
ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਸੱਦੇ 'ਤੇ ਆਇਆਂ : ਗਿਆਨੀ ਇਕਬਾਲ ਸਿੰਘ
ਅੰਮ੍ਰਿਤਸਰ, 5 ਅਗੱਸਤ (ਪਰਮਿੰਦਰਜੀਤ): ਬਤੌਰ 'ਜਥੇਦਾਰ' ਅਪਣੇ ਦਸਤਖ਼ਤਾਂ ਹੇਠ ਜਾਰੀ ਹੁਕਮਨਾਮੇ ਨੂੰ ਰੱਦ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਅੱਜ ਆਰ.ਐਸ.ਐਸ. ਦੇ ਸੱਦੇ 'ਤੇ ਅਯੋਧਿਆ ਪੁੱਜੇ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜਕਾਲ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰ.ਐਸ.ਐਸ ਨਾਲ ਕਿਸੇ ਤਰ੍ਹਾਂ ਦਾ ਮਿਲਵਰਤਣ ਨਾ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੇ ਇਸ ਹੁਕਮਨਾਮੇ 'ਤੇ ਗਿਆਨੀ ਇਕਬਾਲ ਸਿੰਘ ਦੇ ਵੀ ਦਸਤਖ਼ਤ ਹਨ।
Giani Iqbal Singh
ਉਨ੍ਹਾਂ ਗੁਰਦਵਾਰਾ ਬ੍ਰਹਮ ਕੁੰਡ ਅਯੁਧਿਆ ਵਿਚ ਰਾਮ ਜਨਮ ਭੂਮੀ ਮੰਦਰ ਦੇ ਨੀਂਹ ਪੱਥਰ ਦੇ ਸ਼ੁਕਰਾਨੇ ਵਜੋਂ ਅੱਜ ਅਖੰਡ ਪਾਠ ਦੇ ਭੋਗ ਦੇ ਸਮਾਗਮਾਂ ਵਿਚ ਭਾਗ ਲਿਆ। ਇਸ ਮੌਕੇ ਗਿਆਨੀ ਇਕਬਾਲ ਸਿੰਘ ਨੇ ਸ਼ੁਕਰਾਨੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਸੱਦੇ 'ਤੇ ਆਏ ਹਨ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਰਾਮ ਦੀ ਅੰਸ਼ ਵਿਚੋਂ ਹੀ ਸਨ। ਰਾਮ ਜਨਮ ਭੂਮੀ 'ਤੇ ਬਣਨ ਵਾਲੇ ਮੰਦਰ ਦੇ ਭੂਮੀ ਪੂਜਨ ਲਈ ਪੂਰੇ ਹਿੰਦੁਸਤਾਨ ਵਿਚੋਂ ਸਿੱਖ ਸਮਾਜ ਦਾ ਇਕ ਜੱਥਾ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਪਹੁੰਚਿਆ। ਗੁਰਬਚਨ ਸਿੰਘ ਮੋਖਾ ਕੌਮੀ ਕਾਰਜਕਾਰੀ ਪ੍ਰਧਾਨ, ਜਸਬੀਰ ਸਿੰਘ ਸਹਿ ਸੰਗਠਨ ਮੰਤਰੀ, ਡਾ. ਦੇਵ ਸਿੰਘ ਅਦਿੱਤੀ ਰਾਸ਼ਟਰੀ ਧਰਮ ਗੁਰੂ ਭਾਵਾਦਾਸ, ਬਾਬਾ ਨਿਰਮਲ ਸਿੰਘ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਗੁਰਦੁਆਰਾ ਬ੍ਰਹਮ ਕੁੰਡ ਅਯੋਧਿਆ ਵਿਚ ਸ਼ੁਕਰਾਨੇ ਦੇ ਪਾਠ ਦੀ ਅਰਦਾਸ ਉਪਰੰਤ ਰਾਸ਼ਟਰੀ ਸਿੱਖ ਸੰਗਤ ਨੇ ਪਵਿੱਤਰ ਜਲ ਦੀ ਗਾਗਰ ਭੇਟ ਕੀਤੀ। ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਬੁਲਾਰੇ ਤੇ ਅੰਮ੍ਰਿਤਸਰ ਦੇ ਜਨਰਲ ਸਕੱਤਰ ਡਾ. ਸੰਦੀਪ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਦੇ ਪਵਿੱਤਰ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਰਾਸ਼ਟਰੀ ਸਿੱਖ ਸੰਗਤ ਦੇ ਅਧਿਕਾਰੀ ਅੰਮ੍ਰਿਤਸਰ ਤੋਂ ਲੈ ਕੇ ਅਯੋਧਿਆ ਪਹੁੰਚੇ ਹੋਏ ਸਨ।
ਅਰਦਾਸ ਮੌਕੇ ਗਿਆਨ ਦੇਵ ਜੀ, ਡਾ .ਦੇਵ ਸਿੰਘ, ਬਾਬਾ ਨਿਰਮਲ ਸਿੰਘ ਰੰਧਾਵਾ, ਬਾਬਾ ਗੁਰਜੀਤ ਸਿੰਘ ਅਯੁਧਿਆ, ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ, ਗੁਰਬਚਨ ਸਿੰਘ ਮੋਖਾ, ਜਸਬੀਰ ਸਿੰਘ, ਭਾਜਪਾ ਨੇਤਾ ਆਰ ਪੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਆਗੂ ਹਾਜ਼ਰ ਸਨ। ਗੁਰਬਚਨ ਸਿੰਘ ਗਿੱਲ ਨੇ ਕਿਹਾ ਕਿ ਅਯੁਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਵਿਚ ਸਿੱਖ ਸੰਗਤ ਦਾ ਪਹੁੰਚਣਾ ਇਕ ਇਤਿਹਾਸਕ ਦਿਨ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਨੇ ਸਾਰੇ ਸਿੱਖ ਜਗਤ ਨੂੰ ਰਾਮ ਮੰਦਰ ਦੇ ਨਿਰਮਾਣ ਦੀ ਖ਼ੁਸ਼ੀ ਵਿਚ ਦੀਵੇ ਜਗਾਉਣ ਲਈ ਕਿਹਾ।