
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਵਿਸਾਖੀ ਪੁਰਬ ਮੌਕੇ ਸਿਆਸੀ ਕਾਨਫ਼ਰੰਸਾਂ ਨਾ ਹੋਣ
ਅੰਮ੍ਰਿਤਸਰ, 6 ਅਪ੍ਰੈਲ (ਚਰਨਜੀਤ ਸਿੰਘ): ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਵਿਸਾਖੀ ਪੁਰਬ ਮੌਕੇ ਸਿਆਸੀ ਕਾਨਫ਼ਰੰਸਾਂ ਨਾ ਹੋਣ ਸਬੰਧੀ ਕੀਤੇ ਫ਼ੈਸਲੇ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਧਾਰਮਕ ਤਿਉਹਾਰਾਂ ਸਮੇਂ ਧਾਰਮਕ ਅਸਥਾਨਾਂ 'ਤੇ ਸਿਆਸੀ ਕਾਨਫ਼ਰੰਸਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਜੋ ਸੰਗਤਾਂ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਗੁਰਧਾਮਾਂ 'ਤੇ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ 'ਤੇ ਧਾਰਮਕ ਦੀਵਾਨ ਹੀ ਸਜਣੇ ਚਾਹੀਦੇ ਹਨ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਥਾਨਕ ਦਫ਼ਤਰ ਗੁਰਦਵਾਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਜਾਰੀ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਵਿਸਾਖੀ ਖ਼ਾਲਸੇ ਦਾ ਸਾਜਨਾ ਦਿਵਸ ਹੈ, ਜੋ ਦੁਨੀਆਂ ਦੀ ਨਿਆਰੀ ਕੌਮ ਦਾ ਜਨਮ ਦਿਹਾੜਾ ਹੈ। ਇਸ ਲਈ ਇਸ ਦੀ ਮਹੱਤਤਾ ਵੀ ਨਿਆਰੀ ਹੈ ਅਤੇ ਇਸ ਨੂੰ ਮਨਾਇਆ ਵੀ ਨਿਆਰੇ ਰੂਪ ਵਿਚ ਹੀ ਜਾਣਾ ਚਾਹੀਦਾ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਸਮੂਹ ਨਿਹੰਗ ਸਿੰਘ ਦਲ ਗੁਰੂ ਬਖ਼ਸ਼ਿਸ਼ ਬਾਣੀ ਬਾਣੇ ਦੀ ਤਾਬਿਆ ਰਹਿ ਕੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਸਾਰੇ ਇਸ ਪਾਵਨ ਪਵਿੱਤਰ ਇਨਕਲਾਬੀ ਪੁਰਬ ਮੌਕੇ ਸਿੱਖੀ ਦੇ ਨਿਆਰੇਪਨ ਲਈ ਹੰਭਲਾ ਮਾਰੀਏ। ਉਨ੍ਹਾਂ ਕਿਹਾ ਕਿ ਗੁਰਦਵਾਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਗਤਕਾ ਮੁਕਾਬਲੇ ਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਮੂਹ ਨਿਹੰਗ ਸਿੰਘ ਦਲਾਂ ਦੇ ਸਹਿਯੋਗ ਨਾਲ ਖਾਲਸੇ ਦੇ ਨਿਆਰੇਪਨ ਨੂੰ ਰੂਪਮਾਨ ਕਰਦਾ ਮਹੱਲਾ 15 ਅਪ੍ਰੈਲ ਨੂੰ ਕੱਢਿਆ ਜਾਵੇਗਾ। ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਨ ਦੀ ਅਪੀਲ ਕੀਤੀ।