
ਨਨਕਾਣਾ ਸਾਹਿਬ ਵਿਖੇ ਬੁਲਾਰਿਆਂ ਨੇ ਨਾਨਕਸ਼ਾਹੀ ਕੈਲੰਡਰ ਦੇ ਕਤਲ ’ਤੇ ਚੁੱਕੇ ਸਵਾਲ
ਕੋਟਕਪੂਰਾ (ਗੁਰਿੰਦਰ ਸਿੰਘ) : ਦੇਸ਼ ਦੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਦੀ ਤਰ੍ਹਾਂ ਪਾਕਿਸਤਾਨ ਵਿਖੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਇਵੈਕੁਈ ਟਰੱਸਟ ਬੋਰਡ ਅਤੇ ਯੰਗ ਸਿੱਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮਨਾਏ ਗਏ।
ਇਸ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਵੀ ਸਜਾਇਆ ਗਿਆ ਜਿਸ ਵਿਚ ਪਾਕਿਸਤਾਨ ਭਰ ਤੋਂ ਆਏ ਰਾਗੀ ਜਥਿਆਂ ਨੇ ਕੀਰਤਨ ਕੀਤਾ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਵਿਚਾਰਾਂ ਸਾਂਝੀਆਂ ਕੀਤੀਆਂ।
ਬੁਲਾਰਿਆਂ ਨੇ ਆਖਿਆ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ੁਦ ਪਾਕਿਸਤਾਨ ਵਿਖੇ ਆਏ ਸਨ ਤਾਂ ਉਨ੍ਹਾਂ ਨੂੰ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ, ਇਸ ਤੋਂ ਇਲਾਵਾ ਹਰ ਗੁਰਪੁਰਬ ਮੌਕੇ ਇਹੀ ਅਪੀਲ ਦੁਹਰਾਈ ਜਾਂਦੀ ਹੈ ਕਿ ਆਖ਼ਰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਿਉਂ ਕੀਤਾ ਗਿਆ?
ਸਰਬਸੰਮਤੀ ਨਾਲ ਦੁਬਾਰਾ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸੋਂ ਮੰਗ ਕੀਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕੀਤਾ ਜਾਵੇ ਤਾਕਿ ਦੁਨੀਆਂ ਭਰ ਦੇ ਸਿੱਖ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਇਕਸਾਰਤਾ ਨਾਲ ਮਨਾਉਣ। ਇਨ੍ਹਾਂ ਸਮਾਗਮਾਂ ’ਚ ਪੂਰੇ ਪਾਕਿਸਤਾਨ ਦੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਦਸਣਯੋਗ ਹੈ ਸਾਲ 2003 ’ਚ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਾਲ 2010 ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ’ਚ ਵਾਪਸ ਲੈਣ ਦਾ ਐਲਾਨ ਕੀਤਾ
ਤਾਂ ਦੁਨੀਆਂ ਭਰ ਦੀਆਂ ਗੁਰਦਵਾਰਾ ਕਮੇਟੀਆਂ ਦੇ ਨਾਲ-ਨਾਲ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰੇ ਪਾਕਿਸਤਾਨ ’ਚ ਲਾਗੂ ਕਰਨ ਦਾ ਦਿ੍ਰੜ ਇਰਾਦਾ ਦਰਸਾਇਆ ਤੇ ਅੱਜ ਵੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰੇ ਸਮਾਗਮ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਉਂਦੀ ਆ ਰਹੀ ਹੈ। ਇਸ ਮੌਕੇ ਗੁਰਦਵਾਰਾ ਜਨਮ ਅਸਥਾਨ ਦੇ ਹੈੱਡ ਗ੍ਰੰਥੀ ਸਿੰਘ ਪ੍ਰੇਮ ਸਿੰਘ, ਗਿਆਨੀ ਬਲਵੰਤ ਸਿੰਘ, ਗਿਆਨੀ ਦਇਆ ਸਿੰਘ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬਤ ਸਿੰਘ, ਡਾ. ਮੀਮਪਾਲ ਸਿੰਘ, ਸ਼ੋਸ਼ਲ ਵਰਕਰ ਸੁਰਜੀਤ ਸਿੰਘ ਕੰਵਲ, ਸਾਬਕਾ ਐੱਮ.ਪੀ.ਏ. ਮੁਹਿੰਦਰਪਾਲ ਸਿੰਘ ਅਤੇ ਗੋਪਾਲ ਸਿੰਘ ਚਾਵਲਾ ਆਦਿ ਵੀ ਹਾਜ਼ਰ ਸਨ।