
ਨਕੋਦਰ ਗੋਲੀ ਕਾਂਡ ਵਿਚ ਅਪਣਾ 20 ਸਾਲ ਦਾ ਪੁੱਤਰ ਰਵਿੰਦਰ ਸਿੰਘ ਨੂੰ ਗਵਾ ਚੁਕੇ ਬਲਦੇਵ ਸਿੰਘ ਅੱਜ ਵੀ ਇਸ ਉਮੀਦ ਵਿਚ ਜੀਅ ਰਹੇ ਹਨ ਕਿ....
ਅੰਮ੍ਰਿਤਸਰ : ਨਕੋਦਰ ਗੋਲੀ ਕਾਂਡ ਵਿਚ ਅਪਣਾ 20 ਸਾਲ ਦਾ ਪੁੱਤਰ ਰਵਿੰਦਰ ਸਿੰਘ ਨੂੰ ਗਵਾ ਚੁਕੇ ਬਲਦੇਵ ਸਿੰਘ ਅੱਜ ਵੀ ਇਸ ਉਮੀਦ ਵਿਚ ਜੀਅ ਰਹੇ ਹਨ ਕਿ ਇਕ ਦਿਨ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਵਿਚ ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲਿਆ। ਅਫ਼ਸੋਸ ਦੀ ਗੱਲ ਇਹ ਵੀ ਰਹੀ ਕਿ ਇਸ ਬਦਨਸੀਬ ਪਿਉ ਨੂੰ ਉਸ ਦੇ ਪੁੱਤਰ ਦੀ ਲਾਸ਼ ਵੀ ਨਹੀਂ ਦਿਤੀ ਗਈ ਹਾਲਾਂਕਿ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਬਲਦੇਵ ਸਿੰਘ ਤੇ ਅਕਾਲੀ ਦਲ ਦੇ ਵਿਧਾਇਕ ਕੁਲਦੀਪ ਸਿੰਘ ਵਡਾਲਾ ਨੂੰ ਭਰੋਸਾ ਦਿਵਾਇਆ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਜਾਣਗੀਆਂ।
ਇਸ ਹਾਦਸੇ ਦੇ ਕਰੀਬ 33 ਸਾਲ ਬਾਅਦ ਵੀ ਇਨਸਾਫ਼ ਦੀ ਜੰਗ ਲੜ ਰਹੇ ਬਲਦੇਵ ਸਿੰਘ ਨੇ ਕਿਹਾ ਕਿ ਹੁਣ ਉਹ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਾਈ ਕੋਰਟ ਵੀ ਜਾਣਗੇ। ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਬਲਦੇਵ ਸਿੰਘ ਨੇ ਦਸਿਆ ਕਿ 2 ਫ਼ਰਵਰੀ 1986 ਨੂੰ ਨਕੋਦਰ ਦੇ ਗੁਰਦਵਾਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ ਵਾਪਰੀ, ਇਸ ਵਿਚ ਕਿਸੇ ਸ਼ਰਾਰਤੀ ਨੇ ਗੁਰੂ ਗ੍ਰੰਥ ਸਾਹਿਬ ਦੇ ਕਰੀਬ ਪੰਜ ਸਰੂਪ ਅਗਨ ਭੇਂਟ ਕਰ ਦਿਤੇ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਧਰਨਾ ਦਿਤਾ। ਇਸ ਧਰਨੇ ਵਿਚ ਉਹ ਤੇ ਉਨ੍ਹਾਂ ਦਾ ਪੁੱਤਰ ਵੀ ਸ਼ਾਮਲ ਸੀ। ਇਸ ਧਰਨੇ ਦੀ ਅਗਵਾਈ ਸਾਬਕਾ ਵਿਧਾਇਕ
ਕੁਲਦੀਪ ਸਿੰਘ ਵਡਾਲਾ ਕਰ ਰਹੇ ਸਨ। ਪੁਲਿਸ ਇਸ ਮਾਮਲੇ ਦੇ ਦੋਸ਼ੀ ਵਿਰੁਧ ਮੁਢਲੀ ਸ਼ਿਕਾਇਤ ਵੀ ਦਰਜ ਕਰਨ ਲਈ ਤਿਆਰ ਨਹੀਂ ਸੀ। ਬਲਦੇਵ ਸਿੰਘ ਨੇ ਦਸਿਆ ਕਿ ਹਲਾਤ ਵਿਗੜਦੇ ਦੇਖ ਕੇ ਪ੍ਰਸ਼ਾਸਨ ਨੇ ਕਰਫ਼ਿਊ ਲਗਾ ਦਿਤਾ ਕਿਉਂਕਿ ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ ਸੀ, ਇਸ ਲਈ ਸਿੱਖ ਸੰਗਤਾਂ ਦਾ ਰੋਸ ਵਧਦਾ ਜਾ ਰਿਹਾ ਸੀ। ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਹਿਚਕਿਚਾ ਰਿਹਾ ਸੀ। 4 ਫ਼ਰਵਰੀ ਨੂੰ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਚਲਾਈ ਗੋਲੀ ਵਿਚ ਚਾਰ ਨੌਜਵਾਨ ਸ਼ਹੀਦ ਹੋ ਗਏ ਜਿਸ ਵਿਚ ਰਵਿੰਦਰ ਸਿੰਘ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮੈਨੂੰ ਫ਼ਖ਼ਰ ਹੈ ਕਿ
ਸਾਰੇ ਨੌਜਵਾਨਾਂ ਨੇ ਛਾਤੀ 'ਤੇ ਗੋਲੀ ਖਾਦੀ। ਬਲਦੇਵ ਸਿੰਘ ਨੇ ਦਸਿਆ ਕਿ ਪੁਲਿਸ ਅਧਿਕਾਰੀ ਏ.ਕੇ. ਸ਼ਰਮਾ ਨੇ ਕਥਿਤ ਤੌਰ 'ਤੇ ਗੋਲੀ ਚਲਾਉਣ ਦਾ ਹੁਕਮ ਦਿਤਾ ਸੀ। ਇਸ ਸਾਰੇ ਮਾਮਲੇ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਬਣੇ ਜਾਂਚ ਕਮਿਸ਼ਨ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਰੇ ਗਏ ਨੌਜਵਾਨਾਂ ਦੇ ਮਾਪਿਆਂ ਨੂੰ ਲਾਸ਼ਾਂ ਲੈਣ ਲਈ ਵੀ ਧਰਨੇ ਦੇਣੇ ਪਏ ਪਰ ਕਿਸੇ ਦਾ ਮਨ ਨਹੀਂ ਪਸੀਜਿਆ। ਇਸ ਕਤਲੇਆਮ ਤੋਂ ਬਾਅਦ ਪੰਜਾਬ ਵਿਚ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਪਰ ਸਾਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦਸਿਆ ਕਿ ਨਕੋਦਰ ਵਿਚ ਸੰਗਤ ਦਰਸ਼ਨ ਦੌਰਾਨ ਉਹ ਅਪਣੀ ਪਤਨੀ ਸਮੇਤ
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤਾਂ ਨਾਲ ਆਏ ਅਧਿਕਾਰੀ ਸਾਨੂੰ ਇਸ ਬਾਰੇ ਗੱਲ ਹੀ ਨਹੀਂ ਸੀ ਕਰਨ ਦੇ ਰਹੇ। ਜੇ ਜ਼ੋਰ ਨਾਲ ਅਸੀ ਸ. ਬਾਦਲ ਕੋਲ ਚਲੇ ਗਏ ਤਾਂ ਸ. ਬਾਦਲ ਨੇ ਵੀ ਸਾਡੀ ਗੱਲ ਹੀ ਨਹੀਂ ਸੁਣੀ। ਬਲਦੇਵ ਸਿੰਘ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਵਿਚ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਚੁਕਿਆ ਸੀ ਅਤੇ ਪਾਰਲੀਮੈਂਟ ਵਿਚ ਪਟਿਆਲਾ ਦੇ ਐਮ ਪੀ ਧਰਮਵੀਰ ਗਾਂਧੀ ਨੇ ਅਵਾਜ਼ ਚੁਕੀ ਸੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ। ਬਲਦੇਵ ਸਿੰਘ ਨੇ ਕਿਹਾ ਕਿ ਜਦ ਤਕ ਇਨਸਾਫ਼ ਨਹੀਂ ਮਿਲਦਾ ਉਹ ਚੈਨ ਨਾਲ ਨਹੀਂ ਬੈਠਣਗੇ।