
ਗੁਰਦਵਾਰਾ ਚੋਣ ਕਮਿਸ਼ਨਰ ਨੇ ਉਮੀਦਵਾਰਾਂ ਲਈ 30 ਚੋਣ ਨਿਸ਼ਾਨ ਜਾਰੀ ਕੀਤੇ, 30 ਸਤੰਬਰ ਤਕ ਵੋਟਾਂ ਬਣਾਉਣ ਦਾ ਕੰਮ ਹੋਵੇਗਾ ਮੁਕੰਮਲ
ਚੰਡੀਗੜ੍ਹ: ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਦੇ ਅਸਤੀਫ਼ਿਆਂ ਬਾਅਦ ਹੁਣ ਕਮੇਟੀ ਦੀਆਂ ਆਮ ਚੋਣਾਂ ਦੀਆਂ ਤਿਆਰੀਆਂ ਵੀ ਤੇਜ਼ ਹੋਣ ਲੱਗੀਆਂ ਹਨ। ਜਿਥੇ ਅੱਜ ਹਰਿਆਣਾ ਦੇ ਗੁਰਦਵਾਰਾ ਚੋਣ ਕਮਿਸ਼ਨਰ ਸੇਵਾ ਮੁਕਤ ਜਸਟਿਸ ਐਚ.ਐਸ. ਭੱਲਾ ਨੇ ਉਮੀਦਵਾਰਾਂ ਲਈ 30 ਚੋਣ ਨਿਸ਼ਾਨ ਜਾਰੀ ਕਰ ਕੇ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿਤੀ ਹੈ, ਉਥੇ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਨਾਲ ਇਕ ਮੀਟਿੰਗ ਕਰ ਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਇਸ ਮੀਟਿੰਗ ਵਿਚ ਕਮੇਟੀ ਮੈਂਬਰਾਂ ਨੇ ਅਪਣੇ ਸੁਝਾਅ ਵੀ ਗੁਰਦਵਾਰਾ ਪ੍ਰਬੰਧ ਦੇ ਸਬੰਧ ਵਿਚ ਨਿਰਪੱਖ ਚੋਣ ਲਈ ਮੁੱਖ ਮੰਤਰੀ ਨੂੰ ਦਿਤੇ।
ਗੁਰਦਵਾਰਾ ਚੋਣ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਵੋਟਾਂ ਬਣਨ ਦਾ ਕੰਮ 30 ਸਤੰਬਰ ਤਕ ਹਰ ਹਾਲਤ ਵਿਚ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਵਿਚ ਵਾਧਾ ਨਹੀਂ ਹੋਵੇਗਾ। ਇਹ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਚੋਣ ਲੜਨ ਦੇ ਚਾਹਵਾਨ ਵੱਖ ਵੱਖ ਗਰੁਪ ਵੀ ਅਪਣੇ ਸਮਰਥਕਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਵਾਉਣ ਵਿਚ ਲੱਗ ਗਏ ਹਨ। ਗੁਰਦਵਾਰਾ ਚੋਣ ਕਮਿਸ਼ਨਰ ਵਲੋਂ ਜਾਰੀ ਨੋਟੀਫ਼ੀਕੇਸ਼ਨ ਮੁਤਾਬਕ ਗੁਰਦਵਾਰਾ ਕਮੇਟੀ ਚੋਣਾਂ ਲਈ ਵਾਰਡਬੰਦੀ ਦਾ ਕੰਮ ਵੀ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਸੂਬੇ ਨੂੰ 40 ਵਾਰਡਾਂ ਵਿਚ ਵੰਡਿਆ ਗਿਆ ਹੈ।
ਇਸ ਤਰ੍ਹਾਂ ਹਰਿਆਣਾ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਲਈ 40 ਸੀਟਾਂ ਹੋਣਗੀਆਂ। ਇਥੇ ਜਿੱਤਣ ਵਾਲੇ ਮੈਂਬਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਚੁਣਨਗੇ। ਮਹੰਤ ਦੇ ਅਸਤੀਫ਼ੇ ਬਾਅਦ ਫ਼ਿਲਹਾਲ ਸਰਕਾਰ ਕੋਈ ਹੋਰ ਅਸਥਾਈ ਪ੍ਰਧਾਨ ਬਣਾਉਣ ਵਿਚ ਦਿਲਚਸਪੀ ਨਹੀਂ ਲੈ ਰਹੀ ਕਿਉਂਕਿ ਮੈਂਬਰ ਧੜੇਬੰਦੀ ਦਾ ਸ਼ਿਕਾਰ ਹੋ ਜਾਣ ਕਾਰਨ ਪਿਛਲੇ ਸਮੇਂ ਵਿਚ ਕਈ ਹੰਗਾਮੇ ਹੋ ਚੁੱਕੇ ਹਨ। ਗੁਰਦਵਾਰਾ ਚੋਣ ਕਮਿਸ਼ਨ ਵਲੋਂ ਜਾਰੀ 30 ਚੋਣ ਨਿਸ਼ਾਨਾਂ ਵਿਚੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਤਿੰਨ ਨਿਸ਼ਾਨ ਦੀ ਚੋਣ ਕਰਨੀ ਹੋਵੇਗੀ ਅਤੇ ਇਨ੍ਹਾਂ ਵਿਚੋਂ ਕੋਈ ਇਕ ਚੋਣ ਨਿਸ਼ਾਨ ਉਮੀਦਵਾਰ ਨੂੰ ਅਲਾਟ ਹੋਵੇਗਾ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਛੇਤੀ ਹੋਣ ਦੀ ਸੰਭਾਵਨਾ ਹੈ।