
ਅਧਿਕਾਰੀਆਂ ਨਾਲ ਗੱਲਬਾਤ ਬੇਸਿੱਟਾ ਰਹੀ : ਭਾਈ ਸਿਰਸਾ
ਰਈਆ : ਡੇਰਾ ਰਾਧਾ ਸਵਾਮੀ ਬਿਆਸ ਤੋਂ ਪੀੜਤ ਕਿਸਾਨਾਂ ਵਲੋਂ 'ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ' ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਬਿਆਸ ਫਲਾਈ ਉਵਰ ਪੁਲ ਦੇ ਹੇਠਾਂ 12 ਸਤੰਬਰ ਤੋਂ ਸ਼ੁਰੂ ਕੀਤਾ ਧਰਨਾ ਜਿਸ ਨੂੰ ਅੱਜ ਨੂੰ 26 ਦਿਨ ਹੋ ਗਏ ਹਨ। ਧਰਨਾਕਾਰੀਆਂ ਦੀਆਂ ਮੰਗਾਂ ਸਬੰਧੀ ਪ੍ਰਸ਼ਾਸਨ ਵਲੋਂ ਧਾਰੀ ਗਈ ਚੁੱਪੀ ਤੋਂ ਅੱਕੇ ਕਿਸਾਨਾਂ ਵਲੋਂ ਅੱਜ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦਾ ਪੁਤਲਾ ਫੂਕਣ ਦੀ ਧਮਕੀ ਦਿਤੀ ਗਈ ਸੀ ਜਿਸ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਤੜਕੇ ਤੋਂ ਹੀ ਧਰਨਾ ਸਥਾਨ ਦੇ ਚਾਰ ਚੁਫ਼ੇਰੇ ਭਾਰੀ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਸੀ।
Baldev Singh Sirsa
ਪੁਤਲਾ ਫੂਕਣ ਦੀ ਕਾਰਵਾਈ ਨੂੰ ਰੋਕਣ ਵਾਸਤੇ ਜਿਥੇ ਪੁਲਿਸ ਨੇ ਭਾਰੀ ਬੰਦੋਬਸਤ ਕੀਤੇ ਹੋਏ ਸਨ ਉਥੇ ਨਾਲ ਹੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਅੱਜ ਸਵੇਰ ਤੋਂ ਹੀ ਤਹਿਸੀਲਦਾਰ ਬਾਬਾ ਬਕਾਲਾ ਮਨਜੀਤ ਸਿੰਘ ਅਤੇ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਵਲੋਂ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਦ ਕਰ ਕੇ ਐਸ.ਡੀ ਐਮ ਨਾਲ ਗੱਲਬਾਤ ਕਰਨ ਲਈ ਧਰਨਾਕਾਰੀਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਸਨ। ਇਸੇ ਦੌਰਾਨ ਬਾਅਦ ਦੁਪਹਿਰ ਐਸ.ਡੀ.ਐਮ ਬਾਬਾ ਬਕਾਲਾ ਸੁਮਿਤ ਮੁੱਦ ਗੱਲਬਾਤ ਕਰਨ ਲਈ ਪਹੁੰਚ ਗਏ ਪਰ ਗੱਲਬਾਤ ਕਰਨ ਲਈ ਭਾਈ ਸਿਰਸਾ ਨੇ ਇਕੋ ਮੰਗ ਰੱਖੀ ਕਿ ਜਿਹੜਾ ਲਿਖਤੀ ਫ਼ੈਸਲਾ 20 ਜੁਲਾਈ 2019 ਨੂੰ ਜਿਹੜੇ ਅਧਿਕਾਰੀਆਂ ਨਾਲ ਹੋਇਆ ਸੀ ਉਨ੍ਹਾਂ ਅਧਿਕਾਰੀਆਂ ਨੂੰ ਗੱਲਬਾਤ ਵਿਚ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਵਲੋਂ ਕਿਸਾਨਾਂ ਦੀ ਡੇਰੇ ਦੇ ਕਬਜ਼ੇ ਹੇਠਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦਾ ਫ਼ੈਸਲਾ ਲਿਖਿਆ ਗਿਆ ਸੀ ਜਿਸ ਫ਼ੈਸਲੇ 'ਤੇ ਅੱਜ ਤਕ ਅਮਲ ਨਹੀਂ ਹੋਇਆ ਜਿਸ ਕਾਰਨ ਅਸੀ ਪਿਛਲੇ ਕਰੀਬ ਇਕ ਮਹੀਨੇ ਤੋਂ ਧਰਨਾ ਲਗਾਇਆ ਹੋਇਆ ਹੈ।
ਕਰੀਬ ਇਕ ਘੰਟਾ ਚਲੀ ਮੀਟਿੰਗ ਵਿਚ ਅਧਿਕਾਰੀ ਧਰਨਾ ਚੁਕਣ ਲਈ ਭਾਈ ਸਿਰਸਾ ਨੂੰ ਮਜਬੂਰ ਕਰਦੇ ਰਹੇ ਪਰ ਉਹ ਇਸੇ ਮੰਗ 'ਤੇ ਅੜੇ ਰਹੇ ਕਿ ਪਹਿਲਾਂ ਵਿਵਾਦਤ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਜ਼ਮੀਨਾਂ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੀਆਂ ਜਾਣ ਪਰ ਅਧਿਕਾਰੀਆਂ ਦੀ ਅੜੀ ਨੂੰ ਦੇਖਦੇ ਹੋਏ ਧਰਨਾਕਾਰੀ ਗੱਲਬਾਤ ਵਿਚ ਛੱਡ ਕੇ ਵਾਪਸ ਫਿਰ ਧਰਨੇ ਉਪਰ ਬੈਠ ਗਏ। ਗੱਲਬਾਤ ਤੋਂ ਬਾਅਦ ਭਾਈ ਸਿਰਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ ਕਿ ਗੱਲਬਾਤ ਕਰਨ ਵਾਲੇ ਅਧਿਕਾਰੀਆਂ ਦਾ ਵਤੀਰਾ ਬਿਲਕੁਲ ਇਕਤਰਫ਼ਾ ਸੀ ਜੋ ਪਹਿਲਾਂ ਕੀਤੇ ਗਏ ਫ਼ੈਸਲੇ ਨੂੰ ਭੁੱਲ ਕੇ ਧਰਨਾ ਚੁੱਕਣ ਲਈ ਹੀ ਮਜਬੂਰ ਕਰਦੇ ਰਹੇ ਕਿ ਪਹਿਲਾਂ ਧਰਨਾ ਖ਼ਤਮ ਕਰੋ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ।
ਅਗਲੇ ਪ੍ਰੋਗਰਾਮ ਬਾਰੇ ਭਾਈ ਸਿਰਸਾ ਨੇ ਕਿਹਾ ਕਿ ਧਰਨਾ ਜਾਰੀ ਰਹੇਗਾ ਕਿਸੇ ਐਕਸ਼ਨ ਪ੍ਰੋਗਰਾਮ ਬਾਰੇ ਕਿਸਾਨ ਅਤੇ ਪੰਥਕ ਭਰਾਤਰੀ ਜਥੇਬੰਦੀਆਂ ਦੀ ਇਕ ਸਲਾਹਕਾਰ ਕਮੇਟੀ ਬਣਾਈ ਜਾਵੇਗੀ ਜੋ ਫ਼ੈਸਲਾ ਉਹ ਕਰੇਗੀ ਉਸੇ ਅਨੁਸਾਰ ਪ੍ਰੋਗਰਾਪ ਉਲੀਕੇ ਜਾਣਗੇ। ਧਰਨਾ ਲਗਾ ਕੇ ਬੈਠੇ ਭਾਈ ਬਲਦੇਵ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੇਰ ਸ਼ਾਮ ਪੁਲਿਸ ਵਲੋਂ ਧਰਨਾ ਸਥਾਨ ਤੋਂ ਚੁਕ ਲਿਆ ਗਿਆ ਜਿਨ੍ਹਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਉਨ੍ਹਾਂ ਨੂੰ ਕਿਥੇ ਲੈ ਕੇ ਗਈ ਹੈ।