
11 ਫ਼ਰਵਰੀ ਦੀ ਮੀਟਿੰਗ ਤੋਂ ਪਹਿਲਾਂ ਹੀ ਭਰਤੀ ਦਾ ਕੰਮ ਪੂਰਾ ਕਰਨ ਦੀ ਕਾਹਲੀ
- 11 ਫ਼ਰਵਰੀ ਦੀ ਮੀਟਿੰਗ ਤੋਂ ਪਹਿਲਾਂ ਹੀ ਭਰਤੀ ਦਾ ਕੰਮ ਪੂਰਾ ਕਰਨ ਦੀ ਕਾਹਲੀ
- 25 ਲੱਖ ਦੀ ਭਰਤੀ ਮੁਕੰਮਲ ਹੋਣ ਨੇੜੇ ਤੇ 5 ਲੱਖ ਲਈ ਹੋਰ 5000 ਕਾਪੀਆਂ ਵੰਡੀਆਂ
ਚੰਡੀਗੜ੍ਹ (ਭੁੱਲਰ): ਅਕਾਲੀ ਦਲ ਬਾਦਲ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਵਲੋਂ ਹੁਕਮਨਾਮਾ ਜਾਰੀ ਕਰ ਕੇ 2 ਦਸੰਬਰ ਨੂੰ ਬਣਾਈ 7 ਮੈਂਬਰੀ ਭਰਤੀ ਨਿਗਰਾਨ ਕਮੇਟੀ ਦੀ ਕੋਈ ਪ੍ਰਵਾਹ ਨਹੀਂ। ਇਸ ਕਮੇਟੀ ਦੀ ਪਿਛਲੇ ਦਿਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਸਾਰੇ ਮੈਂਬਰਾਂ ਦੀ ਸਹਿਮਤੀ ਬਣੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਮੁਤਾਬਕ ਭਰਤੀ ਹੋਣੀ ਚਾਹੀਦੀ ਹੈ।
ਮੈਂਬਰ ਨਵੇਂ ਸਿਰੇ ਤੋਂ 7 ਮੈਂਬਰੀ ਕਮੇਟੀ ਦੀ ਨਿਗਰਾਨੀ ਵਿਚ ਹੀ ਭਰਤੀ ਚਾਹੁੰਦੇ ਹਨ। ਇਸ ਕਾਰਨ 11 ਫ਼ਰਵਰੀ ਨੂੰ ਸੱਦੀ ਗਈ ਕਮੇਟੀ ਵਿਚ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵਿਹਾਰ ਲੈਣ ਲਈ ਸੱਦਿਆ ਗਿਆ ਹੈ ਪਰ ਬਾਦਲ ਦਲ ਨੂੰ ਮੈਂਬਰਸ਼ਿਪ ਡੀਏ ਕੰਮ ਅਪਣੀ ਹੀ ਮਰਜ਼ੀ ਨਾਲ ਖ਼ਤਮ ਕਰਨ ਦੀ ਕਾਹਲੀ ਹੈ। 25 ਲੱਖ ਮੈਂਬਰਸ਼ਿਪ ਡੀਏ ਕੰਮ ਤਾਂ ਮੁਕੰਮਲ ਹੋਣ ਨੇੜੇ ਹੈ ਅਤੇ 5 ਲੱਖ ਹੋਰ ਭਰਤੀ ਲਈ 5000 ਕਾਪੀਆਂ ਹੋਰ ਵੰਡ ਦਿਤੀਆਂ ਗਈਆਂ ਹਨ।
ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਐਲਾਨ ਕੀਤਾ ਕਿ ਪੰਜ ਲੱਖ ਭਰਤੀ ਫ਼ਾਰਮ ਪਰਚੀਆਂ ਵਾਲੀਆਂ ਪੰਜ ਹਜ਼ਾਰ ਕਾਪੀਆਂ 7 ਫ਼ਰਵਰੀ ਨੂੰ ਵੰਡੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਭਰਤੀ ਲਈ ਕਾਪੀਆਂ ਦੀ ਵੱਡੀ ਮੰਗ ਹੈ ਤੇ ਹੁਣ ਤਕ ਪਹਿਲਾਂ ਹੀ 25 ਲੱਖ ਪਰਚੀਆਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੀ ਮੁਹਿੰਮ ਤਹਿਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਨੇ ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਵਾਸਤੇ ਲੋਕਾਂ ਤਕ ਪਹੁੰਚ ਕਰਨ ਦੀ ਪਾਰਟੀ ਦੇ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭੂੰਦੜ ਨੇ ਕਿਹਾ ਕਿ ਹੁਣ ਤਕ 25000 ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ ਤੇ ਹੋਰ ਕਾਪੀਆਂ ਦੀ ਨਿਰੰਤਰ ਮੰਗ ਆ ਰਹੀ ਹੈ ਜਿਸ ਕਾਰਨ ਹੁਣ ਅਸੀਂ 5 ਹਜ਼ਾਰ ਹੋਰ ਕਾਪੀਆਂ ਵੰਡਾਂਗੇ। ਉਨ੍ਹਾਂ ਕਿਹਾ ਕਿ ਜੇਕਰ ਮੰਗ ਇਸੇ ਤਰੀਕੇ ਨਿਰੰਤਰ ਜਾਰੀ ਰਹੀ ਤਾਂ ਅਸੀਂ 5 ਹਜ਼ਾਰ ਹੋਰ ਕਾਪੀਆਂ ਛਪਵਾਵਾਂਗੇ। ਉਨ੍ਹਾਂ ਕਿਹਾ ਕਿ ਇਸ ਸਦਕਾ 35 ਲੱਖ ਮੈਂਬਰਾਂ ਦੀ ਭਰਤੀ ਹੋ ਸਕੇਗੀ ਜਿਸ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਕਿਵੇਂ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਹਨ।
ਉਨ੍ਹਾਂ ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੇਠਲੇ ਪੱਧਰ ਤਕ ਪਹੁੰਚ ਕਰ ਕੇ ਭਰਤੀ ਕਰਨ। ਸ. ਭੂੰਦੜ ਨੇ ਉਨ੍ਹਾਂ ਸੈਂਕੜੇ ਵਰਕਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਹੇਠਲੇ ਪੱਧਰ ਤਕ ਪਹੁੰਚ ਕਰ ਕੇ ਹੁਣ ਤਕ ਹਜ਼ਾਰਾਂ ਲੋਕਾਂ ਦੀ ਭਰਤੀ ਕੀਤੀ ਹੈ। ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀਆਂ ਦਿੱਲੀ ਤੇ ਹਰਿਆਣਾ ਇਕਾਈਆਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਜੋ ਮੈਂਬਰਾਂ ਦੀ ਭਰਤੀ ਮੁਹਿੰਮ ਤੇਜ਼ ਕੀਤੀ ਜਾ ਸਕੇ। ਭੂੰਦੜ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 20 ਫ਼ਰਵਰੀ ਤਕ ਭਰਤੀ ਮੁਹਿੰਮ ਪੂਰੀ ਕਰਨ ਦੇ ਟੀਚੇ ਦੀ ਪ੍ਰਾਪਤੀ ਵਾਸਤੇ ਪੁਰਜ਼ੋਰ ਯਤਨ ਕਰਨ ਤਾਂ ਜੋ ਜਥੇਬੰਦਕ ਚੋਣਾਂ ਤੈਅ ਪ੍ਰੋਗਰਾਮ ਮੁਤਾਬਕ ਪੂਰੀਆਂ ਕੀਤੀਆਂ ਜਾ ਸਕਣ।
10 ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 10 ਫ਼ਰਵਰੀ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ, ਟਰੱਸਟ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਜ਼ਰੂਰੀ ਮਸਲੇ ਵਿਚਾਰੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਦਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ 10 ਫ਼ਰਵਰੀ ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਗਿ. ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਦੋ ਦਸੰਬਰ ਦੇ ਫ਼ੈਸਲੇ, ਹੋਰ ਵਿਵਾਦਤ ਅਤੇ ਸਿੱਖ ਪੰਥ ਦੇ ਭਖਦੇ ਮਸਲਿਆਂ ਬਾਰੇ ਵਿਚਾਰ ਹੋਣਗੇ।