
ਬਾਣੀ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਆਉਣ ਮਗਰੋਂ ਅਕਾਲੀ ਲੀਡਰਸ਼ਿਪ ਸਵਾਲਾਂ ਦੇ ਘੇਰੇ ਵਿਚ ਹੈ...........
ਬਾਣੀ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਆਉਣ ਮਗਰੋਂ ਅਕਾਲੀ ਲੀਡਰਸ਼ਿਪ ਸਵਾਲਾਂ ਦੇ ਘੇਰੇ ਵਿਚ ਹੈ। ਜਿਥੇ ਅਕਾਲੀ ਲੀਡਰਸ਼ਿਪ ਨੂੰ ਵਿਰੋਧੀ ਨਿਸ਼ਾਨਾ ਬਣਾ ਰਹੇ ਹਨ, ਉਥੇ ਕੁੱਝ ਅਕਾਲੀ ਆਗੂ ਵੀ ਅਪਣੀ ਹੀ ਲੀਡਰਸ਼ਿਪ ਵਿਰੁਧ ਪਹਿਲੀ ਵਾਰ ਮੂੰਹ ਖੋਲ੍ਹਣ ਲੱਗੇ ਹਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅੰਗਰੇਜ਼ੀ ਅਖ਼ਬਾਰ 'ਦ ਇੰਡੀਅਨ ਐਕਸਪ੍ਰੈਸ' ਨਾਲ ਇੰਟਰਵਿਊ ਵਿਚ ਪਹਿਲੀ ਵਾਰ ਅਪਣੀ ਲੀਡਰਸ਼ਿਪ ਵਿਰੁਧ ਬੇਬਾਕ ਗੱਲਾਂ ਕੀਤੀਆਂ ਹਨ।
ਸਵਾਲ : ਕੀ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ ਕਰਨ ਦੀ ਯੋਜਨਾ ਬਾਰੇ ਜਾਣਦੇ ਸੀ?
ਜਵਾਬ : ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ ਕਰਨ ਦੇ ਫ਼ੈਸਲੇ ਬਾਰੇ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਐਨ ਆਖ਼ਰੀ ਸਮੇਂ ਦਸਿਆ ਸੀ। ਮੈਂ ਇਸ ਫ਼ੈਸਲੇ ਵਿਰੁਧ ਸੁਖਬੀਰ ਸਿੰਘ ਨੂੰ ਚੇਤਾਵਨੀ ਵੀ ਦਿਤੀ ਸੀ। ਮੈਨੂੰ ਉਦੋਂ ਹੀ ਪਤਾ ਲੱਗਾ ਜਦ ਸੁਖਬੀਰ ਨੇ ਮੈਨੂੰ ਚੰਡੀਗੜ੍ਹ ਵਾਲੇ ਅਪਣੇ ਘਰ ਸੱਦਿਆ ਅਤੇ ਦਸਿਆ ਕਿ ਉਹ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮੁਆਫ਼ ਕਰਾਉਣਾ ਚਾਹੁੰਦੇ ਹਨ। ਇਹ ਗੱਲ 24 ਸਤੰਬਰ 2015 ਦੀ ਹੈ।
ਮੈਂ ਉਸ ਨੂੰ ਕਿਹਾ ਸੀ ਕਿ ਅਜਿਹਾ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਰੋਸੇ ਵਿਚ ਲਿਆ ਜਾਵੇ। ਸੁਖਬੀਰ ਨੇ ਉਦੋਂ ਤਾਂ ਮੇਰਾ ਸੁਝਾਅ ਮੰਨ ਲਿਆ ਪਰ ਸ਼ਾਮ ਨੂੰ ਹੀ ਮੈਨੂੰ ਪਤਾ ਲੱਗਾ ਕਿ ਮੁਆਫ਼ੀਨਾਮਾ ਜਾਰੀ ਕਰ ਦਿਤਾ ਗਿਆ ਹੈ। ਮੈਂ ਸੁਖਬੀਰ ਨੂੰ ਮਿਲ ਕੇ ਕਰਨਾਲ ਕਿਸੇ ਸਮਾਗਮ ਵਿਚ ਚਲਾ ਗਿਆ ਸੀ ਤੇ ਮੈਨੂੰ ਸ਼ਾਮ ਨੂੰ ਵਟਸਐਪ 'ਤੇ ਹੀ ਪਤਾ ਲੱਗਾ ਕਿ ਮੁਆਫ਼ੀਨਾਮਾ ਜਾਰੀ ਹੋ ਗਿਆ ਹੈ। ਮੈਨੂੰ ਇਹ ਪੜ੍ਹ ਕੇ ਬੜਾ ਝਟਕਾ ਲੱਗਾ।
ਸਵਾਲ : ਕੀ ਤੁਹਾਨੂੰ ਲਗਦੈ ਕਿ ਕਾਹਲੀ ਭਰੇ ਇਸ ਫ਼ੈਸਲੇ ਦਾ ਕਾਰਨ ਇਹ ਸੀ ਕਿ ਡੇਰਾ ਮੁਖੀ ਦੀ ਫ਼ਿਲਮ 'ਐਮਐਸਜੀ' ਦੀ ਰਿਲੀਜ਼ ਰੁਕੀ ਹੋਈ ਸੀ?
ਜਵਾਬ : ਮੈਂ ਕਹਿ ਨਹੀਂ ਸਕਦਾ ਕਿ ਇਸ ਕਾਹਲੀ ਪਿੱਛੇ ਇਹ ਕਾਰਨ ਸੀ। ਇਹ ਤਾਂ ਸੁਖਬੀਰ ਹੀ ਦੱਸ ਸਕਦਾ ਹੈ।
ਸਵਾਲ : ਤੁਹਾਡੇ ਪ੍ਰਧਾਨ ਹੁੰਦਿਆਂ, ਕਮੇਟੀ ਨੇ 16 ਅਕਤੂਬਰ, 2015 ਨੂੰ ਅਕਾਲ ਤਖ਼ਤ ਦੇ ਫ਼ੈਸਲੇ ਦੇ ਹੱਕ ਵਿਚ ਅਖ਼ਬਾਰਾਂ ਵਿਚ ਇਸ਼ਤਿਹਾਰ ਦਿਤੇ ਤੇ ਉਸੇ ਦਿਨ ਜਥੇਦਾਰਾਂ ਨੇ ਮੁਆਫ਼ੀ ਦਾ ਫ਼ੈਸਲਾ ਰੱਦ ਕਰ ਦਿਤਾ।
ਜਵਾਬ : ਮੈਂ ਇਹ ਕਹਿੰਦਾ ਹਾਂ ਕਿ ਨਾ ਤਾਂ ਮੁਆਫ਼ੀਨਾਮਾ ਜਾਰੀ ਕਰਨ ਤੋਂ ਪਹਿਲਾਂ ਤੇ ਨਾ ਹੀ ਰੱਦ ਕਰਨ ਤੋਂ ਪਹਿਲਾਂ ਮੈਨੂੰ ਭਰੋਸੇ ਵਿਚ ਲਿਆ ਗਿਆ। ਇਹ ਸੱਭ ਹੋਣ ਦੇ ਬਾਵਜੂਦ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਅਸੀਂ ਅਕਾਲ ਤਖ਼ਤ ਦੀ ਮਾਣ-ਮਰਿਆਦਾ ਕਾਇਮ ਰੱਖਣ ਲਈ ਲੋਕਾਂ ਨੂੰ ਅਪੀਲ ਕਰ ਰਹੇ ਸੀ ਪਰ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੀ ਮਾਣ-ਮਰਿਆਦਾ ਨੂੰ ਤਾਰ-ਤਾਰ ਕਰਨ 'ਤੇ ਉਤਾਰੂ ਸੀ।
ਸਵਾਲ : ਤੁਹਾਡੇ ਕਾਰਜਕਾਲ ਦੇ ਆਖ਼ਰੀ ਸਾਲਾਂ ਦੌਰਾਨ ਤੁਹਾਡੇ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਹੋ ਗਏ। ਕੀ ਕਾਰਨ ਸੀ?
ਜਵਾਬ : ਮੈਂ ਪਰਕਾਸ਼ ਸਿੰਘ ਬਾਦਲ ਅਤੇ ਸੁਰਿੰਦਰ ਕੌਰ ਬਾਦਲ ਦੇ ਆਸ਼ੀਰਵਾਦ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਿਆ ਸੀ। ਜਦ ਮੈਨੂੰ ਲਗਾਤਾਰ ਛੇਵੀਂ ਵਾਰ ਪ੍ਰਧਾਨ ਚੁਣਿਆ ਗਿਆ ਤਾਂ ਮੈਂ ਆਪ ਜਾ ਕੇ ਬੀਬੀ ਜੀ ਦਾ ਧਨਵਾਦ ਕੀਤਾ। ਉਦੋਂ ਉਹ ਬਹੁਤ ਬੀਮਾਰ ਸਨ। ਉਨ੍ਹਾਂ ਮੈਨੂੰ ਕਿਹਾ ਕਿ ਮੈਂ ਬਾਦਲ ਪਰਵਾਰ ਦਾ ਜੀਅ ਹਾਂ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਰਹਾਂਗਾ।
ਫਿਰ ਉਹ ਅਕਾਲ ਚਲਾਣਾ ਕਰ ਗਏ ਅਤੇ ਸੁਪਰੀਮ ਕੋਰਟ ਨੇ ਕਮੇਟੀ ਦੀਆਂ 2011 ਦੀਆਂ ਚੋਣਾਂ ਦੇ ਨਤੀਜੇ ਰੋਕ ਦਿਤੇ। ਕੇਸ ਦਾ ਨਿਬੇੜਾ ਹੋਣ ਤਕ ਮੈਂ ਪ੍ਰਧਾਨ ਬਣਿਆ ਰਹਿਣਾ ਸੀ ਪਰ ਇਥੇ ਹੀ ਸੁਖਬੀਰ ਨੂੰ ਸ਼ੱਕ ਹੋ ਗਿਆ ਕਿ ਮੈਂ ਪ੍ਰਧਾਨ ਬਣਿਆ ਰਹਿਣ ਲਈ ਕੇਸ ਲਮਕਾ ਰਿਹਾ ਹਾਂ। ਉਨ੍ਹਾਂ ਕਮੇਟੀ ਦੇ ਸਕੂਲਾਂ ਨੂੰ ਮਜ਼ਬੂਤ ਕਰਨ ਬਾਰੇ ਮੇਰੀ ਨੀਤੀ 'ਤੇ ਵੀ ਸਵਾਲ ਕੀਤੇ। ਕਮੇਟੀ ਅੰਦਰਲੀ ਖ਼ਾਸ ਲਾਬੀ ਮੇਰੇ ਵਿਰੁਧ ਸੁਖਬੀਰ ਨੂੰ ਭੜਕਾ ਰਹੀ ਸੀ।
ਦਰਅਸਲ, ਇਹ ਕਮੇਟੀ ਸ਼ਹਿਰੀ ਸਿੱਖਾਂ ਦੀ ਵਿਰੋਧੀ ਸੀ ਅਤੇ ਮੈਨੂੰ ਕਮੇਟੀ ਅਤੇ ਅਕਾਲੀ ਦਲ ਦੀਆਂ ਬੈਠਕਾਂ ਵਿਚ 'ਭਾਪਾ' ਕਿਹਾ ਜਾਂਦਾ ਸੀ। ਮੈਨੂੰ ਹਟਾਉਣ ਤੋਂ ਪਹਿਲਾਂ ਸੁਖਬੀਰ ਨੇ ਮੈਨੂੰ ਪੁਛਿਆ ਕਿ ਪ੍ਰਧਾਨ ਕਿਸ ਨੂੰ ਲਾਈਏ ਤਾਂ ਮੈਂ ਕਿਹਾ ਕਿ ਉਹ ਬੰਦਾ ਧਾਰਮਕ ਸ਼ਖ਼ਸੀਅਤ ਹੋਣਾ ਚਾਹੀਦਾ ਹੈ, ਸਿਆਸੀ ਨਹੀਂ।
ਸਵਾਲ : ਪਰ ਤੁਹਾਡੇ ਸੁਝਾਅ ਦੇ ਉਲਟ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਲਾ ਦਿਤਾ ਗਿਆ ਜਿਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਡੇਰਾ ਪ੍ਰੇਮੀਆਂ ਕੋਲੋਂ ਵੋਟਾਂ ਮੰਗੀਆਂ ਸਨ। ਫਿਰ ਉਨ੍ਹਾਂ ਦੀ ਨਿਯੁਕਤੀ ਕਿਵੇਂ ਜਾਇਜ਼ ਹੈ?
ਜਵਾਬ : ਵੇਖੋ ਜੀ, ਜਿਹਨੂੰ ਸੁਖਬੀਰ ਨੇ ਬਣਾ ਦਿਤਾ, ਉਹ ਜਾਇਜ਼ ਹੀ ਸੀ।