ ਸਲਾਹਕਾਰ ਐਚ.ਏ.ਬੀ ਰੈਗੀਟਨ ਨੇ ਸਪੱਸ਼ਟ ਕਰ ਦਿਤਾ ਕਿ, ''ਮੈਂ 'ਹਮ ਹਿੰਦੂ ਨਹੀਂ' ਕਿਤਾਬ ਦਾ ਅੰਗਰੇਜ਼ੀ ਤਰਜਮਾ ਪੜ੍ਹਿਆ ਹੈ। ਇਹ ਕਿਤਾਬ ਇਕ ਸਿਰੇ ਤੋਂ ਦੂਜੇ ਸਿਰੇ ਤਕ ਮਜ਼ਹਬੀ ਹੈ ਅਤੇ ਇਸ ਤਰੀਕੇ ਨਾਲ ਲਿਖੀ ਗਈ ਹੈ  ਕਿ ਕਿਸੇ ਵੀ ਤਰ੍ਹਾਂ ਕਿਸੇ ਦਾ ਦਿਲ ਨਹੀਂ ਦੁੱਖ ਸਕਦਾ। ਇਸ ਵਿਚ ਹਿੰਦੂ ਧਰਮ ਦਾ ਜ਼ਿਕਰ ਇਸ ਤਰੀਕੇ ਨਾਲ ਕੀਤਾ ਗਿਆ ਹੈ ਕਿ ਥੋੜੀ ਜਹੀ ਵੀ ਬੇਅਦਬੀ ਨਹੀਂ ਪਾਈ ਜਾਂਦੀ। ਮੈਂ ਨਹੀਂ ਸਮਝਦਾ ਕਿ ਇਹ ਕਿਤਾਬ ਲਿਖਣ ਵਾਲੇ ਦੀ ਨੀਯਤ ਕਿਸੇ ਦਾ ਦਿਲ ਦੁਖਾਉਣ ਦੀ ਹੈ।

hindu hindu

ਮੈਂ ਅਪਣੀ ਰਾਏ ਇਸ ਕਿਤਾਬ ਬਾਬਤ ਪ੍ਰਗਟ ਕਰਦਾ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਾਨੂੰਨੀ ਇਤਰਾਜ਼ ਇਸ ਕਿਤਾਬ ਬਾਬਤ ਨਹੀਂ ਕਿਹਾ ਜਾ ਸਕਦਾ। ਵਿਰੋਧੀ ਬੰਦਿਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਪੂਰਨ ਤੌਰ ਤੇ ਗਿਆਨ ਨਹੀਂ ਹੁੰਦਾ।'' ਅੱਗੇ ਪੰਨਾਂ ਨੰਬਰ-8 ਤੇ ਭਾਈ ਸਾਹਿਬ ਜੀ ਲਿਖਦੇ ਹਨ ਕਿ ''ਸਤਿਗੁਰੂ ਦੇ ਇਸ ਉਪਦੇਸ਼ ਤੋਂ ਬੇਮੁਖ ਹੁਣ ਸਾਡੇ ਵਿਚ ਬਹੁਤ ਭਾਈ ਅਜਿਹੇ ਹਨ ਜੋ ਗੁਰੂ ਕੇ ਸਿੰਘ ਹੋ ਕੇ ਵੀ  ਅਪਣੇ ਆਪ ਨੂੰ ਹਿੰਦੂ ਧਰਮੀ ਮੰਨਦੇ ਹਨ ਅਰ ਗੁਰਬਾਣੀ ਅਨੁਸਾਰ ਚਲਣੇ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖ ਅਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿਚ ਹਾਨੀ ਜਾਣਦੇ ਹਨ

ਜਿਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਅਪਣੇ ਧਰਮ ਦੀਆਂ ਪੁਸਤਕਾਂ ਦੀ ਵਿਚਾਰ ਨਹੀਂ ਕੀਤੀ ਅਰ ਨਾ ਪੁਰਾਣੇ ਇਤਿਹਾਸ ਦੇਖੇ ਹਨ। ਇਹ ਸੱਭ ਤੋਂ ਅਹਿਮ ਕਾਰਨ ਹੈ ਅਪਣੀ ਵਿਲਖਣ ਪਛਾਣ ਨੂੰ ਗਵਾਉਣ ਦਾ।'' ਅੱਗੇ ਭਾਈ ਸਾਹਿਬ ਲਿਖਦੇ ਹਨ ਕਿ ''ਕੇਵਲ ਅਨਮਤਾਂ ਦੀਆ ਪੋਥੀਆਂ ਔਰ ਸਵਾਰਥੀ ਪ੍ਰਪੰਚੀਆਂ ਦੀ ਸਿਖਿਆ ਸੁਣਨ ਵਿਚ ਉਮਰ ਬਿਤਾਉਣ ਵਾਲਾ ਖ਼ਾਲਸੇ ਦੇ ਨਿਆਰੇਪਨ ਨੂੰ ਨਹੀਂ ਸਮਝ ਸਕਦਾ।

Bhai Kahn Singh NabhaBhai Kahn Singh Nabha

ਸੋਗ ਹੈ ਐਸੇ ਭਾਈਆ ਉਪਰ ਜੋ ਪਰਮ ਪੂਜਨੀਕ ਪਿਤਾ ਦੇ ਉਪਕਾਰਾਂ ਨੂੰ ਭੁਲਾ ਕੇ (ਜਿਸ ਨੇ ਨੀਚੋਂ ਊਚ ਕੀਤਾ, ਕੰਗਾਲੋਂ ਰਾਜੇ ਬਣਾਇਆ, ਗਿਦੜੋਂ ਸ਼ੇਰ ਤੇ ਚਿੜੀਆਂ ਤੋਂ ਬਾਜ ਤੁੜਾਏ) ਗੁਰਮਿਤ ਵਿਰੋਧੀਆਂ ਦੇ ਪਿੱਛੇ ਲੱਗ ਕੇ, ਪਾਖੰਡ ਜਾਲ ਵਿਚ ਫਸ ਕੇ, ਅਪਣਾ ਮਨੁੱਖ ਜਨਮ ਹਾਰਦੇ ਹੋਏ ਖ਼ਾਲਸਾ ਧਰਮ ਤੋਂ ਪਤਤ ਹੋ ਰਹੇ ਹਨ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਕਿਤਾਬ ਵਿਚ ਇਸ ਵਾਸਤੇ ਲਿਖੀ ਹੈ ਕਿ ਹੋਰ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਅਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨ ਕਰ ਕੇ ਖ਼ਾਲਸੇ ਨੂੰ ਹਿੰਦੂ ਤੇ ਹਿੰਦੂਆਂ ਦਾ ਹੀ ਇਕ ਫ਼ਿਰਕਾ ਖਿਆਲ ਕਰਦੇ ਹਨ।

ਮੈਂ ਨਿਸ਼ਚਾ ਕਰਦਾ ਹਾਂ ਕਿ ਮੇਰੇ ਭੁਲੇ ਹੋਏ ਭਾਈ ਇਸ ਕਿਤਾਬ ਨੂੰ ਪੜ੍ਹ ਕੇ ਅਪਣੇ ਧਰਮ ਅਨੁਸਾਰ ਚਲਣਗੇ ਔਰ ਅਪਣੇ ਆਪ ਨੂੰ ਬਾਬਾ ਨਾਨਕ ਤੇ ਦਸਮੇਸ਼ ਜੀ ਦਾ ਪੁੱਤਰ ਸਮਝ ਕੇ ਖ਼ਾਲਸਾ ਬਨਣਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ।'' ਸੋ ਉਪਰੋਕਤ ਵਿਚਾਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਕਿਤਾਬ ਸਾਡੇ ਹਿੰਦੂ ਭਾਈਆਂ ਜਾਂ ਉਨ੍ਹਾਂ ਦੇ ਧਰਮ ਵਿਰੁਧ ਨਹੀਂ ਲਿਖੀ ਗਈ। ਇਹ ਤਾਂ ਖ਼ਾਲਸੇ ਨੂੰ ਕੇਵਲ ਸੁਚੇਤ ਕਰਨ ਲਈ ਲਿਖੀ ਗਈ ਸੀ। ਸਿੱਖਾਂ ਨੂੰ ਉਨ੍ਹਾਂ ਦੇ ਨਿਆਰੇਪਨ ਦਾ ਅਹਿਸਾਸ ਦਿਵਾਉਣ ਲਈ ਇਹ ਕਿਤਾਬ ਲਿਖੀ ਗਈ ਸੀ।

File Photo File Photo

ਹਿੰਦੂ ਵੀਰ ਸਾਡੇ ਭਰਾ ਹਨ ਤੇ ਭਰਾ ਰਹਿਣਗੇ, ਉਹ ਅਪਣੀਆਂ ਰਹੁ ਰੀਤਾਂ ਨੂੰ ਜੀ ਸਦਕੇ ਮੰਨਣ ਤੇ ਅਪਣੇ ਧਰਮ ਦੇ ਨਿਯਮਾਂ ਦੀ ਪਾਲਣਾ ਕਰਨ। ਇਸ ਲੇਖ ਦੇ ਆਉਣ ਵਾਲੇ ਭਾਗਾਂ ਵਿਚ ਵਿਸਥਾਰਪੂਰਵਕ ਜਾਣਕਾਰੀ ਦਿਤੀ ਜਾਵੇਗੀ ਕਿ ਖ਼ਾਲਸਾ ਹਿੰਦੂਆਂ ਤੇ ਹੋਰ ਧਰਮਾਂ ਤੋਂ ਕਿਵੇਂ ਨਿਆਰਾ ਹੈ ਤੇ ਇਹ 'ਬਿਪਰਨ ਕੀ ਰੀਤ' ਦਾ ਕਿਵੇਂ ਸ਼ਿਕਾਰ ਹੋਇਆ।
ਸੰਪਰਕ : 98147-02271

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement