
ਅਦਾਲਤ ਜਗਦੀਸ਼ ਟਾਈਟਲਰ ਵਿਰੁਧ 11 ਸਤੰਬਰ ਨੂੰ ਸੁਣਵਾਈ ਕਰੇਗੀ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ 1984 ਦੇ ਸਿੱਖ ਕਤਲੇਆਮ ਦੌਰਾਨ ਪੁਲ ਬੰਗਸ਼ ਕਤਲਕਾਂਡ ਨਾਲ ਸਬੰਧਤ ਇਕ ਕੇਸ ਦੀ ਸੁਣਵਾਈ 11 ਸਤੰਬਰ ਨੂੰ ਕਰੇਗੀ, ਜਿਸ ’ਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ।
ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਨੇ ਟਾਈਟਲਰ ਦੇ ਵਕੀਲ ਦੀ ਅਪੀਲ ’ਤੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ। ਮੁਲਜ਼ਮ ਦੀ ਵੀਡੀਉ ਕਾਨਫ਼ਰੰਸ ਜ਼ਰੀਏ ਅਦਾਲਤ ’ਚ ਪੇਸ਼ੀ ਹੋਈ। ਵਕੀਲ ਨੇ ਕਿਹਾ ਕਿ ਟਾਈਟਲਰ ਨੂੰ ਕਿਸੇ ਜ਼ਰੂਰੀ ਮਾਮਲੇ ਲਈ ਹਾਈ ਕੋਰਟ ’ਚ ਹਾਜ਼ਰ ਹੋਣਾ ਹੈ, ਜਿਸ ਕਾਰਨ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿਤੀ।
ਪਹਿਲਾਂ ਇਕ ਸੈਸ਼ਨ ਅਦਾਲਤ ਨੇ ਟਾਈਟਲਰ ਨੂੰ ਇਕ ਲੱਖ ਰੁਪਏ ਦੇ ਨਿਜੀ ਮੁਚਲਕੇ ਅਤੇ ਏਨੀ ਹੀ ਰਕਮ ਦੀ ਜ਼ਮਾਨਤ ’ਤੇ ਅਗਾਊਂ ਜ਼ਮਾਨਤ ਦੇ ਦਿਤੀ ਸੀ।
ਇਸ ਨੇ ਟਾਈਟਲਰ ’ਤੇ ਕੁਝ ਸ਼ਰਤਾਂ ਵੀ ਲਾਈਆਂ ਸਨ ਕਿ ਉਹ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਜਾਂ ਬਗ਼ੈਰ ਇਜਾਜ਼ਤ ਤੋਂ ਦੇਸ਼ ਨਹੀਂ ਛੱਡਣਗੇ।
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਨ੍ਹਾਂ ਦੇ ਸਿੱਖ ਅੰਗ ਰਖਿਅਕਾਂ ਵਲੋਂ ਕਤਲ ਤੋਂ ਇਕ ਦਿਨ ਬਾਅਦ 1 ਨਵੰਬਰ, 1984 ਨੂੰ ਪੁਲ ਬੰਗਸ਼ ਇਲਾਕੇ ’ਚ ਤਿੰਨ ਸਿੱਖਾਂ ਦਾ ਕਤਲ ਕਰ ਦਿਤਾ ਗਿਆ ਸੀ ਅਤੇ ਇਕ ਗੁਰਦੁਆਰੇ ’ਚ ਅੱਗ ਲਾ ਦਿਤੀ ਸੀ।