
ਅਕਾਲੀ ਦਲ ਸੁਧਾਰ ਲਹਿਰ ਦੀ ਅਗਵਾਈ ਲਈ 7 ਮੈਂਬਰੀ ਪ੍ਰੀਜ਼ੀਡੀਅਮ ਤੋਂ ਇਲਾਵਾ ਇਕ ਸਲਾਹਕਾਰ ਕਮੇਟੀ ਬਣਾਉਣ ਦਾ ਲਿਆ ਫ਼ੈਸਲਾ
Rebel Akali faction meeting news in punjabi : ਸੁਲਾਹ ਸਫ਼ਾਈ ਦੀਆਂ ਕੋਸ਼ਿਸ਼ਾਂ ਦੇ ਚਰਚਿਆਂ ਦੇ ਚਲਦੇ ਕੱਲ੍ਹ ਬਾਗ਼ੀ ਅਕਾਲੀ ਧੜੇ ਦੇ ਪ੍ਰਮੁੱਖ ਆਗੂਆਂ ਨੇ ਇਸ ਵਾਰ ਮੁੜ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਬਾਗ਼ੀ ਅਕਾਲੀ ਆਗੂਆਂ ਨੇ ਅਪਣੀ ਭਵਿੱਖ ਦੀ ਰਣਨੀਤੀ ਉਲੀਕ ਲਈ ਹੈ। ਇਸ ਮੀਟਿੰਗ ਵਿਚ ਜਿਸ ਤਰ੍ਹਾਂ ਦੇ ਕੁੱਝ ਫ਼ੈਸਲੇ ਲਏ ਗਏ ਹਨ ਉਨ੍ਹਾਂ ਤੋਂ ਸਪੱਸ਼ਟ ਹੈ ਕਿ ਹੁਣ ਲਕੀਰ ਖਿੱਚ ਕੇ ਸੁਖਬੀਰ ਬਾਦਲ ਦੀ ਅਗਵਾਈ ਵਿਰੁਧ ਬਿਨਾਂ ਕਿਸੇ ਸੁਲਾਹ ਸਫ਼ਾਈ ਦੇ ਮੁਹਿੰਮ ਚਲੇਗੀ। ਇਸ ਮੀਟਿੰਗ ਵਿਚ ਸ਼ਾਮਲ ਹੋਏ ਪ੍ਰਮੁੱਖ ਆਗੂਆਂ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਗਗਨਦੀਪ ਸਿੰਘ ਬਰਨਾਲਾ ਆਦਿ ਸ਼ਾਮਲ ਸਨ।
ਸਿਕੰਦਰ ਸਿੰਘ ਮਲੂਕਾ ਦੇ ਅਕਾਲ ਤਖ਼ਤ ’ਤੇ ਪੇਸ਼ ਹੋਣ ਮੌਕੇ ਗ਼ੈਰ ਹਾਜ਼ਰ ਹੋਣ ਕਾਰਨ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਸਨ ਪਰ ਉਹ ਵੀ ਅੱਜ ਦੀ ਮੀਟਿੰਗ ਵਿਚ ਸ਼ਾਮਲ ਸਨ। ਭਾਵੇਂ ਪਰਮਜੀਤ ਸਿੰਘ ਸਰਨਾ ਨੇ ਬੀਤੇ ਦਿਨ ਸੁਰਜੀਤ ਕੌਰ ਬਰਨਾਲਾ ਨਾਲ ਉਨ੍ਹਾਂ ਦੇ ਘਰ ਜਾ ਕੇ ਮੀਟਿੰਗ ਕੀਤੀ ਸੀ ਪਰ ਕੱਲ੍ਹ ਦੀ ਬਾਗ਼ੀ ਦਲ ਦੀ ਮੀਟਿੰਗ ਵਿਚ ਬਰਨਾਲਾ ਗਰੁਪ ਦੇ ਨੁਮਾਇੰਦੇ ਵੀ ਸ਼ਾਮਲ ਸਨ। ਇਸ ਤੋਂ ਇਹ ਵੀ ਸਾਫ਼ ਹੋ ਗਿਆ ਕਿ ਸੁਖਬੀਰ ਖੇਮੇ ਵਲੋਂ ਬਾਗ਼ੀਆਂ ਵਿਚ ਸੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਗ਼ੀ ਗਰੁਪ ਦੀ ਏਕਤਾ ਹਾਲੇ ਮਜ਼ਬੂਤ ਹੈ ਅਤੇ ਉਹ ਹੁਣ ਫ਼ੈਸਲਾਕੁਨ ਲੜਾਈ ਲੜਨ ਲਈ ਤਿਆਰ ਲਗਦੇ ਹਨ।
ਕੱਲ੍ਹ ਦੀ ਮੀਟਿੰਗ ਵਿਚ ਇਨ੍ਹਾਂ ਆਗੂਆਂ ਨੇ ਸਪੱਸ਼ਟ ਫ਼ੈਸਲਾ ਲਿਆ ਹੈ ਕਿ ਲੀਡਰਸ਼ਿਪ ਵਿਚ ਤਬਦੀਲੀ ਬਿਨਾਂ ਕਿਸੇ ਵੀ ਤਰ੍ਹਾਂ ਦੀ ਸੁਲਾਹ ਸਫ਼ਾਈ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿਚ ਲਏ ਗਏ ਕੁੱਝ ਫ਼ੈਸਲਿਆਂ ਬਾਰੇ ਮਿਲੀ ਜਾਣਕਾਰੀ ਮੁਤਾਬਕ ਹੁਣ ਸ਼੍ਰੋਮਣੀ ਅਕਾਲੀ ਦਲ ਬਚਾਉ ਲਹਿਰ ਦਾ ਨਾਂ ਬਦਲ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਲੰਧਰ ਦੀ ਜ਼ਿਮਨੀ ਚੋਣ ਖ਼ਤਮ ਹੋਣ ਬਾਅਦ ਇਹ ਲਹਿਰ ਦੀ ਸਰਗਰਮੀ ਵਿਚ ਤੇਜ਼ੀ ਲਿਆਂਦੀ ਜਾਵੇਗੀ। ਇਕ ਹੋਰ ਫ਼ੈਸਲਾ ਲੈਂਦੇ ਹੋਏ ਇਸ ਸੁਧਾਰ ਲਹਿਰ ਦੀ ਅਗਵਾਈ ਲਈ ਅਕਾਲੀ ਦਲ ਅੰਦਰ ਹੀ ਰਹਿੰਦੇ ਹੋਏ ਸੱਤ ਮੈਂਬਰੀ ਪ੍ਰੀਜ਼ੀਡੀਅਮ ਬਣਾਉਣ ਦੀ ਸਹਿਮਤੀ ਹੋਈ ਹੈ। ਇਸ ਦੇ ਕਨਵੀਨਰ ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ ਪਰ ਫ਼ਿਲਹਾਲ ਕੁੱਝ ਦਿਨਾਂ ਲਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਰਜ਼ੀ ਤੌਰ ’ਤੇ ਕਾਰਵਾਈ ਚਲਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ।
7 ਮੈਂਬਰੀ ਪ੍ਰੀਜ਼ੀਡੀਅਮ ਤੋਂ ਇਲਾਵਾ ਇਕ ਸਲਾਹਕਾਰ ਕਮੇਟੀ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਅਕਾਲੀ ਦਲ ਦੇ ਵੱਡੇ ਸਵਰਗੀ ਆਗੂਆਂ ਜਿਨ੍ਹਾਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਮੋਹਨ ਸਿੰਘ ਤੁੜ ਦੇ ਜਨਮ ਦਿਵਸ ਅਤੇ ਬਰਸੀ ਦੇ ਦਿਨਾਂ ਮੌਕੇ ਵੱਡੇ ਸਮਾਗਮ ਕਰ ਕੇ ਵਰਕਰ ਸੰਪਰਕ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ। ਸੁਧਾਰ ਲਹਿਰ ਵਿਚ ਸਹਿਯੋਗ ਲੈਣ ਲਈ ਵੱਖ ਵੱਖ ਸੰਪਰਦਾਵਾਂ, ਸੰਤ ਸਮਾਜ ਤੇ ਸਿੱਖ ਵਿਦਵਾਨਾਂ ਆਦਿ ਨਾਲ ਤਾਲਮੇਲ ਕਰਨ ਲਈ ਮਾਝਾ, ਦੋਆਬਾ ਤੇ ਮਾਲਵਾ ਦੇ ਵੱਖ ਵੱਖ ਆਗੂਆਂ ਨੂੰ ਜ਼ਿੰਮੇਵਾਰੀ ਦੇ ਦਿਤੀ ਗਈ ਹੈ। ਮੀਟਿੰਗ ਵਿਚ ਅਕਾਲ ਤਖ਼ਤ ਉਪਰ ਦਿਤੇ ਕਬੂਲਨਾਮੇ ਸਬੰਧੀ ਹਾਲੇ ਤਕ ਜਥੇਦਾਰ ਵਲੋਂ ਕੋਈ ਹੁੰਗਾਰਾ ਨਾ ਮਿਲਣ ਬਾਰੇ ਵਿਚਾਰ ਕਰਦਿਆਂ ਕਿਹਾ ਗਿਆ ਕਿ ਦੁਬਾਰਾ ਅਪੀਲ ਨਹੀਂ ਕੀਤੀ ਜਾਵੇਗੀ ਅਤੇ ਫ਼ਿਲਹਾਲ ਕੁੱਝ ਦਿਨ ਜਥੇਦਾਰ ਦੇ ਫ਼ੈਸਲੇ ਦੀ ਉਲੀਕ ਕੀਤੀ ਜਾਵੇਗੀ।