
ਵੋਟਾਂ ਬਣਾਉਣ ਦੇ ਕੰਮ 'ਚ ਸਿੱਖ ਨੂੰ ਸਹੀ ਤਰ੍ਹਾਂ ਪਰੀਭਾਸ਼ਤ ਨਾ ਕਰਨ ਨੂੰ ਕੇਂਦਰ ਦੀ ਚਾਲ ਕਰਾਰ ਦਿਤਾ
ਚੰਡੀਗੜ੍ਹ, 6 ਅਕਤੂਬਰ (ਸੁਰਜੀਤ ਸਿੰਘ ਸੱਤੀ) : ਹਰਿਆਣਾ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਪਹਿਲੀਆਂ ਚੋਣਾਂ ਲਈ ਸੂਬੇ ਵਿਚ ਬਣਾਈ ਜਾ ਰਹੀਆਂ ਵੋਟਾਂ 'ਚ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨੂੰ ਹੀ ਮੰਨਣ ਵਾਲਿਆਂ ਦੀਆਂ ਵੋਟਾਂ ਬਣਾਉਣ ਦੀ ਮੰਗ ਉੱਠੀ ਹੈ |
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਖਾਲਸਾ (ਸਿਰਸਾ), ਹਰਪਾਲ ਸਿੰਘ, ਬਲਵਿੰਦਰ ਸਿੰਘ ਤੇ ਏ.ਐਸ ਪੰਨੂ ਤੇ ਡਾਕਟਰ ਭਗਵਾਨ ਸਿੰਘ ਨੇ ਇਥੇ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਦਸਿਆ ਕਿ ਵੋਟਾਂ ਬਣਾਉਣ ਲਈ ਦਿਤੇ ਜਾ ਰਹੇ ਫ਼ਾਰਮਾਂ ਵਿਚ ਵੋਟਰ ਬਣਨ ਲਈ ਕੇਸਾਧਾਰੀ ਸਿੱਖ ਹੋਣ ਦੀ ਸ਼ਰਤ ਰੱਖੀ ਗਈ ਹੈ ਤੇ ਅਜਿਹੇ ਵਿਚ ਉਹ ਵਿਅਕਤੀ ਵੀ ਵੋਟਰ ਬਣ ਸਕਦੇ ਹਨ, ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਸੰਸਥਾਵਾਂ ਨੂੰ ਵੀ ਮੰਨਦੇ ਹਨ, ਜਿਵੇਂ ਕਿ ਨਾਮਧਾਰੀ ਤੇ ਡੇਰਿਆਂ ਨਾਲ ਜੁੜੇ ਵਿਅਕਤੀ ਆਦਿ | ਉਨ੍ਹਾਂ ਕਿਹਾ ਕਿ ਕਈ ਡੇਰਿਆਂ ਵਿਚ ਸਿੱਖ ਰਹਿਤ ਮਰਿਆਦਾਵਾਂ ਦੀ ਪਾਲਣਾ ਨਹੀਂ ਹੁੰਦੀ ਤੇ ਜੇਕਰ ਅਜਿਹੇ ਵਿਅਕਤੀ ਵੋਟਰ ਬਣ ਗਏ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਟਮੈਂਟ ਕਮੇਟੀ ਵਿਚ ਡੇਰਾਵਾਦ ਦਾ ਬੋਲਬਾਲਾ ਹੋ ਜਾਵੇਗਾ |
ਸਿੱਖ ਆਗੂਆਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਚਾਲ ਹੈ ਤਾਂ ਜੋ ਕਮੇਟੀ ਦੇ ਜ਼ਰੀਏ ਹਰਿਆਣਾ ਦੇ ਗੁਰਦੁਆਰਿਆਂ 'ਤੇ ਮਹੰਤਾਂ ਦਾ ਕਬਜ਼ਾ ਕਰਵਾਇਆ ਜਾ ਸਕੇ, ਜਦੋਂਕਿ ਲੰਮੀ ਜੱਦੋ ਜਹਿਦ ਉਪਰੰਤ ਹਰਿਆਣਾ ਦੇ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਕਰਵਾਇਆ ਗਿਆ ਤੇ ਵੱਖਰੀ ਗੁਰਦੁਆਰਾ ਕਮੇਟੀ ਬਣੀ | ਉਕਤ ਆਗੂਆਂ ਨੇ ਕਿਹਾ ਕਿ ਵੋਟਾਂ ਦੇ ਫ਼ਾਰਮ ਵਿਚ ਵੋਟਰ ਬਣਨ ਵਾਲਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਧਰਮ ਜਾਂ ਸੰਸਥਾ ਨੂੰ ਨਾ ਮੰਨਦਾ ਹੋਵੇ, ਦਾ ਵਾਧਾ ਕਰਵਾਉਣ ਲਈ ਸਰਕਾਰ ਤੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਗਈ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਹੁਣ ਹਾਈਕੋਰਟ ਪਹੁੰਚ ਕੀਤੀ ਗਈ ਹੈ ਤੇ ਇਕ ਪਟੀਸ਼ਨ ਰਾਹੀਂ ਵੋਟਾਂ ਦੇ ਫ਼ਾਰਮ ਅਤੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਦੇ ਉਸ ਨਿਯਮ ਨੂੰ ਚੁਣੌਤੀ ਦਿਤੀ ਗਈ ਹੈ, ਜਿਸ ਤਹਿਤ ਵੋਟਰ ਬਣਨ ਦੀ ਸ਼ਰਤ ਤੈਅ ਕੀਤੀ ਜਾਂਦੀ ਹੈ, ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ |